ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ, ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ

ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ, ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ

ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਊੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ…
ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ‘ਚ ਤਾਂ ਕੁੱਕੜ ਹੁੰਦਾ, ਮੁਰਗਾ ਤਾਂ ਹਿੰਦੀ ਚ ਕਹਿੰਦੇ ਆ…
ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ ‘ਤੀਰ ਕਮਾਨ’ ਹੁੰਦਾ… ਧਨੁੱਸ਼ ਤਾਂ ਹਿੰਦੀ ‘ਚ ਕਹਿੰਦੇ
ਰੂਸ ‘ਚ ਜੇ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਕਿ ‘ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ..”
ਅਸੀਂ ਆਪਣੇ ਆਪ ਨੂੰ Modern ਕਹਾਉਣ ਦੇ ਚੱਕਰ ‘ਚ ਮਾਂ ਬੋਲੀ ਭੁੱਲੀ ਜਾ ਰਹੇ…
ਪੰਜਾਬੀ ਦੇ ‘ਭੈਣ’ ਦੀ ਥਾਂ ਬੰਗਾਲੀ ਦਾ ‘ਦੀਦੀ’ ਚੱਕੀ ਫਿਰਦੇ…ਉਹ ਵੀ ਹੁਣ ਹੁਣ ‘ਦੀ’ ਰਹਿ ਗਿਆ…ਧੀ-ਪੁੱਤ ਦੀ ਥਾਂ ਬੇਟਾ-ਬੇਟੀ ਨੂੰ ਪ੍ਰਧਾਨ ਕੀਤਾ ਹੋਇਆ…
ਸਤਿ ਸ੍ਰੀ ਅਕਾਲ ਨੂੰ ਵੀ ਅਸੀਂ ਬੱਸ SSA ਜੋਗਾ ਕਰਤਾ…ਜਿਦਾਂ ਪੂਰਾ ਬੋਲਣ ਤੇ ਟੈਕਸ ਪੈਂਦਾ (ਹਾਲਾਂਕਿ ਇਹ ਸਤਿ ਸ੍ਰੀ ਅਕਾਲ ਉਸ ਅਕਾਲ ਦੀ ਸਦੀਵੀ ਹੋਂਦ ਨੂੰ ਪ੍ਰਗਟ ਕਰਦਾ ਹੈ)
ਸਾਡੇ ਪੰਜਾਬੀ ਦੇ ਅੱਖਰ ਘੱਟ ਵੀ ਹੋ ਰਹੇ ਤੇ ਛੋਟੇ ਵੀ…
….ਪਰ ਇਹ ਬਾਬੇ ਨਾਨਕ ਦੀ ਬੋਲੀ ਆ, ਬਾਬੇ ਫ਼ਰੀਦ ਦੀ ਬੋਲੀ ਆ,ਇਹਨੂੰ ਬੁੱਲੇ ਸ਼ਾਹ ਨੇ ਸਾਜਿਆ, ਇਹਨੂੰ ਅਫ਼ਜ਼ਲ ਅਹਿਸਾਨ ਰੰਧਾਵੇ ਨੇ ਪਿਆਰ ਕੀਤਾ, ਇਹਨੂੰ ਭਾਈ ਵੀਰ ਸਿੰਘ ਨੇ ਪ੍ਰਵਾਨ ਚੜਾਇਆ….
ਇਹਨੂੰ ਸਾਡੀਆਂ ਨਾਨੀਆਂ-ਦਾਦੀਆਂ ਨੇ ਬਾਤਾਂ ਦੇ ਰੂਪ ਵਿੱਚ ਸਾਡੇ ਖੂੰਨ ਵਿੱਚ ਪਰੋਇਆ ਹੋਇਆ…ਇਹ ਨੀਂ ਭੁੱਲ ਸਕਦੀ…ਕਦੇ ਵੀ ਨੀਂ…

ਰਹਾਂ ਪੰਜਾਬ ‘ਚ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ…
ਮੈਂ ਪੰਜਾਬੀ ਪੰਜਾਬ ਦਾ ‘ਸ਼ਰਫ’ ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ…

ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ ।
ਕਿਸਰਾਂ ਆਖਾਂ ਮਾਂ ਬੋਲੀ ਦੇ ‘ਬਰਖ਼ੁਦਾਰ’ ਪੰਜਾਬੀ ਨੇ ।

ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।

ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ ।

ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ ।

ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ ।

ਖ਼ਵਾਜਾ ‘ਫ਼ਰੀਦ’, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।

ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
‘ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।
ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇ,
ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇ!
ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!

ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇ,
ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇ!
ਧਰੇਕ, ਲਸੂੜਾ ਤੇ ਧਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!

ਹੁੰਦੀ ਕੀ ਸਲੰਘ ਤੇ ਸਲਾਂਭਾ ਕੀਹਨੂੰ ਕਹਿੰਦੇ ਨੇ,
ਵਡਿਆਈ ਕੀ ਹੁੰਦੀ ਤੇ ਉਲਾਂਭਾ ਕੀਹਨੂੰ ਕਹਿੰਦੇ ਨੇ!
ਨ੍ਹੇਰਣਾਂ, ਗੰਧੂਈ ਤੇ ਜੰਮੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!

ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ ਕਹਿੰਦੇ ਨੇ,
ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇ!
ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ,
ਏਹੇ ਬੱਚਿਆੰ ਨੂੰ ਲਫ਼ਜ ਜਰੂਰ ਦੱਸਿਓ!

ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ ਨੇ,
ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ!
ਹੁੰਦਾ ਕੀ ਤਿਓ ਅਤੇ ਘੂਰ ਦੱਸਿਓ, ਦਾਦੇ, ਨਾਨਕੇ,
ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ……………….

ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ………………..

ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ………
ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ
ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ , ਮੜ੍ਹਕ ਦੱਸਿਓ
ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ ‘ਚ ਰਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ………….
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ……………

ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ
ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ
ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ……………….

ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ
ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ
”ਪੇਂਡੂਆ” ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ…..!
ਦੇਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ?