ਰੁਝਾਨ ਖ਼ਬਰਾਂ
ਸਰਮਾਏਦਾਰੀ ਦਾ ਡੂੰਘਾ ਸੰਕਟ ਵਧ ਰਹੀ ਹਿੰਸਾ, ਜ਼ੁਰਮ ਤੇ ਅਰਾਜਿਕਤਾ ਦਾ ਮੁਖ ਕਾਰਨ

ਸਰਮਾਏਦਾਰੀ ਦਾ ਡੂੰਘਾ ਸੰਕਟ ਵਧ ਰਹੀ ਹਿੰਸਾ, ਜ਼ੁਰਮ ਤੇ ਅਰਾਜਿਕਤਾ ਦਾ ਮੁਖ ਕਾਰਨ

ਪਛਮੀ ਦੇਸਾਂ ਵਿਚ ਹਿੰਸਾ ਤੇ ਜ਼ੁਰਮ ਤੇਜ਼ੀ ਨਾਲ ਵਧ ਰਹੇ ਹਨ। ਸਮਾਜ ਅਰਾਜਿਕਤਾ ਵਲ ਵਧ ਰਹੇ ਹਨ। ਸਰਮਾਏਦਾਰੀ ਦਾ ਅੰਤ ਅਰਾਜਿਕਤਾ ਵਿਚ ਨਿਕਲਣਾ ਨਿਸ਼ਚਿਤ ਹੈ। ਕਿਉਂਕਿ ਸਮਾਜਿਕ ਵਿਕਾਸ ਸਮਾਜ ਦੇ ਹਿਤਾਂ ਲਈ ਨਹੀਂ ਸਗੋਂ ਸਰਮਾਏਦਾਰੀ ਦੇ ਮੁਨਾਫ਼ੇ ਲਈ ਹੁੰਦਾ ਹੈ। ਇਸ ਲਈ ਨਾ ਤਾਂ ਢੁਕਵੀਂ ਵਿਉਂਤਬੰਦੀ (ਪਰੌਪਰ ਪਲੈਨਿੰਗ) ਅਤੇ ਨਾਂ ਹੀ ਸਮਾਜਿਕ ਜਾਬਤਾ (ਸ਼ੋਸ਼ਲ ਡਿਸਿਪਲਿਨ) ਕਾਇਮ ਰਹਿ ਸਕਦੇ ਹਨ ਅਤੇ ਅੰਤ ਵਿਚ ਅਰਾਜਿਕਤਾ ਵਲ ਧਕੇ ਜਾਣਾ ਨਿਸ਼ਚਿਤ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਸਰਮਾਏਦਾਰੀ ਦੇ ਸੰਕਟ ਚਕਰੀ ਜਾਂ ਸਾਈਕਲੀਕਲ ਹੁੰਦੇ ਹਨ। ਇਸਦਾ ਅਰਥ ਇਹ ਨਿਕਲਦਾ ਹੈ ਕਿ ਸੰਕਟ ਆਉਂਦਾ ਹੈ ਅਤੇ ਫਿਰ ਉਸਦਾ ਸਮਾਧਾਨ ਹੋ ਜਾਂਦਾ ਹੈ। ਫਿਰ ਅਗਲਾ ਸੰਕਟ ਆਉਂਦਾ ਹੈ ਤੇ ਫਿਰ ਉਸਦਾ ਸਮਾਧਾਨ ਹੋ ਜਾਂਦਾ ਹੈ। ਇਹ ਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ। ਪ੍ਰੰਤੂ ਸਰਮਾਏਦਾਰੀ ਦਾ ਮੌਜੂਦਾ ਸੰਕਟ ਜੋ ਕਿ 2008 ਵਿਚ ਸ਼ੁਰੂ ਹੋਇਆ ਸੀ, ਹਲ ਹੋਣ ਦੀ ਬਜਾਏ ਹੋਰ ਡੂੰਘਾ ਹੋਈ ਜਾ ਰਿਹਾ ਹੈ। ਇਸ ਲਈ ਇਸਨੂੰ ਚਕਰੀ ਜਾਂ ਸਾਈਕਲੀਕਲ ਕਹਿਣ ਨਾਲੋਂ ਅੰਤਿਮ ਜਾਂ ਟਰਮੀਨਲ ਕਹਿਣਾ ਜ਼ਿਆਦਾ ਉਚਿਤ ਹੋਏਗਾ।
ਪਛਮੀ ਦੇਸਾਂ ਵਿਚ ਵਧ ਰਹੀ ਹਿੰਸਾ ਅਤੇ ਜ਼ੁਰਮ ਦਾ ਮੁਖ ਕਾਰਨ ਇਸ ਸੰਕਟ ਨਾਲ ਸੰਬੰਧਿਤ ਹੈ। ਹਿੰਸਾ ਅਤੇ ਜ਼ੁਰਮ ਦਾ ਇਕ ਵਡਾ ਕਾਰਨ ਸਮਾਜ ਦੇ ਕੁਝ ਵਰਗਾਂ ਦਾ ਮੁਖ ਧਾਰਾ ਵਿਚ ਜਜ਼ਬ ਨਾ ਹੋਣਾ ਵੀ ਹੈ। ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਅਜਿਹੇ ਵਰਗ ਹਿੰਸਾ ਅਤੇ ਜ਼ੁਰਮ ਵਿਚ ਮੋਹਰਲੀ ਭੂਮਿਕਾ ਨਿਭਾਉਂਦੇ ਹਨ। ਅਸੀਂ ਅਮਰੀਕਾ, ਯੂਰਪ ਤੇ ਕੈਨੇਡਾ ਦੀਆਂ ਉਦਾਹਰਣਾਂ ਲੈਂਦੇ ਹਾਂ ਤਾਂ ਇਹ ਹੀ ਪ੍ਰਭਾਵ ਪੈਂਦਾ ਹੈ ਕਿ ਵਧ ਰਹੀ ਹਿੰਸਾ ਤੇ ਜ਼ੁਰਮ ਵਿਚ ਉਹ ਵਰਗ ਮੋਹਰੀ ਭੂਮਿਕਾ ਨਿਭਾਅ ਰਹੇ ਹਨ, ਜਿਹੜੇ ਪੂਰੀ ਤਰ੍ਹਾਂ ਨਾਲ ਮੁਖ ਧਾਰਾ ਵਿਚ ਜਜ਼ਬ ਨਹੀਂ ਹੋ ਸਕੇ। ਜੇ ਅਸੀਂ ਅਮਰੀਕਾ ਵਿਚ ਹਿੰਸਾ ਤੇ ਜ਼ੁਰਮ ਦੇ ਅੰਕੜੇ ਦੇਖੀਏ ਤਾਂ ਵਸੋਂ ਦੇ ਅਨੁਪਾਤ ਨਾਲ ਕਾਲੀ ਵਸੋਂ ਦੀ ਗਿਣਤੀ ਬਾਕੀ ਸਭ ਭਾਈਚਾਰਿਆਂ ਨਾਲੋਂ ਜ਼ਿਆਦਾ ਹੈ। ਇਸ ਤਥ ਦੀ ਪੁਸ਼ਟੀ ਇਸ ਗਲ ਨਾਲ ਹੋ ਜਾਂਦੀ ਹੈ ਕਿ ਜੇ ਅਸੀਂ ਅਮਰੀਕਾ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਦੇਖੀਏ ਤਾਂ ਵਸੋਂ ਦੇ ਅਨੁਪਾਤ ਨਾਲ ਸਭ ਤੋਂ ਵਡੀ ਗਿਣਤੀ ਕਾਲੇ ਕੈਦੀਆਂ ਦੀ ਹੈ। ਯੂਰਪ ਵਿਚ ਇੰਗਲੈਂਡ ਨੂੰ ਛਡ ਕੇ ਬਾਕੀ ਦੇ ਯੂਰਪ ਵਿਚ ਤੇ ਖਾਸ ਕਰਕੇ ਫਰਾਂਸ ਵਿਚ ਮੁਸਲਮਾਨ ਵਸੋਂ ਸਭਿਆਚਾਰਕ ਤੌਰ ਉਤੇ ਮੁਖ ਧਾਰਾ ਵਿਚ ਸਭ ਤੋਂ ਘਟ ਜਜ਼ਬ ਹੋਈ ਹੈ। ਇਸ ਵੇਲੇ ਉੱਥੇ ਇਹ ਵਸੋਂ ਹੀ ਵਧ ਰਹੀ ਹਿੰਸਾ ਤੇ ਜ਼ੁਰਮ ਵਿਚ ਮੋਹਰੀ ਭੂਮਿਕਾ ਨਿਭਾਅ ਰਹੀ ਹੈ।
ਇੰਗਲੈਂਡ ਦੀ ਸਥਿਤੀ ਬਾਕੀ ਯੂਰਪ ਨਾਲੋਂ ਵਖਰੀ ਹੈ। ਉਥੇ ਕਾਫੀ ਸਮੇਂ ਤੋਂ ਕਾਲੇ ਲੋਕਾਂ ਦੀ ਵਸੋਂ ਚੋਖੀ ਹੈ। ਇਹ ਵਸੋਂ ਜਮਾਇਕਾ, ਵੈਸਟ ਇੰਡੀਜ਼ ਤੇ ਅਫਰੀਕਾ ਦੇ ਉਨ੍ਹਾਂ ਦੇਸਾਂ ਤੋਂ ਆ ਕੇ ਵਸੀ ਹੋਈ ਹੈ, ਜਿਨ੍ਹਾਂ ਉਤੇ ਇੰਗਲੈਂਡ ਦਾ ਰਾਜ ਹੁੰਦਾ ਸੀ। ਇਹ ਵਸੋਂ ਮੁਖ ਧਾਰਾ ਵਿਚ ਜਜ਼ਬ ਨਹੀਂ ਹੋ ਸਕੀ। ਇਹ ਵਸੋਂ ਇੰਗਲੈਂਡ ਵਿਚ ਹਿੰਸਾ ਤੇ ਜ਼ੁਰਮ ਵਿਚ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ। 1980 ਤੋਂ ਹੁਣ ਤਕ ਹੋਏ ਵਡੇ ਨਸਲੀ ਦੰਗਿਆਂ (ਰੇਸ਼ਲ ਰਾਇਟਸ) ਵਿਚ ਵੀ ਇਸ ਵਰਗ ਨੇ ਮੋਹਰੀ ਭੂਮਿਕਾ ਨਿਭਾਈ ਹੈ। ਪ੍ਰੰਤੂ ਪਹਿਲਾਂ ਇਹ ਦੰਗੇ ਜ਼ਿਆਦਾਤਰ ਉਨ੍ਹਾਂ ਇਲਾਕਿਆਂ ਵਿਚ ਹੀ ਹੁੰਦੇ ਸਨ, ਜਿਨ੍ਹਾਂ ਵਿਚ ਇਸ ਵਰਗ ਦੀ ਵਸੋਂ ਵਡੀ ਗਿਣਤੀ ਵਿਚ ਰਹਿ ਰਹੀ ਸੀ। ਪ੍ਰੰਤੂ ਹੁਣ ਨਸਲੀ ਹਿੰਸਾ ਉਨ੍ਹਾਂ ਇਲਾਕਿਆਂ ਵਿਚ ਵੀ ਫੈਲ ਗਈ ਹੈ, ਜਿਹੜੇ ਕਿ ਬਹੁਤ ਹੀ ਸੁਰਖਿਅਤ ਸਮਝੇ ਜਾਂਦੇ ਸਨ। ਤਾਜੀ ਖਬਰ ਮਿਲੀ ਹੈ ਕਿ ਲੰਡਨ ਦੇ ਹਾਈਡ ਪਾਰਕ ਇਲਾਕੇ ਵਿਚ ਕਾਲਿਆਂ ਨੇ ਇਕ ਗੋਰੇ ਨੌਜਵਾਨ ਨੂੰ ਬਹੁਤ ਬੁਰੀ ਤਰ੍ਹਾਂ ਕੁਟਿਆ ਤੇ ਜ਼ਖ਼ਮੀ ਕਰ ਦਿਤਾ। ਹਾਈਡ ਪਾਰਕ ਬਕਿੰਘਮ ਪੈਲੇਸ ਦੇ ਨਾਲ ਲਗਦਾ ਹੈ ਅਤੇ ਲੰਡਨ ਦਾ ਜਾਂ ਇਹ ਵੀ ਕਹਿ ਲਓ ਕਿ ਇੰਗਲੈਂਡ ਦਾ ਸਭ ਤੋਂ ਸੁਰਖਿਅਤ ਇਲਾਕਾ ਕਿਹਾ ਜਾ ਸਕਦਾ ਹੈ। ਮੈਨੂੰ ਇਹ ਜਾਣ ਕੇ ਹੁਤ ਹੈਰਾਨੀ ਤੇ ਦੁਖ ਹੋਇਆ ਕਿ ਉੱਥੇ ਵੀ ਹੁਣ ਇਸ ਪਧਰ ਦੀ ਹਿੰਸਾ ਫੈਲ ਚੁਕੀ ਹੈ।
1972 ਵਿਚ ਜਦੋਂ ਮੈਂ ਪਹਿਲੀ ਵਾਰ ਇੰਗਲੈਂਡ ਵਿਚ ਗਿਆ ਤਾਂ ਮੈਂ ਰਾਇਲ ਲੰਕਾਸਟਰ ਹੋਟਲ ਵਿਚ ਠਹਿਰਿਆ। ਇਹ ਹੋਟਲ ਹਾਈਡ ਪਾਰਕ ਦੇ ਬਿਲਕੁਲ ਨਾਲ ਲਗਦਾ ਹੈ। ਸਵੇਰੇ ਸਵੇਰੇ ਮੈਨੂੰ ਆਪਣੇ ਕਮਰੇ ਵਿਚੋਂ ਉਨ੍ਹਾਂ ਘੋੜਿਆਂ ਨੂੰ ਕਸਰਤ ਕਰਵਾਉਣ ਦੇ ਦ੍ਰਿਸ਼ ਦੇਖਣ ਨੂੰ ਮਿਲਦੇ ਸੀ, ਜਿਹੜੇ ਘੋੜੇ ਮਹਾਰਾਣੀ ਦੀ ਬਘੀ ਅਗੇ ਲਾਏ ਜਾਂਦੇ ਸਨ। ਸਵੇਰੇ-ਸਵੇਰੇ ਮੈਂ ਹਾਈਡ ਪਾਰਕ ਵਿਚ ਸੈਰ ਕਰਨ ਜਾਂਦਾ ਸੀ ਅਤੇ ਮੈਂ ਏਨ੍ਹਾਂ ਸੁਰਖਿਅਤ ਮਹਿਸੂਸ ਕਰਦਾ ਸੀ ਕਿ ਇਸ ਇਲਾਕੇ ਵਿਚ ਹਿੰਸਾ ਤੇ ਜ਼ੁਰਮ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜ਼ਾਹਿਰ ਹੈ ਕਿ ਇੰਗਲੈਂਡ ਵਿਚ ਹੁਣ ਹਿੰਸਾ ਤੇ ਜ਼ੁਰਮ ਇਸ ਪਧਰ ਉਤੇ ਪਹੁੰਚ ਗਏ ਹਨ ਕਿ ਇੰਗਲੈਂਡ ਦਾ ਕੋਈ ਵੀ ਇਲਾਕਾ ਹੁਣ ਪੂਰੀ ਤਰ੍ਹਾਂ ਸੁਰਖਿਅਤ ਨਹੀਂ ਕਿਹਾ ਜਾ ਸਕਦਾ।
ਅਮਰੀਕਾ ਵਿਚ ਹਿੰਸਾ ਤੇ ਜ਼ੁਰਮ ਯੂਰਪ ਤੇ ਕੈਨੇਡਾ ਦੇ ਮੁਕਾਬਲੇ ਵਿਚ ਬਹੁਤ ਜ਼ਿਆਦਾ ਹੁੰਦਾ ਸੀ। ਇਸਦਾ ਮੁਖ ਕਾਰਨ ਅਫਰੀਕਾ ਵਿਚ ਗਏ ਲੋਕਾਂ ਨੂੰ ਜਾਨਵਰਾਂ ਦੀ ਤਰ੍ਹਾਂ ਫੜ ਕੇ ਤੇ ਗੁਲਾਮ ਬਣਾ ਕੇ ਜ਼ਬਰਦਸਤੀ ਅਮਰੀਕਾ ਲਿਆਉਣਾ ਸੀ। ਇਨ੍ਹਾਂ ਕਾਲੇ ਲੋਕਾਂ ਨੂੰ ਅਮਰੀਕਾ ਵਿਚ ਗੁਲਾਮ ਬਣਾ ਕੇ ਰਖਿਆ ਗਿਆ ਅਤੇ ਉਨ੍ਹਾਂ ਨੂੰ ਮੁਖ ਧਾਰਾ ਵਿਚ ਜਜ਼ਬ ਹੋਣ ਨਹੀਂ ਦਿਤਾ ਗਿਆ। ਉਨ੍ਹਾਂ ਨੂੰ ਦਬਾਏ ਰਖਣ ਲਈ ਗੋਰਿਆਂ ਨੇ ਉਨ੍ਹਾਂ ਉਤੇ ਅਤਿ ਦਰਜੇ ਦੀ ਹਿੰਸਾ ਦਾ ਉਪਯੋਗ ਕੀਤਾ। ਜਿਸ ਤਰ੍ਹਾਂ ਜਿਉਂਦੇ ਦਰਖਤਾਂ ਨਾਲ ਬੰਨ੍ਹ ਕੇ ਸਾੜ ਦੇਣਾ, ਜਿਸ ਨੂੰ ਲਿੰਚਿੰਗ ਕਹਿੰਦੇ ਹਨ ਆਦਿ। ਅਮਰੀਕਾ ਦਾ ਮੁਢ ਹੀ ਹਿੰਸਾ ਅਤੇ ਜ਼ੁਰਮ ਨਾਲ ਬਝਿਆ। ਦੂਸਰੇ ਸੰਸਾਰ ਯੁਧ ਤੋਂ ਬਾਅਦ ਕਾਲੇ ਲੋਕ ਜੋ ਅਮਰੀਕਾ ਤੇ ਦਖਣੀ ਹਿਸੇ ਵਿਚ ਜ਼ਿਆਦਾਤਰ ਫਾਰਮਾਂ ਵਿਚ ਕੰਮ ਕਰਦੇ ਸਨ, ਵਡੇ ਪਧਰ ‘ਤੇ ਉਤਰੀ ਅਮਰੀਕਾ ਦੇ ਵਡੇ ਸ਼ਹਿਰਾਂ ਵਿਚ ਜਾ ਕੇ ਵਸ ਗਏ। ਹੋਲੀ-ਹੋਲੀ ਅਮਰੀਕਾ ਦੇ ਬਹੁਤ ਸਾਰੇ ਵਡੇ ਸ਼ਹਿਰਾਂ ਵਿਚ ਕਾਲਿਆਂ ਦੀ ਸੰਘਣੀ ਆਬਾਦੀ ਹੋ ਗਈ ਅਤੇ ਉਨ੍ਹਾਂ ਦੀ ਬਹੁਗਿਣਤੀ ਹੋ ਗਈ। ਉਹ ਫਾਰਮ ਕਾਮਿਆਂ ਤੋਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਬਣ ਗਏ ਅਤੇ ਉਹ ਬਿਹਤਰ ਜਥੇਬੰਦ ਹੋ ਗਏ। ਇਸਦੇ ਨਾਲ ਹੀ ਉਨ੍ਹਾਂ ਵਿਚ ਇਕ ਅਜਿਹਾ ਵਰਗ ਵੀ ਪੈਦਾ ਹੋ ਗਿਆ ਜਿਸ ਨੂੰ ਮੁਸ਼ਤ ਜਾਂ ਲੰਪਨ ਕਿਹਾ ਜਾ ਸਕਦਾ ਹੈ। ਸਰਮਾਏਦਾਰੀ ਵਿਚ ਅਜਿਹਾ ਵਰਗ ਪੈਦਾ ਹੋਣਾ ਲਾਜ਼ਮੀ ਹੈ। ਪ੍ਰੰਤੂ ਅਮਰੀਕਾ ਦੀ ਵਿਸ਼ੇਸ਼ਤਾਈ ਇਹ ਹੈ ਕਿ ਕਾਲੇ ਲੋਕਾਂ ਵਿਚ ਜਿਸ ਵਡੀ ਗਿਣਤੀ ਵਿਚ ਇਹ ਵਰਗ ਪੈਦਾ ਹੋਇਆ, ਉਸਦੀ ਮਿਸਾਲ ਸੰਸਾਰ ਵਿਚ ਕਿਤੇ ਨਹੀਂ ਮਿਲਦੀ। ਅਮਰੀਕਾ ਦੇ ਵਡੇ ਸ਼ਹਿਰਾਂ ਵਿਚ ਇਸ ਪਧਰ ਦੀ ਹਿੰਸਾ ਅਤੇ ਜੁਰਮ ਵਧ ਗਿਆ ਜਿਸਦੀ ਮਿਸਾਲ ਸੰਸਾਰ ਵਿਚ ਕਿਤੇ ਨਹੀਂ ਮਿਲਦੀ। ਸ਼ਹਿਰਾਂ ਵਿਚ ਵਸਦੀ ਗੋਰੀ ਮਧ ਸ਼੍ਰੇਣੀ ਇਨ੍ਹਾਂ ਸ਼ਹਿਰਾਂ ਤੋਂ ਭਜ ਗਈ ਅਤੇ ਸ਼ਹਿਰਾਂ ਤੋਂ ਦੂਰ ਇਲਾਕਿਆਂ ਵਿਚ ਜਿਨ੍ਹਾਂ ਨੂੰ ਸਬਅਰਬਨ ਕਿਹਾ ਜਾਂਦਾ ਹੈ, ਵਿਚ ਵਸ ਗਈ। ਸਰਮਾਏਦਾਰੀ ਦੇ ਅਜੋਕੇ ਸੰਕਟ ਨੇ ਜੋ ਕਿ ਦਿਨੋਂ ਦਿਨ ਡੂੰਘਾ ਹੋਈ ਜਾ ਰਿਹਾ, ਵਿਚ ਅਮਰੀਕਾ ਵਿਚ ਹਿੰਸਾ, ਜ਼ੁਰਮ ਅਤੇ ਅਰਾਜਿਕਤਾ ਨਵੀਆਂ ਸਿਖਰਾਂ ਛੋਹਣ ਲਗ ਪਈ ਹੈ।
ਯੂਰਪ ਅਤੇ ਕੈਨੇਡਾ ਅਮਰੀਕਾ ਦੇ ਮੁਕਾਬਲੇ ਵਿਚ ਬਹੁਤ ਹੀ ਸ਼ਾਂਤੀਪੂਰਬਕ ਅਤੇ ਸੁਰਖਿਅਤ ਹੁੰਦੇ ਸਨ। ਪ੍ਰੰਤੂ ਉੱਥੇ ਵੀ ਹਾਲਤ ਬਦਲ ਗਏ ਹਨ। ਇੰਗਲੈਂਡ ਵਿਚ ਕਾਲੇ ਕਾਫੀ ਗਿਣਤੀ ਵਿਚ ਰਹਿ ਰਹੇ ਹਨ। ਉਹ ਵਡੇ ਸ਼ਹਿਰਾਂ ਵਿਚ ਰਹਿੰਦੇ ਹਨ ਅਤੇ ਉਹ ਮੁਖ ਧਾਰਾ ਵਿਚ ਜਜ਼ਬ ਨਹੀਂ ਹੋ ਸਕੇ। ਇੰਗਲੈਂਡ ਵਿਚ ਹਿੰਸਾ ਅਤੇ ਜ਼ੁਰਮ ਵਿਚ ਇਹ ਵਡੀ ਭੂਮਿਕਾ ਨਿਭਾਅ ਰਹੇ ਹਨ। ਇੰਗਲੈਂਡ ਵਿਚ ਵੀ ਮੌਜੂਦਾ ਸਰਮਾਏਦਾਰੀ ਦੇ ਡੂੰਘੇ ਹੋ ਰਹੇ ਸੰਕਟ ਨੇ ਹਿੰਸਾ, ਜ਼ੁਰਮ ਅਤੇ ਅਰਾਜਿਕਤਾ ਵਿਚ ਵਾਧਾ ਕੀਤਾ ਹੈ। ਕੋਰੋਨਾ ਕਾਰਨ ਵਧੀ ਬੇਰੁਜ਼ਗਾਰੀ ਨੇ ਵੀ ਸਰਮਾਏਦਾਰੀ ਦੇ ਸੰਕਟ ਨੂੰ ਹੋਰ ਡੂੰਘਾ ਕੀਤਾ ਹੈ ਅਤੇ ਸਾਰੇ ਸਰਮਾਏਦਾਰ ਦੇਸਾਂ ਵਿਚ ਹਿੰਸਾ, ਜ਼ੁਰਮ ਅਤੇ ਅਰਾਜਿਕਤਾ ਵਿਚ ਵਾਧਾ ਕੀਤਾ ਹੈ। ਇੰਗਲੈਂਡ ਨਾਲੋਂ ਯੂਰਪ ਦੇ ਬਾਕੀ ਦੇਸ ਜਿਵੇਂ ਫਰਾਂਸ, ਜਰਮਨੀ, ਸਪੇਨ ਤੇ ਇਟਲੀ ਆਦਿ ਵਿਚ ਹਿੰਸਾ ਅਤੇ ਜੁਰਮ ਬਹੁਤ ਘਟ ਸੀ ਅਤੇ ਜੀਵਨ ਬਹੁਤ ਹੀ ਸ਼ਾਂਤੀਪੂਰਬਕ ਅਤੇ ਸੁਰਖਿਅਤ ਸੀ। ਇਨ੍ਹਾਂ ਦੇਸਾਂ ਵਿਚ ਵਡੇ ਪਧਰ ਤੇ ਮੁਸਲਮਾਨਾਂ ਦਾ ਆਵਾਸ ਹੋਇਆ ਹੈ। ਖਾਸ ਕਰਕੇ ਫਰਾਂਸ ਵਿਚ ਮੁਸਲਮਾਨ ਲੋਕ ਮੁਖ ਧਾਰਾ ਦੇ ਸਭਿਆਚਾਰ ਵਿਚ ਜਜ਼ਬ ਨਹੀਂ ਹੋ ਰਹੇ ਅਤੇ ਉਨ੍ਹਾਂ ਨੇ ਤਾਂ ਇਕ ਕਿਸਮ ਦਾ ਵਿਰੋਧੀ ਸਭਿਅਚਾਰ (ਕਾਂਉਟਰ ਕਲਚਰ) ਬਣਾ ਲਿਆ ਹੈ। ਇਸ ਸਥਿਤੀ ਨੇ ਸ਼ਾਂਤੀ ਪੂਰਬਕ ਅਤੇ ਸੁਰਖਿਅਤ ਯੂਰਪੀਨ ਦੇਸਾਂ ਨੂੰ ਹਿੰਸਾ, ਜ਼ੁਰਮ ਅਤੇ ਅਰਾਜਿਕਤਾ ਵਲ ਧਕ ਦਿਤਾ ਹੈ। ਸਰਮਾਏਦਾਰੀ ਦੇ ਮੌਜੂਦਾ ਸੰਕਟ ਅਤੇ ਕੋਰੋਨਾ ਨੇ ਇਨ੍ਹਾਂ ਸਮਸਿਆਵਾਂ ਨੂੰ ਹੋਰ ਵਧਾ ਦਿਤਾ ਹੈ। ਫਰਾਂਸ ਵਿਚ ਤਾਂ ਰੀਟਾਇਰਡ ਜਰਨੈਲਾਂ ਨੇ ਸਥਿਤੀ ਘਰੇਲੂ ਯੁਧ (ਸਿਵਲ ਵਾਰ) ਤਕ ਪਹੁੰਚਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
ਕੈਨੇਡਾ ਦੀ ਸਥਿਤੀ ਬਾਕੀ ਸਾਰੇ ਸਰਮਾਏਦਾਰ ਦੇਸਾਂ ਨਾਲੋਂ ਵਖਰੀ ਹੈ। ਸਾਡੇ ਲਈ ਤਾਂ ਇਹ ਬਹੁਤ ਹੀ ਦੁਖ ਦੀ ਗਲ ਹੈ ਪ੍ਰੰਤੂ ਸਚਾਈ ਕਿੰਨੀ ਕੌੜੀ ਵੀ ਕਿਉਂ ਨਾ ਹੋਵੇ, ਉਸ ਨੂੰ ਸਵਿਕਾਰ ਤਾਂ ਕਰਨਾ ਪੈਂਦਾ ਹੈ। ਕੌੜੀ ਸਚਾਈ ਇਹ ਹੈ ਕਿ ਕੈਨੇਡਾ ਵਿਚ ਵਧ ਰਹੀ ਹਿੰਸਾ ਤੇ ਜ਼ੁਰਮ ਵਿਚ ਪੰਜਾਬੀ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਇਸ ਸਚਾਈ ਦੀ ਪੁਸ਼ਟੀ ਹਿੰਸਾ ਤੇ ਜ਼ੁਰਮ ਨਾਲ ਸੰਬੰਧਿਤ ਅੰਕੜੇ ਕਰਦੇ ਹਨ। ਕੈਨੇਡਾ ਵਿਚ ਡਰਗਸ, ਗੈਂਗ, ਹਿੰਸਾ, ਘਰੇਲੂ ਹਿੰਸਾ (ਡੈਮੋਸਟਿਕ ਵਾਇੁਲੈਂਸ) ਅਤੇ ਨਜਾਇਜ਼ ਬੰਦੇ ਲੰਘਾਉਣ ਵਿਚ ਪੰਜਾਬੀਆਂ ਦਾ ਹਿਸਾ ਆਪਣੀ ਵਸੋਂ ਦੇ ਅਨੁਪਾਤ ਨਾਲੋਂ ਕਈ ਗੁਣਾਂ ਜ਼ਿਆਦਾ ਹੈ। ਡਰਗਸ ਨਾਲ ਸੰਬੰਧਿਤ ਕੇਸਾਂ ਵਿਚ ਫੜੇ ਜਾਣ ਵਾਲਿਆਂ ਵਿਚ ਗੈਂਗ ਹਿੰਸਾ ਅਤੇ ਪੁਲੀਸ ਦੀਆਂ ਗੋਲੀਆਂ ਨਾਲ ਮਰਨ ਵਾਲਿਆਂ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿਚ ਪੁਲੀਸ ਕੋਲ ਆਏ ਘਰੇਲੂ ਹਿੰਸਾ ਦੇ ਕੇਸ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਚੁਕੇ ਹਨ। ਹਾਲਾਂਕਿ ਬਹੁਤ ਸਾਰੇ ਘਰੇਲੂ ਹਿੰਸਾ ਦੇ ਕੇਸ ਹਾਲੇ ਵੀ ਪੁਲੀਸ ਕੋਲ ਨਹੀਂ ਜਾਂਦੇ। ਪੁਰਾਣੇ ਤੇ ਨਵੇਂ ਪ੍ਰਵਾਸੀਆਂ ਵਿਚ ਵਡਾ ਫਰਕ ਨਜ਼ਰ ਆਉਂਦਾ ਹੈ। ਬਹੁਤ ਸਾਰੇ ਪੁਰਾਣੇ ਪ੍ਰਵਾਸੀਆਂ ਨੇ ਹਢਭੰਨਵੀਂ ਮਿਹਨਤ ਕੀਤੀ। ਉਹ ਫੈਕਟਰੀਆਂ ਅਤੇ ਸਾਅ ਮਿਲਜ਼ (ਆਰਿਆਂ) ਵਿਚ 8-8 ਘੰਟੇ ਦੀਆਂ ਤਿੰਨ ਤਿੰਨ ਸ਼ਿਫਟਾਂ ਅਰਥਾਤ 24 ਘੰਟੇ ਵੀ ਕੰਮ ਕਰਦੇ ਰਹੇ। ਉਨ੍ਹਾਂ ਦਾ ਜੀਵਨ ਬਹੁਤ ਸਾਦਾ ਤੇ ਸੰਜਮੀ ਹੁੰਦਾ ਸੀ। ਇਸ ਕਰਕੇ ਉਨ੍ਹਾਂ ਕੋਲ ਪੈਸੇ ਬਚ ਜਾਂਦੇ ਹਨ। ਇਨ੍ਹਾਂ ਨਾਲ ਕਈਆਂ ਨੇ ਜ਼ਮੀਨਾਂ ਖਰੀਦ ਲਈਆਂ ਤੇ ਕਈਆਂ ਨੇ ਮਕਾਨ ਖਰੀਦ ਲਏ ਜੋ ਕਿ ਉਸ ਵੇਲੇ ਬਹੁਤ ਸਸਤੇ ਹੁੰਦੇ ਸਨ। ਪ੍ਰੰਤੂ ਹੁਣ ਸਭ ਕੁਝ ਬਦਲ ਗਿਆ ਹੈ। ਬਹੁਤ ਸਾਰੇ ਪ੍ਰਵਾਸੀ ਹੁਣ ਸਟੂਡੈਂਟ (ਵਿਦਿਆਰਥੀ) ਵੀਜ਼ੇ ਉਤੇ ਆ ਰਹੇ ਹਨ। ਇਨ੍ਹਾਂ ਨੂੰ ਹਫਤੇ ਵਿਚ ਸਿਰਫ 20 ਘੰਟੇ ਹੀ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਸਰਮਾਏਦਾਰੀ ਦੇ ਸੰਕਟ ਅਤੇ ਕੋਰੋਨਾ ਕਾਰਨ ਕੰਮ ਮਿਲਣਾ ਵੀ ਔਖਾ ਹੋ ਗਿਆ ਹੈ। ਇਨ੍ਹਾਂ ਦਾ ਜੀਵਨ ਢੰਗ ਵੀ ਪੁਰਾਣੇ ਪ੍ਰਵਾਸੀਆਂ ਨਾਲੋਂ ਬਹੁਤ ਵਖਰਾ ਹੈ। ਇਹ ਪਾਰਟੀਆਂ ਆਦਿ ਵੀ ਕਰਨਾ ਚਾਹੁੰਦੇ ਹਨ ਅਤੇ ਇਹ ਪੁਰਾਣੇ ਪ੍ਰਵਾਸੀਆਂ ਦੀ ਅਮੀਰੀ ਦੇਖ ਕੇ ਜਲਦੀ ਤੋਂ ਜਲਦੀ ਅਮੀਰ ਵੀ ਬਣਨਾ ਚਾਹੁੰਦੇ ਹਨ। ਜਲਦੀ ਤੋਂ ਜਲਦੀ ਪੈਸਾ ਕਮਾਉਣ ਲਈ ਜੁਰਮ ਤੇ ਹਿੰਸਾ ਦਾ ਰਾਹ ਉਨ੍ਹਾਂ ਵਿਚੋਂ ਕਈਆਂ ਨੂੰ ਆਕਰਸ਼ਿਤ ਕਰ ਲੈਂਦਾ ਹੈ। ਕਈ ਮੁੰਡੇ ਗੈਂਗਾਂ, ਡਰਗਸ ਤੇ ਹੋਰ ਨਜਾਇਜ਼ ਧੰਦਿਆਂ ਵਲ ਚਲੇ ਜਾਂਦੇ ਹਨ ਅਤੇ ਕਈ ਕੁੜੀਆਂ ਵੇਸਵਾਪੁਣੇ ਦੇ ਵਖ-ਵਖ ਢੰਗ ਅਪਣਾ ਲੈਂਦੀਆਂ ਹਨ।
ਇਹ ਸਥਿਤੀ ਨਾ ਸਿਰਫ ਕੈਨੇਡਾ ਵਿਚ ਹਿੰਸਾ ਅਤੇ ਜ਼ੁਰਮ ਵਿਚ ਵਾਧਾ ਕਰ ਰਹੀ ਹੈ, ਸਗੋਂ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀ ਹੈ। ਪੰਜਾਬ ਵਿਚ ਡਰਗਸ ਅਤੇ ਗੈਂਗਾਂ ਨਾਲ ਸੰਬੰਧਿਤ ਹਿੰਸਾ ਤੇ ਜ਼ੁਰਮ ਦੇ ਤਾਰ ਕੈਨੇਡਾ ਨਾਲ ਜੁੜਦੇ ਹਨ। ਇਸੇ ਤਰ੍ਹਾਂ ਕੁੜੀਆਂ ਵਿਚ ਵੇਸਵਾਪੁਣੇ ਦੇ ਰੁਝਾਨ ਵੀ ਕੈਨੇਡਾ ਤੋਂ ਪ੍ਰਭਾਵਿਤ ਹੋ ਰਹੇ ਹਨ। ਪਟਿਆਲੇ ਵਿਚ ਇਕ ਕਾਫੀ ਜਾਣਕਾਰੀ ਰਖਣ ਵਾਲੇ ਸਜਣ ਨੇ ਦਸਿਆ ਕਿ ਕੁਝ ਸੋਹਣੀਆਂ ਕੁੜੀਆਂ ਨੂੰ ਇਥੋਂ ਹੀ ਇਸ ਕੰਮ ਲਈ ਉਥੋਂ ਦੀਆਂ ਕੁੜੀਆਂ ਸੰਪਰਕ ਕਰ ਲੈਂਦੀਆਂ ਹਨ। ਜਲੰਧਰ ਦੇ ਇਕ ਬਹੁਤ ਹੀ ਸਤਿਕਾਰਿਤ ਪਤਰਕਾਰ ਨੇ ਦਸਿਆ ਕਿ ਕੈਨੇਡਾ ਦੀ ਤਰ੍ਹਾਂ ਇਥੇ ਵੀ ਕੁੜੀਆਂ ਮਸਾਜ ਪਾਰਲਰ ਚਲਾ ਰਹੀਆਂ ਹਨ। ਜਿਨ੍ਹਾਂ ਵਿਚ ਵੇਸਵਾਗਿਰੀ ਦਾ ਧੰਦਾ ਚਲਦਾ ਹੈ। ਸਰਮਾਏਦਾਰੀ ਦਾ ਸੰਕਟ ਹਲ ਹੋਣ ਦੀ ਥਾਂ ਹੋਰ ਡੂੰਘਾ ਹੋਣ ਦੀ ਉਮੀਦ ਹੈ। ਪੰਜਾਬ ਦਾ ਮੌਜੂਦਾ ਸੰਕਟ ਵੀ ਵਿਸ਼ਵ ਸਰਮਾਏਦਾਰੀ ਦੇ ਸੰਕਟ ਦਾ ਹਿਸਾ ਹੈ। ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਪ੍ਰਵਾਸ ਇਸਦਾ ਹਲ ਨਹੀਂ ਹੈ। ਸਰਮਾਏਦਾਰੀ ਦੇ ਵਿਕਾਸ ਦੇ ਨਮੂਨੇ ਦੀ ਥਾਂ ਉਤੇ ਬਦਲਵਾਂ ਵਿਕਾਸ ਦਾ ਨਮੂਨਾ ਅਪਨਾਉਣ ਦੀ ਲੋੜ ਹੈ।

ਲੇਖਕ : ਡਾ. ਸਵਰਾਜ ਸਿੰਘ