ਰੁਝਾਨ ਖ਼ਬਰਾਂ
ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ

ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ

ਕੁਝ ਕਚਘਰੜ ਇਤਿਹਾਸਕਾਰਾਂ ਵਲੋਂ ਬਾਅਦ ਵਿਚ ਚੀਨ ਦੇ ਕਮਿਊਨਿਸਟ ਆਗੂ ਮਾਓ ਜੇ ਤੁੰਗ ਵਲੋਂ ‘ਜਮੀਨ ਹਲ ਵਾਹਕ ਦੀ’ ਦੇ ਲਾਏ ਗਏ ਨਾਹਰੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਿਹ ਨਾਲ ਜੋੜ ਕੇ, ਬਾਬਾ ਜੀ ਨੂੰ ਪੰਜਾਬ ਦੇ ਕਿਸਾਨਾਂ ਦੇ ਇਕ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਨਾਹਰੇ ਅਧੀਨ ਜਮੀਨ ਵੰਡੀ। ਵੇਖਣ ਨੂੰ ਇਹ ਪੇਸ਼ਕਾਰੀ ਭਾਵੇਂ ਕੋਈ ਬਹੁਤੀ ਮਾੜੀ ਨਹੀਂ ਜਾਪਦੀ ਪਰ ਇਤਿਹਾਸਕ ਤੌਰ ਉਤੇ ਇਹ ਪੇਸ਼ਕਾਰੀ ਗਲਤ ਹੈ। ਇਸ ਪੇਸ਼ਕਾਰੀ ਨਾਲ ਜਿਥੇ ਬਾਬਾ ਜੀ ਦਾ ‘ਪਾਤਸ਼ਾਹੀ’ ਦਾ ਸੰਕਲਪ ਰੁਲ ਜਾਂਦਾ ਹੈ, ਉਥੇ ਸਿਖ ਲਹਿਰ ਦਾ ਮਨੂੰਵਾਦੀ ਜਾਤਪਾਤੀ ਸੋਚ ਅਤੇ ਰਜਵਾੜਾਸ਼ਾਹੀ ਨੂੰ ਖਤਮ ਕਰਕੇ ‘ਖਾਲਸਾ ਰਾਜ’ ਕਾਇਮ ਕਰਨ ਦਾ ਨਿਸ਼ਾਨਾ ਵੀ ਅਲੋਪ ਹੋ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਅਗਵਾਈ ਦੇ ਕੇ ਆਪਣੀ ਅਸ਼ੀਰਵਾਦ ਨਾਲ ਪੰਜਾਬ ਤੋਰਿਆ ਸੀ। ਗੁਰੂ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਸਿਖਾਂ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਹਥ ਆਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਸਰਹਿੰਦ ਫਤਿਹ ਕਰ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਅਤੇ ਉਸ ਦੇ ਰਾਜ ਵਿਚ ਜੋ ਕੰਮ ਹੋਏ, ਉਸ ਦਾ ਅਨੇਕ ਇਤਿਹਾਸਕਾਰਾਂ ਨੇ ਜਿਕਰ ਕੀਤਾ ਹੈ। ਪਰ ਇਹਨਾਂ ਇਤਿਹਾਸਕਾਰਾਂ ਨੇ ਉਸ ਦੌਰ ਵਿਚ ਸਿਖ ਪੰਥ ਦੀਆਂ ਦੋ ਧਿਰਾਂ ਵਿਚਕਾਰ ‘ਪਾਤਸ਼ਾਹੀ’ ਬਾਰੇ ਚੱਲੀ ਬਹਿਸ ਅਤੇ ਅਮਲ ਵਿਚ ਇਸ ਦੇ ਨਿਕਲੇ ਮਾਰੂ ਸਿਟਿਆਂ ਦਾ ਕਿਤੇ ਜ਼ਿਕਰ ਨਹੀਂ ਕੀਤਾ।

ਇਹ ਤਥ ਸਿਖ ਇਤਿਹਾਸ ਦਾ ਹਿਸਾ ਹੈ ਕਿ ਔਰੰਗਜ਼ੇਬ ਤੋਂ ਬਾਅਦ ਗਦੀ ਉਤੇ ਬੈਠਾ ਮੁਗਲ ਬਾਦਸ਼ਾਹ, ਬਹਾਦਰ ਸ਼ਾਹ ਆਪਣੀ ਦਖਣ ਦੀ ਯਾਤਰਾ ਵਿਚੇ ਛਡ ਕੇ ਪੰਜਾਬ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਧ ਰਹੀ ਤਾਕਤ ਨੂੰ ਕੁਚਲਣ ਲਈ ਪੰਜਾਬ ਆਇਆ ਅਤੇ  ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਨ ਦੀ ਆਸ ਦਿਲ ਵਿਚ ਹੀ ਲਈ ਉਹ ਪਾਗਲ ਹੋ ਕੇ ਪੰਜਾਬ ਵਿਚ ਹੀ ਮਰ ਗਿਆ। ਇਤਿਹਾਸ ਵਿਚ ਇਹ ਵੀ ਜ਼ਿਕਰ ਹੈ ਕਿ ਇਕ ਮਹੀਨੇ ਤੋਂ ਵਧ ਸਮਾਂ ਉਸ ਦੀ ਲਾਸ਼ ਲਾਹੌਰ ਵਿਚ ਰੁਲਦੀ ਰਹੀ। ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਜਦੋਂ ਫਰੁਖਸੀਅਰ ਬਾਦਸ਼ਾਹ ਦਿਲੀ ਦੀ ਗਦੀ ਉਤੇ ਬੈਠਾ ਤਾਂ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਰਾਜ ਦੀ ਕੀ ਹਾਲਤ ਸੀ, ਇਸ ਦਾ ਕੁਝ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਆਪਣੇ ਗ੍ਰੰਥ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਕੀਤਾ ਹੈ। ਇਸ ਜਾਣਕਾਰੀ ਅਨੁਸਾਰ :

ਸਿੰਘਨ ਯੁਤ ਬੰਦਾ ਤਬੈ ਅਨੰਦਪੁਰ ਆਯੋ।

ਦੈ ਭੇਟਾ ਗੁਰਦਵਾਰ ਪੈ ਕੁਣਕਾ ਕਰਵਾਯੋ।

ਲੰਗਰ ਚਲੇ ਅਟੋਟ ਹੀ ਸਬਕੋ ਵਰਸਾਵੇ।

ਬੰਦਾ ਬੀਚ ਦੀਵਾਨ ਕੇ ਇੰਦਰ ਸਮ ਭਾਵੇ।

ਪਿਖ ਪਰਤਾਪ ਬੜ ਤਾਹਿਕਾ ਰਾਜੇ ਪਹਾੜੀ।

ਸਬ ਹੀ ਨਜਰਾਨੇ ਲੈ ਮਿਲੈ ਗਹਿ ਤਾਬੇਦਾਰੀ।

ਸਿੰਘਨ ਫਿਰ ਕੈ ਦੇਸ ਮੈ ਬਡ ਧੂਮ ਮਚਾਈ।

ਲੋਕ ਬਿਰੋਧੀ ਜਿਤਕ ਥੇ ਸਬ ਲਏ ਸੁਧਾਈ।

ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਰਾਜ ਦੀ ਜੜ੍ਹ ਉਖਾੜ ਕੇ ਜਿਹੜਾ ਖਾਲਸਾ ਰਾਜ ਕਾਇਮ ਕੀਤਾ, ਉਸ ਨੇ ਇਸ  ਬਾਰੇ ਕੋਈ ਭੁਲੇਖਾ ਨਾ ਰਹਿਣ ਦਿਤਾ ਕਿ ਖਾਲਸੇ ਦਾ ਰਾਜਸਤਾ ਕਾਇਮ ਕਰਨ ਦਾ ਮਨੋਰਥ ਧਰਤੀ ਉਤੇ ਕਬਜ਼ਾ ਕਰਨਾ ਨਹੀਂ ਬਲਕਿ ਆਪਣੇ ਖਾਲਸਈ ਆਦਰਸ਼ਾਂ ਨੂੰ ਸਾਕਾਰ ਕਰਨਾ ਹੈ। ਇਹ ਆਦਰਸ਼ ਸਨ : ਮਨੂੰਵਾਦੀ ਜਾਤਪਾਤ, ਬ੍ਰਾਹਮਣੀ ਕਰਮਕਾਂਡ ਅਤੇ ਰਜਵਾੜਾਸ਼ਾਹੀ ਨੂੰ ਖਤਮ ਕਰਨਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਢਾਂਚੇ ਅੰਦਰ ਜੋ ਤਬਦੀਲੀਆਂ ਲਿਆਂਦੀਆਂ ਉਹ ਗੁਰੂ ਸਾਹਿਬ ਦੇ ਇਹਨਾਂ ਆਦਰਸ਼ਾਂ ਤੋਂ ਪ੍ਰੇਰਿਤ ਸਨ। ਮਨੁਖੀ ਬਰਾਬਰੀ ਤੇ ਭਾਈਚਾਰੇ ਦੇ ਸਮਾਜੀ ਆਦਰਸ਼ਾਂ ਨੂੰ ਹਾਸਲ ਕਰਨ ਲਈ ਬਾਬਾ ਜੀ ਨੇ ਜਿਥੇ ਜਾਤਪਾਤ ਦਾ ਅਮਲ ਵਿਚ ਫਸਤਾ ਵਢਣ ਦੇ ਯਤਨ ਕੀਤੇ, ਉਥੇ ਰਜਵਾੜਾਸ਼ਾਹੀ ਦੇ ਸਾਰੇ ਥੰਮ ਉਖਾੜ ਦਿਤੇ। ਸਭ ਤੋਂ ਨੀਚ ਸਮਝੇ ਜਾਂਦੇ ਬਾਬਾ ਬੀਰ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ ਗਿਆ ਅਤੇ ਜਗੀਰਦਾਰੀ ਖਤਮ ਕਰ ਕੇ ਖਾਲਸਾ ਫੌਜ ਦੀ ਰਾਖੀ ਅਧੀਨ ਪਿੰਡਾਂ ਦਾ ਸਾਰਾ ਰਾਜਸੀ ਸਮਾਜੀ ਪ੍ਰਬੰਧ ਉਥੋਂ ਦੇ ਲੋਕਾਂ ਨੂੰ ਸੌਂਪ ਦਿਤਾ ਗਿਆ। ਇਹ ਖਾਲਸਾ ਰਾਜ ਦਾ ਮੁਢ ਸੀ।

ਫਰੁਖਸੀਅਰ ਬਾਦਸ਼ਾਹ ਨੇ ਆਪਣੇ ਸਾਰੇ ਅਹਿਮ ਅਹਿਲਕਾਰਾਂ ਅਤੇ ਜਰਨੈਲਾਂ ਦੀ ਮੀਟਿੰਗ ਸਦ ਕੇ ਜਦੋੇਂ ਉਹਨਾਂ ਨੂੰ ਵਡੇ ਤੋਂ ਵਡੇ ਅਹੁਦੇ ਦਾ ਲਾਲਚ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਦੀ ਲਲਕਾਰ ਦਿਤੀ ਤਾਂ ਇਤਿਹਾਸਕਾਰਾਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੀ ਦਹਿਸ਼ਤ ਏਨੀ ਜ਼ਿਆਦਾ ਸੀ ਕਿ ਕੋਈ ਵੀ ਮੁਗਲ ਜਾਂ ਰਾਜਪੂਤ ਜਰਨੈਲ ਇਸ ਕੰਮ ਲਈ ਤਿਆਰ ਨਾ ਹੋਇਆ। ਫਿਰ ਬਾਦਸ਼ਾਹ ਫਰੁਖਸੀਅਰ ਅਤੇ ਉਸ ਦੇ ਸਮੂਹ ਅਹਿਲਕਾਰ-ਜਰਨੈਲਾਂ ਦੀ ਉਸ ਇਕਤਰਤਾ ਵਿਚ ਹੀ ਇਹ ਫੈਸਲਾ ਕੀਤਾ ਗਿਆ ਕਿ ਦਿਲੀ ਵਿਚ ਰਹਿ ਰਹੀ ਮਾਤਾ ਸੁੰਦਰੀ ਉਤੇ ਦਬਾਅ ਪਾ ਕੇ ਪੰਥ ਵਿਚ ਫੁਟ ਪਾਉਣ ਦੇ ਯਤਨ ਕੀਤੇ ਜਾਣ।

ਤਿਸਤੇ ਬੰਦੇ ਕੇ ਤਈਂ ਇਮ ਹੁਕਮ ਲਖਾਵੋ।

ਲੇਹੁ ਜਾਗੀਰਾਂ ਸਾਹਿ ਤੇ ਤੁਮ ਬੈਠੇ ਖਾਵੋ।

ਜੇ ਗੁਰ ਘਰਨੀ ਨਾ ਲਿਖੇ ਦੁਖ ਦੈ ਲਿਖਵੈ ਹੈ।

ਜੇ ਬੰਦਾ ਨਹਿ ਮਾਨ ਹੈ ਤਿਹ ਸ੍ਰਾਪ ਦਿਵੈ ਹੈ।

ਇਹ ਸੀ ਸਾਮ ਦਾਮ ਦੰਡ ਭੇਦ ਦੀ ਉਹ ਨੀਤੀ ਜਿਹੜੀ ਹਰੇਕ ਹੁਕਮਰਾਨ ਮੁਢ ਤੋਂ ਲੈ ਕੇ ਹੁਣ ਤਕ ਵਰਤਦਾ ਆ ਰਿਹਾ ਹੈ। ਇਤਿਹਾਸਕ ਲਿਖਤਾਂ ਅਨੁਸਾਰ ਬਾਦਸ਼ਾਹ ਦੇ ਅਹਿਲਕਾਰਾਂ ਦੇ ਕਹਿਣ ਉਤੇ ਮਾਤਾ ਸੁੰਦਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿਠੀ ਲਿਖੀ ਕਿ : ਅਬ ਤੁਮ ਲਰਨਾ ਛੋਰ ਕੇ ਹਰਿ ਕੇ ਗੁਨ ਗਾਵੋ। ਜਾਗੀਰਾਂ ਲੈ ਸ਼ਾਹਿ ਤੈ ਘਰ ਬੈਠੇ ਖਾਵੋ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਮਾਤਾ ਜੀ ਦੀ ਇਸ ਚਿਠੀ ਬਾਰੇ ਦਸਿਆ ਅਤੇ ਸਾਰੇ ਸਿੰਘਾਂ ਨੇ ਫੈਸਲਾ ਕਰਕੇ ਮਾਤਾ ਜੀ ਨੂੰ ਜੁਆਬ ਦਿਤਾ ਕਿ :

ਜਾਗੀਰਾਂ ਤੁਰਕਾਨ ਤੈ ਜੇ ਹਮ ਲੈ ਬੈ ਹੈ।

ਜਥਾ ਪੰਥ ਕਾ ਜੋ ਅਰੇ ਫਿਰ ਸਬ ਟੁਟ ਜੈ ਹੈ।

ਹਮ ਜਗੀਰਾ ਨਾ ਲਵੈ ਤੁਰਕੋ ਕੈ ਕਬਹੀ।

ਮਾਰ ਤੇਗ ਸੇ ਲਹੇਂਗੇ ਪਾਤਸ਼ਾਹੀ ਸਬ ਹੀ।

ਇਸ ਤਰ੍ਹਾਂ ਸਿਖ ਪੰਥ ਵਿਚ ਪਹਿਲੀ ਫੁਟ ਪੈਣ ਦਾ ਕਾਰਨ ਇਹ ਅਹਿਮ ਨੁਕਤਾ ਬਣਿਆ ਕਿ ਕੀ ਬਾਦਸ਼ਾਹ ਕੋਲੋਂ ਜਾਗੀਰਾਂ ਭਾਵ ਕੁਝ ਨਿਜੀ (ਰਈਸੀ) ਸਹੂਲਤਾਂ ਲੈ ਕੇ ਅਤੇ ਸਮੂਹ ਲੋਕਾਂ ਨੂੰ ਭੁਲ ਕੇ ਜ਼ਿੰਦਗੀ ਜਿਉਣੀ ਹੈ, ਜਾਂ ਕਿਰਪਾਨ ਦੇ ਜ਼ੋਰ ਨਾਲ ਪਾਤਸ਼ਾਹੀ ਹਥਿਆ ਕੇ ਸਮੂਹ ਲੋਕਾਂ ਨੂੰ ਇਸ ਦਾ ਹਿਸੇਦਾਰ ਬਣਾਉਣਾ ਹੈ। ਜਿਸ ਨੂੰ ਸਿਖ ਫਲਸਫਾ ਹੰਨੇ-ਹੰਨੇ ਮੀਰੀ ਦਾ ਨਾਂ ਦੇਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠਲੇ ਸਿੰਘ ਪਾਤਸ਼ਾਹੀ ਲੈਣ ਦੇ ਆਪਣੇ ਫੈਸਲੇ ਉਤੇ ਅੜੇ ਰਹੇ ਪਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ੁਰੂ ਤੋਂ ਖਾਰ ਖਾਂਦਾ ਆ ਰਿਹਾ ਬਾਬਾ ਬਿਨੋਦ ਸਿੰਘ ਦੀ ਅਗਵਾਈ ਹੇਠਲਾ ਇਕ ਧੜਾ, ਜਿਹੜਾ ਕਿ ਪਹਿਲਾਂ ਹੀ ਆਪਣੇ ਕਮਜ਼ੋਰ ਖੁਦਪ੍ਰਸਤ ਕਿਰਦਾਰ ਕਰਕੇ ਪੰਥ ਵਿਚ ਫੁਟ ਪਾਉਣ ਦਾ ਕੋਈ ਬਹਾਨਾ ਭਾਲਦਾ ਆ ਰਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਅਡ ਹੋ ਗਿਆ ਅਤੇ ਤੁਰਕਾਂ ਦੀਆਂ ਦਿਤੀਆਂ ਜਾਗੀਰਾਂ ਤੇ ਰੁਜੀਨੇ ਲੈ ਕੇ ਜਿੰਦਗੀ ਬਸਰ ਕਰਨ ਲਗ ਪਿਆ।

ਸਿਖ ਪੰਥ ਵਿਚ ਪਈ ਇਸ ਫੁਟ ਦਾ ਸਿਟਾ ਇਹ ਨਿਕਲਿਆ ਕਿ ਗੁਰਦਾਸ ਨੰਗਲ ਦੀ ਗੜ੍ਹੀ ਨੂੰ ਪਏ ਲੰਬੇ ਘੇਰੇ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਆਪਣੇ 700 ਦੇ ਕਰੀਬ ਸਿੰਘਾਂ ਸਮੇਤ ਫੜਿਆ ਗਿਆ ਅਤੇ ਦਿਲੀ ਲਿਜਾ ਕੇ ਆਪਣੇ ਚਾਰ ਸਾਲਾ ਪੁਤਰ ਸਮੇਤ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਉਸ ਨਾਲ ਫੜੇ ਗਏ ਸਾਰੇ ਸਿੰਘ ਬੜੀ ਸੂਰਮਗਤੀ ਨਾਲ ਸ਼ਹੀਦ ਹੋਏ। ਪਰ ਇਸ ਦਾ ਸਿਟਾ ਇਹ ਨਿਕਲਿਆ ਕਿ ਬਾਬਾ ਬੰਦਾ ਸਿੰਘ  ਬਹਾਦਰ ਦੀ ਧਿਰ ਦੇ ਖਤਮ ਹੋਣ ਨਾਲ ਹੀ ‘ਪਾਤਸ਼ਾਹੀ’ ਭਾਵ ਖਾਲਸਾ ਰਾਜ ਦਾ ਸੰਕਲਪ ਰੁਲ ਗਿਆ। ਯਕੀਨਨ ਇਸ ਸਮੁਚੇ ਵਰਤਾਰੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਬਾਬਾ ਬਿਨੋਦ ਸਿੰਘ ਦੇ ਧੜੇ ਨੇ ਆਪਣੇ ਨਾਲ ਤਤ ਖਾਲਸਾ ਦਾ ਨਾਂ ਜੋੜ ਕੇ ਅਤੇ ਬਾਬਾ ਬੰਦਾ ਸਿੰਘ  ਬਹਾਦਰ ਉਤੇ ਝੂਠੇ ਦੋਸ਼ ਲਾ ਕੇ ਉਸ ਨੂੰ ਸਿਰਫ ਬਦਨਾਮ ਹੀ ਨਹੀਂ ਕੀਤਾ ਬਲਕਿ ਸਿੰਘਾਂ ਵਿਚ ਫੁਟ ਪਾਉਣ ਲਈ ਉਸ ਨੂੰ ਨੀਵੀਂ ਜਾਤ ਦਾ ਦਸ ਕੇ ਸਿਖ ਪੰਥ ਦੇ ਗਲੋਂ ਲਥੀ ਮਨੂੰਵਾਦੀ ਜਾਤਪਾਤ ਇਕ ਵਾਰ ਫਿਰ ਪੰਥ ਵਿਚ ਲਿਆ ਵਾੜੀ। ਇਸ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਆਲ ਤੇ ਅਗੋਂ ਬਾਬਾ ਬਿਨੋਦ ਸਿੰਘ ਦੇ ਧੜੇ ਦਾ ਜੁਆਬ ਅਖਾਂ ਖੋਲ੍ਹਣ ਵਾਲਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਣਾ ਸੀ :

ਪਰਜਾ ਤੇ ਰਾਜੇ ਤੁਮ ਕੀਏ

ਮੁਲਕ ਮਲ ਬਹੁ ਦੀਉ।

ਫਿਰ ਮੁਝ ਹੀ ਪਰ ਤੁਮ ਹਾਥ

ਘਾਲਯੋ ਜਰਾ ਲਿਹਾਜ ਨਾ ਕੀਉ।

ਅਗੋਂ ਬਾਬਾ ਬਿਨੋਦ ਸਿੰਘ ਦੇ

ਧੜੇ ਦਾ ਜੁਆਬ ਸੀ;

ਕਹਿਉ ਸਿੰਘਨ ਹਮ ਪੂਤ

ਪਰਾਏ ਤੂੰ ਬਣਿਓ ਥਾ ਦਾਯਾ।

ਹਮਰੇ ਪਿਤਾ ਗੁਰੂ ਨੈਂ ਤੁਮ ਕੌ

ਖਿਜਮਤਗਾਰ ਬਣਾਯਾ।…

ਤਯੋ ਹੀ ਤੂ ਅਗਯਾਨ ਬਸ

ਪੜਿਉ ਚਤ੍ਰ ਕਹਾਵਤ ਅਤ੍ਰੀ।

ਫਿਰ ਹਮ ਤੁਮ ਕਯੋ ਕਰ ਕਹੋ

ਇਕ ਹੋਇ ਤੁਮ ਭਿਠਕ ਹਮ ਛਤ੍ਰੀ।

ਇਉਂ ਨਾ ਸਿਰਫ ਖਾਲਸਾ ਰਾਜ ਦਾ ਸੰਕਲਪ ਰੁਲ ਗਿਆ ਬਲਕਿ ਜਾਤਪਾਤ ਅਤੇ ਖੁਦਪ੍ਰਸਤੀ ਦਾ ਭੂਤ ਇਕ ਵਾਰ ਫਿਰ ਸਿਖ ਪੰਥ ਵਿਚ ਆ ਵੜਿਆ। ਇਸ ਮਨੂੰਵਾਦੀ ਜਾਤਪਾਤ ਅਤੇ ਖੁਦਪ੍ਰਸਤੀ ਦਾ ਸਿਟਾ ਸੀ ਕਿ ਖਾਲਸਾ ਪੰਥ ਨਾ ਸਿਰਫ ਨੀਵੀਂਆਂ ਜਾਤਾਂ ਦੇ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਕਲਾਵੇ ਵਿਚ ਨਾ ਲੈ ਸਕਿਆ ਬਲਕਿ ਸਿਧਾਂਤਕ ਪਧਰ ਉਤੇ ਉਹ ਦਿਨੋ-ਦਿਨ ਹੀਣਾ ਅਤੇ ਜਥੇਬੰਦਕ ਸ਼ਕਤੀ ਪਖੋਂ ਨਿਤਾਣਾ ਹੁੰਦਾ ਗਿਆ। ਇਹ ਐਨ ਉਸੇ ਤਰ੍ਹਾਂ ਸੀ ਜਿਵੇਂ ਹੁਣ ਬਾਦਲਕਿਆਂ ਨੇ ਸਾਮਰਾਜੀ ਲੁਟ ਵਿਚੋਂ ਹਿਸਾ ਵੰਡਾਂਅ ਕੇ ਸ਼੍ਰੋਮਣੀ ਅਕਾਲੀ ਦੇ ਸੰਘਰਸ਼ ਤੇ ਧਰਮ ਯੁਧ ਮੋਰਚੇ ਨਾਲ ਗਦਾਰੀ ਕੀਤੀ ਹੈ।

 

ਲੇਖਕ  : ਗੁਰਬਚਨ ਸਿੰਘ