ਰੁਝਾਨ ਖ਼ਬਰਾਂ
ਵੈਨਕੂਵਰ ‘ਚ 44 ਸਾਲਾ ਐਲਵਿਸ਼ ਅੰਜੇਸ਼ ਸਿੰਘ ਦਾ ਗੋਲੀ ਮਾਰ ਕੇ ਕਤਲ

ਵੈਨਕੂਵਰ ‘ਚ 44 ਸਾਲਾ ਐਲਵਿਸ਼ ਅੰਜੇਸ਼ ਸਿੰਘ ਦਾ ਗੋਲੀ ਮਾਰ ਕੇ ਕਤਲ

ਵੈਨਕੁਵਰ : ਬੀਤੇ ਦਿਨੀਂ ਵੈਨਕੂਵਰ ‘ਚ 44 ਸਾਲਾ ਪੰਜਾਬੀ ਐਲਵਿਸ਼ ਅੰਜੇਸ਼ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਕਾਰ ਵਿੱਚੋਂ ਬਰਾਮਦ ਹੋਈ। ਵੈਨਕੁਵਰ ਪੁਲਿਸ ਇਸ ਕੇਸ ਵਿੱਚ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜੋ ਵਾਰਦਾਤ ਵੇਲੇ ਇੱਕ ਐਸਯੂਵੀ ‘ਚ ਉੱਥੋਂ ਫਰਾਰ ਹੋਏ ਦੱਸੇ ਜਾ ਰਹੇ ਹਨ। ਵੈਨਕੁਵਰ ‘ਚ 2021 ‘ਚ ਕਤਲ ਦੀ ਇਹ ਅੱਠਵੀਂ ਘਟਨਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵਾਰਦਾਤ ਗੈਂਗਵਾਰ ਨਾਲ ਸਬੰਧਤ ਹੋ ਸਕਦੀ ਹੈ।
ਵੈਨਕੁਵਰ ਪੁਲਿਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ 4 ਜੂਨ ਨੂੰ ਰਾਤ 10 ਵਜੇ ਫੋਨ ਆਇਆ ਸੀ ਕਿ ਵੈਨਕੁਵਰ ਦੇ ਰਿਵਰ ਫਰੰਟ ਪਾਰਕ ਵਿਖੇ ਕੈਂਟ ਐਵੇਨਿਊ ਅਤੇ ਕੇਰ ਸਟਰੀਟ ਦੇ ਨੇੜੇ ਗੋਲੀਬਾਰੀ ਦੀ ਘਟਨਾ ਵਾਪਰਨ ਸਬੰਧੀ ਫੋਨ ਆਇਆ ਸੀ। ਜਦੋਂ ਪੁਲਿਸ ਟੀਮ ਮੌਕੇ ‘ਤੇ ਪੁੱਜੀ ਤਾਂ 44 ਸਾਲਾ ਐਲਵਿਸ਼ ਅੰਜੇਸ਼ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕ ਸੀ ਤੇ ਅੰਜੇਸ਼ ਦੀ ਲਾਸ਼ ਉਸ ਦੀ ਹੀ ਗੱਡੀ ਵਿੱਚੋਂ ਬਰਾਮਦ ਹੋਈ। ਜਾਂਚਕਰਤਾਵਾਂ ਮੁਤਾਬਕ ਸ਼ੱਕੀ ਹਮਲਾਵਰ ਇੱਕ ਸਿਲਵਰ ਰੰਗ ਦੀ ਐਸਯੂਵੀ ਗੱਡੀ ‘ਚ ਆਏ ਸਨ, ਜਿਹੜੀ ਵਾਰਦਾਤ ਮਗਰੋਂ ਕੈਂਟ ਐਵੇਨਿਊ ਦੇ ਪੂਰਬ ਵੱਲ ਗਈ। ਪੁਲਿਸ ਇਸ ਕਾਰ ਵਿੱਚ ਸਵਾਰ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਹਾਲਾਂਕਿ ਵਾਰਦਾਤ ਮਗਰੋਂ ਇੱਕ ਐਸਯੂਵੀ ਗੱਡੀ ਵੈਸਟ-59 ਐਵੇਨਿਊ ਅਤੇ ਉਨਟਾਰੀਓ ਸਟਰੀਟ ਦੇ ਨੇੜੇ ਸਥਿਤ ਸੈਕਸਸਮਿਥ ਐਲੀਮੈਂਟਰੀ ਸਕੂਲ ਨੇੜਿਓਂ ਬਰਾਮਦ ਹੋਈ, ਜਿਸ ਨੂੰ ਅੱਗ ਲੱਗੀ ਹੋਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗੱਡੀ ਦਾ ਵਾਰਦਾਤ ਨਾਲ ਸਬੰਧ ਹੋ ਸਕਦਾ ਹੈ। ਫਿਲਹਾਲ ਇਸ ਕੇਸ ਵਿੱਚ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਵੈਨਕੁਵਰ ਪੁਲਿਸ ਵਿਭਾਗ ਦੀ ਕਾਂਸਟੇਬਲ ਤਾਨੀਆ ਵਿਸਿਨਟਿਨ ਨੇ ਸੀਟੀਵੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਕਤਲ ਦਾ ਵੈਨਕੁਵਰ ਵਿੱਚ ਵਾਪਰ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨਾਲ ਸਬੰਧ ਹੈ। ਦੱਸ ਦੇਈਏ ਕਿ ਇਸ ਗੈਂਗਵਾਰ ਵਿੱਚ ਹੁਣ ਤੱਕ ਪੰਜਾਬੀ ਮੂਲ ਦੇ ਨੌਜਵਾਨਾਂ ਸਣੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੈਨਕੁਵਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਵਾਰਦਾਤ ਸਬੰਧੀ ਕੋਈ ਡੈਸ਼ ਕੈਮ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਵੈਨਕੁਵਰ ਪੁਲਿਸ ਵਿਭਾਗ ਦੇ ਹੋਮੀਸਾਈਡ ਯੂਨਿਟ ਨਾਲ ਫੋਨ ਨੰਬਰ – 604-717-2500 ‘ਤੇ ਕਾਲ ਕਰ ਸਕਦਾ ਹੈ।