ਰੁਝਾਨ ਖ਼ਬਰਾਂ
ਵਿਕਸਤ ਦੇਸ਼ਾਂ ਵਿੱਚ ਹੁਨਰਮੰਦ ਕਾਮੇ ਲਿਆਉਣ ਲਈ ਹੋੜ ਲੱਗੀ

ਵਿਕਸਤ ਦੇਸ਼ਾਂ ਵਿੱਚ ਹੁਨਰਮੰਦ ਕਾਮੇ ਲਿਆਉਣ ਲਈ ਹੋੜ ਲੱਗੀ

 

ਸਿਡਨੀ : ਵਿਕਸਤ ਦੇਸ਼ ਸਿੱਖਿਅਤ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਰੋਨਾ ‘ਤੇ ਕਾਬੂ ਪਾਉਣ ਮਗਰੋਂ ਇਨ੍ਹਾਂ ਮੁਲਕਾਂ ਵਿੱਚ ਹੁਨਰਮੰਦ ਕਾਮਿਆਂ (ਸਕਿੱਲਡ ਮਾਈਗ੍ਰੇਸ਼ਨ) ਨੂੰ ਲਿਆਉਣ ਦੀ ਹੋੜ ਲੱਗੀ ਹੋਈ ਹੈ। ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ ਹੁਨਰਮੰਦਾਂ ਦੀ ਭਾਲ ਵਿੱਚ ਹਨ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਕਾਰੋਬਾਰ ਠੱਪ ਸਨ। ਇਸ ਤੋਂ ਬਾਅਦ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਲਾਨਾ ਆਵਾਸ ਵੀਜ਼ਿਆਂ ‘ਤੇ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਆਵਾਸ ਨਾਲ ਸਬੰਧਤ ਵੈੱਬਸਾਈਟਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਆਸਟਰੇਲੀਆ ਵਿੱਚ 1,75,000, ਨਿਊਜ਼ੀਲੈਂਡ ਵਿੱਚ 70,000, ਇਟਲੀ ਵਿੱਚ 2,85,500, ਕੈਨੇਡਾ ਵਿੱਚ 3,21,045, ਯੂਕੇ ਵਿੱਚ 4,86,452, ਸਪੇਨ ਵਿੱਚ 5,60,000, ਅਮਰੀਕਾ ਵਿੱਚ 11,00,000, ਜਰਮਨੀ ਵਿੱਚ 14,00,000 ਵੀਜ਼ੇ ਦੇਣ ਦਾ ਸਾਲਾਨਾ ਪ੍ਰੋਗਰਾਮ ਹੈ। ਐੱਨਐੱਸਡਬਲਯੂ ਦੇ ਪ੍ਰੀਮੀਅਰ ਡੌਮੀਨਿਕ ਪੇਰੋਟੈਟ ਨੇ ਪਰਵਾਸੀਆਂ ਦੇ ਵੱਡੇ ਦਾਖ਼ਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਆਉਂਦੇ ਪੰਜ ਸਾਲਾਂ ਵਿੱਚ 20 ਲੱਖ ਪਰਵਾਸੀਆਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਆਵਾਸ ਨੂੰ ਸਰਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਆਸਟਰੇਲੀਆ ਨੇ ਜਨਰਲ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ (ਐਸਓਐਲ) ਵਿੱਚ ਲਗਪਗ 674 ਹੁਨਰਮੰਦ ਕਾਮਿਆਂ ਦੀ ਸੂਚੀ ਸੋਧੀ ਹੈ। ਵਧੇਰੇ ਤਰਜੀਹੀ ਵਾਲੇ 44 ਹੁਨਰਮੰਦ ਕਿੱਤਿਆਂ ਦੀ ਸੂਚੀ ਵੱਖਰੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਵੱਖ-ਵੱਖ ਇੰਜਨੀਅਰ, ਮੈਡੀਕਲ ਪ੍ਰਯੋਗਸ਼ਾਲਾ ਦੇ ਵਿਗਿਆਨੀ, ਨਰਸਾਂ, ਫਾਰਮਾਸਿਸਟ, ਪ੍ਰੋਗਰਾਮ ਡਿਵੈਲਪਰ ਤੇ ਹੋਰ ਟਰੇਡ ਕਿੱਤਾਕਾਰ ਹਨ। ਇਨ੍ਹਾਂ ਲਈ ਪੁਆਇੰਟ ਸਿਸਟਮ ਤਹਿਤ ਉਮਰ, ਯੋਗਤਾ, ਤਜਰਬਾ ਤੇ ਆਇਲੈਟਸ ਦੇ ਅੰਕ ਹਨ। ਕਈ ਸਿੱਧੇ ਪੀਆਰ ਆ ਸਕਦੇ ਹਨ। ਆਸਟਰੇਲੀਆ ਨੇ ਇਹ ਸੂਚੀ ਰਾਸ਼ਟਰੀ ਹੁਨਰ ਕਮਿਸ਼ਨ ਦੀ ਸਲਾਹ ਅਤੇ ਰਾਸ਼ਟਰ ਮੰਡਲ ਦੇ ਵਿਭਾਗਾਂ ਨਾਲ ਸਲਾਹ-ਮਸ਼ਵਰੇ ਮਗਰੋਂ ਬਣਾਈ ਹੈ। ਆਸਟਰੇਲੀਆ ਨੇ ਪਿਛਲੇ ਦੋ ਸਾਲਾਂ ਦੇ ਬੈਕਲਾਗ ਤੇ ਚਾਲੂ ਸਾਲ ਨੂੰ ਮਿਲਾ ਕਿ ਲਗਪਗ ਛੇ ਲੱਖ ਵੀਜ਼ੇ ਦੇਣੇ ਹਨ।