ਕੰਜ਼ਰਵੇਟਿਵ ਸੰਸਦ ਮੈਂਬਰ ਟੋਨੀ ਕਲੇਮੈਂਟ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਕੰਜ਼ਰਵੇਟਿਵ ਸੰਸਦ ਮੈਂਬਰ ਟੋਨੀ ਕਲੇਮੈਂਟ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਓਟਾਵਾ : ਕੈਨੇਡਾ ਵਿਚ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਰਹੇ ਟੋਨੀ ਕਲੇਮੈਂਟ ਨੇ ਅਸ਼ਲੀਲ ਤਸਵੀਰਾਂ ਅਤੇ ਇਕ ਵੀਡੀਓ ਸਾਂਝੀ ਕਰਨ ਦਾ ਦੋਸ਼ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਲੇਮੈਂਟ ਨੇ ਇਕ ਬਿਆਨ ਵਿਚ ਕਿਹਾ,”ਪਿਛਲੇ 3 ਹਫਤਿਆਂ ਵਿਚ ਮੈਂ ਉਸ ਵਿਅਕਤੀ ਲਈ ਅਸ਼ਲੀਲ ਤਸਵੀਰਾਂ ਅਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ‘ਤੇ ਮੈਨੂੰ ਯਕੀਨ ਸੀ ਕਿ ਉਹ ਇਕ ਮਹਿਲਾ ਪ੍ਰਾਪਤ ਕਰਤਾ ਸੀ।” ਉਂਝ ਕਲੇਮੈਂਟ ਵਿਆਹੁਤਾ ਹਨ। ਕੈਨੇਡੀਅਨ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਕਲੇਮੈਂਟ ਨੇ ਦੋ ਵਾਰ ਫੈਡਰਲ ਪਾਰਟੀ ਦੀ ਅਗਵਾਈ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਕੰਜ਼ਰਵੇਟਿਵ ਸਰਕਾਰ ਵਿਚ ਸੀਨੀਅਰ ਕੈਬਨਿਟ ਅਹੁਦਿਆਂ ‘ਤੇ ਕੰਮ ਕੀਤਾ ਹੈ। ਕਲੇਮੈਂਟ ਨੇ ਮੰਗਲਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਉਹ ਕਈ ਕੌਮਨਜ਼ ਕਮੇਟੀਆਂ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,”ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਗਲਤ ਰਸਤੇ ‘ਤੇ ਸੀ। ਮੈਂ ਬਹੁਤ ਗਲਤ ਫੈਸਲਾ ਲਿਆ ਸੀ। ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਤੋਂ ਮੁਆਫੀ ਮੰਗਦਾ ਹਾਂ। ਮੇਰੇ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਅਤੇ ਉਨ੍ਹਾਂ ਦਾ ਬਹੁਤ ਅਪਮਾਨ ਹੋਇਆ।” ਇਸ ਦੇ ਇਲਾਵਾ ਕਲੇਮੈਂਟ ਨੇ ਆਪਣੇ ਸਾਥੀਆਂ ਤੋਂ ਵੀ ਮੁਆਫੀ ਮੰਗੀ।