ਅਮਰੀਕਾ ਦੀਆਂ ਮੱਧਕਾਲੀਨ ਚੋਣਾਂ ‘ਚ ਡੈਮੋਕਰੈਟਾਂ ਦੀ ਹੋਈ ਜਿੱਤ

ਅਮਰੀਕਾ ਦੀਆਂ ਮੱਧਕਾਲੀਨ ਚੋਣਾਂ ‘ਚ ਡੈਮੋਕਰੈਟਾਂ ਦੀ ਹੋਈ ਜਿੱਤ

ਡੋਨਾਲਡ ਟਰੰਪ ਨੇ ਮੱਧਕਾਲੀਨ ਚੋਣਾਂ ਨੂੰ ਆਪਣੀ ਸ਼ਾਨਦਾਰ ਜਿੱਤ ਕਰਾਰ ਦਿੱਤਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਹੋਈਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਆਪਣੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ ਪਰ ਇਸ ਦੌਰਾਨ ਹੀ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਵਿਚ ਜਿੱਤ ਹਾਸਲ ਕਰ ਲਈ ਹੈ ਪਰ ਬੇਹੱਦ ਫਸਵੀਆਂ ਚੋਣਾਂ ਵਿਚ ਸੱਤਾਧਾਰੀ ਰੀਪਬਲਿਕਨ ਪਾਰਟੀ ਨੇ ਉਪਰਲੇ ਸਦਨ ਵਿਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਸਿਆਟਲ ਵਾਸ਼ਿੰਗਟਨ ਤੋਂ ਪਿਛਲੇ ਸਾਲ (ਇੱਕ ਸਾਲ ਦੀ ਟਰਮ) ਜਿੱਤਣ ਵਾਲੇ ਪਹਿਲੇ ਸਿੱਖ ਸੈਨੇਟਰ ਬੀਬੀ ਮਨਕਾ ਢੀਂਗਰਾ ਜੀ ਹੁਣੇ ਹੋਈਆਂ ਚੋਣਾ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਫਿਰ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਵਿਚ ਕਾਮਯਾਬ ਹੋਏ ਹਨ । ਰਾਸ਼ਟਰਪਤੀ ਟਰੰਪ ਜਿਸ ਨੇ ਪਿਛਲੇ ਦੋ ਮਹੀਨੇ ਵਿਚ 30 ਦੇ ਕਰੀਬ ਰੈਲੀਆਂ ਕੀਤੀਆਂ ਹਨ, ਨੇ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਆਪਣੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਲਈ ਉਹ ਆਰਥਿਕ ਵਿਕਾਸ ਦਰ, ਮੁੱਢਲੇ ਢਾਂਚੇ, ਵਪਾਰ ਵਰਗੇ ਖੇਤਰਾਂ ਨੂੰ ਪੱਕੇ ਪੈਰੀਂ ਕਰਨ ਦੇ ਲਈ ਡੈਮੋਕਰੈਟਾਂ ਦੇ ਨਾਲ ਮਿਲ ਕੇ ਚੱਲਣ ਲਈ ਤਿਆਰ ਹਨ। ਡੈਮੋਕਰੈਟਾਂ ਨੇ ਪ੍ਰਤੀਨਿਧ
ਸਭਾ ਵਿਚ ਜਿੱਤ ਦਰਜ ਕਰਕੇ ਰੀਪਬਲਿਕਨਾਂ ਦਾ ਏਕਾ ਅਧਿਕਾਰ ਤੋੜ ਦਿੱਤਾ ਹੈ ਅਤੇ ਰਾਸ਼ਟਰਪਤੀ ਟਰੰਪ ਦੀਆਂ ਸ਼ਕਤੀਆਂ ਉੱਤੇ ਵੀ ਕੁੰਡਾ ਲਾ ਦਿੱਤਾ ਹੈ। ਪ੍ਰਤੀਨਿਧ ਸਭਾ ਦੇ ਵਿਚ ਡੈਮੋਕਰੈਟਾਂ ਨੇ 28 ਸੀਟਾਂ ਰਿਪਬਲਿਕਨਾਂ ਕੋਲੋਂ ਖੋਹ ਲਈਆਂ ਹਨ। ਪ੍ਰਤੀਨਿਧ ਸਭਾ ਵਿਚ ਰੀਪਬਲਿਕਨਾਂ ਕੋਲ 235 ਸੀਟਾਂ ਸਨ ਅਤੇ ਡੈਮੋਕਰੈਟਾਂ ਕੋਲ 193 ਸੀਟਾਂ ਸਨ।
ਭਾਰਤੀ ਭਾਈਚਾਰੇ ਦੇ ਨਾਲ ਸਬੰਧਤ ‘ਸਮੋਸਾ ਕੌਕਸ’ ਨਾਲ ਸਬੰਧਤ ਚਾਰ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜਯਾਪਾਲ, ਰੋਅ ਖੰਨਾ ਅਤੇ ਅਮੀ ਬੇਰਾ ਚੋਣ ਜਿੱਤ ਗਏ ਹਨ। ਨਵਾਂ ਚੁਣਿਆਂ ਸਦਨ ਨਵੇਂ ਸਾਲ ਵਿਚ ਜਨਵਰੀ ਤੋਂ ਕਿਰਿਆਸ਼ੀਲ ਹੋ ਜਾਵੇਗਾ। ਸੌ ਮੈਂਬਰੀ ਸੈਨੇਟ ਜਿੱਥੇ ਸੱਤਾਧਾਰੀ ਰਿਪਬਲਿਕਨ ਪਾਰਟੀ ਕੋਲ 51-49 ਦਾ ਬਹੁਮਤ ਹੀ ਸੀ, ਉਹ ਇਸ ਵਾਰ ਵੀ ਆਪਣਾ ਬਹੁਮਤ ਬਚਾਉਣ ਵਿਚ ਕਾਮਯਾਬ ਹੋ ਗਈ ਹੈ। ਇਸ ਵਾਰ 35 ਸੀਟਾਂ ਉੱਤੇ ਚੋਣ ਹੋਈ ਹੈ। ਤਾਜ਼ਾ ਨਤੀਜਿਆਂ ਅਨੁਸਾਰ ਰਿਪਬਲਿਕਨਾਂ ਕੋਲ 51 ਸੀਟਾਂ ਹਨ ਤੇ ਡੈਮੋਕਰੈਟਾਂ ਕੋਲ 46 ਸੀਟਾਂ ਹਨ। ਸਦਨ ਦੇ ਵਿਚ ਇਸ ਵਾਰ ਇੱਕ ਸੌ ਦੇ ਕਰੀਬ ਔਰਤ ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿਚੋਂ 28 ਔਰਤਾਂ ਸਦਨ ਦੇ ਵਿਚ ਪਹਿਲੀ ਵਾਰ ਜਿੱਤ ਕੇ ਆਈਆਂ ਹਨ।
ਵਾਈਟ ਹਾਊਸ ਵੱਲੋਂ ਸੀਐਨਐਨ ਦੇ ਪੱਤਰਕਾਰ ਦੀ ਮਾਨਤਾ ਰੱਦ
ਵਾਈਟ ਹਾਊਸ ਨੇ ਸੀਐਨਐਨ ਦੇ ਪੱਤਰਕਾਰ ਦੇ ਵਰਤਾਅ ਨੂੰ ਮਾੜਾ ਅਤੇ ਕਰੋਧ ਦੇ ਪ੍ਰਗਟਾਵੇ ਵਾਲਾ ਕਰਾਰ ਦਿੰਦਿਆਂ ਉਸਦੀ ਮਾਨਤਾ ਰੱਦ ਕਰ ਦਿੱਤੀ ਹੈ ਵਾਈਟ ਹਾਊਸ ਵਿਚ ਸੀਐਨਐਨ ਦੇ ਪੱਤਰਕਾਰ ਜਿਮ ਅਕੋਸਟਾ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਬਹਿਸ ਹੋ ਗਈ ਸੀ। ਸੀਐਨਐਨ ਨੇ ਇਸ ਫੈਸਲੇ ਨੂੰ ਜਮਹੂਰੀਅਤ ਲਈ ਖਤਰਾ ਕਰਾਰ ਦਿੱਤਾ ਹੈ।