ਰੁਝਾਨ ਖ਼ਬਰਾਂ
ਸਰੀ-ਨਿਊਟਨ ਦੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਏਡ ਨੂੰ ਕੋਰੋਨਾ ਰਾਹਤ ਫੰਡ ਲਈ ਦਿੱਤਾ ਦਾਨ

ਸਰੀ-ਨਿਊਟਨ ਦੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਏਡ ਨੂੰ ਕੋਰੋਨਾ ਰਾਹਤ ਫੰਡ ਲਈ ਦਿੱਤਾ ਦਾਨ

ਸਰੀ, (ਇਸ਼ਪ੍ਰੀਤ ਕੌਰ): ਸਰੀ-ਨਿਊਟਨ ਦੇ ਖਾਲਸਾ ਸਕੂਲ ਦੇ ਵਿਦਿਆਰਥੀ ਭਾਰਤ ਲਈ ਕੋਰੋਨਾ ਰਾਹਤ ਫੰਡ ਭੇਜਣਗੇ, ਜਿਸ ਦੇ ਲਈ ਉਹ ਆਨਲਾਈਨ ਕਲਾ ਨਿਲਾਮੀ ਲਾ ਕੇ ਰਾਸ਼ੀ ਇਕੱਠੀ ਕਰ ਰਹੇ ਹਨ।
ਖਾਲਸਾ ਸਕੂਲ ਦੇ ਮੁੱਖ ਅਧਿਆਪਕ ਡੇਲ ਕੋਪ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਝੱਲ ਰਹੇ ਭਾਰਤ ਦੀ ਵਿੱਤੀ ਮਦਦ ਵਾਸਤੇ ਰਾਹਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਲਈ ਚਲਾਈ ਗਈ ਮੁਹਿੰਮ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀ ਵੱਡਾ ਯੋਗਦਾਨ ਪਾ ਰਹੇ ਹਨ। ਵਿਦਿਆਰਥੀਆਂ ਨੇ ਪਹਿਲਾਂ ਪੈਸੇ ਇਕੱਠੇ ਕਰਕੇ ਕਲਾ ਤੇ ਸ਼ਿਲਪਕਾਰੀ ਨਾਲ ਸਬੰਧਤ ਸਾਮਾਨ ਖਰੀਦਿਆ ਤੇ ਹੁਣ ਉਸ ਦੀ ਆਨਲਾਈਨ ਨਿਲਾਮੀ ਕੀਤੀ ਜਾ ਰਹੀ ਹੈ। ਇਹ ਆਨਲਾਈਨ ਕਲਾ ਨਿਲਾਮੀ 20 ਜੂਨ ਤੱਕ ਚੱਲੇਗੀ। ਵਿਦਿਆਰਥੀਆਂ ਵੱਲੋਂ ਇਸ ‘ਚ ਚੀਪਸ ਦੇ ਬੈਗ, ਪੌਪ ਦੇ ਕੈਨਸ, ਕਲਾ ਤੇ ਸ਼ਿਲਪਕਾਰੀ ਨਾਲ ਸਬੰਧਤ ਹੋਰ ਚੀਜ਼ਾਂ ਤੇ ਕੁਝ ਵਿਦਿਆਰਥੀ ਤਾਂ ਆਪਣੀ ਸਾਰੀ ਪੋਕਮਨ ਕਾਰਡ ਕੋਲੈਕਸ਼ਨ ਵੀ ਵੇਚ ਰਹੇ ਹਨ ਤਾਂ ਜੋ ਕੋਰੋਨਾ ਰਾਹਤ ਫੰਡ ਲਈ ਪੈਸੇ ਇਕੱਠੇ ਕੀਤੇ ਜਾ ਸਕਣ। ਸਤਨਾਮ ਨਰਵਾਲ ਨੇ ਕਿਹਾ ਕਿ 1 ਹਜ਼ਾਰ ਡਾਲਰ ਫੰਡ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ‘ਚ 9 ਜੂਨ ਤੱਕ 3600 ਡਾਲਰ ਇਕੱਠੇ ਹੋ ਚੁੱਕੇ ਹਨ। ਦਿਵਰੂਪ ਕੌਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਿਊਟਨ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਹਨ, ਜਿਨ੍ਹਾਂ ਕੋਲੋਂ ਫੰਡ ‘ਚ ਯੋਗਦਾਨ ਲਈ ਅਪੀਲ ਕੀਤੀ ਜਾ ਰਹੀ ਹੈ। ਖਾਲਸਾ ਸਕੂਲ ਦੇ ਮੁੱਖ ਅਧਿਆਪਕ ਡੇਲ ਕੋਪ ਨੇ ਦੱਸਿਆ ਕਿ ਇਕੱਠਾ ਕੀਤਾ ਗਿਆ ਫੰਡ ਕੌਮਾਂਤਰੀ ਗ਼ੈਰ-ਸਰਕਾਰੀ ਸੰਸਥਾ ‘ਖਾਲਸਾ ਏਡ’ ਨੂੰ ਸੌਂਪਿਆ ਜਾਵੇਗਾ, ਜੋ ਭਾਰਤ ਤੱਕ ਇਹ ਮਦਦ ਪਹੁੰਚਾਏਗੀ। ਦੱਸ ਦੇਈਏ ਕਿ ਖਾਲਸਾ ਏਡ ਦੁਨੀਆ ਭਰ ਵਿੱਚ ਲੋੜਵੰਦਾਂ ਤੇ ਆਫ਼ਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ ਤੇ ਉਸ ਵੱਲੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।