Copyright © 2019 - ਪੰਜਾਬੀ ਹੇਰਿਟੇਜ
ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ‘ਚ ਚੱਲੀਆਂ ਗੋਲੀਆਂ, 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ‘ਚ ਚੱਲੀਆਂ ਗੋਲੀਆਂ, 12 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ‘ਚ ਕਾਲਜ ਵਿਦਿਆਰਥੀਆਂ ਨਾਲ ਭਰੇ ਕੰਟਰੀ ਮਿਊਜ਼ਿਕ ਬਾਰ ਵਿੱਚ ਇੱਕ ਕਾਲੇ ਰੰਗ ਦੇ ਕੱਪੜਿਆਂ ਵਿੱਚ ਪਹੁੰਚੇ ਬੰਦੂਕਧਾਰੀ ਵਲੋਂ ਕੀਤੀ ਗਈ ਫਾਇਰਿੰਗ ਵਿੱਚ 1 ਪੁਲਸ ਅਧਿਕਾਰੀ ਸਣੇ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਮੌਕੇ ਦੇ ਗਵਾਹਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਬਾਰ ਲਾਸ ਏਂਜਲਸ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ ਅਤੇ ਉਸਦੇ ਅੰਦਰ ਬੰਦੂਕਧਾਰੀ ਵੀ ਮਰਿਆ ਮਿਲਿਆ। ਸਾਫ ਨਹੀਂ ਹੋ ਸਕਿਆ ਕਿ ਹਮਲਾਵਰ ਨੂੰ ਅਧਿਕਾਰੀਆਂ ਨੇ ਮਾਰਿਆ ਹੈ ਜਾਂ ਉਸਨੇ ਆਪਣੇ ਖੁਦ ਨੂੰ ਗੋਲੀ ਮਾਰ ਲਈ। ਵੀਰਵਾਰ ਤੜਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ੇਰਿਫ ਨੇ ਕਿਹਾ ਕਿ ਘਟਨਾ ਵਿੱਚ ਕਈ ਹੋਰ ਲੋਕ ਵੀ ਜਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹਮਲੇ ਪਿੱਛੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਭਿਆਨਕ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਬੰਦੂਕਧਾਰੀ ਨੇ ਕਾਲਾ ਕੋਟ ਪਹਿਨਿਆ ਹੋਇਆ ਸੀ। ਬੁੱਧਵਾਰ ਰਾਤ ਨੂੰ ਤਕਰੀਬਨ 11: 20 ਮਿੰਟ ‘ਤੇ ਉਸਨੇ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਦੇ ਅੰਦਰ ਅੰਨ੍ਹਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਧੂੰਏਂ ਵਾਲੇ ਗ੍ਰੇਨੇਡ ਸੁੱਟੇ। ਵੇਂਟੂਰਾ ਕਾਉਂਟੀ ਸ਼ੇਰਿਫ ਜੇਫ ਡੀਨ ਨੇ ਦੱਸਿਆ,”ਉਥੋਂ ਦਾ ਦ੍ਰਿਸ਼ ਬਹੁਤ ਭਿਆਨਕ ਹੈ। ਚਾਰੇ ਪਾਸੇ ਖੂਨ-ਹੀ-ਖੂਨ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ, ”ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਇਸਦਾ ਅੱਤਵਾਦ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਸੱਚਾਈ ਸਭ ਦੇ ਸਾਹਮਣੇ ਆਵੇਗੀ।
ਉਨ੍ਹਾਂ ਨੇ ਕਿਹਾ, ”ਘਟਨਾ ਵਿੱਚ ਅਜਿਹਾ ਕੁੱਝ ਨਹੀਂ ਹੈ ਜਿਸਦੇ ਨਾਲ ਮੈਂ ਜਾਂ ਐਫ.ਬੀ.ਆਈ. ਇਹ ਮੰਨੇ ਕਿ ਇਸਦੇ ਤਾਰ ਅੱਤਵਾਦ ਨਾਲ ਜੁੜੇ ਹਨ। ਅਸੀਂ ਯਕੀਨੀ ਤੌਰ ‘ਤੇ ਇਸ ‘ਤੇ ਵੀ ਵਿਚਾਰ ਕਰਾਂਗੇ। ਡੀਨ ਨੇ ਕਿਹਾ ਕਿ ਮ੍ਰਿਤਕ ਪੁਲਸ ਅਧਿਕਾਰੀ ਦਾ ਨਾਮ ਇਰਾਨ ਹੀਲਸ ਸੀ ਅਤੇ ਉਹ 29 ਸਾਲ ਤੋਂ ਟੀਮ ਦਾ ਹਿੱਸਾ ਸੀ। ਘਟਨਾ ਵਾਲੀ ਥਾਂ ‘ਤੇ ਪੁੱਜਣ ਵਾਲੇ ਉਹ ਪਹਿਲੇ ਅਧਿਕਾਰੀ ਸਨ। ਡੀਨ ਨੇ ਦੱਸਿਆ,”ਉਨ੍ਹਾਂ ਨੇ 11 ਲੋਕਾਂ ਨੂੰ ਮਰਿਆ ਵੇਖਿਆ। ਹੀਲਸ ਦੀ ਮੌਤ ਨਾਲ ਇਹ ਗਿਣਤੀ ਵਧਕੇ 12 ਹੋ ਗਈ। ਇਨ੍ਹਾਂ ਵਿੱਚ ਹਮਲਾਵਰ ਸ਼ਾਮਿਲ ਨਹੀਂ ਹੈ।