ਰੁਝਾਨ ਖ਼ਬਰਾਂ
ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜੀਏ

ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜੀਏ

ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਿੱਖ ਇਤਿਹਾਸ ਵਰਗਾ ਮਹਾਨ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਹਨ। ਜਿਨ੍ਹਾਂ ਤੋਂ ਸੇਧ ਲੈ ਕੇ ਅਸੀਂ ਇਕ ਬਹੁਤ ਹੀ ਸ਼ਾਂਤੀ ਭਰਪੂਰ ਜੀਵਨ ਬਿਤਾ ਸਕਦੇ ਹਾਂ। ਪਰ ਸਮੇਂ ਦੀ ਖੇਡ ਵੇਖੋ, ਜਿਨ੍ਹਾਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸੀ, ਜਿਸ ਬਚਪਨ ਨੂੰ ਗੁਰਬਾਣੀ ਨਾਲ ਜੋੜਨਾ ਸੀ, ਉਸ ਨੂੰ ਅੱਜ ਮਾਪੇ ਭਾਂਤ-ਭਾਂਤ ਦੇ ਬੇਲੋੜੇ ਅਰਥਾਂ ਵਾਲੇ ਗੀਤਾਂ ਨਾਲ ਜੋੜ ਰਹੇ ਹਨ। ਟਿਕਟਾਕ, ਇੰਸਟਾਗ੍ਰਾਮ ਉੱਪਰ ਛੋਟੇ ਬੱਚਿਆਂ ਨੂੰ ਜਦੋਂ ਨੱਚਦੇ ਤੇ ਹਰ ਗਾਣੇ ਦੇ ਬੋਲ ਮੂੰਹ ਜ਼ਬਾਨੀ ਯਾਦ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਕਿੰਨਾ ਚੰਗਾ ਹੁੰਦਾ ਜੇ ਜਪੁਜੀ ਸਾਹਿਬ ਦੀ ਗੁਰਬਾਣੀ ਵੀ ਐਦਾਂ ਹੀ ਯਾਦ ਹੁੰਦੀ। ਬਹੁਤ ਘੱਟ ਪਰਿਵਾਰ ਨੇ ਜਿਨ੍ਹਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਆਪਣੀ ਜੜ੍ਹ ਨਾਲੋਂ ਜੁਦਾ ਹੋਏ ਫਲ, ਫੁੱਲ, ਪੱਤੇ ਹਮੇਸ਼ਾ ਹਰੇ ਨਹੀਂ ਰਹਿੰਦੇ, ਉਨ੍ਹਾਂ ਦੇ ਜੜ੍ਹ ਤੋਂ ਅਲੱਗ ਹੋਣ ਦੀ ਦੇਰ ਨਹੀਂ ਕਿ ਉਹ ਮੁਰਝਾ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਸਾਡਾ ਮੂਲ ਸਾਡਾ ਇਤਿਹਾਸ ਹੈ ਗੁਰਬਾਣੀ ਹੈ, ਜੇਕਰ ਅਸੀਂ ਮੂਲ ਨਾਲੋਂ ਟੁੱਟ ਗਏ ਤਾਂ ਸਾਡਾ ਬਿਖਰਨਾ ਸੁਭਾਵਿਕ ਹੈ। ਅਸੀਂ ਬਹੁਤ ਹੀ ਵਡਮੁੱਲੇ ਇਤਹਾਸ ਦੇ ਵਾਰਿਸ ਹਾਂ, ਇਸ ਇਤਿਹਾਸ ਦੀ ਸ਼ਾਨ ਨੂੰ ਬਣਾਈ ਰੱਖਣਾ ਸਾਡਾ ਫ਼ਰਜ਼ ਹੈ, ਜ਼ਿੰਮੇਵਾਰੀ ਹੈ। ਜੇ ਬੱਚਿਆਂ ਨੂੰ ਬਚਪਨ ਤੋਂ ਹੀ ਨਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਭਵਿੱਖ ਵਿਚ ਇਸ ਦੇ ਨਤੀਜੇ ਕੁਝ ਜ਼ਿਆਦਾ ਸਾਰਥਿਕ ਨਹੀਂ ਹੋਣਗੇ, ਫੋਕੀ ਸ਼ੁਹਰਤ, ਨਾਂਅ, ਪੈਸਾ ਸਭ ਮਿਲ ਸਕਦਾ ਹੈ ਪਰ ਆਪਣੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਜ਼ਿੰਮੇਵਾਰ ਨਾਗਰਿਕ ਨਹੀਂ। ਇਸ ਲਈ ਸਕੂਲਾਂ, ਕਾਲਜਾਂ ਵਿਚ ਵੀ ਬਹੁਤ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਸਕਦੇ ਹਨ। ਸਮੇਂ-ਸਮੇਂ ‘ਤੇ ਧਾਰਮਿਕ ਮੁਕਾਬਲੇ ਕਰਾ ਕੇ ਗੁਰਬਾਣੀ ਕੰਠ ਵਰਗੀਆਂ ਬਹੁਤ ਸਾਰੀਆਂ ਨਵੀਆਂ ਲਹਿਰਾਂ ਚਲਾ ਕੇ ਬੱਚਿਆਂ ਨੂੰ ਸਿੱਖ ਧਰਮ ਵੱਲ ਮੋੜਿਆ ਜਾ ਸਕਦਾ ਹੈ। ਮਾਪੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਗੱਲ ਨੂੰ ਗੰਭੀਰਤਾ ਨਾਲ ਸੋਚਣ। ਚੰਦ ਲਾਈਕਸ ਦੇ ਕਰਕੇ ਆਪਣੇ ਬੱਚਿਆਂ ਦੀ ਸ਼ਖ਼ਸੀਅਤ ਨਾ ਬਦਲੋ, ਉਨ੍ਹਾਂ ਨੂੰ ਜ਼ਿੰਦਗੀ ਦੇ ਅਸਲ ਅਰਥ ਦੱਸਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਗੁਰਬਾਣੀ ਨਾਲ ਜੋੜਿਆ ਜਾਵੇ।

ਲੇਖਕ : ਹਰਕੀਰਤ ਕੌਰ
ਮੋਬਾਈਲ : 97791-18066.