ਰੁਝਾਨ ਖ਼ਬਰਾਂ
ਦੀਵਾਲੀ ਤੇ ਸਿੱਖ

ਦੀਵਾਲੀ ਤੇ ਸਿੱਖ

ਦਿਵਾਲੀ ਦੇ ਦਿਨਾਂ ਵਿਚ ਸਿੱਖ ਧਰਮ ਦੇ ਕੇਂਦਰ ਦਰਬਾਰ ਸਾਹਿਬ ਤੋਂ ਹੀ ਆਰੰਭ ਹੋ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ-ਰਾਗੀ- ”ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ” ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ ਵਿਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ: ”ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥”
ਅਰਥ ਹਨ; ”ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦੇਂਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੌਦਿਆਂ ਨਾਲ ਫੁਲ ਖਿੱੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ਤੇ ਜਾਣ ਵਾਲੇ ਯਾਤਰੀ ਦਿਖਾਈ ਤਾਂ ਦੇਂਦੇ ਹਨ, ਪਰ ਉਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਹਨਾਂ ਦੀ ਹੋਂਦ ਨਹੀਂ ਹੁੰਦੀ। ਅੰਤ ਫ਼ੈਸਲਾ ਦੇਂਦੇ ਹਨ- ”ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੂੰ ਪਛਾਣ ਲੈਂਦੇ ਹਨ ਤੇ ਇਸ ਵਿਚ ਖਚਿਤ ਨਹੀਂ ਹੁੰਦੇ। ਗੁਰਮੁਖ ਪਿਆਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।” ਅੰਦਾਜ਼ਾ ਲਗਾਓ! ਸਮਝਣਾ ਤਾਂ ਹੈ ਕਿ ਪਉੜੀ ਦਾ ਫ਼ੈਸਲਾ ਕੀ ਹੈ? ਉਲਟਾ ਪਉੜੀ ਵਿਚ ਆਏ ਪ੍ਰਮਾਣ ਨੂੰ ਟੇਕ ਬਣਾ ਰਹੇ ਹਾਂ। ਆਖਿਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮਤਿ ਦਾ ਜਾਂ ਅਨਮੱਤ ਦਾ?
ਇੰਨਾ ਹੀ ਨਹੀਂ, ਗੁਰਬਾਣੀ ਵਿਚ ਲਫ਼ਜ਼ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ, ਕਿਥੇ ਤੇ ਕਿਸ ਅਰਥ ਵਿਚ ਆਇਆ, ਕਿਸੇ ਨੂੰ ਇਸ ਨਾਲ ਲੈਣ-ਦੇਣਾ ਨਹੀਂ। ਦਿਵਾਲੀ ਦੇ ਦਿਹਾੜੇ ਸੰਬੰਧਿਤ ਸ਼ਬਦਾਂ ਨੂੰ ਇਸ ਪ੍ਰਭਾਵ ਵਿਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ ਤੋੜ ਕੇ ਅਨਮੱਤੀ ਵਿਸ਼ਵਾਸਾਂ ਵਿਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮਤਿ ਪ੍ਰਚਾਰ?
ਇਸ ਤਰ੍ਹਾਂ ਜਿੱਥੇ ਸਾਡੇ ਅਜੇਹੇ ਰਾਗੀ-ਪ੍ਰਚਾਰਕ, ਗੁਰਮਤਿ-ਗੁਰਬਾਣੀ ਵਿਰੁਧ ਪ੍ਰਚਾਰ ਦੇ ਦੋਸ਼ੀ ਹੁੰਦੇ ਹਨ ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ ਵੀ ਕਾਰਨ ਬਣਦੇ ਹਨ। ਅਸਲ ਵਿਚ ਅਜਿਹੇ ਪ੍ਰਚਾਰਕ ਸੰਗਤਾਂ ਨੂੰ ਨਿਰੋਲ ਬ੍ਰਾਹਮਣੀ ‘ਦਿਵਾਲੀਆਂ’ ਵਿਚ ਉਲਝਾਉਣ ਵਾਲਾ ਬਜਰ ਗੁਨਾਹ ਹੀ ਕਰ ਰਹੇ ਹੁੰਦੇ ਹਨ, ਗੁਰਮਤਿ ਪ੍ਰਚਾਰ ਨਹੀਂ। ਲੋੜ ਹੈ ਤਾਂ ਸੰਗਤਾਂ ਨੂੰ ਜਾਗਣ ਦੀ।

ਦੀਵਾਲੀ ਦਾ ਤਿਉਹਾਰ ਹੈ ਕੀ?
‘ਦਿਵਾਲੀ’ ਜਾਂ ਦੀਪਾਵਲੀ’ ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ ਵਿਚ ਇਸ ਦਾ ਆਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸੰਬੰਧਿਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਨਦੇ ਹਨ। ਦਿਵਾਲੀ ਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾ ਵਿਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਹੋਰ ਵਿਤਕਰਿਆ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾਂ ਲਈ ‘ਵਿਸਾਖੀ’, ਖੱਤ੍ਰੀਆਂ ਲਈ ‘ਦੁਸਿਹਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦਿਵਾਲੀ। ਦਿਵਾਲੀ ਦੇ ਦਿਨ ਇਹ ਲੋਕ ‘ਧੰਨ ਦੀ ਦੇਵੀ’ ‘ਲੱਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦਿਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦ੍ਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਵਿਚ ਵਿਸ਼ਵਾਸ ਰਖਦੀ ਹੈ, ਨਾ ਧੰਨ ਆਦਿ ਦੇਵੀ-ਦੇਵ ਪੂਜਾ ਵਿਚ ਤੇ ਨਾ ਅਵਤਾਰ ਵਾਦ ਵਿਚ।
ਦਿਵਾਲੀ ਵਿਸਾਖੀ ਦੇ ਪੰਥਕ ਇਕੱਠ
ਸਾਲ ਵਿਚ ਦਿਵਾਲੀ-ਵਿਸਾਖੀ ਦੋ ਦਿਨ ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ ਦੂਜ (15 ਅਪ੍ਰੈਲ) ਕਾਰਨ ਵਿਸਾਖੀ। ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੂੰ ਦਿਵਾਲੀ-ਵਿਸਾਖੀ ਵਿਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਹਨਾ ਵਿਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ ਵਿਚ, ਇਹ ਦੋਵੇਂ ਇਕੱਠ, ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ ਵਿਚ ਫਸ ਕੇ, ਸਿੱਖ ਪਨੀਰੀ ਨੂੰ ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਵਾਰ ਬਣਿਆ ਪਿਆ ਹੈ। ਦੋਨਾਂ ਸਮਾਗਮਾਂ ਸਮੇਂ, ਜਿੱਥੇ ਕਿਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੂੰ ਸੁਣਦੇ ‘ਤੇ ਹਲ ਕਰਦੇ। ਸਿੱਖਾਂ ਲਈ ਦਿਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ।
ਛੇਵੇਂ ਸਤਿਗੁਰੂ ਅਤੇ ਦਿਵਾਲੀ
ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ਵਿਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ। ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ 1621 ਨੂੰ ਗਵਾਲੀਅਰ ਦੀ ਜੇਲ੍ਹ ਵਿਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦਿਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੂੰ ਵੀ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ ਹੈ। ਉਪਰੰਤ ਦਸਵੇਂ ਪਾਤਸ਼ਾਹ ਤੀਕ ਦਰਬਾਰ ਸਾਹਿਬ ਵਿਖੇ ਕਿਸੇ ਦਿਵਾਲੀ-ਦੀਪਮਾਲਾ ਦੀ ਸੂਚਨਾ ਨਹੀਂ ਤੇ ਨਾ ਹੀ ਅੱਠਵੇਂ ਤੇ ਦਸਵੇਂ ਪਾਤਸ਼ਾਹ ਕਦੇ ਅੰਮ੍ਰਿਤਸਰ ਪਧਾਰੇ ਹੀ। ਹੋਰ, ਜੇ ਕਰ ਰਿਹਾਈ ਹੀ ਪੰਥ ਲਈ ਵੱਡਾ ਖੁਸ਼ੀ ਦਾ ਵਿਸ਼ਾ ਸੀ ਤਾਂ ਉਨ੍ਹੀਂ ਦਿਨੀ ਹੋਈ ਪੰਜਵੇਂ ਪਾਤਸ਼ਾਹ ਦੀ, ਤਸੀਹੇ ਭਰਪੂਰ ਸ਼ਹਾਦਤ ਬਾਰੇ ਕੀ ਕਿਹਾ ਜਾਵੇਗਾ? ਉਪਰੰਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਪੰਥ ਦੀ ਕੀ ਸੋਚ ਹੋਵੇਗੀ? ਕਿਉਂਕਿ ਅਜੇਹੇ ਖੁਸ਼ੀ-ਗ਼ਮ ਦੇ ਉਚੇਚੇ ਪ੍ਰਗਟਾਵੇ ਗੁਰਬਾਣੀ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੇ। ਤਾਂ ਫ਼ਿਰ ਅੱਜ ਹਰ ਸਾਲ ਦਰਬਾਰ ਸਾਹਿਬ ਵਿਖੇ ਦੀਪਮਾਲਾ, ਆਤਿਸ਼ਬਾਜ਼ੀ ਕਿਉਂ?
ਭਾਈ ਮਨੀ ਸਿੰਘ ‘ਤੇ ਦਿਵਾਲੀ-ਪਿਛਲੇ ਲੰਮੇਂ ਸਮੇਂ ਤੋਂ ਹੀ ਪੰਥ ‘ਤੇ ਭੀੜਾ ਬਣੀ ਰਹਿਣ ਕਾਰਨ ਵਿਸਾਖੀ-ਦਿਵਾਲੀ ਦੇ ਇਕੱਠ ਨਹੀਂ ਸਨ ਹੋ ਸਕੇ। ਕਾਫੀ ਸਮਾਂ ਬਾਅਦ ਸੰਨ 1737 ‘ਚ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ‘ਦਿਵਾਲੀ ਇਕੱਠ’ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ਵਿਚ ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਉਤਰ ਸੀ ਜੇ ਇਕੱਠ ਹੋ ਜਾਂਦਾ ਤਾਂ ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੋ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤਬਾਹੀ ਵਾਲੀ ਹਾਲਤ ਵਿਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁੱਝ ਸਬਕ ਲੈ ਸਕਦੇ।
ਖੈਰ! ਇਹ ਘਟਣਾ ਵੀ ਅਜਿਹੀ ਨਹੀਂ ਕਿ ਜਿਸ ਨਾਲ ਜੋੜ ਕੇ ਦਰਬਾਰ ਸਾਹਿਬ-ਅੰਮ੍ਰਿਤਸਰ ਵਿਖੇ ਪੰਥ ਹਰ ਸਾਲ ਦਿਵਾਲੀਆਂ ਮਨਾਏ ਤੇ ਦੀਪਮਾਲਾਵਾਂ, ਆਤਿਸ਼ਬਾਜ਼ੀਆਂ ਕਰੇ। ਯਕੀਨਣ ਦਿਵਾਲੀ ਵਜੋਂ ਇਹਨਾ ਦੀਪਮਾਲਾਵਾਂ, ਆਤਿਸ਼ਬਾਜ਼ੀਆਂ, ਮਠਿਆਈਂਆਂ ਆਦਿ ਨਾਲ਼ ਸਿੱਖ ਧਰਮ ਦਾ ਉੱਕਾ ਸੰਬੰਧ ਨਹੀਂ।