ਰੁਝਾਨ ਖ਼ਬਰਾਂ
ਮੁਸਲਿਮ ਪਰਿਵਾਰ ਦੀ ਹੱਤਿਆ ‘ਅੱਤਵਾਦੀ’ ਹਮਲਾ ਹੈ, ਨਾ ਕਿ ਕੋਈ ਹਾਦਸਾ : ਟਰੂਡੋ

ਮੁਸਲਿਮ ਪਰਿਵਾਰ ਦੀ ਹੱਤਿਆ ‘ਅੱਤਵਾਦੀ’ ਹਮਲਾ ਹੈ, ਨਾ ਕਿ ਕੋਈ ਹਾਦਸਾ : ਟਰੂਡੋ

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਲੰਡਨ, ਓਨਟਾਰੀਓ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਕੀਤਾ ਗਿਆ ਕਤਲ ਅਸਲ ਵਿੱਚ ਅੱਤਵਾਦੀ ਹਮਲਾ ਹੈ। ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਕਾਰਵਾਈ ਦੀ ਸ਼ੁਰੂਆਤ ਵੱਖ ਵੱਖ ਪਾਰਟੀਆਂ ਦੇ ਐਮਪੀਜ਼ ਵੱਲੋਂ ਇਸ ਹਮਲੇ ਦੇ ਸਬੰਧ ਵਿੱਚ ਵੱਖ ਵੱਖ ਵਿਸ਼ੇਸ਼ ਬਿਆਨਾਂ ਨਾਲ ਕੀਤੀ ਗਈ।
ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਘਰ ਵਿੱਚ ਕਈ ਦਿਨਾ ਤੱਕ ਬੰਦ ਰਹਿਣ ਤੋਂ ਬਾਅਦ ਲੋਕ ਤਾਜ਼ੀ ਹਵਾ ਖਾਣ ਲਈ ਸ਼ਾਮ ਨੂੰ ਸੈਰ ਉੱਤੇ ਨਿਕਲਣ ਲੱਗੇ ਹਨ। ਐਤਵਾਰ ਨੂੰ ਲੰਡਨ, ਓਨਟਾਰੀਓ ਵਿੱਚ ਇੱਕ ਦਾਦੀ, ਦੋਵੇਂ ਮਾਪੇ ਤੇ ਦੋ ਬੱਚੇ ਘੁੰਮਣ ਲਈ ਬਾਹਰ ਨਿਕਲੇ ਸਨ। ਪਰ ਆਮ ਦਿਨਾਂ ਵਾਂਗੂ ਇਹ ਪਰਿਵਾਰ ਆਪਣੇ ਘਰ ਤੱਕ ਵਾਪਿਸ ਨਹੀਂ ਪਹੁੰਚ ਸਕਿਆ। ਉਨ੍ਹਾਂ ਦੀਆਂ ਜ਼ਿੰਦਗੀਆਂ ਬੁਜ਼ਦਿਲਾਨਾ ਘਟਨਾ ਵਿੱਚ ਕਾਇਰਤਾਪੂਰਨ ਢੰਗ ਨਾਲ ਲੈ ਲਈਆਂ ਗਈਆਂ। ਇਹ ਕਤਲ ਕੋਈ ਹਾਦਸਾ ਨਹੀਂ ਹਨ। ਇਹ ਅੱਤਵਾਦੀ ਹਮਲਾ ਹੈ, ਜੋ ਕਿ ਨਫਰਤ ਤੋਂ ਪ੍ਰੇਰਿਤ ਹੈ। ਕੰਜ਼ਰਵੇਟਿਵ ਆਗੂ ਐਰਿਨ ਓਟੂਲ, ਐਨਡੀਪੀ ਆਗੂ ਜਗਮੀਤ ਸਿੰਘ, ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਤੇ ਗ੍ਰੀਨ ਪਾਰਟੀ ਦੀ ਪਾਰਲੀਮਾਨੀ ਆਗੂ ਐਲਿਜ਼ਾਬੈੱਥ ਮੇਅ ਵੱਲੋਂ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਹੋਇਆਂ ਤਬਦੀਲੀ ਲਿਆਉਣ ਦੀ ਮੰਗ ਕੀਤੀ ਗਈ। ਟਰੂਡੋ ਨੇ ਆਖਿਆ ਕਿ ਉਹ ਇਹ ਨਹੀਂ ਸਮਝ ਪਾ ਰਹੇ ਕਿ ਕੈਨੇਡੀਅਨਜ਼ ਅਜੇ ਵੀ ਕਿਵੇਂ ਇਹ ਆਖਦੇ ਹਨ ਕਿ ਕੈਨੇਡਾ ਵਿੱਚ ਨਸਲਵਾਦ ਤੇ ਨਫਰਤ ਲਈ ਕੋਈ ਥਾਂ ਨਹੀਂ ਹੈ ਜਦੋਂ ਹਸਪਤਾਲ ਦੇ ਇੱਕ ਬੈਂਡ ਉੱਤੇ ਇੱਕ ਬੱਚਾ ਪਿਆ ਹੈ ਜਿਸ ਦੇ ਪਰਿਵਾਰਕ ਮੈਂਬਰ ਮਾਰੇ ਜਾ ਚੁੱਕੇ ਹਨ।