ਰੁਝਾਨ ਖ਼ਬਰਾਂ
ਕੈਨੇਡੀਅਨ ਆਰਥਿਕਤਾ ਦੀਆਂ ਚੁਣੌਤੀਆਂ

ਕੈਨੇਡੀਅਨ ਆਰਥਿਕਤਾ ਦੀਆਂ ਚੁਣੌਤੀਆਂ

 

ਕੈਨੇਡਾ ਵਿਚ ਹਾਲ ਹੀ ਵਿਚ ਆਏ ਅਪਰੈਲ ਮਹੀਨੇ ਦੇ ਨੌਕਰੀਆਂ ਦੇ ਅੰਕੜਿਆਂ ਨੇ ਆਰਥਿਕ ਮਾਹਿਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕੈਨੇਡਾ ਦੀ ਲੇਬਰ ਮਾਰਕੀਟ ਨੇ ਲਗਭਗ ਦੋ ਲੱਖ ਦੇ ਕਰੀਬ ਨੌਕਰੀਆਂ ਗਵਾ ਲਈਆਂ ਹਨ ਜਿਸ ਕਾਰਨ ਬੇਰੁਜ਼ਗਾਰੀ ਦਾ ਅੰਕੜਾ ਜਿਹੜਾ ਮਾਰਚ ਮਹੀਨੇ ਵਿਚ 7.5 ਫੀਸਦੀ ਸੀ, ਉਹ ਵਧ ਕੇ 8.1 ਫੀਸਦੀ ‘ਤੇ ਪਹੁੰਚ ਗਿਆ ਹੈ। ਜੇਕਰ ਇਸ ਅੰਕੜੇ ਵਿਚ ਉਨ੍ਹਾਂ ਕੈਨੇਡੀਅਨਾਂ ਨੂੰ ਵੀ ਜੋੜ ਲਈਏ ਜਿਹੜੇ ਬੇਰੁਜ਼ਗਾਰ ਤਾਂ ਹਨ, ਪਰ ਨੌਕਰੀਆਂ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਇਹ ਅੰਕੜਾ 10.5 ਪ੍ਰਤੀਸ਼ਤ ‘ਤੇ ਪਹੁੰਚ ਜਾਂਦਾ ਹੈ।

ਮਾਰਚ ਵਿਚ ਕੈਨੇਡੀਅਨ ਆਰਥਿਕਤਾ ਨੇ ਤਿੰਨ ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ ਸਨ ਜਿਹੜੀਆਂ ਆਰਥਿਕ ਮਾਹਿਰਾਂ ਦੀਆਂ ਆਸਾਂ ਤੋਂ ਕਿਤੇ ਉੱਪਰ ਸਨ। ਅਪਰੈਲ ਮਹੀਨੇ ਵਿਚ ਨੌਕਰੀਆਂ ਜਾਣ ਦਾ ਕਾਰਨ ਮੁੱਖ ਤੌਰ ‘ਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਦੁਬਾਰਾ ਲਾਈਆਂ ਪਾਬੰਦੀਆਂ ਦੇ ਸਿਰ ਭੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਪਰੈਲ ਵਿਚ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿਚ ਲਗਭਗ ਇਕ ਲੱਖ 53 ਹਜ਼ਾਰ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਨੇ ਵੀ ਲਗਭਗ ਇਕ ਸਾਲ ਬਾਅਦ ਪਹਿਲੀ ਵਾਰ ਨੌਕਰੀਆਂ ਗਵਾਈਆਂ ਹਨ। ਇਨ੍ਹਾਂ ਦੋਵੇਂ ਸੂਬਿਆਂ ਵਿਚ ਕਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦੇ ਚੱਲਦਿਆਂ ਕਾਫ਼ੀ ਰੋਕਾਂ ਲੱਗਣ ਕਾਰਨ ਇਨ੍ਹਾਂ ਸੂਬਿਆਂ ਦੀ ਆਰਥਿਕਤਾ ‘ਤੇ ਵੱਡੀ ਸੱਟ ਲੱਗੀ ਹੈ। ਹੁਣ ਜੇਕਰ ਅਸੀਂ ਇਨ੍ਹਾਂ ਦੋਹਾਂ ਸੂਬਿਆਂ ਦੀ ਅਪਰੈਲ ਮਹੀਨੇ ਦੀ ਰੀਅਲ ਅਸਟੇਟ ਮਾਰਕੀਟ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੁੱਢਲੇ ਤੌਰ ‘ਤੇ ਇਹ ਨਿਸ਼ਾਨੀਆਂ ਨਜ਼ਰ ਆਉਣ ਲੱਗ ਪਈਆਂ ਹਨ ਕਿ ਘਰਾਂ ਦੀ ਵਿਕਰੀ ਮਾਰਚ ਮਹੀਨੇ ਦੇ ਮੁਕਾਬਲੇ ਘਟ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਘਰਾਂ ਦੀ ਵਿਕਰੀ ਵਿਚ 14 ਫੀਸਦੀ ਤੇ ਓਂਟਾਰੀਓ ਸੂਬੇ ਦੇ ਸ਼ਹਿਰ ਟੋਰਾਂਟੋ ਵਿਚ ਘਰਾਂ ਦੀ ਵਿਕਰੀ ਵਿਚ 20 ਫੀਸਦੀ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ।

ਪਹਿਲੀ ਜੂਨ ਤੋਂ ਮੌਰਟਗੇਜ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਆ ਰਹੀ ਹੈ। ਬਿਨਾਂ ਬੀਮੇ ਦੇ ਕਰਜ਼ਿਆਂ ‘ਤੇ ਹੁਣ ਕਰਜ਼ਾ ਧਾਰਕਾਂ ਨੂੰ 4.79 % ਦੇ ਮੁਕਾਬਲੇ 5.25 % ‘ਤੇ ਕੁਆਲੀਫਾਈ ਕਰਨਾ ਹੋਵੇਗਾ ਜਿਸ ਕਾਰਨ ਰੀਅਲ ਅਸਟੇਟ ਮਾਰਕੀਟ ਦੇ ਨਿਵੇਸ਼ਕਰਤਾ ਦੀ ਖ਼ਰੀਦ ਸ਼ਕਤੀ 4 ਤੋਂ 4.5% ਘੱਟ ਜਾਵੇਗੀ ਜਿਸ ਦਾ ਅਸਰ ਜੂਨ ਮਹੀਨੇ ਦੀ ਘਰਾਂ ਦੀ ਵਿਕਰੀ ‘ਤੇ ਮਾੜਾ ਪੈ ਸਕਦਾ ਹੈ। ਬੀਮਾ ਕੀਤੇ ਕਰਜ਼ਿਆਂ ‘ਤੇ ਅਜੇ ਵੀ 4.79 % ਵਾਲੀ ਛੋਟ ਬਰਕਰਾਰ ਰਹੇਗੀ। ਆਰਥਿਕ ਮਾਹਿਰਾਂ ਨੂੰ ਸਭ ਤੋਂ ਵੱਡੀ ਚਿੰਤਾ ਆਉਣ ਵਾਲੀ ਮਹਿੰਗਾਈ ਦੀ ਦਰ ਤੋਂ ਵੀ ਲੱਗ ਰਹੀ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੈਲਮ ਨੇ ਆਪਣੀ ਇਕ ਇੰਟਰਵਿਊ ਵਿਚ ਚਾਹੇ ਇਹ ਸਪੱਸ਼ਟ ਕੀਤਾ ਹੈ ਕਿ ਜਦੋਂ ਤਕ ਕਰੋਨਾ ਮਹਾਮਾਰੀ ਦਾ ਅਸਰ ਕੈਨੇਡਾ ਵਿਚੋਂ ਬਾਹਰ ਨਹੀਂ ਨਿਕਲਦਾ ਤੇ ਆਰਥਿਕਤਾ ਦੇ ਦੂਜੇ ਸੈਕਟਰ ਦੁਬਾਰਾ ਪਹਿਲੀ ਲੀਹ ‘ਤੇ ਨਹੀਂ ਆਉਂਦੇ, ਬੈਂਕ ਆਫ ਕੈਨੇਡਾ ਆਪਣੀਆਂ ਵਿਆਜ ਦਰਾਂ ਵਿਚ ਛੇਤੀ ਕੋਈ ਵਾਧਾ ਕਰਨ ਵਾਲਾ ਨਹੀਂ ਹੈ।

ਮੌਰਟਗੇਜ ਦੀਆਂ ਦਰਾਂ ਚਾਹੇ ਮੁੱਖ ਤੌਰ ‘ਤੇ ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ‘ਤੇ ਨਿਰਭਰ ਕਰਦੀਆਂ ਹਨ, ਪਰ ਮੌਰਟਗੇਜ ਦੇ ਪੰਜ ਸਾਲਾ ਫਿਕਸ ਰੇਟਾਂ ‘ਤੇ ਕੈਨੇਡੀਅਨ ਸਰਕਾਰ ਵੱਲੋਂ ਜਾਰੀ ਕੀਤੇ ਬੌਂਡਾਂ ਦੀ ਰਿਟਰਨ ‘ਤੇ ਸਿੱਧੇ ਤੌਰ ‘ਤੇ ਅਸਰ ਪਾਉਂਦੀ ਹੈ। ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ 19 ਅਪਰੈਲ ਨੂੰ ਪੇਸ਼ ਕੀਤੇ ਬਜਟ ਵਿਚ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਕੈਨੇਡਾ ਦੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਉਸ ਵੱਲੋਂ ਜਾਰੀ ਵੱਖ-ਵੱਖ ਰਾਹਤ ਸਕੀਮਾਂ ਨੂੰ ਅਜੇ ਜਾਰੀ ਰੱਖੇਗੀ ਜਿਸ ਦਾ ਆਰਥਿਕ ਤੌਰ ‘ਤੇ ਬੋਝ 100 ਅਰਬ ਡਾਲਰ ਦੇ ਕਰੀਬ ਆਂਕਿਆ ਗਿਆ ਹੈ। ਆਰਥਿਕ ਮਾਹਿਰਾਂ ਅਨੁਸਾਰ 100 ਅਰਬ ਡਾਲਰ ਦਾ ਇਹ ਪੈਕੇਜ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਹੋਰ ਕਰਜ਼ੇ ਵਿਚ ਡੁਬੋ ਦੇਵੇਗਾ ਤੇ ਸਰਕਾਰ ਨੂੰ ਇਸ ਉਧਾਰੀ ਲਈ ਬੌਂਡ ਜਾਰੀ ਕਰਨੇ ਪੈ ਸਕਦੇ ਹਨ। ਆਰਥਿਕਤਾ ਵਿਚ ਖ਼ਰਚਿਆ ਇਹ ਪੈਸਾ ਮਹਿੰਗਾਈ ਦਰ ਨੂੰ ਉੱਪਰ ਲਿਜਾਣ ਵਿਚ ਅਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗਾ।

ਇਨ੍ਹਾਂ ਚੁਣੌਤੀਆਂ ਕਾਰਨ ਰੀਅਲ ਅਸਟੇਟ ਮਾਰਕੀਟ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਚਾਹੇ ਨੇੜੇ ਭਵਿੱਖ ਵਿਚ ਘਰਾਂ ਦੀਆਂ ਕੀਮਤਾਂ ਡਿੱਗਣ ਦਾ ਖ਼ਤਰਾ ਤਾਂ ਨਹੀਂ, ਪਰ ਵਧ ਰਹੀਆਂ ਬੇਲਗਾਮ ਕੀਮਤਾਂ ਵਿਚ ਵੀ ਖੜੋਤ ਆ ਸਕਦੀ ਹੈ। ਜਿਸ ਦਾ ਮੁੱਖ ਤੌਰ ‘ਤੇ ਕਾਰਨ ਘਰਾਂ ਦੀਆਂ ਕੀਮਤਾਂ ਦਾ ਉਸ ਪੱਧਰ ‘ਤੇ ਪਹੁੰਚ ਜਾਣਾ ਹੈ ਜਿੱਥੇ ਕਿ ਆਮ ਕੈਨੇਡੀਅਨ ਖਾਸ ਕਰਕੇ ਪਹਿਲੀ ਵਾਰ ਘਰ ਖ਼ਰੀਦਣ ਵਾਲਾ ਉਸ ਦੌੜ ਵਿਚੋਂ ਬਾਹਰ ਹੋ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਕੈਨੇਡੀਅਨ ਇੰਮੀਗ੍ਰੇਸ਼ਨ ਵਿਚ ਆਈ ਖੜੋਤ ਵੀ ਇਨ੍ਹਾਂ ਕੀਮਤਾਂ ਨੂੰ ਵਧਣ ‘ਤੇ ਠੱਲ੍ਹ ਪਾ ਸਕਦੀ ਹੈ। ਜਿਸ ਦਾ ਸਿੱਧੇ ਤੌਰ ‘ਤੇ ਅਸਰ ਟੋਰਾਂਟੋ ਦੀ ਰੀਅਲ ਅਸਟੇਟ ਮਾਰਕੀਟ ਵਿਚ ਦੇਖਿਆ ਜਾ ਰਿਹਾ ਹੈ। ਅਜਿਹੇ ਵਿਚ ਇਸ ਸਾਲ ਦਾ ਦੂਸਰਾ ਅੱਧ ਕੈਨੇਡੀਅਨ ਆਰਥਿਕਤਾ ਲਈ ਕਈ ਚੁਣੌਤੀਆਂ ਲੈ ਕੇ ਆ ਸਕਦਾ ਹੈ।

 

ਲੇਖਕ  : ਜਤਿੰਦਰ ਚੀਮਾ

ਸੰਪਰਕ : 403-629-3577