ਰੁਝਾਨ ਖ਼ਬਰਾਂ
ਯੂਕਾਨ ਵਿਚ ਪਹਿਲੇ ਗੁਰੂਘਰ ਦੀ ਸਥਾਪਨਾ ਵਿੱਚ ਅੜਿੱਕਾ ਹਟਾਉਣ ਲਈ, ਸੈਫ਼ ਇੰਟਨੈਸ਼ਨਲ ਸੰਸਥਾ ਵੱਲੋਂ ਅਪੀਲ

ਯੂਕਾਨ ਵਿਚ ਪਹਿਲੇ ਗੁਰੂਘਰ ਦੀ ਸਥਾਪਨਾ ਵਿੱਚ ਅੜਿੱਕਾ ਹਟਾਉਣ ਲਈ, ਸੈਫ਼ ਇੰਟਨੈਸ਼ਨਲ ਸੰਸਥਾ ਵੱਲੋਂ ਅਪੀਲ

ਸਰੀ : ਸਮੂਹ ਸਾਧ ਸੰਗਤ ਜੀ ਨੂੰ ਤੱਤਕਾਲ ਬੇਨਤੀ ਕਰਨ ਦੀ ਲੋੜ ਪਈ ਹੈ ਕਿ ਯੂਕਾਨ ਟੈਰੇਟੋਰੀ ਵਿਚ ਚੱਲ ਰਹੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਉਪਰਾਲੇ ਵਿਚ ਇਕ ਅਣ-ਕਿਆਸਿਆ ਅੜਿੱਕਾ ਆਣ ਬਣਿਆ ਹੈ। ਯੂਕਾਨ ਟੈਰੇਟੋਰੀ ਦੇ ਵ੍ਹਾਈਟਹੌਰਸ ਸ਼ਹਿਰ ਵਿਚ ਕਰੀਬ ੪ ਕੁ ਸੌ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਰਹਿ ਰਹੀਆਂ ਹਨ ਅਤੇ ਉਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਤਿਆਰੀ ਚੱਲ ਰਹੀ ਹੈ। ਖ਼ੁਸ਼ੀ ਵਾਲ਼ੀ ਗੱਲ ਇਹ ਹੈ ਕਿ ਯੂਕਾਨ ਦੀ ਸੰਗਤ ਨੇ ਹੀ ਜਗ੍ਹਾ ਖ਼ਰੀਦਣ ਲਈ ਡਾਊਨ ਪੇਮੈਂਟ ਅਤੇ ਮੋਰਟਗੇਜ ਲਈ ਗਾਰੰਟੀ ਆਦਿ ਦਾ ਉਪਰਾਲਾ ਵਧੇਰੇ ਕਰਕੇ ਆਪੇ ਹੀ ਕਰ ਲਿਆ ਸੀ। ਪਰ ਹੁਣ ਪ੍ਰਪਰਟੀ ਕਲੋਜ਼ਿੰਗ ਦੇ ਬਿਲਕੁਲ ਨਜ਼ਦੀਕ ਆਣਕੇ, ਸਿਟੀ ਵੱਲੋਂ ਵਾਟਰ ਸਮਪਲਾਈ ਸੰਬੰਧੀ ਲਾਗਤ ਆਉਣ ਦਾ ਖਰਚਾ ਕਰੀਬ ਡੇਢ ਕੁ ਲੱਖ ਡਾਲਰ ਦੱਸਿਆ ਗਿਆ ਹੈ। ਯੂਕਾਨ ਵਿਚ ਸਿੱਖ ਸੰਗਤ ਦੀ ਗਿਣਤੀ ਬਹੁਤ ਸੀਮਿਤ ਹੋਣ ਕਰਕੇ, ਅਚਾਨਕ ਪੈ ਰਿਹਾ ਇਹ ਖਰਚਾ, ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਮੁਢਲੇ ਕੰਮਾਂ ਵਿਚ ਹੀ ਵੱਡਾ ਵਿਘਨ ਪਾ ਸਕਦਾ ਹੈ ਅਤੇ ਉਥੋਂ ਦੀ ਨੌਜਵਾਨ ਸੰਗਤ ਦੇ ਮਨੋਬਲ ਤੇ ਸੱਟ ਮਾਰ ਸਕਦਾ ਹੈ। ਸੈਫ਼ ਇੰਟਰਨੈਸ਼ਨਲ ਸੰਸਥਾ ਦਾ ਰਾਬਤਾ ਯੂਕਾਨ ਦੀ ਸੰਗਤ ਦੇ ਜ਼ਿੰਮੇਵਾਰ ਨੌਜੁਆਨਾਂ ਨਾਲ਼ ਚੱਲਦਾ ਆ ਰਿਹਾ ਹੋਣ ਕਰਕੇ, ਉਹਨਾ ਨੇ ਇਹ ਮਸਲਾ ਸੈਫ਼ ਇੰਟਰਨੈਸ਼ਨਲ ਦੇ ਧਿਆਨ ਵਿਚ ਵੀ ਲਿਆਂਦਾ ਹੈ। ਸੈਫ਼ ਸੰਸਥਾ ਇਸ ਨੂੰ ਆਪਣੀ ਪੰਥਕ ਜ਼ਿੰਮੇਵਾਰੀ ਸਮਝਦੇ ਹੋਏ, ਯੂਕਾਨ ਦੀ ਸੰਗਤ ਨੂੰ ਇਸ ਅੜਚਣ ਵਿੱਚੋਂ ਕੱਢਣ ਲਈ, ਸਹਿਯੋਗ ਦੇਣ ਲਈ ਲੋੜੀਂਦੇ ਯਤਨ ਕਰ ਰਹੀ ਹੈ। ਨੌਰਥ ਵਿੱਚ ਪਹਿਲਾ ਗੁਰੂਘਰ ਸਥਾਪਿਤ ਕੀਤੇ ਜਾਣ ਲਈ, ਯੂਕਾਨ ਦੀ ਸੰਗਤ ਦਾ ਇਹ ਉਪਰਾਲਾ ਅਤੇ ਉਪਰਾਲੇ ਨਾਲ਼ ਸੰਬੰਧਤ ਅੜਚਨ, ਅਸੀਂ ਸਮੂਹ ਸਾਧ ਸੰਗਤ ਜੀ ਦੇ ਧਿਆਨ ਵਿੱਚ ਇਸ ਲਈ ਲਿਆ ਰਹੇ ਹਾਂ ਤਾਂ ਜੋ ਸਮੂਹ ਸੰਗਤ ਦੇ ਸਹਿਯੋਗ ਨਾਲ਼ ਇਹ ਡੇਢ ਲੱਖ ਡਾਲਰ ਦਾ ਖਰਚਾ, ਡੇਢ-ਡੇਢ ਹਜ਼ਾਰ ਜਾਂ ਡੇਢ-ਡੇਢ ਸੌ ਵਰਗੀਆਂ ਛੋਟੀਆਂ ਰਕਮਾਂ ਵਿਚ ਵੰਡਕੇ, ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਰਾਹ ਵਿਚ ਪਈ ਇਸ ਅੜਚਨ ਦੇ ਭਾਰ ਨੂੰ, ਯੂਕਾਨ ਦੀ ਸੰਗਤ ਨਾਲ਼ ਵੰਡਾਇਆ ਜਾ ਸਕੇ।
ਇਥੇ ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਯੂਕਾਨ ਵਿਚ ਇਸ ਪਹਿਲੇ ਗੁਰੂਘਰ ਦੀ ਸਥਾਪਨਾ ਦਾ ਉਪਰਲਾ ੧੯੯੦-ਵਿਆਂ ਦੇ ਸ਼ੁਰੂ ਵਿੱਚ ਕਰਨ ਦੀ ਕੋਸ਼ਿਸ਼ ਵੀ ਹੋਈ ਸੀ ਪਰ ਉਦੋਂ ਉੱਥੇ ਵੱਸਦੀ ਸਿੱਖ ਸੰਗਤ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ, ਕੰਮ ਵਿੱਚੇ ਹੀ ਰੁਕ ਗਿਆ ਸੀ। ਉਸੇ ਉਪਰਾਲੇ ਨੂੰ ਸੰਪੂਰਨ ਕਰਨ ਲਈ, ਯੁਕਾਨ ਵਿੱਚ ਨਵੇਂ ਵਸੇ ਨੌਜਵਾਨਾਂ ਜੋਕਿ ਵਧੇਰੇ ਕਰਕੇ ਵਿਦਿਆਰਥੀ ਜਾਂ ਨਵੇਂ ਬਣੇ ਪ੍ਰੋਫ਼ੈਸ਼ਨਲਜ਼ ਆਦਿਕ ਹਨ, ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸੇਵਾ ਕਰ ਰਹੇ ਹਨ। ਨੌਜਵਾਨਾਂ ਵਿੱਚ ਸਿੱਖੀ ਜੀਵਨ ਦੇ ਮੁੱਢ, ਗੁਰਦੁਆਰਾ ਸਾਹਿਬ ਦੀ ਲੋੜ ਨੂੰ ਮਹਿਸੂਸ ਕਰਨਾ ਅਤੇ ਫਿਰ ਉਸਦੀ ਉਸਾਰੀ ਲਈ ਆਪਣੇ ਸੀਮਿਤ ਸਾਧਨਾਂ ਵਿੱਚੋਂ ਦਸਵੰਧ ਕੱਢ ਕੇ, ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਮਾਇਕ ਤੌਰ ਉੱਤੇ ਸਾਰੇ ਕਾਰਜ ਨੂੰ ਰਾਹੇ ਪੈਣ ਦੇ ਇਨੇ ਨੇੜੇ ਲੈ ਆਉਣਾ, ਇਹ ਆਪਣੇ-ਆਪ ਵਿੱਚ ਹੀ ਇੱਕ ਮਿਸਾਲ ਹੈ। ਇਹ ਸਾਡੀਆਂ ਅਗਲੀਆਂ ਪੀੜ੍ਹੀਆਂ ਵਿੱਚ ਗੁਰਸਿੱਖੀ ਜੀਵਨ ਨਾਲ਼ ਪਿਆਰ ਦਾ ਪ੍ਰਗਾਟਾਵਾ ਵੀ ਹੈ।
ਅਸੀਂ ਸਮੁਹ ਸਾਧ ਸੰਗਤ ਜੀ ਨੂੰ ਬੇਨਤੀ ਕਰਦੇ ਹਾਂ ਕਿ ਯੂਕਾਨ ਦੀ ਨੌਜਵਾਨ ਸੰਗਤ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਉਹਨਾ ਦਾ ਸਾਥ ਦਈਏ ਅਤੇ ਆਪੋ-ਆਪਣੇ ਦਸਵੰਧ ਵਿੱਚੋਂ ਭੇਟਾਵਾਂ ਉਹਨਾਂ ਤੱਕ ਪਹੁੰਚਾਈਏ। ਇਸ ਕਾਰਜ ਲਈ ਸੰਗਤਾਂ ਯੂਕਾਨ ਵਿੱਚ ਗੁਰਦੁਆਰਾ ਪ੍ਰਬੰਧਕਾਂ ਨਾਲ਼ ਸਿੱਧਾ ਸੰਪਰਕ ਵੀ ਕਰ ਸਕਦੀਆਂ ਹਨ, ਜਾਂ ਫਿਰ ਸੈਫ਼ ਇੰਟਰਨੈਸ਼ਨਲ ਸੰਸਥਾ ਦੇ ਸਰ੍ਹੀ ਵਿਚਲੇ ਦਫ਼ਤਰ ਵਿਚ ਵੀ ਸੁਨੇਹੇ ਵਜੋਂ ਆਪਣੇ ਦਸਵੰਧ ਪਹੁੰਚਾ ਸਕਦੀਆਂ ਹਨ। ਸਰ੍ਹੀ ਦੀਆਂ ਸੰਗਤਾਂ ਵੱਲੋਂ ਯੂਕਾਨ ਗੁਰਦੁਆਰਾ ਸਾਹਿਬ ਲਈ ਆਉਣ ਵਾਲ਼ੀਆਂ ਨਵੀਂਆਂ ਭੇਟਾਵਾਂ ਦੇ ਨਾਲ਼-ਨਾਲ਼, ਸੈਫ਼ ਇੰਟਰਨੈਸ਼ਨਲ ਸੰਸਥਾ ਹੋਰ ਦੂਰੋਂ-ਨੇੜਿਓਂ ਸਹਾਇਤਾ ਇੱਕਠੀ ਕਰਕੇ, ਯੂਕਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੱਕ ਪਹੁੰਚਾੳਣ ਲਈ ਹੋਰ ਵੀ ਯਤਨ ਕਰ ਰਹੀ ਹੈ।