ਰੁਝਾਨ ਖ਼ਬਰਾਂ
ਅੱਖੀਂ ਡਿੱਠਾ ਸਾਕਾ ਨੀਲਾ ਤਾਰਾ…

ਅੱਖੀਂ ਡਿੱਠਾ ਸਾਕਾ ਨੀਲਾ ਤਾਰਾ…

‘ਸਾਕਾ ਨੀਲਾ ਤਾਰਾ’ ਪੂਰੀ ਸਿੱਖ ਕੌਮ ਦੇ ਦਿਲਾਂ ਵਿੱਚ ਬਲਦੀ ਅੱਗ ਦੀ ਉਹ ਧੂਣੀ ਹੈ ਜੋ ਅੱਜ 37 ਸਾਲ ਬੀਤ ਜਾਣ ਤੋਂ ਬਾਅਦ ਵੀ ਗਿੱਲੀ ਲੱਕੜ ਵਾਂਗ ਧੁਖ ਰਹੀ ਹੈ। ਕੁਝ ਰਾਜਸੀ ਅਤੇ ਸਿਆਸੀ ਮਤਭੇਦਾਂ ਕਾਰਨ ਓਸ ਸਮੇਂ ਦੀ ਭਾਰਤੀ ਹੁਕੂਮਤ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਖਿਲਾਫ਼ ਜੂਨ 1984 ਨੂੰ ਭਾਰਤੀ   ਫ਼ੌਜ ਅਤੇ ਪੈਰਾ-ਮਿਲੀਟਰੀ ਫੋਰਸਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਕੰਪਲੈਕਸ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਅਨੇਕਾਂ ਬੇਕਸੂਰ ਲੋਕਾਂ ਅਤੇ ਫੌਜ਼ੀ ਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਗਵਾਉਣਾ ਪਿਆ। ਆਜ਼ਾਦ ਭਾਰਤ ਵਿੱਚ ਸਿੱਖਾਂ ਖਿਲਾਫ਼ ਹੋਏ ਇਸ ਹਮਲ਼ੇ ਨੂੰ ਕੂਟਨੀਤੀ ਵਰਤ ਕੇ ਸਹਿਜੇ ਹੀ ਟਾਲਿਆ ਜਾ ਸਕਦਾ ਸੀ, ਪਰ ਸਿਆਸੀ ਟਸਲਬਾਜ਼ੀ ਦੇ ਚਲਦਿਆਂ ਹੰਕਾਰੀ ਇੰਦਰਾ ਗਾਂਧੀ ਨੇ ਇੰਝ ਨਹੀਂ ਹੋਣ ਦਿੱਤਾ।

ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ‘ਓਪਰੇਸ਼ਨ ਬਲੂ ਸਟਾਰ’ ਦੇ ਨੂੰ ਦੋ ਓਪਰੇਸ਼ਨਾਂ ਵਿੱਚ ਵੰਡਿਆਂ ਗਿਆ ਸੀ ਇੱਕ ‘ਆਪ੍ਰੇਸ਼ਨ ਸ਼ਾਪ’, ਜਿਸਦਾ ਮਕਸਦ ਪੂਰੇ ਪੰਜਾਬ ਵਿੱਚ ਸਖ਼ਤਾਈ ਨਾਲ ਕਰਫ਼ਿਊ ਲਗਾਉਣਾ ਤਾਂਕਿ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਵੱਲ ਕੋਈ ਪਰਿੰਦਾ ਵੀ ਪਰ ਨਾਂ ਮਾਰ ਸਕੇ ਅਤੇ ਪੰਜਾਬ ਰਾਜ ਵਿੱਚ ਖਾੜਕੂਆਂ ਦੇ ਟਿਕਾਣੇਆ ‘ਤੇ ਛਾਪੇਮਾਰੀ ਕਰਨਾ ਸੀ। ਦੂਜਾ ‘ਓਪਰੇਸ਼ਨ ਮੈਟਲ’ ਸਿਰਫ਼ ਹਰਿਮੰਦਰ ਸਾਹਿਬ ਕੰਪਲੈਕਸ ਨਾਲ ਸਬੰਧਤ ਸੀ ਜਿਸਦਾ ਉਦੇਸ਼ ਕੰਪਲੈਕਸ ਵਿੱਚ ਫ਼ੌਜੀ ਕਰਵਾਈ ਨੂੰ ਅੰਜਾਮ ਦੇਣਾ ਸੀ। ਇਸੇ ਹਮਲੇ ਦੇ ਦੌਰਾਨ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਞ1ਰੁ) ਦੇ ਕੰਮਾਂਡੋਆਂ ਵੱਲੋਂ ਗੁਪਤ ਰੂਪ ਨਾਲ ‘ਓਪਰੇਸ਼ਨ ਸਨਡਾਊਨ’ ਵੀ ਕੀਤਾ ਗਿਆ ਸੀ, ਜਿਸ ਦਾ ਟੀਚਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੂੰ ਅਗਵਾ ਕਰਕੇ ਗ੍ਰਿਫਤਾਰ ਕਰਨਾ ਸੀ। ਜੋ ਜਨਰਲ ਸੁਬੇਗ਼ ਸਿੰਘ ਦੀ ਰਣਨੀਤੀ ਕਾਰਨ ਅਸਫ਼ਲ ਰਿਹਾ।

ਅੰਮ੍ਰਿਤਸਰ ਸ਼ਹਿਰ ਦੇ ਕਈ ਬਸ਼ਿੰਦੇਆਂ ਵਾਂਗ ਬਦਕਿਸਮਤੀ ਨਾਲ ਇਹ ਸਾਰੇ ਘਟਨਾਕ੍ਰਮ ਦਾ ਗਵਾਹ ਮੈਂ ਤੇ ਮੇਰਾ ਪਰਿਵਾਰ ਵੀ ਬਣਿਆ। ਇਹ ਘਲੂਘਾਰਾ ਮਹਿਜ ਸਾਡੇ ਰੈਣ ਬਸੇਰੇ ਤੋਂ ਡੇਢ-ਦੋ ਕਿਲੋਮੀਟਰ ਦੀ ਦੂਰੀ ਤੇ ਵਾਪਰਿਆ ਸੀ, ਜਿਸ ਦੀਆਂ ਯਾਦਾਂ ਹਾਲੇ ਵੀ ਮੇਰੇ ਜ਼ਹਿਨ ਵਿੱਚ ਉਕਰੀਆਂ ਹੋਈਆਂ ਹਨ।

ਗੱਲ ਅਪ੍ਰੈਲ 1984 ਤੋਂ ਸ਼ੁਰੂ ਹੁੰਦੀ ਹੈ ਜਦ ਮੇਰੇ ਪਿਤਾ ਜੀ ਤਬਾਦਲਾ ਗੁਰਦਾਸਪੁਰ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਪਵਿੱਤਰ ਨਗਰੀ ਅੰਮ੍ਰਿਤਸਰ ਵਿਖ਼ੇ ਹੋਇਆ ਸੀ। ਪਿਤਾ ਜੀ ਦੇ ਕਹਿਣ ਮੁਤਾਬਿਕ ਅੰਮ੍ਰਿਤਸਰ ਆਉਂਦਿਆ ਉਹਨਾਂ ਨੂੰ ਸਰਕਾਰੀ ਕਵਾਟਰ ਮਿਲਣ ਵਿੱਚ ਦਿੱਕਤ ਆ ਰਹੀ ਸੀ। ਉਪਰੋਂ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਚੁਕਿਆ ਸੀ ਇਸ ਕਰਕੇ ਉਹ ਜਲਦੀ ਤੋਂ ਜਲਦੀ ਮੈਨੂੰ ਸਕੂਲ਼ ਵਿੱਚ ਦਾਖ਼ਿਲ ਕਰਵਾਉਣਾ ਚਾਹੁੰਦੇ ਸਨ, ਤਾਂ ਜੋ ਮੇਰੀ ਪੜਾਈ ਵਿੱਚ ਕੋਈ ਖ਼ਲਲ ਨਾਂ ਪਵੇ। ਇਸੇ ਸਭ ਦੇ ਮੱਦੇ ਨਜ਼ਰ ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਥੋੜਾ ਦੂਰ ਪੁਤਲੀਘਰ ਚੌਂਕ ਵਿੱਚ ਕਿਰਾਏ ਤੇ ਮਕਾਨ ਲੈਣ ਦਾ ਮਨ ਬਣਾ ਲਿਆ। ਤਕਰੀਬਨ ਅਪ੍ਰੈਲ ਦੇ ਦੂਜੇ ਪੱਖਵਾੜੇ ਅਸੀਂ ਓਸ ਘਰ ਵਿੱਚ ਸ਼ਿਫਟ ਹੋ ਗਏ ਸੀ। ਮਕਾਨ ਦੇ ਦੋ ਹਿੱਸੇ ਸਨ, ਹੇਠਲਾ ਹਿੱਸਾ ਸਾਡੇ ਮਕਾਨ ਮਾਲਿਕਾਂ ਦਾ ਸੀ ਅਤੇ ਉੱਪਰ ਵਾਲਾ ਹਿੱਸਾ ਅਸੀਂ ਜਾ ਮੱਲਿਆ।

ਓਸ ਮਕਾਨ ਦੇ ਇੱਕ ਪਾਸੇ ਦੀਆਂ ਖਿੜਕੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਖੁਲਦੀਆਂ ਸਨ, ਜਿੱਥੋਂ ਹਰ ਰੋਜ਼ ਅੰਮ੍ਰਿਤ ਵੇਲ਼ੇ ਦਰਬਾਰ ਸਾਹਿਬ ਦਾ ਰਾਸਭੀਨਾਂ ਕੀਰਤਨ ਸਾਡੇ ਕੰਨਾਂ ਨੂੰ ਮੰਤਰ ਮੁਗਧ ਕਰਦਾ ਸੀ। ਮੇਰੇ ਪਿਤਾ ਜੀ ਮੁੱਢ ਤੋਂ ਹੀ ਬਾਣੀ ਅਤੇ ਗੁਰੂਘਰ ਨਾਲ ਜੁੜੇ ਹੋਏ ਹਨ। ਅੰਮ੍ਰਿਤਸਰ ਵਿਖ਼ੇ ਵੀ ਉਹ ਹਰ ਰੋਜ਼ ਬਿਨ੍ਹਾਂ ਨਾਗਾ ਅੰਮ੍ਰਿਤ ਵੇਲ਼ੇ ਉੱਠ ਕੇ ਪੰਜਾਂ ਬਾਣੀਆ ਦਾ ਪਾਠ ਕਰਦੇ ਅਤੇ ਓਸ ਉਪਰੰਤ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈਣ ਪੈਦਲ ਦਰਬਾਰ ਸਾਹਿਬ ਜਾਇਆ ਕਰਦੇ ਸਨ। ਐਤਵਾਰ ਵਾਲੇ ਦਿਨ ਸਾਡਾ ਸਾਰਾ ਪਰਿਵਾਰ ਪੁਰਾਤਨ ਅੰਮ੍ਰਿਤਸਰ ਸ਼ਹਿਰ ਦੀਆਂ ਪੀੜੀਆਂ ਗਲੀਆਂ ‘ਚੋਂ ਹੁੰਦੇ ਹੋਏ ਗੁਰੂ ਘਰ ਜਾ ਹਾਜ਼ਰੀ ਭਰਦਾ ਅਤੇ ਗੁਰੂ ਵੱਲੋਂ ਬਖਸ਼ੀ ਸੇਵਾ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਸੀ।

ਘਰਦਿਆਂ ਮੁਤਾਬਿਕ ਇੱਕ ਐਤਵਾਰ ਜਦ ਅਸੀਂ ਲੰਗਰ ਹਾਲ ਵਿੱਚ ਸੇਵਾ ਕਰ ਰਹੇ ਸਾਂ, ਓਸ ਵੇਲ਼ੇ ਓਥੇ ਤੀਰ ਵਾਲੇ ਬਾਬੇ ਦੀ ਆਪਣੇ ਸਾਥੀਆਂ ਸਮੇਤ ਆਮਦ ਹੋਈ। ਉਹਨਾਂ ਆਉਂਦਿਆ ਸਾਰ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਨੂੰ ਗੱਜ ਕੇ ਫਤਿਹ ਬੁਲਾਈ ਜਿਸ ਦੇ ਜੁਆਬ ਵਿੱਚ ਸਾਰਾ ਲੰਗਰ ਹਾਲ ਗੁਰੂ ਦੀ ਬਖਸ਼ੀ ਫ਼ਤਹਿ ਨਾਲ ਗੂੰਜ ਉੱਠਿਆ। ਮੇਰੇ ਮਾਤਾ-ਪਿਤਾ ਅਤੇ ਮੈਨੂੰ ਪਹਿਲੀ ਵਾਰ ਸੰਤ ਜੀ ਦੇ ਐਨੀਂ ਨੇੜਿਓਂ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬਾਲ ਅਵਸਥਾ ਵਿੱਚ ਹੋਣ ਕਾਰਨ ਮੈਨੂੰ ਸੰਤ ਜੀ ਮਹਿਮਾ ਬਾਰੇ ਭੋਰਾ ਵੀ ਗਿਆਨ ਨਹੀਂ ਸੀ ਪਰ ਥੋੜੀ ਸੋਝੀ ਆਉਣ ਤੋਂ ਬਾਅਦ ਇਹ ਸਭ ਘਰਦਿਆਂ ਤੋਂ ਪਤਾ ਚੱਲਿਆ।

ਮਈ ਦੇ ਦੂਜੇ ਪੱਖਵਾੜੇ ਅੰਮ੍ਰਿਤਸਰ ਵਿੱਚ ਪੈਰਾ-ਮਿਲਟਰੀ ਅਤੇ ਮਿਲਟਰੀ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਸਨ। ਪਿਤਾਜੀ ਦੇ ਲੰਬਰੇਟੇ ਸਕੂਟਰ ਉਤੇ ਚੜ ਬਾਜ਼ਾਰ ਜਾਂਦਿਆ ਫੌਜੀ ਅਤੇ ਪੈਰਾ-ਮਿਲਟਰੀ ਦੇ ਜਵਾਨ ਕਈ ਥਾਈਂ ਖੜੇ ਆਮ ਹੀ ਦਿਖਾਈ ਦਿੰਦੇ ਸਨ। ਮੇਰੀ ਉਮਰ ਮਹਿਜ ਪੰਜ ਕੁ ਸਾਲ ਸੀ, ਇਸ ਅਨਭੋਲ ਉਮਰ ਦੇ ਚਲਦਿਆਂ ਮੈਨੂੰ ਆਉਣ ਵਾਲੇ ਕਾਲੇ ਦੌਰ ਦੀ ਉੱਕਾ ਵੀ ਭਣਕ ਨਹੀਂ ਸੀ। ਮੈਨੂੰ ਤਾਂ ਬੱਸ ਅੰਮ੍ਰਿਤਸਰ ਦੇ ਮਸ਼ਹੂਰ ਸਾਬੂਦਾਣੇ ਦੇ ਬਣੇ ਪਾਪੜ ਖਾਣ ਦੀ ਲਲਕ ਹੁੰਦੀ ਸੀ ਤੇ ਮੈਂ ਹਮੇਸ਼ਾ ਆਪਣੇ ਪਿਤਾ ਜੀ ਨੂੰ ਕਰਿਆਨਾ ਖਰੀਦਣ ਵੇਲ਼ੇ ਉਹ ਰੰਗ ਬਿਰੰਗੇ ਸਾਬੂਦਾਣੇ ਦੇ ਪਾਪੜ ਖਰੀਦਣ ਲਈ ਜ਼ੋਰ ਪਾਇਆ ਕਰਦਾ ਸੀ।

ਆਖ਼ਿਰੀ ਉਹ ਕਾਲਾ ਦਿਨ ਨੇੜੇ ਆਉਣ ਲੱਗਾ ਜਿਸ ਦੇ ਦਿੱਤੇ ਜਖ਼ਮਾ ਨੂੰ ਚੇਤੇ ਕਰ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਵਸਦੇ ਸਿੱਖ ਦਾ ਹਿਰਦਾ ਅੱਜ ਵੀ ਵਲੂੰਦਰਿਆ ਜਾਂਦਾ ਹੈ।ਇਤਫ਼ਾਕਨ ਮਈ ਦੇ ਆਖ਼ਿਰੀ ਹਫ਼ਤੇ ਮੇਰੇ ਪਿਤਾ ਜੀ ਨੂੰ ਦਫ਼ਤਰੀ ਕੰਮ ਕਾਜ ਦੇ ਸਿਲਸਲੇ ਵਿੱਚ ਦਸ ਦਿਨਾਂ ਲਈ ਚੰਡੀਗੜ੍ਹ ਜਾਣਾ ਪੈ ਗਿਆ ਅਤੇ ਮੈਂ ਤੇ ਮੇਰੀ ਮਾਤਾ ਜੀ ਓਸ ਘਰ ਵਿੱਚ ਇਕੱਲੇ ਰਿਹ ਗਏ।

1 ਜੂਨ ਨੂੰ ਮਕਾਨ ਮਾਲਕਿਨ ਬੀਜੀ ਨੇ ਦੁਪਹਿਰ ਵੇਲ਼ੇ ਸਾਡੇ ਚੁਬਾਰੇ ਦਾ ਕੁੰਡਾ ਖੜਕਾਇਆ ਅਤੇ ਮਾਤਾ ਜੀ ਨੂੰ ਰਾਸ਼ਨ ਪਾਣੀ ਅਤੇ ੀਰਗ ਜ਼ਰੂਰੀ ਬਾਰੇ ਪੁੱਛਿਆ। ਲੋਕਲ ਨਾਗਰਿਕ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਸਰਕਾਰ ਦੇ ਮਨਸੂਬਿਆਂ ਦੀ ਭਣਕ ਲੱਗ ਚੁਕੀ ਸੀ। ਕਿਉਂਕਿ ਓਸੇ ਦਿਨ ਲੰਗਰ ਹਾਲ ਵੱਲ ਸੀ.ਆਰ.ਪੀ.ਐਫ ਦੇ ਜੁਆਨਾਂ ਵੱਲੋਂ ਗੋਲੀ ਚਲਾਈ ਗਈ, ਜਿਸ ਵਿੱਚ ਕੁਝ ਸਿੰਘ ਸ਼ਹੀਦੀ ਪਾ ਗਏ ਅਤੇ ਸ਼ਹਿਰ ਵਿੱਚ ਕਰਫ਼ਿਊ ਲਗਾ ਦਰਬਾਰ ਸਾਹਿਬ ਲਾਗਲੇ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦਾ ਹੁਕਮ ਸੁਣਾਇਆ ਗਿਆ।

2 ਜੂਨ ਨੂੰ ਲਗਭਗ ਫੌਜ ਦੀਆਂ ਸੱਤ ਹੋਰ ਕੰਪਨੀਆਂ ਦਰਬਾਰ ਸਾਹਿਬ ਵਿਖ਼ੇ ਤਾਇਨਾਤ ਕੀਤੀਆਂ ਗਈਆਂ ਸਨ। ਕਈ ਮੀਡੀਆ ਵਾਲਿਆਂ ਨੂੰ ਧੱਕੇ ਨਾਲ ਦਰਬਾਰ ਸਾਹਿਬ ਕੰਪਲੈਕਸ ਤੋਂ ਦੂਰ ਭੇਜਿਆ ਗਿਆ। ਬੱਸਾਂ ਅਤੇ ਹੋਰ ਪ੍ਰਾਈਵੇਟ ਵਾਹਨਾਂ ਤੇ ਵੀ ਨਕੇਲ ਕਸ ਦਿੱਤੀ ਗਈ ਤਾਂ ਜੋ ਬਾਹਰੋਂ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਉਣ ਵਾਲੀਆਂ ਸੰਗਤਾਂ ਨੂੰ ਰੋਕਿਆ ਜਾ ਸਕੇ। ਅੰਮ੍ਰਿਤਸਰ ਦੇ ਕਈ ਹਿੱਸਿਆਂ ਵਿੱਚ ਪਾਣੀ ਅਤੇ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ ।

3 ਜੂਨ, 1984 ਨੂੰ ਭਾਰਤ ਸਰਕਾਰ ਵੱਲੋਂ ਪੂਰਨ ਰੂਪ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ ਅਤੇ ਹਰਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਸਰਕਾਰ ਵੱਲੋਂ ਗੁਰਚਰਨ ਸਿੰਘ ਟੌਹੜਾ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੰਤਾ ਨਾਲ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਉਹ ਕੁਝ ਪੱਤਰਕਾਰਾਂ ਦੇ ਨਾਲ ਇਸ ਮਸਲੇ ਨੂੰ ਖ਼ਤਮ ਕਰਨ ਲਈ ਉਹਨਾਂ ਨੂੰ ਮਿਲਣ ਗਏ ਪਰ ਸੰਤਾ ਨੇ ਚੜਦੀ ਕਲਾ ਵਿੱਚ ਜੁਆਬ ਦਿੱਤਾ  ”ਮੇਰੇ ਗੁਰੂ ਨੇ ਕੜਾ ਦਿੱਤੈ ਚੂੜੀ ਨਹੀਂ, ਲੋਹੇ ਦੇ ਚਣੇ ਚਬਾ ਦਿਆਂਗੇ।” ਇਸਦੇ ਨਾਲ ਹੀ ਸਮਝੌਤੇ ਦੀ ਆਖ਼ਿਰੀ ਕੋਸ਼ਿਸ਼ ਵਿਫ਼ਲ ਹੋ ਗਈ।

4 ਜੂਨ,1984 ਸਵੇਰ ਰਾਗੀ ਸਿੰਘ ਬੇਨਤੀ ਅਤੇ ਬੀਰ ਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਓਸੇ ਵੇਲ਼ੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਰਾਮਗੜ੍ਹੀਆ ਬੁੰਗੇ ਉੱਤੇ ਬੰਬ ਸੁੱਟਿਆ ਗਿਆ ਜਿਸਦੀ ਖੜਾਕ ਐਨੀਂ ਜਿਆਦਾ ਸੀ ਜਿਸ ਨੇ ਮੈਨੂੰ ਸੁੱਤੇ ਪਿਆਂ ਨੂੰ ਉਠਾ ਦਿੱਤਾ। ਫ਼ੌਜ ਵੱਲੋਂ ਚਾਰੇ ਪਾਸਿਓਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਬੱਸ ਫ਼ੇਰ ਕੀ ਸੀ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਤਿਆਰ ਬਰ ਤਿਆਰ ਬੈਠੇ ਸਿੰਘਾਂ ਨੇ ਵੀ ਜੁਆਬੀ ਫਾਇਰ ਖੋਲ ਦਿੱਤਾ।

ਸਾਰਾ ਦਿਨ ਗੋਲੀਬਾਰੀ ਚਲਦੀ ਰਹੀ ਓਸ ਮੰਦਭਾਗੀ ਰਾਤ ਵੇਲ਼ੇ ਅਸੀਂ ਦੋਵੇਂ ਮਾਂ ਪੁੱਤ ਹੀ ਇੱਕ ਦੂਜੇ ਲਈ ਸਹਾਰਾ ਸੀ। ਮੈਂ  ਮਾਤਾ ਜੀ ਨੂੰ ਅਨਭੋਲ ਮਨ ਨਾਲ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ, ਉਹਨਾਂ ਨੇ ਮੇਰੇ ਕੰਨਾਂ ਨੂੰ ਆਪਣੇ ਹੱਥਾਂ ਨਾਲ ਢੱਕਦੇ ਆਖਿਆ ਤੂੰ ਸੌਂ ਜਾ ਇਹ ਸਭ ਆਰਮੀ ਦੀ ਕੋਈ ਟ੍ਰੇਨਿਗ ਚਲ ਰਹੀ ਹੈ। ਬਚਪਨ ਵਿੱਚ ਮਾਂ-ਬਾਪ ਦਾ ਆਖਿਆ ਬੱਚੇ ਲਈ ਕਿਸੇ ਆਕਾਸ਼ਵਾਣੀ ਤੋਂ ਘੱਟ ਨਹੀਂ ਹੁੰਦਾ ਮੈਂ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰਦਾ ਤਕਰੀਬਨ ਅੱਧੀ ਕੁ ਰਾਤ ਨੂੰ ਮਾਤਾ ਕੋਲ ਹੀ ਲੇਟ ਗਿਆ ਅਤੇ ਕਦੋਂ ਮੈਨੂੰ ਨੀਂਦ ਨੇ ਆਪਣੀ ਆਗੋਸ਼ ਵਿੱਚ ਲੈ ਲਿਆ ਮੈਨੂੰ ਪਤਾ ਹੀ ਨੀ ਚਲਿਆ। ਮੈਨੂੰ ਨਹੀਂ ਪਤਾ ਮੇਰੀ ਮਾਂ ਨੇ ਉਹ ਡਰਾਉਣੀ ਰਾਤ ਇਕੱਲਿਆਂ ਕਿਵੇਂ ਲੰਘਾਈ ਹੋਊ। ਉਸ ਇੱਕਲੀ ਔਰਤ ਨੇ ਬਿਗਾਨੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਅੰਦਰ ਰਹਿੰਦਿਆ ਓਸ ਰਾਤ ਦਾ ਇੱਕ-ਇੱਕ ਪਲ ਕਿਵੇਂ ਕੱਢਿਆ ਹੋਊ ਇਸ ਦਾ ਇਹਸਾਸ ਨਹੀਂ ਕੀਤਾ ਜਾ ਸਕਦਾ। ਕਰਫ਼ਿਉ ਲੱਗਾ ਹੋਣ ਕਰਕੇ ਸਰਕਾਰ ਨੇ ਸਾਰੇ ਦੂਰਸੰਚਾਰ ਦੇ ਸਾਧਨ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਸਰਕਾਰ ਨੇ ਸਾਰੀਆਂ ਅਖ਼ਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ। ਇਸ ਲਈ ਅੰਮ੍ਰਿਤਸਰ ਵਿਚ ਤਾਇਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿਚੋਂ ਬਾਹਰ ਚਲੇ ਜਾਣ ਦੀ ਫ਼ਰਮਾਨ ਜਾਰੀ ਕਰ ਦਿੱਤਾ ਗਿਆ।

5 ਜੂਨ ਸਵੇਰੇ ਜਦ ਸੂਰਜ ਦੀਆਂ ਕਿਰਨਾਂ ਨੇ ਮੇਰੀ ਨੀਂਦਰ ਖੋਲੀ ਤਾਂ ਗੁਰੂ ਰਾਮਦਾਸ ਜੀ ਦੇ ਘਰ ਤੋਂ ਰਸਭਿਨੀ ਅੰਮ੍ਰਿਤ ਬਾਣੀ ਦੀ ਜਗ੍ਹਾ ਐਸ.ਐਲ.ਆਰ ਅਤੇ ਸਟੇਨਗੰਨਾ ਵਿੱਚੋਂ ਨਿੱਕਲਦੀਆਂ ਗੋਲੀਆਂ ਦੀ ਆਵਾਜਾਂ ਮੇਰੇ ਕੰਨੀ ਪੈ ਰਹੀਆਂ ਸਨ। ਮੇਰੀ ਮਾਤਾ ਜੀ ਦੀਆਂ ਅੱਖਾਂ ਸੁਝੀਆਂ ਸਨ, ਸ਼ਾਇਦ ਉਹ ਇੱਕਲੀ ਔਰਤ ਚਿੰਤਾ ਵਿੱਚ ਸਾਰੀ ਰਾਤ ਸੁੱਤੀ ਨਹੀਂ ਹੋਣੀ। ਸਾਰਾ ਦਿਨ ਅਸੀਂ ਆਪਣੇ ਘਰ ਦੇ ਚੁਬਾਰੇ ਵਿੱਚ ਬੈਠੇ ਰਹੇ ਅਤੇ ਮਾਤਾ ਜੀ ਰੇਡੀਓ ਤੇ ਖਬਰਾਂ ਸੁਣਦੇ ਰਹੇ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਦੀ ਅਰਦਾਸ ਵੀ ਕਰਦੇ ਰਹੇ। ਪਰ ਫਾਇਰਿੰਗ ਥੰਮਣ ਦਾ ਨਾਂ ਨਹੀਂ ਸੀ ਲੈ ਰਹੀ। ਓਪਰੇਸ਼ਨ ਬਲੂ ਸਟਾਰ ਦੇ ਇੰਚਾਰਜ ਜਨਰਲ ਬਰਾੜ ਮੁਤਾਬਿਕ ਫ਼ੌਜ ਵੱਲੋਂ 1971 ਭਾਰਤ ਪਾਕਿਸਤਾਨ ਜੰਗ ਦੇ ਹੀਰੋ ਰਹੇ ਜਨਰਲ ਸੁਬੇਗ ਸਿੰਘ ਦੀ ਕੀਤੀ ਕਿਲਾ ਬੰਦੀ ਨੂੰ ਤੋੜਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚਲਦਿਆਂ ਫ਼ੌਜ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ ਸੀ। ਦੂਜੇ ਪਾਸੇ ਸਿੰਘਾਂ ਦੇ ਨਾਲ-ਨਾਲ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਕਾਫ਼ੀ ਸੰਗਤਾਂ ਵੀ ਸ਼ਹੀਦੀ ਜਾਮ ਪੀ ਚੁਕੀਆਂ ਸਨ।

ਇੰਦਰਾ ਗਾਂਧੀ ਜਲਦ ਤੋਂ ਜਲਦ ਮਰਜੀਵੜੇ ਸਿੰਘਾਂ ਤੇ ਫ਼ਤਹਿ ਹਾਸਿਲ ਕਰਨਾ ਚਾਹੁੰਦੀ ਸੀ। ਜਿਸ ਨੂੰ ਮੁੱਖ ਰੱਖਦਿਆਂ ਓਸ ਨੇ ਫ਼ੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਤੇ ਟੈਂਕਾਂ ਅਤੇ ਹੈਵੀ ਆਰਟੀਲਰੀ ਗੰਨਾਂ ਨਾਲ ਅਟੈਕ ਕਰਨ ਦੀ ਇਜ਼ਾਜਤ ਦੇ ਦਿੱਤੀ। ਰਾਤ ਨੂੰ ਜਦੋਂ ਫੌਜ ਨੇ ਆਰਟੀਲਰੀ ਫਾਇਰਿੰਗ ਸ਼ੁਰੂ ਕਰ ਕੀਤੀ ਤਾਂ ਪਹਿਲੀ ਰਾਤ ਦੇ ਮੁਕਾਬਲੇ ਪੈਣ ਵਾਲਾ ਰੌਲ਼ਾ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਚੁਕਿਆ ਸੀ। ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇੰ ਦੋ ਮੁਲਕਾਂ ਵਿਚਾਲੇ ਜੰਗ ਛਿੜ ਗਈ ਹੋਵੇ। ਹੁਣ ਤਾਂ ਖਿੜਕੀ ਤੋਂ ਬਾਹਰ ਦੇਖਦਿਆਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਚਲਦੇ ਬਾਰੂਦ ਦੇ ਗੋਲੇ ਸਾਫ਼-ਸਾਫ਼ ਦਿਖਾਈ ਦੇ ਰਹੇ ਸਨ ਜੋ ਅੱਜ ਵੀ ਮੇਰੇ ਦਿਲੋ ਦਿਮਾਗ਼ ਤੇ ਤਰੋ ਤਾਜ਼ਾ ਹਨ। ਓਸ ਰਾਤ ਅਸੀਂ ਦੋਵੇਂ ਮਾਂ ਪੁੱਤ ਇੱਕ ਮਿੰਟ ਲਈ ਵੀ ਨਹੀਂ ਸੁੱਤੇ ਬੰਬਾ ਦੀ ਖੜਾਕ ਐਨੀਂ ਜ਼ਿਆਦਾ ਸੀ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇੰ ਕੰਨਾਂ ਦੇ ਪਰਦੇ ਫਟ ਚੱਲੇ ਹੋਣ। ਮੇਰੇ ਮਾਤਾ ਜੀ ਖੜਾਕ ਤੋਂ ਬਚਾਉਣ ਲਈ ਮੇਰੇ ਕੰਨਾਂ ਤੇ ਸਿਰਾਹਣਾ ਰੱਖ ਆਪ ਸਾਰੀ ਰਾਤ ਬਾਣੀ ਦਾ ਜਾਪ ਕਰਦੇ ਰਹੇ। ਇਹ ਗੋਲਾ-ਬਾਰੀ 5 ਦੀ ਸਾਰੀ ਰਾਤ ਅਤੇ 6 ਜੂਨ ਸ਼ਾਮ ਤੱਕ ਇਸੇ ਤਰ੍ਹਾਂ ਚਲਦੀ ਰਹੀ।

ਭਾਰਤੀ ਫ਼ੌਜ ਵੱਲੋਂ ਕੀਤੇ ਤੋਪਾਂ ਅਤੇ ਟੈਂਕਾਂ ਦੇ ਗੋਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਾ ਢਹਿ ਢੇਰੀ ਕਰ ਦਿੱਤਾ ਸੀ। ਸੰਤਾ ਦੇ ਨਾਲ ਜਨਰਲ ਸੁਬੇਗ਼ ਸਿੰਘ ਅਤੇ ਸੰਤਾ ਦੇ ਸੱਜੇ ਹੱਥ ਕਹੇ ਜਾਣ ਵਾਲੇ ਭਾਈ ਅਮਰੀਕ ਸਿੰਘ ਆਪਣੇ ਸਾਥੀ ਸਿੰਘਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰ ਚੁਕੇ।

6 ਜੂਨ ਸ਼ਾਮ ਤੱਕ ਗੋਲੀਬਾਰੀ ਘੱਟ ਹੋ ਗਈ। ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫਿਰ ਫੜੇ ਜਾ ਚੁੱਕੇ ਸਨ। ਫ਼ੌਜ ਵੱਲੋਂ ਪਰਿਕਰਮਾ ਵਿਚ ਮੌਜੂਦ ਲਾਸ਼ਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਸ਼ਾਮ ਵੇਲ਼ੇ ਹੀ ਓਸ ਵੇਲ਼ੇ ਦੇ ਇੱਕੋ ਇੱਕ ਟੀ. ਵੀ ਚੈਨਲ ਦੂਰਦਰਸ਼ਨ ਅਤੇ ਅਕਾਸ਼ਵਨੀ ਰੇਡੀਓ ਤੇ ਸੰਤਾ ਦੇ ਸ਼ਹੀਦ ਹੋਣ ਦੀ ਖ਼ਬਰ ਨਸ਼ਰ ਕੀਤੀ ਜਾ ਚੁਕੀ ਸੀ। ਓਸ ਵੇਲ਼ੇ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਹਮਲ਼ੇ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਏ। ਮੇਜਰ ਜਰਨਲ ਕੁਲਦੀਪ ਸਿੰਘ ਬਰਾੜ ਜੋ ਉਸ ਸਮੇਂ ਦਰਬਾਰ ਸਾਹਿਬ ਅੰਦਰ ਫ਼ੌਜ ਦੀ ਅਗਵਾਈ ਕਰ ਰਿਹਾ ਸੀ ਦੀ ਨਵੀਂ ਕਿਤਾਬ ਮੁਤਾਬਕ ਕੁੱਲ 15307 ਲੋਕ ਮਰੇ ਅਤੇ 17000 ਤੋਂ ਵੱਧ ਜ਼ਖ਼ਮੀ ਹੋਏ।  ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ। ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ।

ਹਮਲੇ ਤੋਂ ਬਾਅਦ ਵੀ ਤਕਰੀਬਨ 10 ਜੂਨ ਤੱਕ ਅੰਮ੍ਰਿਤਸਰ ਨੂੰ ਫ਼ੌਜ ਨੇ ਸਖ਼ਤ ਘੇਰਾ ਪਾਈ ਰੱਖਿਆ। ਸੀ.ਆਰ.ਪੀ.ਐਫ ਅਤੇ ਬੀ.ਐਸ.ਐਫ ਹਾਲੇ ਵੀ ਸ਼ੱਕ ਦੇ ਆਧਾਰ ਤੇ ਨੌਜਵਾਨਾਂ ਨੂੰ ਚੁੱਕ ਜੇਲ੍ਹਾਂ ਵਿੱਚ ਡੱਕ ਰਹੀ ਸੀ। ਕੁਝ ਸਮੇਂ ਬਾਅਦ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ। ਕਰਫ਼ਿਉ ਵਿੱਚ ਢਿੱਲ ਮਿਲਦਿਆਂ ਸਾਰ ਮੇਰੇ ਪਿਤਾ ਜੀ ਚੰਡੀਗੜ੍ਹ ਤੋਂ ਮੁੜ ਅੰਮ੍ਰਿਤਸਰ ਪਰਤੇ। ਉਹਨਾਂ ਦੇ ਆਉਣ ਤੇ ਹੀ ਸਾਨੂੰ ਸੁਖ ਦਾ ਸਾਹ ਆਇਆ। ਜੂਨ ਦੀ ਤਪਾ ਦੇਣ ਵਾਲੀ ਗ਼ਰਮੀ ਦੇ ਵਿੱਚ ਅਸੀਂ ਦੋਵੇਂ ਮਾਂ-ਪੁੱਤ ਇੱਕ ਹਫ਼ਤੇ ਲਈ ਘਰ ਦੇ ਚੁਬਾਰੇ ਵਿੱਚ ਕੁਆਰੰਟੀਨ ਰਹੇ। ਇਸ ਹਮਲੇ ਦੇ ਦੌਰਾਨ ਪੁਤਲੀਘਰ ਚੌਂਕ ਵਿੱਚ ਗੁਜ਼ਾਰੇ ਉਹ ਪਲ ਸਾਨੂੰ ਅੱਜ ਵੀ ਨਹੀਂ ਭੁਲਦੇ। ਹਾਲਾਤ ਸਮਾਨ ਹੋਣ ਤੇ ਜਦ ਵੀ ਮੈਂ ਖੇਡਣ ਲਈ ਬਾਹਰ  ਜਾਣਾ ਤਾਂ ਕੁਝ ਮਸਖ਼ਰੇ ਨੌਜਵਾਨਾਂ ਨੇ ਡਰਾਉਂਦਿਆ ਕਹਿਣਾ ਫ਼ੌਜੀ ਟੈਂਕ ਇੱਧਰ ਨੂੰ ਆ ਰਹੇ ਨੇ ਤੇ ਮੈਂ ਇਹ ਸੁਣਦੇ ਸਾਰ ਭੱਜ ਕੇ ਆਪਣੇ ਘਰ ਦੇ ਚੁਬਾਰੇ ਜਾ ਚੜ੍ਹਨਾ।

ਕੁਝ ਸਮੇਂ ਬਾਅਦ ਦਰਬਾਰ ਸਾਹਿਬ ਨੂੰ ਇੱਕ ਵਾਰ ਫ਼ੇਰ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤਾ ਗਿਆ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਵਾਰਾ ਪਰਿਸਰ ਦੀ ਸਫ਼ਾਈ ਲਈ ਕਾਰ ਸੇਵਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਦੂਰੋਂ ਨੇੜਿਓਂ ਸੰਗਤਾਂ ਵਹੀਰਾਂ ਘਤ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਣ ਲੱਗੀਆਂ। ਅਸੀਂ ਵੀ ਦਰਬਾਰ ਸਾਹਿਬ ਕਾਰ ਸੇਵਾ ਲਈ ਪਹੁੰਚੇ। ਦਰਬਾਰ ਸਾਹਿਬ ਹੁਣ ਪਹਿਲਾਂ ਵਰਗਾ ਨਹੀਂ ਸੀ ਰਿਹਾ ਸੀ। ਹਰਮਿੰਦਰ ਸਾਹਿਬ ਨੂੰ ਛੱਡ ਤਕਰੀਬਨ ਸਾਰਾ ਕੰਪਲੈਕਸ ਫ਼ੌਜੀ ਕਾਰਵਾਹੀ ਵਿੱਚ ਢਹਿ ਢੇਰੀ ਹੋ ਚੁਕਿਆ ਸੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਾਜਿਆ ਸ੍ਰੀ ਅਕਾਲ ਤਖ਼ਤ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਚੁਕਿਆ ਸੀ। ਹਾਲਾਂਕਿ ਫ਼ੌਜ ਵੱਲੋਂ ਸੰਗਤਾਂ ਦੇ ਆਉਣ ਤੋਂ ਪਹਿਲਾਂ ਪਵਿੱਤਰ ਸਰੋਵਰ ਅਤੇ ਪਰਕਰਮਾਂ ਵਿੱਚੋਂ ਸਫਾਈ ਕੀਤੀ ਜਾ ਚੁਕੀ ਸੀ, ਪਰ ਫ਼ੇਰ ਵੀ ਕੀਤੇ ਨਾਂ ਕੀਤੇ ਖ਼ੂਨ ਨੇ ਧੱਬੇ ਅਤੇ ਗੋਲੀਆਂ ਦੇ ਨਿਸ਼ਾਨ ਚੀਖ਼-ਚੀਖ਼ ਭਾਰਤੀ ਫ਼ੌਜ ਵੱਲੋਂ ਕੀਤੇ ਤੱਸ਼ਦੱਤ ਦੀ ਗਵਾਹੀ ਭਰ ਰਹੇ ਸੀ। ਮੈਂ ਆਪਣੇ ਅੱਖੀਂ ਦੇਖਿਆ ਕਿ ਦੁੱਖ ਭੰਜਨੀ ਬੇਰੀ ਦੇ ਨਾਲ ਜੋ ਹਾਲ ਹੁੰਦਾ ਸੀ ਓਸ ਉੱਪਰ ਗ੍ਰਨੇਡ ਅਤੇ ਗੋਲੀਆਂ ਲੱਗ, ਓਥੋਂ ਲੱਗੇ ਪੱਖੇਆਂ ਦੇ ਫ਼ਰ ਵਿੰਗੇ ਹੋ ਚੁਕੇ ਸਨ। ਸਮੂਹ ਸੰਗਤਾਂ ਵੱਲੋਂ ਸਰੋਵਰ ਦੀ ਸਫਾਈ ਅਤੇ ਮਲਬਾ ਹਟਾਉਣ ਦਾ ਸ਼ੁਰੂ ਹੋਇਆ ਸਾਡੀ ਸੇਵਾ ਸਰੋਵਰ ਦੀ ਸਫ਼ਾਈ ਵਿੱਚ ਲੱਗੀ ਸੀ ਜਿਥੇ ਹਾਲੇ ਵੀ ਕੀਤੇ-ਕੀਤੇ ਖ਼ੂਨ ਅਤੇ ਮਾਸ ਦੇ ਲੋਥੜੇ ਸਰੋਵਰ ਦੀ ਗਾਬ ਕੱਢਦਿਆਂ ਮਿਲ ਰਹੇ ਸਨ। ਮਲਬੇ ਚੁੱਕਣ ਵਾਲੀਆਂ ਸੰਗਤਾਂ ਨੂੰ ਵੀ ਹਮਲੇ ਦੌਰਾਨ ਸੜੀਆਂ ਚੀਜਾਂ ਅਤੇ ਗੋਲੀਆਂ ਦੇ ਖਾਲੀ ਖੋਲ ਮਿਲ ਰਹੇ ਸਨ।

ਮੈਨੂੰ ਹਾਲੇ ਵੀ ਚੰਗੀ ਤਰ੍ਹਾਂ ਯਾਦ ਹੈ ਸੰਗਤਾਂ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਮਦਦ ਠੁਕਰਾ ਦਿੱਤੀ ਗਈ ਸੀ। ਸਰਕਾਰ ਨੇ ਸਿੱਖ ਸੰਗਤ ਦੇ ਜ਼ਖਮਾਂ ਤੇ ਮਰਹਮ ਲਾਉਣ ਲਈ ਸਰਕਾਰੀ ਪੈਸਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਪਰ ਸੰਗਤਾਂ ਨੇ ਓਸ ਨੂੰ ਨਹੀਂ ਸੀ ਸਵੀਕਾਰਿਆ ਅਤੇ ਓਸ ਨੂੰ ਦੁਬਾਰਾ ਢਾਹ ਕੇ ਸੰਗਤਾਂ ਵੱਲੋਂ ਇਕੱਠੇ ਕੀਤੇ ਗਏ ਦਸਵੰਦ ਨਾਲ ਸਿੱਖਾਂ ਦੇ ਅਜ਼ੀਮੋ ਸ਼ਾਨ ਤਖ਼ਤ ਦਾ ਪੁਨਰ ਨਿਰਮਾਣ ਕੀਤਾ ਸੀ। ਜਿੱਥੇ ਅੱਜ ਕੱਲ ਢਾਡੀ ਸਿੰਘ ਵੀਰ ਰਸ ਦੀਆਂ ਵਾਰਾਂ ਗਾਉਂਦੇ ਹਨ ਠੀਕ ਓਸੇ ਜਗ੍ਹਾ ਸ਼ੀਸ਼ੇ ਦਾ ਇੱਕ ਵੱਡਾ ਸਾਰਾ ਬਕਸਾ ਰੱਖਿਆ ਗਿਆ, ਜਿਸ ਵਿੱਚ ਸੰਗਤਾਂ ਨੇ ਡਾਲਰਾਂ, ਪੌਂਡਾ ਅਤੇ ਰੁਪਇਆ ਦੇ ਢੇਰ ਲਾ ਦਿੱਤੇ। ਏਹੀ ਨਹੀਂ ਓਸ ਬਕਸੇ ਵਿੱਚ ਸੰਗਤਾਂ ਵੱਲੋਂ ਸੋਨੇ ਦੀਆਂ ਚੈਨਾਂ, ਮੁੰਦਰੀਆਂ, ਕੜੇ ਅਤੇ ਹੋਰ ਵੀ ਬੇਸ਼ਕੀਮਤੀ ਗਹਿਣੇ ਦਾਨ ਕੀਤੇ ਗਏ ਸਨ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਬਿਲਡਿੰਗ ਨੂੰ ਹੋਂਦ ਵਿੱਚ ਲਿਆਂਦਾ ਗਿਆ ਅਤੇ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਇੱਕ ਵਾਰ ਫ਼ੇਰ ਸੁਰਜੀਤ ਕੀਤਾ ਗਿਆ। ਪਰ ਪੂਰੇ ਵਿਸ਼ਵ ਦੀਆਂ ਸਿੱਖ ਸੰਗਤਾਂ ਦੇ ਦਿਲਾਂ ਵਿੱਚ ਇਸ ਹਮਲੇ ਦਾ ਰੋਹ ਰਹਿੰਦੀ ਦੁਨੀਆਂ ਤੱਕ ਚੋਭਾਂ ਮਾਰਦਾ ਰਹੇਗਾ।

 

ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ

ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ

 

ਲੇਖਕ  :  ਡਾ.ਬਲਜਿੰਦਰ ਸਿੰਘ

ਸੰਪਰਕ : 98150-40500