Copyright & copy; 2019 ਪੰਜਾਬ ਟਾਈਮਜ਼, All Right Reserved
ਢੀਂਡਸਾ ਸਾਬ੍ਹ, ਨਵਾਂ ਅਕਾਲੀ ਦਲ ਮੁਬਾਰਕ..! ਪਰ ਨਿਰਭਰ ਕਰੇਗਾ ਕਾਰਗੁਜ਼ਾਰੀ ‘ਤੇ…!

ਢੀਂਡਸਾ ਸਾਬ੍ਹ, ਨਵਾਂ ਅਕਾਲੀ ਦਲ ਮੁਬਾਰਕ..! ਪਰ ਨਿਰਭਰ ਕਰੇਗਾ ਕਾਰਗੁਜ਼ਾਰੀ ‘ਤੇ…!

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਘਿਰਦਾ ਜਾ ਰਿਹਾ ਬਾਦਲ ਅਕਾਲੀ ਦਲ, ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਮੁੜ ਸੁਰਜੀਤ ਹੋਣ ਵਾਸਤੇ ਹੱਥ ਪੈਰ ਮਾਰ ਰਿਹਾ ਹੈ। ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਜਿਹੜੇ ਕਦੇ ਸੱਜੀਆਂ ਅਤੇ ਖੱਬੀਆਂ ਬਾਹਵਾਂ ਬਣਕੇ ਵਿਚਰਦੇ ਸਨ,ਇੱਕ ਇੱਕ ਕਰਕੇ ਬਾਦਲ ਵਿੱਚੋਂ ਇਸ ਤਰ੍ਹਾਂ ਭੱਜ ਰਹੇ ਹਨ, ਜਿਵੇ ਕਿਸੇ ਬੇੜੇ ਦੇ ਡੁੱਬਣ ਸਮੇਂ ਲੋਕ ਲਾਈਫ ਜੈਕਟਾਂ ਪਾ ਕੇ, ਸਮੁੰਦਰ ਵਿੱਚ ਛਾਲਾਂ ਮਾਰ ਦਿੰਦੇ ਹਨ। ਬੇਸ਼ੱਕ ਸੁਖਬੀਰ ਸਿੰਘ ਬਾਦਲ ਇਹਨਾਂ ਖਾਲੀ ਥਾਂ ਨੂੰ ਭਰਨ ਵਾਸਤੇ ਨਵੇਂ ਘੋੜੇ ਸ਼ਿੰਗਾਰ ਰਹੇ ਹਨ। ਪ੍ਰੰਤੂ ਜੋ ਤਾਕਤ ਇਹਨਾਂ ਪੁਰਾਣੇ ਆਗੂਆਂ ਦੇ ਨਾਲ ਰਹਿੰਦਿਆਂ ਸੀ। ਉਹ ਹਾਲੇ ਨਵੇਂ ਨਹੀਂ ਬਣਾ ਸਕਣਗੇ। ਬਾਦਲ ਦਲ ਵਿੱਚੋਂ ਕਾਫੀ ਸਿਰਕਰਦਾ ਆਗੂ ਨਿਕਲ ਚੁੱਕੇ ਹਨ। ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦਾ ਬਾਦਲ ਦਲ ਤੋਂ ਵੱਖ ਹੋਣਾ,ਬਾਦਲ ਦਲ ਵਾਸਤੇ ਕਿਸੇ ਵੱਡੀ ਵੱਡੀ ਆਫ਼ਤ ਦਾ ਸੰਕੇਤ ਹੈ। ਹੁਣ ਤੱਕ ਬੜੀਆਂ ਕਿਆਸਰਾਈਆਂ ਸਨ ਕਿ ਸ਼ਾਇਦ ਪਹਿਲਾਂ ਦੀ ਤਰ੍ਹਾਂ ਬਾਦਲ ਆਪਣੇ ਪਰਮ ਮਿੱਤਰ ਨੂੰ ਮਨਾ ਲੈਣਗੇ ਅਤੇ ਢੀਂਡਸਾ ਫਿਰ ਉਸ ਤਨਖਾਹ ਉੱਤੇ ਹੀ ਕੰਮ ਕਰਨਾ ਆਰੰਭ ਕਰ ਦੇਣਗੇ। ਪ੍ਰੰਤੂ ਕੱਲ੍ਹ ਸੁਖਦੇਵ ਸਿੰਘ ਢੀਂਡਸਾ ਨੇ ਨਵੇਂ ਅਕਾਲੀ ਦਲ ਦਾ ਆਗਾਜ਼ ਕਰਕੇ, ਬਾਦਲਾਂ ਦੇ ਸਾਹਮਣੇ ਸ਼ਰੀਕਾਂ ਦੀ ਤਰ੍ਹਾਂ ਹਿੱਕ ਡਾਹਕੇ ਖਲੋਣ ਦਾ ਐਲਾਨ ਕਰ ਦਿੱਤਾ ਹੈ। ਬਾਦਲ ਬੜੇ ਘਾਗ ਸਿਆਸਤਦਾਨ ਹਨ। ਬੇਸ਼ੱਕ ਹੁਣ ਸਰੀਰਕ ਹਿੰਮਤ ਓਨੀ ਨਹੀਂ ਰਹੀ। ਪ੍ਰੰਤੂ ਦਾਅ ਪੇਚ ਤਾਂ ਹਾਲੇ ਵੀ ਭੁੱਲੇ ਨਹੀਂ ਹਨ। ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਸਰਵੇ ਸਰਵਾ ਬਣਾਉਣ ਵਾਸਤੇ, ਇੱਕ ਇੱਕ ਅਕਾਲੀ ਆਗੂ ਨੂੰ ਰਗੜਿਆ ਹੈ। ਹੁਣ ਤੱਕ ਜਿਸ ਕਿਸੇ ਨੇ ਵੀ ਨਰਾਜ਼ ਜਾਂ ਨਿਰਾਸ਼ ਹੋਕੇ ਬਾਦਲ ਦੇ ਮੁਕਾਬਲੇ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂਬਾਦਲ ਨੇ ਉਸ ਨੂੰ ਸਿਰ ਨਹੀਂ ਚੁੱਕਣ ਦਿੱਤਾ। ਸਾਡੇ ਸਾਹਮਣੇ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੇ ਲੌਂਗੋਵਾਲ ਅਕਾਲੀ ਦਲ ਬਣਾਇਆ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਰਬਹਿੰਦ ਅਕਾਲੀ ਦਲ ਬਣਾਇਆ। ਇਸ ਤੋਂ ਇਲਾਵਾ ਬਾਬਾ ਜੋਗਿੰਦਰ ਸਿੰਘ ਰੋਡੇ ਦਾ ਬਾਬਾ ਦਲ, ਬੱਬਰ ਅਕਾਲੀ ਦਲ, ਪੰਥਕ ਅਕਾਲੀ ਦਲ,ਅਕਾਲੀ ਦਲ 1920 ,ਅਕਾਲੀ ਦਲ ਅਮ੍ਰਿਤਸਰ, ਹਾਲੇ ਹੋਰ ਵੀ ਕੋਈ ਨਾਮ ਰਹਿ ਗਿਆ ਹੋਵੇਗਾ। ਪ੍ਰੰਤੂ ਕਿਸੇ ਇੱਕ ਨੂੰ ਵੀ ਬਾਦਲ ਨੇ ਸਿਆਸਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਨਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਸਿਆਸਤ ਦੇ ਨੇੜੇ ਲੱਗਣ ਦਿੱਤਾ ਹੈ।
ਅੱਜ ਸੁਖਦੇਵ ਸਿੰਘ ਢੀਂਡਸਾ ਵਾਸਤੇ ਥੋੜਾ ਜਿਹਾ ਰਸਤਾ ਬੇਸ਼ੱਕ ਮੋਕਲਾ ਇਸ ਕਰਕੇ ਹੈ ਕਿ ਇੱਕ ਤਾਂ ਬਾਦਲ ਹੁਣ ਬੁੱਢੇ ਸ਼ੇਰ ਦੀ ਨਿਆਈ ਹਨ। ਦੂਸਰਾ ਉਹਨਾਂ ਦੇ ਸਪੁੱਤਰ ਦੀ ਸਿਆਸਤ ਦੇਸ਼ ਵਿੱਚ ਰਾਜ ਕਰਦੀ ਪਾਰਟੀ ਨੂੰ ਸੂਤ ਨਹੀਂ ਬੈਠ ਰਹੀ। ਇਸ ਕਰਕੇ ਢੀਂਡਸਾ ਪਹਿਲਾਂ ਬਣੇ ਅਕਾਲੀ ਦਲਾਂ ਨਾਲੋਂ ਥੋੜੇ ਜਿਹੇ ਵੱਖਰੇ ਰੂਪ ਵਿੱਚ ਨਜ਼ਰ ਆਉਣਗੇ। ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਵਾਸਾਂ ਤੱਕ ਬੀ.ਜੇ.ਪੀ. ਕਿਸੇ ਹੱਦ ਤੱਕ ਬਾਦਲ ਦਲ ਨਾਲ ਨਿਭਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੰਤੂ ਸੁਖਬੀਰ ਸਿੰਘ ਬਾਦਲ ਦੀ ਥੋੜੀ ਜਿਹੀ ਤਿੱਖੀ ਸਿਆਸਤ ਤੋਂ ਬੀ.ਜੇ.ਪੀ. ਘਬਰਾਉਂਦੀ ਵੀ ਹੈ। ਇਸ ਕਰਕੇ ਇਹ ਸਿਆਸੀ ਯਾਰੀ ਕਿਸੇ ਵੇਲੇ ਵੀ ਕੱਚ ਦੀਆਂ ਵੰਗਾਂ ਵਾਂਗੂੰ ਤਿੜਕ ਸਕਦੀ ਹੈ। ਉਸ ਤੋਂ ਬਾਅਦ ਬੀ.ਜੇ.ਪੀ. ਨੂੰ ਪੰਜਾਬ ਵਿੱਚ ਕੋਈ ਠੁੰਮਣਾ ਦੇਣ ਵਾਲਾ ਵੀ ਚਾਹੀਦਾ ਹੈ। ਇਸ ਵੇਲੇ ਬਾਦਲ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੀ ਬੀ.ਜੇ.ਪੀ. ਦੇ ਪਸੰਦੀਦਾ ਆਗੂ ਹੋ ਸਕਦੇ ਹਨ। ਇਸ ਕਰਕੇ ਢੀਂਡਸਾ ਦੇ ਦਲ ਦੀ ਕਾਮਯਾਬੀ ਬਾਰੇ ਕੁਝ ਆਸ ਦੀਆਂ ਕਿਰਨਾਂ ਵੇਖੀਆ ਜਾ ਸਕਦੀਆਂ ਹਨ।
ਹੋ ਸਕਦਾ ਹੈ ਕਿ ਪੰਜਾਬ ਦੇ ਸਿੱਖ ਅਤੇ ਦੂਜੇ ਲੋਕ ਢੀਂਡਸਾ ਨੂੰ ਪ੍ਰਵਾਨ ਕਰ ਲੈਣ। ਪ੍ਰੰਤੂ ਢੀਂਡਸਾ ਬਾਰੇ ਅੱਗੋਂ ਬਿਖੜਾ ਪੈਂਡਾ ਸ਼ੁਰੂ ਹੋਵੇਗਾ। ਜੇ ਕਰ ਤਾਂ ਢੀਂਡਸਾ ਸਿਰਫ ਪ੍ਰਕਾਸ਼ ਸਿੰਘ ਦਾ ਸਿਆਸੀ ਬਦਲ ਹੀ ਬਣਦੇ ਹਨ ਅਤੇ ਹਰ ਉਹ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਹਨ,ਜਿਹੜੀਆਂ ਹੁਣ ਤੱਕ ਬਾਦਲ ਮੰਨਦੇ ਆਏ ਹਨ। ਫਿਰ ਪੰਜਾਬ ਅਤੇ ਪੰਥ ਨੂੰ ਇਸ ਅਕਾਲੀ ਦਲ ਦਾ ਕੋਈ ਫਾਇਦਾ ਨਹੀਂ ਹੋਵੇਗਾ। ਦਾਸ ਲੇਖਕ ਨੇ ਚਾਲੀ ਵਰ੍ਹਿਆਂ ਤੋਂ ਅਕਾਲੀ ਸਿਆਸਤ ਅਤੇ ਦੇਸ਼ ਦੀ ਸਿਆਸਤ ਨੂੰ ਗੰਭੀਰਤਾ ਨਾਲ ਦੇਖਿਆ ਹੈ। ਹੁਣ ਤੱਕ ਪੰਜਾਬ ਅਤੇ ਪੰਥ ਦੀ ਹਾਲਤ ਨੂੰ ਵੀ ਨੇੜਿਓਂ ਤੱਕਿਆ ਹੈ। ਇਸ ਵੇਲੇ ਦਾਸ ਲੇਖਕ ਦੀ ਹਾਲਤ ਉਸ ਗਧੇ ਵਰਗੀ ਹੈ। ਜਿਸਦੇ ਅਚਾਨਕ ਭੱਠੇ ਉੱਤੇ ਚੜ੍ਹ ਜਾਣ ਕਰਕੇ ਪੈਰ ਸੜ੍ਹ ਗਏ ਸਨ ਅਤੇ ਬਾਅਦ ਵਿੱਚ ਉਹ ਦੀਵੇ ਦੀ ਲੋਅ ਜਾਂ ਜੁਗਨੂੰ (ਕੌਡੀ ਟਿਟੈਹਣੇ) ਤੋਂ ਵੀ ਡਰਦਾ ਸੀ। ਇਸ ਕਰਕੇ ਇਹ ਲਾਈਨਾਂ ਲਿਖਣ ਦਾ ਮਤਲਬ ਕੋਈ ਵਿਰੋਧਾਭਾਸ ਜਾਂ ਢੀਂਡਸਾ ਨੂੰ ਜਰਕਾਉਣਾ ਨਹੀਂ। ਸਗੋਂ ਸੁਚੇਤ ਕਰਨਾ ਹੈ ਕਿਉਂਕਿ ਹੁਣ ਤੱਕ ਜਿਹੜੇ ਵੀ ਸਿੱਖ ਆਗੂ ਪੰਜਾਬ ਜਾਂ ਸਿੱਖਾਂ ਦੇ ਮੁੱਦਿਆਂ ਦੇ ਮੁਦਈ ਹੋਕੇ ਵਿਚਰੇ ਹਨ। ਉਹਨਾਂ ਨੂੰ ਭਾਰਤ ਦੇ ਭਗਵੇਂ ਨਿਜ਼ਾਮ ਨੇ ਕਿਸੇ ਨਾ ਕਿਸੇ ਤਰੀਕੇ,ਸਿਆਸੀ ਪਿੜ ਵਿੱਚੋਂ ਮਨਫ਼ੀ ਕਰ ਦਿੱਤਾ ਅਤੇ ਜਿਹੜੇ ਭਾਰਤੀ ਨਿਜ਼ਾਮ ਦੇ ਸ੍ਰਵਨ ਪੁੱਤਰ ਬਣਕੇ ਵਿਚਰੇ, ਉਹਨਾਂ ਨੂੰ ਅਜਿਹੀ ਵਹਿੰਗੀ ਚੁਕਾਈ ਕਿ ਉਹ ਸਾਰੀ ਜਿੰਦਗੀ ਹਨੇਰਾ ਹੀ ਢੋਂਦੇ ਰਹੇ। ਜਿਵੇ ਦੀ ਹਾਲਤ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕਿ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਤਾਂ ਜਰੂਰ ਬਣੇ। ਆਪਣੇ ਪੁੱਤਰ,ਭਤੀਜੇ, ਜਵਾਈ, ਨੂੰਹ ਜਾਂ ਹੋਰ ਰਿਸ਼ਤੇਦਾਰਾਂ ਨੂੰ ਮੰਤਰੀ ਸੰਤਰੀ ਬਣਾਉਣ ਵਿੱਚ ਵੀ ਕਾਮਯਾਬ ਹੋਏ। ਜਾਇਦਾਦਾਂ ਵੱਡੀਆਂ ਬਣਾ ਲਈਆਂ। ਪ੍ਰੰਤੂ ਕੌਮ ਦਾ ਜਾਂ ਪੰਜਾਬ ਦਾ ਕੱਖ ਨਹੀਂ ਸੰਵਾਰ ਸਕੇ। ਸਗੋਂ ਹਰ ਵਾਰ ਪੰਜਾਬ ਦਾ ਕੁੱਝ ਨਾ ਕੁੱਝ ਗਵਾਇਆ ਹੀ ਹੈ ਅਤੇ ਸਿੱਖੀ ਨੂੰ ਭਗਵੇਂ ਅਜਗਰ ਦੇ ਜ਼ੁਬਾੜਿਆਂ ਵਿੱਚ ਧੱਕਿਆ ਹੈ।
ਇਸ ਕਰਕੇ ਅੱਜ ਦੇ ਹਾਲਤ ਬੜੇ ਹੀ ਖਤਰਨਾਕ ਹਨ। ਜਿਸ ਵਿੱਚ ਢੀਂਡਸਾ ਨੇ ਉਸਤਰਿਆਂ ਦੀ ਮਾਲਾ ਗਲ ਪਾ ਕੇ, ਮਘਦੇ ਅੰਗਿਆਰਾਂ ਉੱਤੇ ਤੁਰਨ ਵਰਗੇ ਹਾਲਤਾਂ ਵਿੱਚੋਂ ਦੀ ਲੰਘਣਾ ਹੈ। ਬੇਸ਼ੱਕ ਬੀਰਦਵਿੰਦਰ ਸਿੰਘ ਅਤੇ ਬਲਵੰਤ ਸਿੰਘ ਰਾਮੂੰਵਾਲੀਆ ਵਰਗੇ ਬੜੇ ਪਕਰੋੜ ਅਤੇ ਜੋੜਤੋੜ ਦੇ ਮਾਹਿਰ ਸਿਆਸੀ ਸਾਥੀ ਢੀਂਡਸਾ ਦੇ ਨਾਲ ਖੜ੍ਹੇ ਹਨ। ਪ੍ਰੰਤੂ ਕੇਵਲ ਬਾਦਲ ਨੂੰ ਥੱਲੇ ਲਗਾਉਣ ਜਾਂ ਉਸ ਤੋਂ ਗੁਰਜ਼ ਖੋਹਣ ਤੱਕ ਗੱਲ ਸੀਮਤ ਨਹੀਂ ਹੈ। ਹੁਣ ਸਿੱਖ ਪੰਥ ਅਤੇ ਪੰਜਾਬ ਦੇ ਹੁਣ ਤੱਕ ਹੋਏ ਵਿਗਾੜ ਅਤੇ ਅੱਗੋਂ ਬੇਹਤਰੀ ਦੇ ਸਵਾਲ ਵਾਰ ਵਾਰ ਸਾਹਮਣੇ ਆ ਕੇ,ਆਤਮਾਂ ਨੂੰ ਝੰਜੋੜਣਗੇ। ਦੂਜੇ ਪਾਸੇ ਭਗਵਾਂ ਨਿਜ਼ਾਮ ਬਾਦਲਾਂ ਵਾਲੇ ਖਾਲੀ ਹੋਏ ਪਿੰਜਰੇ ਵਿੱਚ ਪੰਜਾਬ ਦੀ ਸੂਬੇਦਾਰੀ ਦਾ ਤਾਜ ਰੱਖ ਕੇ,ਆਓ! ਆਓ ! ਦੀਆਂ ਅਵਾਜਾਂ ਦੇਵੇਗਾ ਕਿ ਕਿਸੇ ਤਰੀਕੇ ਇੱਕ ਵਾਰ ਪਿੰਜਰੇ ਵਿੱਚ ਪੈ ਜਾਣ। ਫਿਰ ਕੋਈ ਤੌਖਲਾ ਨਹੀਂ। ਸੁਖਦੇਵ ਸਿੰਘ ਢੀਂਡਸਾ ਜੀ ਬੇਸ਼ੱਕ ਬਹੁਤ ਨਿਮਰ ਅਤੇ ਸਿਆਣੇ ਸਿਆਸਤਦਾਨ ਹਨ। ਪ੍ਰੰਤੂ ਉਹਨਾਂ ਨੂੰ ਸੁਚੇਤ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਸਿਆਣੇ ਆਖਦੇ ਹਨ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰਕੇ ਪੀਂਦਾ ਹੈ। ਇਸ ਤਰੀਕੇ ਮਨ ਵਿੱਚ ਆਉਂਦੇ ਕੁੱਝ ਸ਼ੰਕੇ,ਭਵਿੱਖ ਦੀ ਚਿੰਤਾ ਨੂੰ ਪ੍ਰਗਟਾਉਂਦੇ ਹਨ। ਇਸ ਲਈ ਢੀਂਡਸਾ ਸਾਹਬ ਨਵਾਂ ਅਕਾਲੀ ਦਲ ਮੁਬਾਰਕ..! ਪਰ ਨਿਰਭਰ ਕਰੇਗਾ ਕਾਰਗੁਜ਼ਾਰੀ ਤੇ .! ਗੁਰੂ ਰਾਖਾ।

ਲੇਖਕ : ਗੁਰਿੰਦਰਪਾਲ ਸਿੰਘ ਧਨੌਲਾ