ਰੁਝਾਨ ਖ਼ਬਰਾਂ
ਕੈਨੇਡਾ-ਅਮਰੀਕਾ ਸਰਹੱਦ ‘ਤੇ ਲੱਗੀਆਂ ਪਾਬੰਦੀਆਂ ਸਬੰਧੀ ਜਲਦ ਲਿਆ ਜਾਵੇਗਾ ਫੈਸਲਾ

ਕੈਨੇਡਾ-ਅਮਰੀਕਾ ਸਰਹੱਦ ‘ਤੇ ਲੱਗੀਆਂ ਪਾਬੰਦੀਆਂ ਸਬੰਧੀ ਜਲਦ ਲਿਆ ਜਾਵੇਗਾ ਫੈਸਲਾ

ਔਟਵਾ : ਕੈਨੇਡਾ-ਅਮਰੀਕਾ ਦੇ ਬਾਰਡਰ ‘ਤੇ ਲਾਗੂ ਬੰਦਿਸ਼ਾਂ ਘਟਾਉਣ ਬਾਰੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਹੋ ਸਕਦਾ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ 15 ਮਹੀਨੇ ਤੋਂ ਬੰਦ ਸਰਹੱਦ ਨੂੰ ਪੜਾਅਵਾਰ ਤਰੀਕੇ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਵਾਲੇ ਪਾਸੇ 42 ਫ਼ੀ ਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਪਰ ਰਿਆਇਤਾਂ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਅਮਰੀਕੀ ਸੈਲਾਨੀ ਬੇਰੋਕ ਤਰੀਕੇ ਨਾਲ ਕੈਨੇਡਾ ਵਿਚ ਸੈਰਸਪਾਟਾ ਕਰਦੇ ਨਜ਼ਰ ਆਉਣ।
ਕੌਮਾਂਤਰੀ ਸਰਹੱਦ ਰਾਹੀਂ ਗ਼ੈਰਜ਼ਰੂਰੀ ਆਵਾਜਾਈ ‘ਤੇ ਰੋਕ ਦੀ ਹੱਦ 21 ਜੂਨ ਨੂੰ ਖ਼ਤਮ ਹੋ ਰਹੀ ਹੈ ਅਤੇ ਕਈ ਮੀਡੀਆ ਰਿਪੋਰਟਾਂ ਵਿਚ 22 ਜੂਨ ਤੋਂ ਬੰਦਿਸ਼ਾਂ ਵਿਚ ਵੱਡੀ ਢਿੱਲ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਵੀ ਕੋਈ ਵੱਡਾ ਫ਼ੈਸਲਾ ਹੋਵੇਗਾ, ਤੁਹਾਨੂੰ ਇਸ ਬਾਰੇ ਲਾਜ਼ਮੀ ਤੌਰ ‘ਤੇ ਜਾਣਕਾਰੀ ਦਿਤੀ ਜਾਵੇਗੀ। ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿਚ ਸਿਰਫ਼ 8 ਫ਼ੀ ਸਦੀ ਲੋਕਾਂ ਨੂੰ ਹੀ ਦੋਵੇਂ ਟੀਕੇ ਲੱਗ ਸਕੇ ਹਨ ਪਰ ਇਕਹਿਰੇ ਟੀਕੇ ਦੇ ਮਾਮਲੇ ਵਿਚ ਕੈਨੇਡਾ, ਅਮਰੀਕਾ ਤੋਂ ਅੱਗੇ ਨਜ਼ਰ ਆ ਰਿਹਾ ਹੈ। ਇਸ ਵੇਲੇ ਭਾਵੇਂ ਦੋਹਾਂ ਮੁਲਕਾਂ ਦੀ ਸਰਹੱਦ ਬੰਦ ਹੈ ਪਰ ਜ਼ਰੂਰੀ ਵਸਤਾਂ ਦੇ ਢੋਆ-ਢੁਆਈ ਤੋਂ ਇਲਾਵਾ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੇ ਨਜ਼ਦੀਕੀ ਪਰਵਾਰਕ ਮੈਂਬਰਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿਤੀ ਗਈ ਹੈ। ਸ਼ੁੱਕਰਵਾਰ ਨੂੰ ਹੋਣ ਵਾਲਾ ਐਲਾਨ ਸੰਭਾਵਤ ਤੌਰ ‘ਤੇ 10 ਦਿਨ ਬਾਅਦ ਹੀ ਲਾਗੂ ਹੋਵੇਗਾ ਜਦੋਂ ਕੌਮਾਂਤਰੀ ਸਰਹੱਦ ਬਾਰੇ ਨਵੇਂ ਸਿਰੇ ਤੋਂ ਮਿਆਦ ਤੈਅ ਕੀਤੀ ਜਾਵੇਗੀ।