ਰੁਝਾਨ ਖ਼ਬਰਾਂ

ਬੀ. ਸੀ. ਵੱਲੋਂ ਜਲਵਾਯੂ ਪਰਿਵਰਤਨ ਲਈ ਤਿਆਰੀ ਵਾਸਤੇ ਯੋਜਨਾ ਜਾਰੀ, ਲੋਕਾਂ ਦੀ ਰਾਇ ਮੰਗੀ

ਵਿਕਟੋਰੀਆ- ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਲਈ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਤਿਆਰੀ ਕਰਨ ਵਿੱਚ ਮਦਦ ਦੇਣ ਲਈ ਸੂਬਾ ਸਰਕਾਰ ਕਾਰਵਾਈ ਕਰ ਰਹੀ ਹੈ ਅਤੇ ਜਲਵਾਯੂ ਤਤਪਰਤਾ ਅਤੇ ਅਨੁਕੂਲਣ ਰਣਨੀਤੀ (ਕਲਾਈਮੇਟ ਪਰਿਪੇਅਰਡਨੈੱਸ ਐਂਡ ਅਡੈਪਟੇਸ਼ਨ ਸਟ੍ਰੈਟਜੀ) ਦੇ ਮਸੌਦੇ ਦੇ ਹਿੱਸੇ ਵੱਜੋਂ ਭਵਿੱਖ ਦੇ ਕਾਰਜ ਸਬੰਧੀ ਆਮ ਲੋਕਾਂ ਦੀ ਰਾਇ ਮੰਗੀ ਜਾ ਰਹੀ ਹੈ।
”ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ, ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਪ੍ਰਤੀ, ਨਿਜੀ ਅਨੁਭਵ ਦੇ ਅਧਾਰ ‘ਤੇ, ਲੋਕਾਂ ਦੀ ਸਮਝ ਵਧ ਰਹੀ ਹੈ। ਰਿਕਾਰਡ ਪੱਧਰ ‘ਤੇ ਲੱਗਣ ਵਾਲੀਆਂ ਜੰਗਲੀ ਅੱਗਾਂ, ਜ਼ਬਰਦਸਤ ਸੋਕਾ ਅਤੇ ਹੜ੍ਹਾਂ ਦਾ ਵਧਣਾ ਸਾਨੂੰ ਦਰਸਾਉਂਦਾ ਹੈ ਕਿ ਸਾਨੂੰ ਲਾਜ਼ਮੀ ਤਿਆਰੀ ਕਰਨ ਅਤੇ ਹਾਲਾਤ ਅਨੁਸਾਰ ਢਲਣ ਦੇ ਨਾਲ ਨਾਲ ਜਲਵਾਯੂ ਨੂੰ ਨੁਕਸਾਨ ਪੁਚਾਉਣ ਵਾਲੀਆਂ ਗਤੀਵਿਧੀਆਂ ਨੂੰ ਘਟਾਉਣ ਅਤੇ ਤਬਦੀਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ,” ਜੌਰਜ ਹੇਅਮੈਨ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਰਣਨੀਤੀ ਦੇ ਮੰਤਰੀ ਨੇ ਕਿਹਾ, ”ਸਾਡੀ ਸਰਕਾਰ ਹੁਣ ਉਸ ਮਹੱਤਵਪੂਰਣ ਕਾਰਜ ਨੂੰ ਅਗਾਂਹ ਤੋਰਨ ਲਈ ਕਾਰਵਾਈ ਕਰ ਰਹੀ ਹੈ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਜਲਵਾਯੂ ਪਰਿਵਰਤਨ ਨੂੰ ਸਮਝਣ ਅਤੇ ਉਸ ਲਈ ਤਿਆਰੀ ਕਰਨ ਵਾਸਤੇ ਪਹਿਲਾਂ ਤੋਂ ਚੱਲ ਰਿਹਾ ਹੈ। ਆਮ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਦੀ ਰਾਇ ਲੈਣਾ ਇਹ ਨਿਸ਼ਚਿਤ ਕਰਨ ਲਈ ਬੇਹੱਦ ਜ਼ਰੂਰੀ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ ਸਾਡੀ ਰਣਨੀਤੀ ਬਿਹਤਰੀਨ ਢੰਗ ਨਾਲ ਲੋਕਾਂ ਅਤੇ ਕੁਦਰਤੀ ਪ੍ਰਣਾਲੀਆਂ ਦੇ ਕੰਮ ਆ ਸਕੇ ਅਤੇ ਉਨ੍ਹਾਂ ਦਾ ਬਚਾਉ ਕਰ ਸਕੇ।”
ਕਲਾਈਮੇਟ ਪਰਿਪੇਅਰਡਨੈੱਸ ਐਂਡ ਅਡੈਪਟੇਸ਼ਨ ਸਟ੍ਰੈਟਜੀ ਦੇ ਮਸੌਦੇ ਦੇ ਪੜਾਅ 1 ਵਿੱਚ, ਸੂਬਾ ਸਰਕਾਰ ਮੂਲਵਾਸੀ ਕੌਮਾਂ ਅਤੇ ਸਥਾਨਕ ਸਰਕਾਰਾਂ ਨਾਲ ਸਹਿਯੋਗ ਕਰੇਗੀ ਤਾਂ ਕਿ ਸਥਿਤੀ ਅਨੁਸਾਰ ਢਲਣ ਦੀ ਭਾਈਚਾਰਕ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ, ਬੀ ਸੀ ਦੀ ਹੜ੍ਹਾਂ ਬਾਰੇ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕੀਤਾ ਜਾ ਸਕੇ, ਉਹ ਲੋਕ ਜੋ ਘਰੋਂ ਬੇਘਰ ਹੋ ਜਾਂਦੇ ਹਨ ਜਾਂ ਜਿਨ੍ਹਾਂ ਦੀਆਂ ਰਿਹਾਇਸ਼ਾਂ ਅਸੁਰੱਖਿਅਤ ਹੋ ਜਾਂਦੀਆਂ ਹਨ, ਨੂੰ ਅੱਤ ਦੀ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਉਣ ਲਈ ਸੂਬਾਈ ਕਾਰਵਾਈ ਨੂੰ ਬਿਹਤਰ ਬਣਾਇਆ ਜਾ ਸਕੇ, ਅਤੇ ਮੁੱਖ ਮਾਰਗਾਂ ਦੀਆਂ ਕਮਜ਼ੋਰ ਪੁਲੀਆਂ (ਕਲਵਰਟ) ਅਤੇ ਕੁਦਰਤੀ ਸੋਮਿਆਂ ਤੱਕ ਪਹੁੰਚ-ਮਾਰਗਾਂ (ਰਿਸੋਰਸ ਰੋਡਜ਼) ‘ਤੇ ਪੈਣ ਵਾਲੇ ਜਲਵਾਯੂ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾ ਸਕੇ।
ਰਣਨੀਤੀ ਦੇ ਮਸੌਦੇ ਵਿੱਚ ਬਾਕੀ ਬਚਦੀ ਕਾਰਵਾਈ ਅਤੇ ਮਾਰਗਦਰਸ਼ਕ ਸਿਧਾਂਤਾਂ ਬਾਰੇ ਜਨਤਕ ਵਿਚਾਰ-ਵਟਾਂਦਰਾ, ਸਰਕਾਰ ਦੀ ਪਬਲਿਕ ਐਨਗੇਜਮੈਂਟ ਵੈੱਬਸਾਈਟ ‘ਤੇ 12 ਅਗਸਤ, 2021 ਤੱਕ ਖੁੱਲ੍ਹਾ ਹੈ।
”ਹਰ ਕਿਸੇ ਲਈ ਇੱਕ ਬਿਹਤਰ, ਸਥਿਤੀ ਮੁਤਾਬਕ ਢਲਣ-ਯੋਗ ਭਵਿੱਖ ਦਾ ਨਿਰਮਾਣ ਕਰਨ ਵਾਸਤੇ, ਜਲਵਾਯੂ ਪਰਿਵਰਤਨ ਅਨੁਸਾਰ ਢਲਣ ਲਈ ਮਿਲ ਕੇ ਕੰਮ ਕਰਨਾ ਬੇਹੱਦ ਮਹੱਤਵਪੂਰਣ ਹੈ,” ਲਿਡੀਆ ਹਵਿਟਸਮ, ਪੋਲੀਟੀਕਲ ਐਗਜ਼ੈਕਟਿਵ, ਫ਼ਸਟ ਨੇਸ਼ਨਜ਼ ਸਮਿਟ ਅਤੇ ਬੀ ਸੀ ਦੀ ਕਲਾਈਮੇਟ ਸੌਲਿਊਸ਼ਨਜ਼ ਕਾਉਂਸਲ ਦੀ ਮੈਂਬਰ ਨੇ ਕਿਹਾ, ”ਸੂਬਾ ਸਰਕਾਰ ਦੀ ਰਣਨੀਤੀ ਦਾ ਮਸੌਦਾ ਇਹ ਸਵੀਕਾਰ ਕਰਦਾ ਹੈ ਕਿ ਫ਼ਸਟ ਨੇਸ਼ਨਜ਼ ਨਾਲ ਭਾਈਵਾਲੀਆਂ ਅਤੇ ਗਿਆਨ ਦੇ ਉਨ੍ਹਾਂ ਵਡਮੁੱਲੇ ਅਤੇ ਵਿਵਿਧ ਸਿਸਟਮਾਂ ਦਾ ਸਨਮਾਨ ਕਰਨਾ ਜੋ ਮੂਲਵਾਸੀ ਲੋਕਾਂ ਨੇ ਆਪਣੇ ਇਲਾਕਿਆਂ ਵਿੱਚ ਅਪਣਾ ਕੇ ਰੱਖੇ ਹਨ, ਇਸ ਕਾਰਜ ਲਈ ਬੇਹੱਦ ਅਹਿਮ ਹੈ। ਮਿਲਜੁਲ ਕੇ ਕੰਮ ਕਰਨ ਨਾਲ, ਅਸੀਂ ਇੱਕ ਅਜਿਹਾ ਰਸਤਾ ਚੁਣ ਸਕਦੇ ਹਾਂ ਜਿਸ ਰਾਹੀਂ ਫ਼ਸਟ ਨੇਸ਼ਨਜ਼ ਟਾਈਟਲ ਐਂਡ ਰਾਈਟਸ (ਫ਼ਸਟ ਨੇਸ਼ਨਜ਼ ਦੀ ਮਲਕੀਅਤ ਅਤੇ ਅਧਿਕਾਰ) ਦਾ ਸਨਮਾਨ ਹੋ ਸਕੇ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਸਕਣ ਜਿਨ੍ਹਾਂ ਵਿੱਚ ਸਭ ਸ਼ਾਮਲ ਹੋਣ।”
ਸੂਬਾ ਸਰਕਾਰ ਨੇ ਮੂਲਵਾਸੀ ਲੋਕਾਂ ਨਾਲ ਸਹਿਯੋਗ ਕਰ ਕੇ ਇਹ ਰਣਨੀਤੀ ਦੋ ਕਾਰਜ-ਸਮੂਹਾਂ ਰਾਹੀਂ, ਅਤੇ ਮੂਲਵਾਸੀ ਭਾਈਚਾਰਿਆਂ ਅਤੇ ਸੰਸਥਾਵਾਂ ਨਾਲ ਅਨੇਕ ਵਿਚਾਰ-ਵਟਾਂਦਰਿਆਂ ਰਾਹੀਂ ਵਿਕਸਤ ਕੀਤੀ ਹੈ। ਇਸ ਤੋਂ ਇਲਾਵਾ, ਨਗਰ ਪਾਲਿਕਾਵਾਂ ਅਤੇ ਖੇਤਰੀ ਜ਼ਿਲ੍ਹਿਆਂ, ਅਕਾਦਮਿਕ ਵਿਅਕਤੀਆਂ, ਕਾਰੋਬਾਰਾਂ, ਗ਼ੈਰ-ਮੁਨਾਫ਼ਾ ਸੰਸਥਾਵਾਂ, ਨੌਜੁਆਨਾਂ, ਅਤੇ ਹੋਰਨਾਂ ਤੋਂ ਵੀ ਵਿਚਾਰ ਹਾਸਲ ਹੋਏ ਹਨ।
”ਪੂਰੇ ਸੂਬੇ ਵਿੱਚ ਸਥਾਨਕ ਸਰਕਾਰਾਂ ਇਹ ਜਾਣਦੀਆਂ ਹਨ ਕਿ ਸਥਿਤੀ ਮੁਤਾਬਕ ਵਧੇਰੇ ਢਲਣ-ਯੋਗ ਭਾਈਚਾਰਿਆਂ ਦਾ ਨਿਰਮਾਣ ਕਰ ਕੇ ਇੱਕ ਤਬਦੀਲ ਹੋ ਰਹੇ ਜਲਵਾਯੂ ਲਈ ਹੁਣ ਤਿਆਰੀ ਕਰਨਾ ਕਿੰਨਾ ਮਹੱਤਵਪੂਰਣ ਹੈ,” ਟੋਨੀ ਬੂਟ, ਸਮਰਲੈਂਡ ਦੇ ਮੇਅਰ ਅਤੇ ਕਲਾਈਮੇਟ ਸੌਲਿਊਸ਼ਨਜ਼ ਕਾਉਂਸਲ ਦੇ ਮੈਂਬਰ ਨੇ ਕਿਹਾ, ”ਸੂਬਾਈ ਅਡੈਪਟੇਸ਼ਨ ਸਟ੍ਰੈਟਜੀ ਦਾ ਮਸੌਦਾ ਜਲਵਾਯੂ ਮੁਤਾਬਕ ਢਲਣ ਬਾਰੇ ਸਥਾਨਕ ਯੋਜਨਾਬੰਦੀ ਨੂੰ ਬਿਹਤਰ ਬਣਾਉਣ ਲਈ ਨਵੀਆਂ ਭਾਈਵਾਲੀਆਂ ਅਤੇ ਪਹਿਲਾਂ ਨਾਲੋਂ ਵਧੇਰੇ ਸਹਾਇਤਾ ਲਈ ਅਹਿਮ ਅਵਸਰ ਪੇਸ਼ ਕਰਦਾ ਹੈ।”
ਰਣਨੀਤੀ ਦੇ ਮਸੌਦੇ ਵਿੱਚ ਹੋਰਨਾਂ ਚੀਜ਼ਾਂ ਤੋਂ ਇਲਾਵਾ, ਜੰਗਲੀ ਅੱਗਾਂ ਦੇ ਖ਼ਤਰਿਆਂ ਨੂੰ ਘੱਟ ਕਰਨ ਲਈ ਸੱਭਿਆਚਾਰਕ ਅਤੇ ਨਿਰਧਾਰਤ ਅੱਗ ਬਾਲਣ ਦਾ ਦਾਇਰਾ ਵਧਾਉਣ ਲਈ, ਕੁਦਰਤ-ਅਧਾਰਤ ਜਲਵਾਯੂ ਸਮਾਧਾਨਾਂ ਵਿੱਚ ਮਦਦ ਦੇਣ ਲਈ, ਪਾਣੀ ਦੀ ਪੂਰਤੀ ਅਤੇ ਮੰਗ ਦੇ ਪ੍ਰਬੰਧਨ ਲਈ ਪਾਇਲਟ ਪ੍ਰੋਜੈਕਟਾਂ ਲਈ, ਅਤੇ ਇੱਕ ਉਸ਼ਨ ਐਸਿਡੀਫ਼ਿਕੇਸ਼ਨ ਯੋਜਨਾ ਸਥਾਪਤ ਕਰਨ ਲਈ ਪ੍ਰਸਤਾਵਿਤ ਕਦਮ ਸ਼ਾਮਲ ਹਨ।
”ਇੰਜਨੀਅਰਿੰਗ ਅਤੇ ਜੀਉਸਾਇੰਸ ਪੇਸ਼ੇਵਰ, ਜੋ ਸਰਗਰਮੀ ਨਾਲ ਉਨ੍ਹਾਂ ਚੁਣੌਤੀਆਂ ਦੇ ਸਮਾਧਾਨ ਲੱਭ ਰਹੇ ਹਨ ਜਿਨ੍ਹਾਂ ਦਾ ਉਤਸਰਜਨ ਵਿੱਚ ਕਮੀ ਕਰਨ ਲਈ ਸਾਡਾ ਸਮਾਜ ਸਾਹਮਣਾ ਕਰ ਰਿਹਾ ਹੈ, ਨਾਲ ਭਾਈਵਾਲੀ ਕਰ ਕੇ ਸੂਬਾ ਸਰਕਾਰ ਬਿਹਤਰ ਬੁਨਿਆਦੀ ਢਾਂਚੇ ਦੇ ਖ਼ਾਕੇ ਨੂੰ, ਕੁਦਰਤ-ਅਧਾਰਤ ਸਮਾਧਾਨਾਂ ਦੀ ਵਧ ਰਹੀ ਭੂਮਿਕਾ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਸਥਿਤੀ ਮੁਤਾਬਕ ਵਧੇਰੇ ਢਲਣ-ਯੋਗ ਭਾਈਚਾਰਿਆਂ ਦਾ ਨਿਰਮਾਣ ਕਰ ਰਹੀ ਹੈ,” ਹਾਇਡੀ ਯੈਂਗ, ਸੀ ਈ ਉ, ਇੰਜਨੀਅਰਜ਼ ਐਂਡ ਜੀਉਸਾਇੰਟਿਸਟਸ ਬੀ ਸੀ ਨੇ ਕਿਹਾ, ”ਜਲਵਾਯੂ ਸਬੰਧਤ ਅੰਕੜਿਆਂ ਨੂੰ ਫ਼ੈਸਲਾ ਲੈਣ ਦੀ ਪ੍ਰਕਿਰਿਆ ਨਾਲ ਜੋੜਨਾ ਸਾਡੀ ਜਲਵਾਯੂ ਪਰਿਵਰਤਨ ਕਾਰਜ-ਯੋਜਨਾ ਰਾਹੀਂ ਇੰਜਨੀਅਰਜ਼ ਐਂਡ ਜੀਉਸਾਇੰਟਿਸਟਸ ਬੀ ਸੀ ਦੇ ਜਲਵਾਯੂ ਅਨੁਸਾਰ ਢਲਣ ਦੇ ਟੀਚਿਆਂ ਨਾਲ ਮੇਲ ਖਾਂਦਾ ਹੈ ਅਤੇ ਇਹ ਨਿਸ਼ਚਿਤ ਕਰਨ ਵੱਲ ਇੱਕ ਬੇਹੱਦ ਜ਼ਰੂਰੀ ਕਦਮ ਹੈ ਕਿ ਬਿਲਕੁਲ ਨਵੀਂ ਸਾਇੰਸ ਦੀ ਵਰਤੋਂ ਕਰ ਕੇ ਅਸੀਂ ਅਗਾਊਂ ਯੋਜਨਾਬੰਦੀ ਕਰ ਰਹੇ ਹਾਂ।”
ਇਹ ਕਲਾਈਮੇਟ ਪਰਿਪੇਅਰਡਨੈੱਸ ਐਂਡ ਅਡੈਪਟੇਸ਼ਨ ਸਟ੍ਰੈਟਜੀ ਸੂਬਾ ਸਰਕਾਰ ਦੀ ਕਲੀਨ ਬੀ ਸੀ ਯੋਜਨਾ ਦਾ ਹਿੱਸਾ ਹੈ। ਕਲੀਨ ਬੀ ਸੀ ਇੱਕ ਵਧੇਰੇ ਖ਼ੁਸ਼ਹਾਲ, ਸੰਤੁਲਤ, ਅਤੇ ਸਥਿਰ ਭਵਿੱਖ ਦਾ ਮਾਰਗ ਹੈ। ਬੀ ਸੀ ਦੇ ਉਤਸਰਜਨ ਟੀਚਿਆਂ ਨੂੰ ਪੂਰਾ ਕਰਨ ਲਈ ਅਤੇ ਹਰ ਕਿਸੇ ਲਈ ਇੱਕ ਵਧੇਰੇ ਸਵੱਛ, ਵਧੇਰੇ ਮਜ਼ਬੂਤ ਆਰਥਕਤਾ ਦਾ ਨਿਰਮਾਣ ਕਰਨ ਲਈ ਇਸ ਨਾਲ ਸੂਬਾ ਸਰਕਾਰ ਦੀ ਜਲਵਾਯੂ ਕਾਰਵਾਈ ਲਈ ਪ੍ਰਤੀਬੱਧਤਾ ਮਜ਼ਬੂਤ ਹੁੰਦੀ ਹੈ।