ਸਕਾਈ ਟਰੇਨ ਤੇ ਸਥਾਨਕ ਪੁਲੀਸ ਦੀ ਯੋਜਨਾ ਸਰੀ ਦੇ ਮੇਅਰ ਲਈ ਵੱਡੀ ਚੁਣੌਤੀ…

ਸਕਾਈ ਟਰੇਨ ਤੇ ਸਥਾਨਕ ਪੁਲੀਸ ਦੀ ਯੋਜਨਾ ਸਰੀ ਦੇ ਮੇਅਰ ਲਈ ਵੱਡੀ ਚੁਣੌਤੀ…

ਸਰੀ ਦੇ ਨਵੇਂ ਮੇਅਰ ਮਿਸਟਰ ਡੱਗ ਮੈਕੱਲਮ ਨੇ ਸਰੀ ਸ਼ਹਿਰ ਦੀ ਮਿਊਸਪੈਲਟੀ ਦੀ ਸਹੁੰ ਚੁੱਕਕੇ ਮੇਅਰ ਦੀ ਕੁਰਸੀ ਸੰਭਾਲਦਿਆਂ ਹੀ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਦੀ ਪੂਰਤੀ ਲਈ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਜਨਾਬ ਕੁਝ ਨਾ ਕੁਝ ਕਰਨ ਦੇ, ਦਿਲੋਂ ਚਾਹਵਾਨ ਹਨ। ਉਨ੍ਹਾਂ ਨੇ ਆਪਣੀ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਹੀ ਸਰੀ ਵਿੱਚ ਐਲ.ਆਰ.ਟੀ. ਦੀ ਬਜਾਇ ਸਕਾਈਰੇਲ ਦੀ ਵਚਨਵੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਆਰ.ਸੀ.ਐਮ.ਪੀ. ਜਗ੍ਹਾ ਸਥਾਨਕ ਪੁਲਿਸ ਨੂੰ ਹੀ ਤਰਜੀਹ ਦੇਣਗੇ। ਫਰੀ ਪਾਰਕਿੰਗ ਦੀਆਂ ਸਹੂਲਤਾਂ ਨਾਲ ਵੀ ਸਰੀ ਦੇ ਨਾਗਰਿਕਾਂ ਨੂੰ ਨਿਵਾਜਿਆ ਜਾਵੇਗਾ। ਜੁਰਮਾਂ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਯਤਨ ਵੀ ਕਰਾਂਗੇ। ਮਿਸਟਰ ਡੱਗ ਲਈ ਇੱਕ ਗੱਲ ਹੋਰ ਵੀ ਵਧੀਆ ਰਹੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਨਾਬ ਜਸਟਿਨ ਟਰੂਡੋ ਦੇ ਨਾਲ ਤਾਜ਼ੀ ਮੀਟਿੰਗ। ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਡੱਗ ਤੇ ਉਨ੍ਹਾਂ ਦੀ ਟੀਮ ਨੂੰ ਨਾ ਸਿਰਫ਼ ਵਧਾਈ ਹੀ ਦਿੱਤੀ ਬਲਕਿ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਫੈਡਰਲ ਸਰਕਾਰ ਸਕਾਈਰੇਲ ਦੇ ਪ੍ਰੋਜੈਕਟ ਲਈ ਕੋਈ ਅੜਿਕਾ ਨਹੀਂ ਖੜ੍ਹਾ ਕਰੇਗੀ। ਕਿਉਂਕਿ ਸਰੀ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਉਹ ਉਸ ਦੀ ਕਦਰ ਕਰਦੇ ਹਨ। ਇਹ ਸਭ ਸਥਾਨਕ ਸਰਕਾਰਾਂ ਦਾ ਕੰਮ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਹੁਣ ਪ੍ਰਧਾਨ ਮੰਤਰੀ ਸਾਹਿਬ ਵੀ ਲੋਕਾਂ ਦੀ ਨਬਜ਼ ਸਮਝ ਰਹੇ ਹਨ। ਹਾਲਾਂਕਿ ਮਿ. ਡੱਗ ਦੇ ਵਿਰੋਧੀਆਂ ਨੇ ਇਸ ਸਕਾਈਟ੍ਰੇਨ ਦਾ ਪੂਰੇ ਜ਼ੋਰ ਸ਼ੋਰ ਨਾਲ ਵਿਰੋਧ ਕੀਤਾ ਸੀ ਕਿ ਜੇਕਰ ਐਲ.ਆਰ.ਟੀ. ਦਾ ਪ੍ਰੋਜੈਕਟ ਰੱਦ ਹੋ ਜਾਂਦਾ ਹੈ ਤਾਂ ਇਸ ਦੀ ਗ੍ਰਾਂਟ ਸਕਾਈ ਟਰੇਨ ਦੇ ਪ੍ਰੋਜੈਕਟਾਂ ‘ਚ ਤਬਦੀਲ ਨਹੀਂ ਹੋ ਪਾਏਗੀ। ਪਰ ਹੁਣ ਤਾਂ ਇਹ ਸਭ ਭੁਲੇਖੇ ਦੂਰ ਹੋ ਗਏ ਹਨ। ਵਿਰੋਧੀਆਂ ਦੀਆਂ ਗੱਲਾਂ ਸਿਰਫ਼ ਲਿਫਾਫੇ ਹੀ ਸਿੱਧ ਹੋਈਆਂ। ਬਾਕੀ ਐਲ.ਆਰ.ਟੀ. ਦਾ ਮਾਮਲਾ ਹੁਣ ਮੇਅਰਜ਼ ਦੀ ਕੌਂਸਲ ਵਿੱਚ ਵਿਚਾਰਿਆ ਜਾਵੇਗਾ। ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਐਲ.ਆਰ.ਟੀ. ਦਾ ਮਾਮਲਾ ਸਥਾਨਕ ਸਰਕਾਰ ਉੱਤੇ ਛੱਡਕੇ ਮਾਮਲਾ ਹੀ ਸਾਫ਼ ਕਰ ਦਿੱਤਾ ਹੈ। ਜਿਸ ਨਾਲ ਬਹੁਤੇ ਸਰੀ ਨਿਵਾਸੀ ਬਾਗ਼ੋ-ਬਾਗ ਵੀ ਹਨ । ਉਹ ਵੀ ਖੁਦ ਡੱਗ ਸਾਹਿਬ ਦੀ ਜਿੱਤ ਵਿੱਚ ਪੰਜਾਬੀਆਂ ਦੇ ਖਾਸ ਕਰਕੇ ਨਿਊਟਨ ਹਲਕੇ ਦੇ ਲੋਕਾਂ ਦੇ ਯੋਗਦਾਨ ਨੂੰ ਬਾਖੂਬੀ ਸਮਝ ਰਹੇ ਹਨ।
ਮਿਸਟਰ ਡੱਗ ਜਿਹੜੇ ਕਿ ਵੈਨਕੂਵਰ ਦੇ ਜੰਮਪਲ ਹਨ। 2003 ਵਿੱਚ ਸਰੀ ਦੇ ਕੌਂਸਲਰ ਬਣੇ ਸਨ। ਫਿਰ ਉਹ ਦੋ ਵਾਰ ਸ਼ਹਿਰ ਦੇ ਮੇਅਰ ਵੀ ਬਣੇ। ਹੁਣ ਉਹ ਤੀਜੀ ਵਾਰ ਸਰੀ ਦੇ ਮੇਅਰ ਬਣੇ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਰੰਗ ਵੇਖੇ। ਕਈ ਅਰੋਪਾਂ ਦਾ ਸਾਹਮਣਾ ਵੀ ਉਨ੍ਹਾਂ ਕੀਤਾ। ਪਰ ਕਮਾਲ ਦੀ ਗੱਲ ਉਹ ਆਪਣੀ ਧੁੰਨ ਤੇ ਡਟੇ ਰਹੇ। ਵਿਰੋਧੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਹ ਸਰੀ ਦੇ ਮੇਅਰ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਬਣੇ ਹਨ। ਮਿਸਟਰ ਟੌਮ ਗਿੱਲ ਜਿਹੜੇ ਉਨ੍ਹਾਂ ਦੇ ਮੁਕਾਬਲੇ ਵਿੱਚ ਪਹਿਲੀ ਵਾਰ ਪੰਜਾਬੀ ਹੋਣ ਨਾਤੇ ਮੁਕਾਬਲੇ ਵਿੱਚ ਖੜ੍ਹੇ ਸਨ ਉਹ ਨਾਂ ਨੂੰ ਤੀਜੇ ਸਥਾਨ ‘ਤੇ ਰਹਿਕੇ ਹੀ ਸਬਰ ਦਾ ਘੁੱਟ ਭਰਨਾ ਪਿਆ।
ਮਿਸਟਰ ਡੱਗ ਮੈਕੱਲਮ ਦੀ ਵਿਰੋਧੀ ਟੀਮ ਸਰੀ ਫਸਟ ਦੀ ਇੱਕ ਉਮੀਦਵਾਰ ਲਿੰਡਾ ਐਨਿਸ ਹੀ ਜਿੱਤੀ ਹੈ, ਉਨ੍ਹਾਂ ਨੇ ਵੀ ਮੇਅਰ ਦੇ ਨਾਲ ਤੁਰਨ ਦਾ ਪ੍ਰਗਟਾਵਾ ਕੀਤਾ ਹੈ। ਉਝ ਵੀ ਮਿਸਟਰ ਡੱਗ ਦੀ ਸੈਫ ਸਰੀ ਕੌਲੀਨਜ ਟੀਮ ਦੀ ਜਿੱਤ ਬਹੁਤ ਵੱਡੀ ਜਿੱਤ ਕਹੀ ਜਾ ਸਕਦੀ ਹੈ। ਭਾਵੇਂ ਸਥਾਨਕ ਪੁਲਿਸ ਨੂੰ ਲਿਆਉਣਾ, ਸਕਾਈ ਟ੍ਰੇਨ ਦਾ ਘੇਰਾ ਹੋਰ ਵੱਡਾ ਕਰਨਾ ਕੋਈ ਸੌਖੀਆਂ ਗੱਲਾਂ ਨਹੀਂ। ਪਰ ਮੇਅਰ ਸਾਹਿਬ ਦੀ ਦ੍ਰਿੜਤਾ ਦੀ ਕਦਰ ਕਰਨੀ ਬਣਦੀ ਹੈ। ਲੇਕਿਨ ਅਜੇ ਤਾਂ ਸਿਰਫ਼ ਸ਼ੁਰੂਆਤ ਹੀ ਆ।
”ਆਗੇ ਆਗੇ ਦੇਖੀਏ ਹੋਤਾ ਹੈ ਕਿਆ।”

-ਸੰਪਾਦਕ