ਕੱਚ ਦਾ ਖਿਡੌਣਾ

ਕੱਚ ਦਾ ਖਿਡੌਣਾ

”ਹੋਇਆ ਕੁੱਝ ਪੈਸਿਆਂ ਦਾ ?” ਮੁਟਿਆਰ ਨੇ ਹਸਪਤਾਲ ਪੁਜਦਿਆਂ ਹੀ ਨੌਜਵਾਨ ਨੂੰ ਸਵਾਲ ਕੀਤਾ। ”ਹਾਂ ! ਨਿਆਈਂ ਵਾਲੀ ਪੈਲੀ ‘ਚੋਂ ਚਾਰ ਕੈਨਾਲਾਂ ਲੰਬੜਾਂ ਨੂੰ ..। ਡਾਕਟਰ ਕੀ ਕਹਿ ਗਿਆ ? ਨੌਜਵਾਨ ਨੇ ਸੰਖੇਪ ਜਿਹਾ ਉੱਤਰ ਦੇ ਮਰੀਜ਼ ਬਾਰੇ ਪੁਛਿਆ। ”…..”ਜਵਾਬ ‘ਚ ਮੁਟਿਆਰ ਦੇ ਸਿਰਫ ਮੋਟੇ-ਮੋਟੇ ਹੰਝੂ ਕਿਰੇ ਸਨ। ਇਸ ਜੋੜੇ ਦਾ ਸੱਤ-ਅੱਠ ਸਾਲ ਦਾ ਬੱਚਾ ਕੈਂਸਰ ਨਾਲ ਹਸਪਤਾਲ ਪਿਆ ਹੈ, ਜਿਸ ਦੀ ਜਿੰਦਗੀ ਲਈ ਦਿਨ-ਰਾਤ ਭੱਜੇ ਫਿਰ ਰਹੇ ਹਨ।ਪਿਉ ਨੂੰ ਆਵਾਜਾਈ ਲੱਗੀ ਰਹਿੰਦੀ ਹੈ, ਮਾਂ ਚੌਵੀ ਘੰਟੇ ਬੱਚੇ ਦੇ ਸਿਰਹਾਣੇ ਬੈਠੀ ਹੈ। ਨਾ ਨੀਂਦ, ਨਾ ਭੁੱਖ ਬਸ ਟਿਕਟਿਕੀ ਲਗਾ ਬੱਚੇ ਵੱਲ ਵੇਖਦੀ ਰਹਿੰਦੀ ਹੈ। ਬੱਚਾ ਬੜਾ ਪਿਆਰਾ, ਸੋਹਣਾ ਤੇ ਸਭ ਨੂੰ ਆਪਣੇ ਵੱਲ ਖਿਚਦਾ ਹੈ। ਕੀਮੋ-ਥਰੈਪੀਆਂ ਬਾਅਦ ਜਦੋਂ ਹੋਸ਼ ਆਉਂਦੀ, ਖਿਡੌਣੇ ਬੈੱਡ ਤੇ ਖਿਲਾਰ ਖੇਡਣ ‘ਚ ਮਸਤ ਹੋ ਜਾਂਦਾ। ਮਰੀਜ਼ ਅਤੇ ਉਨ੍ਹਾਂ ਦੇ ਸਾਥੀ ਸਭ ਉਸ ਵੱਲ ਖਿੱਚੇ ਰਹਿੰਦੇ ਅਤੇ ਕੋਲ ਬੈਠ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਜਾਂਦੇ ਹਨ। ਬੱਚਾ ਆਪਣੇ ਸਭ ਖਿਡੌਣੇ ਦੇ ਉਨ੍ਹਾਂ ਨਾਲ ਖੇਡਣ ਲੱਗ ਜਾਂਦਾ ਪਰ ਇੱਕ ਕੱਚ ਦੇ ਖਿਡੌਣੇ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ,” ਇਹ ਕੱਚ ਦਾ ,ਡਿੱਗ ਪਿਆ ਤਾਂ ਟੁੱਟ ਜੂ। ਇਹ ਨਹੀਂ ਦੇਣਾ।” ਸਭ ਉਸ ਦੀ ਗੱਲ ਤੇ ਹੱਸਦੇ ਪਰ ਮੁਟਿਆਰ ਦੇ ਹੰਝੂ ਪਰਲ-ਪਰਲ ਵਹਿ ਤੁਰਦੇ, ਉਸਨੂੰ ਆਪਣਾ ਖਿਡੌਣਾ ਵੀ ਕੱਚ ਦਾ ਲਗਦਾ ਕਿਤੇ ਇਹ ਡਿੱਗ ਨਾ ਪਵੇ।

ਗੁਰਮੀਤ ਸਿੰਘ ਮਰਾੜ੍ਹ
ਮੋ:9501400397