Copyright © 2019 - ਪੰਜਾਬੀ ਹੇਰਿਟੇਜ
ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਮਿਲੀ ਜ਼ਮਾਨਤ

ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਮਿਲੀ ਜ਼ਮਾਨਤ

ਫਰੀਦਕੋਟ : ਪੰਜਾਬ ‘ਚ ਹਿੰਦੂ ਆਗੂਆਂ ਦੇ ਕਤਲ ਮਾਮਲੇ ‘ਚ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਜੱਗੀ ਜੌਹਲ ਅਤੇ ਤਲਜੀਤ ਸਿੰਘ ਖ਼ਿਲਾਫ਼ ਥਾਣਾ ਬਾਜਾਖਾਨਾ ‘ਚ ਅੱਤਵਾਦੀ ਗਤੀਵਿਧੀਆਂ ਫੰਡਿੰਗ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਏਜੰਸੀ ਨੇ ਇਸ ਮਾਮਲੇ ਦੀ ਪੜਤਾਲ ਨੂੰ 90 ਦਿਨਾਂ ‘ਚ ਮੁਕੰਮਲ ਕਰਨਾ ਸੀ ਪਰ ਅੱਜ ਤੱਕ ਅਪਰੇਸ਼ਨ ਸੈੱਲ ਇਸ ਮਾਮਲੇ ਦੀ ਪੜਤਾਲ ਮੁਕੰਮਲ ਨਹੀਂ ਕਰ ਸਕਿਆ। ਹਾਲਾਂਕਿ ਅਪਰੇਸ਼ਨ ਸੈੱਲ ਨੇ ਜਾਂਚ ਦਾ ਸਮਾਂ ਵਧਾਉਣ ਦੀ ਮੰਗ ਵੀ ਕੀਤੀ ਸੀ ਪਰ ਵਧੀਕ ਸੈਸ਼ਨ ਜੱਜ ਨੇ ਸਮਾਂ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜੁਡੀਸ਼ਲ ਮੈਜਿਸਟਰੇਟ ਚੇਤਨ ਸ਼ਰਮਾ ਨੇ ਬਾਜਾਖਾਨਾ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਦਰਜ ਹੋਏ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਤਲਜੀਤ ਸਿੰਘ ਦੀ ਰਿਹਾਈ ਯਕੀਨੀ ਹੋ ਗਈ ਹੈ ਜਦੋਂ ਕਿ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਖ਼ਿਲਾਫ਼ ਕੁਝ ਹੋਰ ਮੁਕੱਦਮੇ ਹਨ, ਜਿਨ੍ਹਾਂ ਵਿੱਚ ਉਸ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ।