ਰੁਝਾਨ ਖ਼ਬਰਾਂ
ਕੈਨੇਡਾ ਦੇ ਪਸੰਦੀਦਾ ਪ੍ਰੀਮੀਅਰਜ਼ ਦੀ ਲਿਸਟ ‘ਚ ਜੌਹਨ ਹੌਰਗਨ ਦੂਜੇ ਸਥਾਨ ‘ਤੇ ਖਿਸਕੇ

ਕੈਨੇਡਾ ਦੇ ਪਸੰਦੀਦਾ ਪ੍ਰੀਮੀਅਰਜ਼ ਦੀ ਲਿਸਟ ‘ਚ ਜੌਹਨ ਹੌਰਗਨ ਦੂਜੇ ਸਥਾਨ ‘ਤੇ ਖਿਸਕੇ

ਸਰੀ : ਐਂਗਸ ਰੀਡ ਇੰਸਟੀਚਿਊਟ ਵੱਲੋਂ ਜੂਨ ਮਹੀਨੇ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਕੈਨੇਡਾ ‘ਚ ਸਭ ਤੋਂ ਵੱਧ ਕਿਊਬਿਕ ਦੇ ਪ੍ਰੀਮੀਅਰ ਫ੍ਰਾਂਸੋਇਸ ਲੇਗਲੋਲਟ ਦੇ ਕੰਮ ਨੂੰ ਪਸੰਦ ਕੀਤਾ ਗਿਆ ਹੈ। ਸਰਵੇਖਣ ਅਨੁਸਾਰ ਕਿਊਬਿਕ ਦੇ 66% ਲੋਕ ਉਨ੍ਹਾਂ ਵਲੋਂ ਲਏ ਗਏ ਫੈਸਲਿਆਂ ਤੋਂ ਖੁਸ਼ ਹਨ। ਇਸ ਦੇ ਨਾਲ ਹੀ ਮਹਾਂਮਾਰੀ ਦੇ ਦੌਰ ‘ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕੈਨੇਡਾ ਦੇ ਪ੍ਰੀਮੀਅਰ ਜੌਹਨ ਹੌਰਗਨ ਹੁਣ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਉਨ੍ਹਾਂ ਨੂੰ ਇਸ ਸਰਵੇਖਣ ‘ਚ 63% ਲੋਕਾਂ ਨੇ ਪਸੰਦ ਕੀਤਾ। ਜਦੋਂ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੂੰ ਕੈਨੇਡਾ ਵਿਚ ਸੂਬਾਈ ਨੇਤਾਵਾਂ ਵਿਚੋਂ ਸਭ ਤੋਂ ਘੱਟ ਸਮਰਥਨ ਮਿਲਿਆ ਹੈ। ਜਦੋਂ ਜੂਨ 2019 ਵਿਚ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ ਤਾਂ ਪੋਲਿੰਗ ਵਿਚ ਉਨ੍ਹਾਂ ਦੀ ਪ੍ਰਵਾਨਗੀ 61 ਫੀਸਦੀ ਸੀ। ਤਾਜ਼ਾ ਸਰਵੇਖਣ ਉਸ ਵੇਲੇ ਕਰਵਾਇਆ ਗਿਆ ਜਦੋਂ ਕੈਨੀ ਮਹਾਮਾਰੀ ਦੀਆਂ ਪਾਬੰਦੀਆਂ ਨਾਲ ਨਜਿੱਠਣ ਨੂੰ ਲੈ ਕੇ ਸਿਆਸੀ ਦਬਾਅ ਅਤੇ ਕਈ ਮਹੀਨਿਆਂ ਦੀਆਂ ਆਲੋਚਨਾਵਾਂ ਅਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ।
ਸਰਵੇਖਣ ਦੇ ਅਨੁਸਾਰ ਸਿਰਫ 39 ਫੀਸਦੀ ਅਲਬਰਟਨਾਂ ਨੇ ਉਨ੍ਹਾਂ ਦੇ ਟਰੈਕ ਰਿਕਾਰਡ ‘ਤੇ ਆਪਣੀ ਸੰਤੁਸ਼ਟੀ ਪ੍ਰਗਟਾਈ ਹੈ। ਅਲਬਰਟਾ ਦੇ ਕਲੀਨ ਸੈਕਟਰ ਨੂੰ ਸਮਰਥਨ ਦੇਣ ਲਈ ਕਰਵਾਈ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੈਨੀ ਨੂੰ ਇਸ ਸਰਵੇਖਣ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵਾਲ ਨੂੰ ਟਾਲਦੇ ਹੋਏ ਕਿਹਾ ਕਿ ਅਸੀਂ ਇਥੇ ਸਿਆਸੀ ਗੱਲਬਾਤ ਕਰਨ ਨਹੀਂ ਆਏ ਹਾਂ। ਕੈਨੀ ਨੇ ਕਿਹਾ ਕਿ ਉਨ੍ਹਾਂ ਨੇ ਕਰੋਨਾ ਮਹਾਮਾਰੀ ਦੇ ਦੌਰ ਵਿਚ ਸੁਚੱਜੇ ਢੰਗ ਨਾਲ ਪ੍ਰਸ਼ਾਸਨ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਬੱਸ ਇੰਨਾ ਹੀ ਦੱਸ ਸਕਦਾ ਹਾਂ ਕਿ ਅਸੀਂ ਗਰਮੀਆਂ ਲਈ ਖੁੱਲ੍ਹਣ ਲਈ ਤਿਆਰ ਹਾਂ। ਅਲਬਰਟਾ ਨੇ ਵੈਕਸੀਨੇਸ਼ਨ ਅਤੇ ਟੈਸਟਾਂ ਵਿਚ ਤੇਜ਼ੀ ਲਿਆ ਕੇ ਕਰੋਨਾ ਮਹਾਮਾਰੀ ਨੂੰ ਮਾਤ ਦੇਣ ਵਿਚ ਵਧੀਆ ਭੂਮਿਕਾ ਨਿਭਾਈ ਹੈ। ਮੈਨੂੰ ਉਮੀਦ ਹੈ ਕਿ ਲੋਕ ਮੁੜ ਤੋਂ ਖੁੱਲ੍ਹੀ ਹਵਾ ਵਿਚ ਜਲਦ ਹੀ ਆਪਣੇ ਜੀਵਨ ਦਾ ਆਨੰਦ ਮਾਣਨਗੇ। ਕੈਨੀ ਨੇ ਪਿਛਲੇ ਹਫਤੇ ਐਡਮਿੰਟਨ ਵਿਚ ਸਕਾਈ ਪੈਲੇਸ ਦੀ ਬਾਲਕੋਨੀ ‘ਚ ਖਾਣੇ ਵਿਚ ਸ਼ੋਸ਼ਲ ਡਿਸਟੈਂਸਿੰਗ ਦੀਆਂ ਪਾਬੰਦੀਆਂ ਤੋੜਨ ਲਈ ਮੁਆਫੀ ਵੀ ਮੰਗੀ।