Copyright & copy; 2019 ਪੰਜਾਬ ਟਾਈਮਜ਼, All Right Reserved
ਸ਼ਹੀਦ ਭਾਈ ਤਾਰੂ ਸਿੰਘ ਜੀ

ਸ਼ਹੀਦ ਭਾਈ ਤਾਰੂ ਸਿੰਘ ਜੀ

ਇਕ ਦਿਨ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਗੱਦਾਰੀ ਕਰਨ ਵਾਲੇ ਹਰ ਭਗਤ ਨਿਰੰਜਨੀਏ ਨੂੰ ਪੁੱਛਿਆ ਕਿ ਅਸੀਂ ਸਿੱਖਾਂ ਨੂੰ ਇੰਨਾ ਮਾਰਦੇ ਹਾਂ ਪਰ ਇਹ ਫਿਰ ਵੀ ਕਿਵੇਂ ਵਧੀ ਜਾਂਦੇ ਹਨ? ਅਸੀਂ ਇਹਨਾਂ ਦੇ ਘਰ ਤੇ ਜ਼ਮੀਨਾਂ ਖੋਹ ਲਈਆਂ। ਗੁਰਦੁਆਰਿਆਂ ‘ਤੇ ਪਾਬੰਦੀ ਲਗਾ ਦਿੱਤੀ ਤਾਂ ਕਿ ਚੜ੍ਹਾਵਾ ਵੀ ਨਾ ਇਕੱਠਾ ਹੋ ਸਕੇ। ਨਾ ਇਹਨਾਂ ਦੀ ਖੇਤੀ ਹੈ ਤੇ ਨਾ ਹੀ ਕੋਈ ਕੰਮਕਾਰ। ਫਿਰ ਇਹ ਜੰਗਲਾਂ-ਪਹਾੜਾਂ ਵਿਚ ਆਪਣਾ ਗੁਜ਼ਾਰਾ ਕਿਵੇਂ ਕਰਦੇ ਹਨ?
ਹਰ ਭਗਤ ਨਿਰੰਜਨੀਆਂ ਕਹਿਣ ਲੱਗਾ ਕਿ ਐਸੇ ਵੀ ਸਿੱਖ ਹਨ ਜੋ ਆਪਣੀ ਭੁੱਖ ਸਹਾਰ ਕੇ ਆਪਣਾ ਭੋਜਨ ਆਪਣੇ ਸਿੱਖ ਭਰਾਵਾਂ ਨੂੰ ਦੇ ਦਿੰਦੇ ਹਨ। ਆਪ ਸਰਦੀ ਗਰਮੀ ਬਿਨਾਂ ਕੱਪੜੇ ਤੋਂ ਲੰਘਾ ਲੈਂਦੇ ਹਨ ਪਰ ਆਪਣੇ ਸਿੱਖ ਭਰਾਵਾਂ ਨੂੰ ਆਪਣੇ ਕੱਪੜੇ ਪਹੁੰਚਾ ਦਿੰਦੇ ਹਨ।
ਆਪ ਸਹੈ ਵਹ ਨੰਗ ਅਰ ਭੁੱਖ। ਦੇਖ ਸਕੈਂ ਨਹਿ ਸਿੰਘਨ ਦੁੱਖ।
ਆਪ ਗੁਜਾਰੈਂ ਅਗਨੀ ਨਾਲ। ਸਿੰਘਨ ਘਲੈਂ ਪੁਸ਼ਾਕ ਸਿਵਾਲ।
ਨਵਾਬ ਜ਼ਕਰੀਆ ਖਾਨ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਾ ਕਿ ਕੋਈ ਐਸਾ ਪਰਿਵਾਰ ਮੈਨੂੰ ਵੀ ਦਿਖਾ। ਹਰ ਭਗਤ ਨਿਰੰਜਨੀਆਂ ਕਹਿਣ ਲੱਗਾ ਕਿ ਅੰਮ੍ਰਿਤਸਰ ਦੇ ਪਿੰਡ ਪੂਹਲੇ ਦਾ ਰਹਿਣ ਵਾਲਾ ਇਕ 25 ਸਾਲ ਦਾ ਨੌਜ਼ਵਾਨ ਹੈ, ਜਿਸ ਦਾ ਨਾਮ ਤਾਰੂ ਸਿੰਘ ਹੈ। ਇਸ ਦਾ ਪਿਤਾ ਮਰ ਚੁੱਕਿਆ ਹੈ ਪਰ ਇਸ ਦੀ ਮਾਤਾ ਨੇ ਇਸ ਦੇ ਰੋਮ ਰੋਮ ਵਿਚ ਸਿੱਖੀ ਭਰ ਦਿੱਤੀ ਹੈ। ਇਹ ਸਿੱਖ ਖੇਤੀਬਾੜੀ ਕਰਦਾ ਹੈ। ਸਰਕਾਰ ਨੂੰ ਟੈਕਸ ਵੀ ਦਿੰਦਾ ਹੈ। ਇਸ ਦੀ ਮਾਂ ਤੇ ਇਕ ਭੈਣ ਹਨ, ਜੋ ਦਾਣੇ ਪੀਸਦੀਆਂ ਹਨ, ਕੱਪੜੇ ਸਿਉਂਦੀਆਂ ਹਨ।
ਹਰਭਗਤ ਨਿਰੰਜਨੀਏ ਯੋਂ ਫਿਰ ਕਹੀ। ਪੂਲ੍ਹੋ ਪਿੰਡ ਇਕ ਮਾਝੇ ਮਹੀ।
ਤਾਰੂ ਸਿੰਘ ਤਹਿ ਖੇਤੀ ਕਰੈ। ਸਾਥ ਪਿੰਡ ਵਹਿ ਹਾਲਾ ਭਰੈ।
ਦੇਹ ਹਾਕਮ ਕਛ ਥੋੜਾ ਖਾਵੈ। ਬਚੈ ਸਿੰਘਨ ਕੇ ਪਾਸ ਪੁਚਾਵੈ।
ਹੈ ਉਸ ਕੇ ਇਕ ਭੈਣ ਅਰ ਮਾਈ। ਪੀਸ ਕੂਟ ਵੈ ਕਰੈਂ ਕਮਾਈ।
ਇਹ ਲੋਕ ਆਪ ਰੁੱਖਾ-ਮਿੱਸਾ ਖਾ ਲੈਂਦੇ ਹਨ ਜਾਂ ਆਪਣਾ ਪੇਟ ਭੁੱਖਾ ਵੀ ਰੱਖ ਲੈਂਦੇ ਹਨ ਪਰ ਸਿੱਖਾਂ ਲਈ ਸਾਰਾ ਭੋਜਨ ਬੰਨ੍ਹ ਲੈਂਦੇ ਹਨ। ਆਪ ਮੋਟੇ ਖੱਦਰ ਨਾਲ ਹੀ ਸਾਰ ਲੈਂਦੇ ਹਨ ਪਰ ਸਿੱਖਾਂ ਲਈ ਸੋਹਣਾ ਕੱਪੜਾ ਸਿਉਂ ਕੇ ਭੇਜਦੇ ਹਨ। ਇਹ ਨੌਜ਼ਵਾਨ ਤਾਰੂ ਸਿੰਘ ਪੰਡ ਬੰਨ੍ਹ ਕੇ ਜੰਗਲਾਂ-ਪਹਾੜਾਂ ਵਿਚ ਲਿਜਾ ਕੇ ਸਿੱਖਾਂ ਨੂੰ ਵੰਡ ਦਿੰਦਾ ਹੈ।
ਆਪ ਖਾਇ ਵਹਿ ਰੁੱਖੀ ਮਿੱਸੀ। ਮੋਟਾ ਪਹਿਰਹਿ ਆਪ ਰਹਿ ਲਿੱਸੀ।
ਅਪਨੋ ਤਨ ਪੇਟ ਰਖ ਕੈ ਊਣੀ। ਦੇਤ ਔਰ ਕੋ ਚਬਨ ਚਬੂਨੀ।
ਹਰ ਭਗਤ ਨਿਰੰਜਨੀਏ ਨੇ ਬੜੀ ਨਫ਼ਰਤ ਨਾਲ ਜਦੋਂ ਭਾਈ ਤਾਰੂ ਸਿੰਘ ਦੀਆਂ ਇਹ ਸ਼ਿਕਾਇਤਾਂ ਲਾਈਆਂ ਤਾਂ ਜ਼ਕਰੀਆ ਖਾਨ ਕਹਿਣ ਲੱਗਾ ਕਿ ਉਸ ਨੂੰ ਫੜ੍ਹ ਕੇ ਲਿਆਉ। ਹਰ ਭਗਤ ਨਿਰੰਜਨੀਆਂ 20 ਸਿਪਾਹੀਆਂ ਨਾਲ ਗਿਆ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਭਾਈ ਸਾਹਿਬ ਨੂੰ ਲਹੌਰ ਦੀ ਜੇਲ੍ਹ ਵਿਚ ਕੈਦ ਕਰ ਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਭਾਈ ਸਾਹਿਬ ਨੇ ਨਿਡਰਤਾ ਨਾਲ ਕਿਹਾ ਕਿ ਐ ਜ਼ਕਰੀਆ ਖਾਨ ! ਅਸੀਂ ਖੇਤੀ ਕਰਦੇ ਹਾਂ। ਉਸ ਦਾ ਸਰਕਾਰ ਨੂੰ ਟੈਕਸ ਵੀ ਦਿੰਦੇ ਹਾਂ। ਜੋ ਬਚਦਾ ਹੈ, ਉਹ ਅਸੀਂ ਲੋੜਵੰਦਾਂ ਵਿਚ ਵੰਡ ਕੇ ਛਕਦੇ ਹਾਂ। ਤੇਰੇ ਪੱਲਿਉਂ ਅਸੀਂ ਕੀ ਲੈਂਦੇ ਹਾਂ? ਤੂੰ ਸਾਨੂੰ ਸਜ਼ਾ ਕਿਉਂ ਦੇ ਰਿਹਾ ਹੈਂ?
ਤਾਰੂ ਸਿੰਘ ਜੀ ਤਬ ਕਹਯੋ, ਤੂੰ ਸੁਨ ਬਾਤ ਨਵਾਬ।
ਹਮ ਤੁਮਰੋ ਨਾ ਬਿਗਾੜਿਓ, ਤੁਮ ਕਿਮ ਦੇਤ ਅਜਾਬ।
ਜੋ ਹਮ ਤੁਮਰੀ ਭੂਮ ਬਿਗਰੈਂ, ਤੌ ਭੀ ਤੁਮ ਕੋ ਪੈਸੇ ਭਰੈਂ।
ਔ ਜੌ ਵਣਜ ਵਪਾਰ ਭੀ ਕਰੈਂ, ਤੌ ਭੀ ਤੁਮਰੌ ਹਾਲਾ ਭਰੈਂ।
ਤੁਮ ਕੋ ਦੇ ਕੇ ਜੋ ਰਹਿ ਜਾਇ, ਸੋ ਹਮ ਅਪਨੇ ਪੇਟਨ ਪਾਇ।
ਅਪਨੇ ਤਨ ਕੋ ਰਖ ਕੈ ਊਣੀ, ਦੇਤ ਔਰ ਕੋ ਚਬਨ ਚਬੂਣੀ।
ਕਹੁ ਤੇਰੀ ਕਯਾ ਗਾਠੋਂ ਜਾਇ, ਹਮ ਕੋ ਤੁਮ ਕਿਮ ਦੇਤ ਸਜਾਇ?
ਭਾਈ ਤਾਰੂ ਸਿੰਘ ਦੀਆਂ ਖਰੀਆਂ-ਖਰੀਆਂ ਗੱਲਾਂ ਸੁਣ ਕੇ ਜ਼ਕਰੀਆ ਖਾਨ ਸੜ-ਬਲ ਕੋਲੇ ਹੋ ਗਿਆ। ਉਸ ਨੂੰ ਕੋਈ ਜਵਾਬ ਨਾ ਆਇਆ। ਜਿਵੇਂ ਅਕਸਰ ਜਨੂੰਨੀ ਮੁਸਲਮਾਨਾਂ ਦਾ ਇੱਕੋ ਆਖ਼ਰੀ ਨਿਸ਼ਾਨਾ ਰਹਿ ਜਾਂਦਾ ਹੈ ਕਿ ਮੁਸਲਮਾਨ ਹੋ ਜਾਉ। ਜ਼ਕਰੀਆ ਖਾਨ ਵੀ ਗੁੱਸੇ ਵਿਚ ਆ ਕੇ ਕਹਿਣ ਲੱਗਾ ਕਿ ਹੁਣ ਜੇ ਤੂੰ ਮੁਸਲਮਾਨ ਬਣੇਂਗਾ ਤਾਂ ਹੀ ਤੇਰੀ ਜਾਨ ਛੱਡਾਂਗਾ।
ਨਵਾਬ ਕਹੈ ਤੂੰ ਹੋ ਮੁਸਲਮਾਨ। ਤਉ ਛੋਡਾਂਗਾ ਤੁਮਰੀ ਜਾਨ।
ਸਿੰਘ ਕਹਯੋ ਹਮ ਡਰ ਕਯਾ ਜਾਨੋ। ਹਮ ਹੋਵੈਂ ਕਿਮ ਮੁਸਲਮਾਨੋ।
ਭਾਈ ਤਾਰੂ ਸਿੰਘ ਕਹਿਣ ਲੱਗੇ ਕਿ ਮੈਨੂੰ ਆਪਣਾ ਧਰਮ ਬਹੁਤ ਪਿਆਰਾ ਹੈ। ਮੈਂ ਆਪਣਾ ਧਰਮ ਤਾਂ ਛੱਡਾਂ ਜੇ ਮੈਨੂੰ ਮੁਸਲਮਾਨ ਬਣ ਕੇ ਦੁਖ, ਮੁਸੀਬਤ ਜਾਂ ਮੌਤ ਨਾ ਆਉਣੀ ਹੋਵੇ। ਜੇ ਅੰਤ ਨੂੰ ਮਰਨਾ ਹੀ ਹੈ ਤਾਂ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਕਿਉਂ ਮਰਾਂ?
ਜ਼ਕਰੀਆ ਖਾਨ ਆਖਣ ਲੱਗਾ ਕਿ ਤੈਨੂੰ ਖ਼ੂਬ ਦੌਲਤ ਦਿਆਂਗਾ। ਜ਼ਮੀਨ ਤੇਰੇ ਨਾਂ ਕਰਾ ਦਿਆਂਗਾ। ਮੁਗਲ ਜਾਂ ਪਠਾਣ ਦੀ ਬੇਟੀ ਨਾਲ ਸ਼ਾਦੀ ਕਰਾ ਦਿਆਂਗਾ। ਰਹਿਣ ਲਈ ਵੱਡੀ ਸਾਰੀ ਹਵੇਲੀ ਦੇ ਦਿਆਂਗਾ। ਬੱਸ ਤੂੰ ਸਿੱਖੀ ਛੱਡ ਕੇ ਇਸਲਾਮ ਮਜ਼ਹਬ ਨੂੰ ਕਬੂਲ ਕਰ ਲੈ।
ਫਿਰ ਨਵਾਬ ਏਹੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ।
ਔਰ ਜੁ ਚਾਹੇਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ।
ਔ ਮੁਗਲ ਪਠਾਣਨ ਬੇਟੀ ਲੇਹੁ। ਬੀਚ ਹਵੇਲਨ ਬਾਸ ਕਰੇਹੁ।
ਭਾਈ ਤਾਰੂ ਸਿੰਘ ਕਹਿਣ ਲੱਗੇ ਕਿ ਮੈਨੂੰ ਧਨ-ਦੌਲਤ, ਐਸ਼ਵਰਜ਼ ਕੁੱਝ ਨਹੀਂ ਚਾਹੀਦਾ। ਜੇ ਤੂੰ ਮੇਰੇ ‘ਤੇ ਇੰਨਾ ਹੀ ਮਿਹਰਬਾਨ ਹੈਂ ਤਾਂ ਮੈਨੂੰ ਮੁਸਲਮਾਨ ਬਣਨ ਲਈ ਨਾ ਆਖ। ਕੋਈ ਐਸਾ ਰਸਤਾ ਦੱਸ ਕਿ ਮੇਰਾ ਸਿੱਖੀ ਸਿਦਕ ਕੇਸਾਂ-ਸਵਾਸਾਂ ਸੰਗ ਨਿਭ ਜਾਏ।
ਤੂ ਜੇ ਹਮ ਪੇ ਹੈਂ ਮਿਹਰਬਾਨ। ਆਖ ਹਮੈਂ ਨ ਹੋਹੁ ਮੁਸਲਮਾਨ।
ਤੂੰ ਦਸ ਹਮੈ ਕੁਛ ਐਸੇ ਰਾਹੁ। ਕੇਸੀਂ ਸਵਾਸੀਂ ਹੋਇ ਨਿਬਾਹੁ।
ਆਖਿਰ ਜ਼ਕਰੀਆ ਖਾਨ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਜਾਏ। ਜੱਲਾਦ ਨੇ ਖੋਪੜੀ ਉਤਾਰਨੀ ਸ਼ੁਰੂ ਕਰ ਦਿੱਤੀ। ਜਦੋਂ ਖੋਪਰੀ ਲੱਥ ਰਹੀ ਸੀ ਤਾਂ ਸਾਰਾ ਸਰੀਰ ਸਿਰ ਵਿਚੋਂ ਨਿਕਲਦੀਆਂ ਖ਼ੂਨ ਦੀਆਂ ਧਾਰਾਂ ਨਾਲ ਲੱਥਪੱਥ ਹੋ ਗਿਆ। ਭਾਈ ਸਾਹਿਬ ਅਹਿਲ ਬੈਠੇ ਰਹੇ ਤੇ ਗੁਰਬਾਣੀ ਦਾ ਪਾਠ ਕਰਦੇ ਰਹੇ। ਬੰਸਾਵਲੀ ਨਾਮੇ ਦੇ ਲਿਖਾਰੀ ਕੇਸਰ ਸਿੰਘ ਛਿੱਬਰ ਨੇ ਇਸ ਘਟਨਾ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਇਕ ਸਿੱਖ ਤਾਰੂ ਸਿੰਘ ਮਾਝੇ ਦਾ, ਪਕੜਿਆ ਆਇਆ ਲਹੌਰ।
ਸਿਰੋਂ ਉਤਾਰੀ ਖਲੜੀ, ਸਮੇਤ ਕੇਸਾਂ ਅਖੌੜ।
ਸਿਖ ਹੇਠ ਬਧਾ, ਜਪ ਪੜਦਾ ਰਹਿਆ।
ਸਿਰ ਉਪਰੋਂ ਖਲੜੀ ਸਮੇਤ, ਕੇਸ ਲਹਾ ਲਇਆ।
ਜ਼ਾਲਮਾਂ ਨੇ ਜ਼ੁਲਮ ਦੀ ਅਤਿ ਕਰ ਦਿੱਤੀ ਸੀ। ਜਿੱਥੇ ਓਜਿੱਥੇ ਵੀ ਇਹ ਖ਼ਬਰ ਪਹੁੰਚੀ, ਉੱਥੇ ਹੀ ਹਾਹਾਕਾਰ ਮੱਚ ਗਈ। ਅਖੀਰ 1 ਜੁਲਾਈ, ਸੰਨ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਇਸ ਸ਼ਹਾਦਤ ਤੋਂ ਬਾਅਦ ਹਰ ਇੱਕ ਦੀ ਜ਼ੁਬਾਨ ‘ਤੇ ਇਕੋ ਗੱਲ ਚੜ੍ਹ ਗਈ ਕਿ ਜ਼ੁਲਮ ਦੀ ਇੰਤਹਾ ਹੋ ਗਈ ਹੈ। ਸਮਝੋ ਹੁਣ ਤੁਰਕਾਂ ਦਾ ਨਾਸ਼ ਹੋ ਗਿਆ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਹੋ ਗਈ ਹੈ। ਧੰਨ ਹੈ ਇਸ ਸਿੱਖ ਦੀ ਮਾਤਾ ਤੇ ਧੰਨ ਹੈ ਇਸ ਸਿੱਖ ਦਾ ਪਿਤਾ, ਜਿਹਨਾਂ ਨੇ ਇਸ ਮਹਾਨ ਸਿਦਕੀ ਸਿੱਖ ਨੂੰ ਜਨਮ ਦਿੱਤਾ। ਧੰਨ ਹੈ ਇਹ ਸਿੱਖ, ਜਿਸ ਨੇ ਸ਼ਹਾਦਤ ਦਾ ਜਾਮ ਤਾਂ ਪੀ ਲਿਆ ਪਰ ਆਪਣੀ ਸਿੱਖੀ ਸਿਦਕ ਦੀ ਲਾਜ ਰੱਖ ਵਿਖਾਈ ਹੈ।
ਕਲਾ ਖ਼ਾਲਸੇ ਊਚੀ ਭਈ। ਤੁਰਕਨ ਕਲਾ ਨੀਚੀ ਹੋ ਗਈ।
ਧੰਨ ਮਾਤਾ-ਪਿਤਾ, ਧੰਨ ਉਸ ਭਾਈ। ਸਿਖੀ ਰਖੀ ਔ ਦੇਹ ਗਵਾਈ।
ਭਾਈ ਤਾਰੂ ਸਿੰਘ ਜੀ ਇਹ ਸ਼ਹਾਦਤ ਹਮੇਸ਼ਾਂ ਸਾਨੂੰ ਪ੍ਰੇਰਣਾ ਦਿੰਦੀ ਰਹੇਗੀ ਕਿ ਸਿੱਖ ਨੇ ਆਪਣੀ ਸਿੱਖੀ ਸਿਰਫ਼ ਸੁਆਸਾਂ ਨਾਲ ਹੀ ਨਹੀਂ, ਕੇਸਾਂ ਨਾਲ ਵੀ ਨਿਭਾਉਣੀ ਹੈ। ਅੱਜ ਲੋੜ ਹੈ ਸਾਡੇ ਨੌਜ਼ਵਾਨ ਧੀਆਂ-ਪੁੱਤਰਾਂ ਨੂੰ ਭਾਈ ਸਾਹਿਬ ਜੀ ਦੀ ਸ਼ਹਾਦਤ ਤੋਂ ਸੇਧ ਲੈਣ ਦੀ, ਤਾਂ ਕਿ ਅਸੀਂ ਵੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਅ ਕੇ ਕਲਗੀਧਰ ਪਾਤਸ਼ਾਹ ਜੀ ਦੀਆਂ ਖ਼ੁਸ਼ੀਆਂ ਲੈ ਸਕੀਏ।
-ਪ੍ਰੋ. ਸੁਖਵਿੰਦਰ ਸਿੰਘ