ਪੰਜਾਬ ‘ਚ ਤਰੱਕੀ ਦੇ ਨਾਂਅ ‘ਤੇ ਹੁੰਦੀ ਘਾਤਕ ਤਬਾਹੀ

ਪੰਜਾਬ ‘ਚ ਤਰੱਕੀ ਦੇ ਨਾਂਅ ‘ਤੇ ਹੁੰਦੀ ਘਾਤਕ ਤਬਾਹੀ

ਭੌਤਿਕਤਾਵਾਦ ਦੇ ਇਸ ਯੁੱਗ ਵਿਚ ਹਰੇਕ ਇਨਸਾਨ ਆਪਣੇ ਅਤੇ ਆਪਣੇ ਪਰਿਵਾਰ ਲਈ ਹਰ ਤਰ੍ਹਾਂ ਦੀ ਸੁੱਖ-ਸਹੂਲਤ ਚਾਹੁੰਦਾ ਹੈ। ਇਸ ਦੇ ਲਈ ਉਸ ਨੂੰ ਕਿੰਨੀ ਵੀ ਭਾਰੀ ਕੀਮਤ ਕਿਉਂ ਨਾ ਚਕਾਉਣੀ ਪਵੇ। ਲੋਕਾਂ ਕੋਲ ਧਨ-ਦੌਲਤ ਦੀ ਕਮੀ ਤਾਂ ਨਹੀਂ ਪਰ ਮਾਇਆ ਨਾਲ ਸੁੱਖ-ਸ਼ਾਂਤੀ ਨਹੀਂ ਖਰੀਦੀ ਜਾ ਸਕਦੀ। ਸਾਂਝੇ ਪਰਿਵਾਰ ਬਿਖਰ ਰਹੇ ਹਨ। ਛੋਟੇ ਪਰਿਵਾਰ ਵੱਡੇ-ਵੱਡੇ ਮਹਿਲਾਂ ਦੇ ਸੁਪਨੇ ਲੈ ਰਹੇ ਹਨ। ਨਵੀਆਂ ਕਾਲੋਨੀਆਂ ਦੇ ਨਿਰਮਾਣ ਦਾ ਹੜ੍ਹ ਜਿਹਾ ਆ ਗਿਆ ਹੈ। ਇਸ ਵਿਚ ਕਾਨੂੰਨ ਵੀ ਕੋਈ ਅੜਚਣ ਨਹੀਂ ਬਣਦਾ।
ਬਿਨਾਂ ਸ਼ੱਕ ਜ਼ਿੰਦਗੀ ਦੇ ਹਰ ਇਕ ਖੇਤਰ ਵਿਚ ਵੱਧ ਤੋਂ ਵੱਧ ਤਰੱਕੀ ਹੋ ਰਹੀ ਹੈ। ਪਰ ਸਾਥੀਓ! ਇਹ ਕਿਹੋ ਜਿਹਾ ਵਿਕਾਸ ਹੈ? ਅਸੀਂ ਤਰੱਕੀ ਦੇ ਨਾਂਅ ‘ਤੇ ਮਨ ਹੀ ਮਨ ਖੁਸ਼ ਹੋ ਰਹੇ ਹਾਂ। ਜੀਵ-ਜੰਤੂਆਂ ਅਤੇ ਮਨੁੱਖਾਂ ਦੀਆਂ ਜ਼ਿੰਦਗੀਆਂ ਨੂੰ ਨਿਗਲਦਾ ਹੋਇਆ ਵਿਕਾਸ ਕਿਸ ਕੰਮ ਦਾ…? ਮੋਟਰ-ਗੱਡੀਆਂ ਦੀ ਸੰਖਿਆ ਵਿਚ ਬਹੁਤ ਜ਼ਿਆਦਾ ਵਾਧਾ ਰੋਜ਼ਾਨਾ ਸੜਕ ਦੁਰਘਟਨਾਵਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਮੱਧ ਵਰਗੀ ਪਰਿਵਾਰਾਂ ਵਿਚ ਗਰਮੀ ਤੋਂ ਰਾਹਤ ਲੈਣ ਵਾਸਤੇ ਏ.ਸੀ. ਦਾ ਕ੍ਰੇਜ ਬਹੁਤ ਵਧਿਆ ਹੈ। ਵਿਕਾਸ ਦੇ ਨਾਂਅ ‘ਤੇ ਸੜਕਾਂ ‘ਤੇ ਅੱਜਕਲ੍ਹ ਏ.ਸੀ. ਬੱਸਾਂ ਦੌੜ ਰਹੀਆਂ ਹਨ ਪਰ ਏ.ਸੀ. ਤੋਂ ਨਿਕਲਣ ਵਾਲੀ ਖ਼ਤਰਨਾਕ ਗੈਸ ਸਾਡੀ ਸਿਹਤ ਲਈ ਬਹੁਤ ਮਾਰੂ ਸਿੱਧ ਹੋ ਸਕਦੀ ਹੈ। ਕਾਰਖਾਨਿਆਂ-ਫੈਕਟਰੀਆਂ ਦਾ ਧੂੰਆਂ ਅਤੇ ਉਨ੍ਹਾਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਸਾਡੇ ਵਾਤਾਵਾਰਨ ਅਤੇ ਨਦੀਆਂ ਨੂੰ ਦੂਸ਼ਿਤ ਕਰ ਰਿਹਾ ਹੈ। ਗਲੋਬਲ ਵਾਰਮਿੰਗ ਦੇ ਕਾਰਨ ਵਾਤਾਵਰਨ ਵਿਚ ਅਜੀਬੋ-ਗਰੀਬ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਹਿਰ ਦੀ ਗਰਮੀ ਅਤੇ ਸਰਦੀ ਅਤੇ ਕਿਤੇ ਸੋਕਾ ਇਸ ਦੀਆਂ ਮੂੰਹੋਂ ਬੋਲਦੀਆਂ ਉਦਾਹਰਨਾਂ ਹਨ।
ਪਰਬਤਾਂ ਦਾ ਸੀਨਾ ਕੱਟ ਕੇ ਅਤੇ ਨਦੀਆਂ ਦੇ ਮੁਹਾਣੇ ਤੇ ਨਵੇਂ-ਨਵੇਂ ਭਵਨਾਂ, ਹੋਟਲਾਂ, ਧਰਮਸ਼ਾਲਾਵਾਂ ਆਦਿ ਦਾ ਨਿਰਮਾਣ ਨਿਯਮਾਂ ਦੇ ਉਲਟ ਕੀਤਾ ਜਾ ਰਿਹਾ ਹੈ। ਇਹ ਗੈਰ-ਕਾਨੂੰਨੀ ਧੰਦਾ ਕੁਦਰਤ ਦੇ ਨਾਲ ਸਿੱਧੀ ਛੇੜਛਾੜ ਹੈ। ਕੁਦਰਤ ਨਾਲ ਛੇੜਛਾੜ ਹੀ 15-16 ਜੂਨ, 2013 ਨੂੰ ਉੱਤਰਾਖੰਡ ਰਾਜ ‘ਚ ਹਿਮਾਲੀਅਨ ਸੁਨਾਮੀ ਦਾ ਸੈਲਾਬ ਵਿਚ ਬੇਹਿਸਾਬਾ ਤਬਾਹੀ ਹੋਈ ਸੀ। ਕੁਝ ਅਜਿਹੀ ਤ੍ਰਾਸਦੀ ਇਸ ਸਾਲ ਕੇਰਲ ਰਾਜ ਵਿਚ ਹੜ੍ਹ ਦੇ ਰੂਪ ਵਿਚ ਦੇਖਣ ਨੂੰ ਮਿਲੀ। ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ। ਆਪਣਿਆਂ ਤੋਂ ਵਿਛੜਣ ਦਾ ਦੁੱਖ ਆਪਣੇ ਸਾਹਮਣੇ ਮੌਤ ਦੀ ਆਗੋਸ਼ ‘ਚ ਸਮਾਉਂਦੇ ਲੋਕਾਂ ਨੂੰ ਕੀ ਕੋਈ ਭੁੱਲ ਸਕੇਗਾ? ਕਦੇ ਵੀ ਨਹੀਂ।
ਭਵਿੱਖ ‘ਚ ਫੇਰ ਅਜਿਹੀ ਦੁੱਖ ਦੀ ਘੜੀ ਨਾ ਵੇਖਣੀ ਪਵੇ। ਇਸ ਲਈ ਇਸ ਖੌਫਨਾਕ ਹਾਦਸੇ ਤੋਂ ਸਿੱਖਿਆ ਲੈਂਦੇ ਹੋਏ ਸਰਕਾਰਾਂ ਅਜਿਹਾ ਵਿਕਾਸ ਕਦੇ ਵੀ ਨਾ ਕਰਨ, ਜਿਸ ਦਾ ਰਾਹ ਵਿਨਾਸ਼ ਵੱਲ ਜਾਂਦਾ ਹੋਵੇ। ਹਾਂ, ਵਿਕਾਸ ਜ਼ਰੂਰੀ ਤਾਂ ਹੈ ਪਰ ਇਨਸਾਨਾਂ ਦੀਆਂ ਕੀਮਤ ‘ਤੇ ਨਹੀਂ। ਕੁਦਰਤ ਨਾਲ ਜੇ ਛੇੜਛਾੜ ਜਾਰੀ ਰਹੀ ਤਾਂ ਕੁਦਰਤ ਦੀ ਕਰੋਪੀ ਤੋਂ ਬਚਣਾ ਮੁਸ਼ਕਿਲ ਹੈ। ਅੰਤ ਵਿਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਇਨਸਾਨਾਂ ਦੀਆਂ ਕੀਮਤਾਂ ਤੇ ਵਿਕਾਸ ਸਾਨੂੰ ਤਬਾਹੀ ਵੱਲ ਲੈ ਜਾਵੇਗਾ।

-ਵਰਿੰਦਰ ਸ਼ਰਮਾ