ਮੋੜਾ ਬਈ ਮੋੜਾ ਹਾਹਾ ਹਾਅ

ਮੋੜਾ ਬਈ ਮੋੜਾ ਹਾਹਾ ਹਾਅ

ਬਚੇ ਅੱਜ ਦੇ ਬਚਣਗੇ ਲੱਖ ਵਾਰੀ,
ਆਪਣੇ ਆਪ ਨੂੰ ਗਏ ਸੰਭਾਲ ਜਿਹੜੇ।
ਆ ਜਾਣਗੇ ਸੇਠ ਦੀ ਛੱਡ ਹੱਟੀ,
ਛੱਡ ਗਏ ਸੀ ਖਹਿਰਾ ਸੁਖਪਾਲ ਜਿਹੜੇ।

ਘਰ ਆਪਣਾ ਛੱਡ ਬਿਗਾਨਿਆਂ ਦੇ,
ਜਾ ਖੜ੍ਹ ਗਏ ਫੜ੍ਹਕੇ ਥਾਲ ਜਿਹੜੇ।
ਵਾਰੋ ਵਾਰੀ ਆਉਣਗੇ ਮੁੜ ਸੱਭੇ।
ਤੁਰ ਗਏ ਸੀ ਦਿੱਲੀ ਨਾਲ ਜਿਹੜੇ।

ਆਉਣ ਮੁੜੀਆਂ ਪੱਤਨ ਚੱਟ ਮੱਛੀਆਂ,
ਫਿਰਨ ਪਈਆਂ ਚੱਕਰ ਚੰਡਾਲ ਗੇੜੇ।
ਛੱਡ ਜਾਣਗੇ ‘ਭਗਤਿਆ’ ਮੈਦਾਨ ਉਹ ਵੀ,
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ।

ਬਾਜਾਂ ਨਾਲ ਕੀ ਮੁਕਾਬਲਾ ਘੁੱਗੀਆਂ ਦਾ,
ਬੰਨ੍ਹੀ ਫਿਰਦੇ ਸਿਰ ‘ਤੇ ਕਾਲ਼ ਜਿਹੜੇ।
ਚੋਰਾਂ ਵਿੱਚ ਨਾ ਸਾਧ ਨੂੰ ਨੀਂਦ ਆਵੇ,
ਫਿਰਨ ਪਾਉਂਦੇ ਹਵਾ ਨੂੰ ਜਾਲ ਜਿਹੜੇ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113