ਰੁਝਾਨ ਖ਼ਬਰਾਂ
ਮੀ ਟੂ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿੱਥੋ ਤੱਕ ਸਹੀ ?

ਮੀ ਟੂ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿੱਥੋ ਤੱਕ ਸਹੀ ?

‘ਮੀ ਟੂ’ ਦੋ ਧਾਰੀ ਤਲਵਾਰ ਹੈ। ਜੇਕਰ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਸਤਰੀ ਲਈ ਵਰਦਾਨ ਸਾਬਤ ਹੋਵੇਗੀ ਪ੍ਰੰਤੂ ਜੇਕਰ ਇਸਦਾ ਗ਼ਲਤ ਇਸਤੇਮਾਲ ਹੋ ਗਿਆ ਤਾਂ ਆਦਮੀ ਲਈ ਇਸ ਤੋਂ ਵੱਧ ਕੋਈ ਹਥਿਆਰ ਖ਼ਤਰਨਾਕ ਨਹੀਂ ਹੋ ਸਕਦਾ। ਇਹ ਇੱਜ਼ਤ ਦਾ ਪਹਿਰੇਦਾਰ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਸਾਬਤ ਹੋ ਸਕਦਾ ਹੈ। ਮੀ ਟੂ ਇਸਤਰੀਆਂ ਦੇ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦਾ ਹੈ। ਇਹ ਅੱਜ ਕਲ੍ਹ ਖੁੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸਤਰੀਆਂ ਦਾ ਮਾਨਸਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ। ‘ਮੀ ਟੂ’ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਪ੍ਰਗਟਾਉਣ ਲਈ ਦਿੱਤਾ ਗਿਆ ਨਾਂ ਹੈ। ਇਸਦੀ ਪਹਿਲੀ ਵਾਰ ਵਰਤੋਂ 2006 ਵਿਚ ਅਮਰੀਕਾ ਦੀ ਸਮਾਜ ਸੇਵਿਕਾ ਨੇ ਕੀਤੀ ਸੀ। 2017 ਵਿਚ ਅਮਰੀਕਾ ਦੀ ਇੱਕ ਫਿਲਮ ਐਕਟਰੈਸ ਨੇ ਇੱਕ ਫਿਲਮ ਡਾਇਰੈਕਟਰ ਵੱਲੋਂ ਉਸ ਨਾਲ ਮਾੜਾ ਵਿਵਹਾਰ ਕਰਨ ਲਈ ‘ਮੀ ਟੂ’ ਸ਼ਬਦ ਦੀ ਵਰਤੋਂ ਕੀਤੀ ਸੀ। ਭਾਰਤ ਵਿਚ ਵੀ ਇੱਕ ਐਕਟਰੈੱਸ ਤਨੂ ਸ੍ਰੀ ਦੱਤਾ ਨੇ 2008 ਵਿਚ ਨਾਨਾ ਪਾਟੇਕਰ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਨੂੰ ਗ਼ਲਤ ਢੰਗ ਨਾਲ ਛੂਹਣ ਕਰਕੇ 10 ਸਾਲ ਬਾਅਦ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਤਾਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਵਿਅਕਤੀ ਉੱਪਰ ਇਲਜ਼ਾਮ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਹੁਣ ਤੱਕ ਦਸ ਮਹੱਤਵਪੂਰਨ ਵਿਅਕਤੀਆਂ ਉੱਪਰ ਫਿਲਮ ਅਭੀਨੇਤਰੀਆਂ, ਮਾਡਲਾਂ ਅਤੇ ਪੱਤਰਕਾਰਾਂ ਨੇ ‘ਮੀ ਟੂ’ ਰਾਹੀਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਦਿੱਤੇ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪੈ ਗਏ ਹਨ। ਪੰਜਾਬ ਦੇ ਇਕ ਮੰਤਰੀ ਉੱਪਰ ‘ਮੀ ਟੂ’ ਦੀ ਤਲਵਾਰ ਲਟਕ ਰਹੀ ਹੈ। ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਹੁਤ ਸਾਰੇ ਧਮਾਕੇ ਪੈਣਗੇ ਕਿਉਂਕਿ ਬਿਨਾਂ ਸਬੂਤਾਂ ਦੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ।
ਹੁਣ ਵੱਡੇ ਵਿਅਕਤੀਆਂ ਦੀ ਖ਼ੈਰ ਨਹੀਂ। ਉਨ੍ਹਾਂ ਨੂੰ ਕਿਸੇ ਵੀ ਸਮੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਉੱਪਰ ਲਗਪਗ 20 ਇਸਤਰੀਆਂ ਨੇ ‘ਮੀ ਟੂ’ ਰਾਹੀਂ ਇਲਜ਼ਾਮ ਲਗਾਏ ਹਨ, ਜਿਸ ਕਰਕੇ ਉਸ ਨੂੰ ਅਸਤੀਫਾ ਦੇਣਾ ਪਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮਾਂ ਦੀ ਭਰੋਸੇਯੋਗਤਾ ਉੱਤੇ ਕਿੱਥੋਂ ਤੱਕ ਯਕੀਨ ਕੀਤਾ ਜਾ ਸਕਦਾ ਹੈ? ਇਹ ਤਾਂ ਗੱਲ ਪੱਕੀ ਹੈ ਕਿ ਭਵਿੱਖ ਵਿਚ ਇਸਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਲੋਕਾਂ ਵਿਚ ਡਰ ਪੈਦਾ ਹੋ ਜਾਵੇਗਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਕਦੀ ਵੀ ਭਾਂਡਾ ਭੰਨਿਆ ਜਾ ਸਕਦਾ ਹੈ। ਵਕਤੀ ਤੌਰ ‘ਤੇ ਤਾਂ ਪ੍ਰਭਾਵਸ਼ਾਲੀ ਵਿਅਕਤੀ ਆਪਣਾ ਅਸਰ ਰਸੂਖ਼ ਵਰਤਕੇ ਇਸਤਰੀਆਂ/ਲੜਕੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਸਨ ਪ੍ਰੰਤੂ ਹੁਣ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੜਕੀਆਂ ਦੇ ਪੜ੍ਹ ਲਿਖ ਜਾਣ ਨਾਲ ਜਾਗ੍ਰਤੀ ਆ ਗਈ ਹੈ। ਦਫਤਰਾਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਸਭ ਤੋਂ ਵੱਧ ਇਸ ਪੀੜਾ ਦਾ ਸੇਕ ਸਹਿ ਰਹੀਆਂ ਹਨ।
ਕਾਨੂੰਨੀ ਨੁਕਤੇ ਤੋਂ ਵੀ ਵੇਖਣਾ ਪਵੇਗਾ, ਨਿਰਾ ਅਖ਼ਬਾਰਾਂ ਵਿਚ ਬਿਆਨ ਦੇਣ, ਟਵੀਟ ਕਰਨ ਜਾਂ ਸੋਸ਼ਲ ਮੀਡੀਆ ‘ਤੇ ਪਾਉਣ ਨਾਲ ਤਾਂ ਨਹੀਂ ਸਰਨਾ, ਕੋਈ ਸਬੂਤ ਦੇਣੇ ਪੈਣਗੇ। ਜਦੋਂ ਕੋਈ ਵੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸਦੀ ਐੱਫ ਆਈ ਆਰ ਪਹਿਲਾਂ ਦਰਜ ਹੁੰਦੀ ਹੈ। ਫਿਰ ਉਸਦੀ ਪੜਤਾਲ ਕਰਕੇ ਚਲਾਣ ਪੇਸ਼ ਕੀਤਾ ਜਾਂਦਾ ਹੈ। ਅੰਤਮ ਫੈਸਲਾ ਕਚਹਿਰੀ ਦੇ ਹੱਥ ਹੁੰਦਾ ਹੈ। ਚਲਾਣ ਪੇਸ਼ ਕਰਨ ਲਈ ਸਬੂਤਾਂ ਦੀ ਲੋੜ ਹੁੰਦੀ ਹੈ। ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ
ਵਿਚ ਇਸਤਰੀਆਂ/ਲੜਕੀਆਂ ਅਜਿਹੀਆਂ ਹਰਕਤਾਂ ਬਾਰੇ ਸਾਹਮਣੇ ਆਉਣ ਲਈ ਤਿਆਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਤਾਂ ਬਦਨਾਮੀ ਦੇ ਡਰ ਕਰਕੇ ਉਹ ਆਪਣੇ ਉੱਪਰ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਬੋਲਦੀਆਂ ਹੀ ਨਹੀਂ ਸਨ। ਇੰਜ ਵੀ ਸ਼ਹਿਰੀ ਖੇਤਰਾਂ ਦੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਹੀ ਦੱਸ ਰਹੀਆਂ ਹਨ।
ਜੁਗਾਂ ਜੁਗਾਂਤਰਾਂ ਤੋਂ ਇਸਤਰੀਆਂ ਨਾਲ ਅਨਿਆਂ ਹੁੰਦਾ ਆ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਸਤਰੀਆਂ ਦੇ ਹੱਕ ਵਿਚ ਬੋਲਣਾ ਪਿਆ ਸੀ ਕਿਉਂਕਿ ਸਾਡੇ ਸਮਾਜ ਵਿਚ ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਰਿਹਾ ਹੈ। ਅਜੇ ਤੱਕ ਵੀ ਇਸਤਰੀਆਂ ਨੂੰ ਕਈ ਧਾਰਮਿਕ ਸਥਾਨਾਂ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ। ਲੜਕੀਆਂ ਦੀ ਪੜ੍ਹਾਈ ਦਾ ਨਤੀਜਾ ਹੈ ਕਿ ਉਹ ਦਲੇਰ ਹੋ ਗਈਆਂ ਹਨ। ਬਰਾਬਰ ਦੇ ਹੱਕ ਲੈਣ ਲਈ ਇਸਤਰੀਆਂ ਦੀ ਦਲੇਰੀ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਵੀ ਵੇਖਣਾ ਪਵੇਗਾ ਕਿ ਇਸ ਦਲੇਰੀ ਅਤੇ ਅਜ਼ਾਦੀ ਨੂੰ ਨਜ਼ਾਇਜ ਨਾ ਵਰਤਿਆ ਜਾਵੇ। ਇਹ ‘ਮੀ ਟੂ’ ਦਾ ਪ੍ਰਭਾਵ ਬਹੁਤਾ ਉੱਚ ਅਹੁਦਿਆਂ ਉੱਪਰ ਬੈਠੇ ਲੋਕਾਂ ‘ਤੇ ਪਵੇਗਾ ਕਿਉਂਕਿ ਅਜਿਹੇ ਇਲਜ਼ਾਮ ਲੱਗਣ ‘ਤੇ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਦੇ ਅਕਸ ‘ਤੇ ਪ੍ਰਭਾਵ ਪੈਂਦਾ ਹੈ। ਸਿਆਸੀ ਲੋਕ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਆਪਣੇ ਸਿਆਸੀ ਵਿਰੋਧੀਆਂ ਨਾਲ ਆਪਣੀਆਂ ਦੁਸ਼ਮਣੀਆਂ ਕੱਢਕੇ ਸਿਆਸੀ ਰੋਟੀਆਂ ਸੇਕਣਗੇ।
ਪਿੱਛੇ ਜਿਹੇ ਅਕਾਲੀ ਦਲ ਦੇ ਇਕ ਮਾਝੇ ਦੇ ਨੇਤਾ ਉੱਪਰ ਦੋਸ਼ ਲੱਗੇ ਸਨ, ਉਸਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਪ੍ਰੰਤੂ ਦੋਸ਼ ਲਾਉਣ ਵਾਲੀ ਇਸਤਰੀ ਕਚਹਿਰੀ ਵਿਚ ਬਿਆਨ ਦੇਣ ਸਮੇਂ ਮੁੱਕਰ ਗਈ। ਭਾਵੇਂ ਉਹ ਕੇਸ ਵਿੱਚੋਂ ਬਰੀ ਹੋ ਗਿਆ ਪ੍ਰੰਤੂ ਜਿਹੜੀ ਬਦਨਾਮੀ ਉਸਦੀ ਅਤੇ ਉਸ ਔਰਤ ਦੀ ਹੋ ਗਈ, ਉਸਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਕਿ ਇਲਜ਼ਾਮ ਲਾਉਣ ਵਾਲਾ ਜੇਕਰ ਆਪਣੇ ਬਿਆਨਾਂ ਤੋਂ ਮੁੱਕਰੇ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਜੇਕਰ ਇਲਜ਼ਾਮ ਝੂਠੇ ਸਾਬਤ ਹੋ ਜਾਣ ਤਾਂ ਵੀ ਸਜ਼ਾ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਸ਼ਹਿਰਾਂ ਦੀਆਂ ਇਸਤਰੀਆਂ ਦੇ ਅੱਗੇ ਆਉਣ ਨਾਲ ਪਿੰਡਾਂ ਦੀਆਂ ਇਸਤਰੀਆਂ ਨੂੰ ਵੀ ਆਪਣੇ ਉੱਪਰ ਹੋ ਰਹੀਆਂ ਅਜਿਹੀਆਂ ਹਰਕਤਾਂ ਦਾ ਪਰਦਾ ਫਾਸ਼ ਕਰਨ ਦਾ ਉਤਸ਼ਾਹ ਮਿਲੇਗਾ ਕਿਉਂਕਿ ਸਭ ਨਾਲੋਂ ਜ਼ਿਆਦਾ ਉਹੀ ਜ਼ੁਲਮ ਭੁਗਤ ਰਹੀਆਂ ਹਨ। ਸਾਡੇ ਸਮਾਜ ਵਿਚ ਬਦਨਾਮੀ ਇਸਤਰੀ ਦੇ ਗਲ ਮੜ੍ਹੀ ਜਾਂਦੀ ਹੈ। ਆਦਮੀ ਭਾਵੇਂ ਕਿੰਨਾ ਵੀ ਗ਼ਲਤ ਕੰਮ ਕਰ ਲਵੇ, ਉਸ ਨੂੰ ਗ਼ਲਤ ਨਹੀਂ ਸਮਝਿਆ ਜਾਂਦਾ, ਹਾਲਾਂ ਕਿ ਕਸੂਰ ਦੋਹਾਂ ਦਾ ਬਰਾਬਰ ਹੁੰਦਾ ਹੈ।
‘ਮੀ ਟੂ’ ਅਧੀਨ ਪ੍ਰਗਟਾਵਾ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਹੀ ਕਰ ਰਹੀਆਂ ਹਨ। ਸਰਕਾਰੀ ਖੇਤਰ ਵਿੱਚੋਂ ਵੀ ਅਜਿਹੇ ਕੇਸ ਆਉਣਗੇ। ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ਬੱਝੀ ਹੈ। ਇਸਦਾ ਕੰਮ ਕਾਰ ‘ਤੇ ਵੀ ਅਸਰ ਪਵੇਗਾ ਕਿਉਂਕਿ ਇੱਥੇ ਵੀ ਡਰ ਅਧੀਨ ਲੜਕੀਆਂ ਨੂੰ ਕੰਮ ਕਾਰ ਲਈ ਕਹਿਣ ਤੋਂ ਵੀ ਝਿਜਕ ਰਹੇਗੀ। ਅਜੇ ਘਰਾਂ ਵਿਚ ਲੜਕੀਆਂ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਉਸ ਬਾਰੇ ਨਿੱਖਰਕੇ ਕੋਈ ਲੜਕੀ ਅੱਗੇ ਨਹੀਂ ਆਈ। ਸਭ ਤੋਂ ਜ਼ਿਆਦਾ ਸ਼ੋਸ਼ਣ ਤਾਂ ਘਰਾਂ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੋ ਰਿਹਾ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰਕਾਰਤਾ ਅਜਿਹਾ ਖੇਤਰ ਹੈ, ਜਿਸਨੇ ਕਿਸੇ ਕਿਸਮ ਦੇ ਵੀ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਨਾ ਹੁੰਦਾ ਹੈ, ਉਸ ਵਿਚ ਹੀ ਸੀਨੀਅਰ ਪੱਤਰਕਾਰਾਂ ਬਾਰੇ ਸਨਸਨੀਖੇਜ਼ ਖੁਲਾਸੇ ਹੋਏ ਹਨ। ਜੇਕਰ ਉਹ ਦੋਸ਼ ਸੱਚੇ ਸਾਬਤ ਹਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ। ਵੱਡੀ ਉਮਰ ਦੇ ਵਿਅਕਤੀਆਂ ਵੱਲੋਂ ਸ਼ੋਸ਼ਣ ਬਾਰੇ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਕੁਝ ਵੀ ਹੋਵੇ ਹਰ ਗੱਲ ਦੇ ਲਾਭ ਅਤੇ ਹਾਨੀ ਦੇ ਦੋਵੇਂ ਪਹਿਲੂ ਹੁੰਦੇ ਹਨ। ‘ਮੀ ਟੂ’ ਦਾ ਜਿੱਥੇ ਸਭ ਤੋਂ ਵੱਧ ਲਾਭ ਇਸਤਰੀਆਂ/ ਲੜਕੀਆਂ ਨੂੰ ਹੋਵੇਗਾ, ਉੱਥੇ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਬਿਨਾਂ ਤੱਥਾਂ ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਕਾਨੂੰਨੀ ਪੱਖ ਤਾਂ ਅਜੇ ਸਪਸ਼ਟ ਨਹੀਂ ਹੋਇਆ ਪ੍ਰੰਤੂ ਇਸਤਰੀਆਂ/ ਲੜਕੀਆਂ ਲਈ ਚੰਗਾ ਸਮਾਂ ਆਉਣ ਦੇ ਸੰਕੇਤ ਸਾਹਮਣੇ ਆ ਗਏ ਹਨ। ਵੇਖੋ ਊਠ ਕਿਸ ਕਰਵਟ ਬੈਠਦਾ ਹੈ

-ਉਜਾਗਰ ਸਿੰਘ