ਰੋਜ਼ਮਰ੍ਹਾ ਦੀਆਂ ਗ਼ਲਤ ਆਦਤਾਂ ਹੀ ਬਣਦੀਆਂ ਹਨ ਦਰਦ ਦਾ ਕਾਰਨ

ਰੋਜ਼ਮਰ੍ਹਾ ਦੀਆਂ ਗ਼ਲਤ ਆਦਤਾਂ ਹੀ ਬਣਦੀਆਂ ਹਨ ਦਰਦ ਦਾ ਕਾਰਨ 

ਸਾਡੇ ਉੱਠਣ-ਬੈਠਣ, ਸੌਣ ਦੇ ਤਰੀਕੇ, ਮੋਬਾਈਲ ਸੁਣਨ ਦੇ ਤਰੀਕੇ, ਲਗਾਤਾਰ ਕੁਰਸੀ-ਮੇਜ਼ ‘ਤੇ ਕੰਮ ਕਰਨ ਨਾਲ, ਵਾਰ-ਵਾਰ ਹੇਠਾਂ ਝੁਕ ਕੇ ਸਾਮਾਨ ਚੁੱਕਣ ਨਾਲ, ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣ ਨਾਲ ਅਜਿਹੀਆਂ ਕਈ ਗ਼ਲਤ ਆਦਤਾਂ ਹਨ, ਜੋ ਸਾਡੇ ਦਰਦ ਦਾ ਕਾਰਨ ਬਣਦੀਆਂ ਹਨ। ਜੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਮਨਮਾਨੀ ਕਰਦੇ ਹਾਂ ਤਾਂ ਇਹ ਵੱਡੀ ਸਮੱਸਿਆ ਦਾ ਰੂਪ ਵੀ ਲੈ ਸਕਦੀਆਂ ਹਨ।
ਧੌਣ ਦੀ ਦਰਦ, ਪਿੱਠ ਦਰਦ, ਕਮਰ ਦਰਦ ਵਰਗੇ ਕਈ ਦਰਦ ਅੱਜ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਜੇ ਇਨ੍ਹਾਂ ਦਰਦਾਂ ਦੀ ਵਜ੍ਹਾ ‘ਤੇ ਧਿਆਨ ਦੇ ਕੇ ਸਮਾਂ ਰਹਿੰਦੇ ਸੁਧਾਰਿਆ ਜਾਵੇ ਤਾਂ ਅਸੀਂ ਕਾਫੀ ਹੱਦ ਤੱਕ ਇਨ੍ਹਾਂ ਸਮੱਸਿਆਵਾਂ ‘ਤੇ ਕਾਬੂ ਪਾ ਸਕਦੇ ਹਾਂ।
* ਥੋੜ੍ਹੀ ਦਰਦ ਦੇ ਕਾਰਨ ਆਪਣੀਆਂ ਰੋਜ਼ਾਨਾ ਸਰੀਰਕ ਗਤੀਵਿਧੀਆਂ ਨੂੰ ਨਾ ਤਿਆਗੋ, ਗਤੀਹੀਣਤਾ ਸਰੀਰ ਨੂੰ ਹੋਰ ਸਖ਼ਤ ਬਣਾ ਦੇਵੇਗੀ, ਦਰਦ ਵਿਚ ਵਾਧਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
* ਜ਼ਿਆਦਾ ਭਾਰ ਚੁੱਕਣ ਨਾਲ ਮੋਢਿਆਂ, ਕਮਰ ਦਾ ਦਰਦ ਵਧਦਾ ਹੈ, ਜ਼ਿਆਦਾ ਭਾਰ ਚੁੱਕਣ ਤੋਂ ਬਚੋ।
* ਕੋਈ ਵੀ ਸਾਮਾਨ ਝੁਕ ਕੇ ਚੁੱਕਣ ਤੋਂ ਪਹਿਲਾਂ ਆਪਣੇ ਪਾਸ਼ਚਰ ‘ਤੇ ਧਿਆਨ ਦਿਓ। ਗ਼ਲਤ ਪਾਸ਼ਚਰ ਵੀ ਤੁਹਾਡੀ ਤਕਲੀਫ ਨੂੰ ਵਧਾ ਦਿੰਦਾ ਹੈ।
* ਕੰਮ ਦੀ ਬਹੁਤਾਤ ਹੋਣ ‘ਤੇ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖੋ। ਖਾਲੀ ਚਾਹ-ਕੌਫੀ ‘ਤੇ ਹੀ ਨਿਰਭਰ ਨਾ ਰਹੋ। ਪੋਸ਼ਟਿਕ ਆਹਾਰ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬਿਨਾਂ ਖਾਧੇ-ਪੀਤੇ ਲਗਾਤਾਰ ਕੰਮ ਕਰਨ ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ।
* ਲਗਾਤਾਰ ਕੰਮ ਕਰਦੇ ਸਮੇਂ ਵੀ ਆਪਣੇ ਪਾਸ਼ਚਰ ‘ਤੇ ਪੂਰਾ ਧਿਆਨ ਦਿਓ।
* ਜ਼ਿਆਦਾ ਸਮੇਂ ਤੱਕ ਬੈਠ ਕੇ ਕੰਮ ਕਰਨ ਦੀ ਆਦਤ ਨੂੰ ਬਦਲੋ। ਕੁਝ ਦੇਰ ਬਾਅਦ ਆਪਣੀ ਸੀਟ ਛੱਡ ਕੇ ਥੋੜ੍ਹਾ ਵਾਸ਼ਰੂਮ ਤੱਕ ਚੱਕਰ ਲਗਾ ਆਓ, ਤਾਂ ਕਿ ਲੱਤਾਂ ਵਿਚ ਕਿਰਿਆਸ਼ੀਲਤਾ ਬਣੀ ਰਹੇ ਅਤੇ ਕਮਰ ਦੀ ਕਿਰਿਆਸ਼ੀਲ ਬਣੀ ਰਹੇ।

* ਮਾਹਿਰਾਂ ਅਨੁਸਾਰ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਸਾਡੀ ਰੀੜ੍ਹ ਪ੍ਰਭਾਵਿਤ ਹੁੰਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖੋ।
* ਤੁਹਾਡੇ ਗੱਦੇ ਵੀ ਤੁਹਾਡੀ ਕਮਰ ਦਰਦ ਦਾ ਕਾਰਨ ਹੋ ਸਕਦੇ ਹਨ। ਆਪਣੇ ਗੱਦਿਆਂ ਨੂੰ 7 ਸਾਲ ਦੇ ਫਰਕ ਨਾਲ ਬਦਲ ਦਿਓ। ਘਸੇ ਹੋਏ ਪੁਰਾਣੇ ਗੱਦੇ ਕਮਰ ਨੂੰ ਪੂਰੀ ਸਪੋਰਟ ਨਹੀਂ ਦਿੰਦੇ। ਜ਼ਿਆਦਾ ਨਰਮ ਜਾਂ ਜ਼ਿਆਦਾ ਸਖ਼ਤ ਗੱਦੇ ਨਾ ਲਓ।
* ਲਗਾਤਾਰ ਉੱਚੀ ਅੱਡੀ ਪਹਿਨਣਾ ਪਿੱਠ, ਕਮਰ, ਲੱਤਾਂ, ਗੋਡਿਆਂ ਅਤੇ ਪੈਰਾਂ ਵਿਚ ਵੀ ਦਰਦ ਦਾ ਕਾਰਨ ਬਣ ਸਕਦਾ ਹੈ। ਬਿਹਤਰ ਹੋਵੇਗਾ ਵੇਜਹੀਲ, ਘੱਟ ਹੀਲ ਜਾਂ ਫਲੈਟ ਪਹਿਨੋ, ਤਾਂ ਕਿ ਪੈਰਾਂ ਨੂੰ ਚੱਲਣ-ਬੈਠਣ ਵਿਚ ਸਕੂਨ ਮਿਲੇ।
* ਤਣਾਅ ਅਤੇ ਕੁੜਨ ਵੀ ਸਰੀਰ ਦੇ ਹਿੱਸਿਆਂ ਵਿਚ ਦਰਦ ਦਾ ਕਾਰਨ ਬਣਦੇ ਹਨ। ਆਪਣੀਆਂ ਇਨ੍ਹਾਂ ਆਦਤਾਂ ਨੂੰ ਸਮਾਂ ਰਹਿੰਦੇ ਬਦਲੋ। ਮਨ ਵਿਚ ਦੂਜਿਆਂ ਦੇ ਪ੍ਰਤੀ ਗ਼ਲਤ ਧਾਰਨਾਵਾਂ ਨਾ ਪਾਲੋ, ਜੱਜ ਨਾ ਬਣੋ, ਪੂਰਵਾਗ੍ਰਹਾਂ ਤੋਂ

ਦੂਰੀ ਰੱਖ ਕੇ ਖੁਦ ਵਿਚ ਸੁਧਾਰ ਲਿਆਓ।
* ਕਸਰਤ ਨਿਯਮਤ ਕਰਦੇ ਰਹੋ। ਸਰੀਰਕ ਸਰਗਰਮੀ ਸਰੀਰ ਵਿਚ ਹੋ ਰਹੀਆਂ ਦਰਦਾਂ ਤੋਂ ਤੁਹਾਨੂੰ ਦੂਰ ਰੱਖਣ ਵਿਚ ਮਦਦ ਕਰਦੀ ਹੈ। ਆਪਣੀ ਪਸੰਦ ਦੀ ਕਿਸੇ ਵੀ ਕਸਰਤ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਜ਼ਰੂਰੀ ਹਿੱਸਾ ਬਣਾਓ।
* ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖੋ।
* ਸਾਬਤ ਅਨਾਜ, ਦੁੱਧ, ਮੇਵੇ, ਤਾਜ਼ੇ ਫਲ ਅਤੇ ਸਬਜ਼ੀਆਂ ਸਾਨੂੰ ਪੋਸ਼ਟਿਕਤਾ ਦਿੰਦੀਆਂ ਹਨ, ਇਨ੍ਹਾਂ ਦਾ ਸੇਵਨ ਨਿਯਮਤ ਕਰੋ।
* ਪੋਸ਼ਟਿਕ ਆਹਾਰ ਨਾਲ ਖੂਨ ਸੰਚਾਰ ਸੰਤੁਲਤ ਰਹਿੰਦਾ ਹੈ, ਜਿਸ ਨਾਲ ਅਸੀਂ ਦਰਦ, ਸੋਜ਼ ਆਦਿ ਤੋਂ ਦੂਰ ਰਹਿੰਦੇ ਹਾਂ।

– ਨੀਤੂ ਗੁਪਤਾ