ਮਾਂ ਦਾ ਖਜ਼ਾਨਾ ਹੈ ਸੁਪਿੰਦਰ ਰਾਣਾ ਦੀ ਕਿਤਾਬ ‘ਬੇਬੇ ਦਾ ਸੰਦੂਕ’

ਮਾਂ ਦਾ ਖਜ਼ਾਨਾ ਹੈ ਸੁਪਿੰਦਰ ਰਾਣਾ ਦੀ ਕਿਤਾਬ ‘ਬੇਬੇ ਦਾ ਸੰਦੂਕ’

ਪੰਜਾਬੀ ਦਾ ਇਕ ਚਰਚਿਤ ਲੇਖਕ ਹੈ ਡਾ. ਹਰਚੰਦ ਸਿੰਘ ਸਰਹਿੰਦੀ, ਸਰਹੰਦ, ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ। ਮੂਲ ਰੂਪ ਵਿਚ ਉਹ ਪਸ਼ੂ ਹਸਪਤਾਲ ਦਾ ਡਾਕਟਰ ਸੀ ਪਰ ਉਸ ਨੂੰ ਚੜ੍ਹਦੀ ਉਮਰੇ ਸਾਹਿਤ ਦੀ ਚੇਟਕ ਲੱਗ ਗਈ। ਉਸ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੀਆਂ ਵੱਖ-ਵੱਖ ਰਚਨਾਵਾਂ ਬਾਰੇ ‘ਸੰਪਾਦਕ ਦੀ ਡਾਕ’ ਵਿਚ ਆਪਣੀ ਲਿਖਤੀ ਪ੍ਰਤੀਕਿਰਿਆ ਦੇਣੀ ਸ਼ੁਰੂ ਕੀਤੀ। ਲਗਾਤਾਰ ਛਪਦੀਆਂ ਚਿੱਠੀਆਂ ਨੇ ਉਸ ਨੂੰ ਸਾਹਿਤ ਲਿਖਣ ਵਾਲੇ ਪਾਸੇ ਲਾ ਦਿੱਤਾ ਅਤੇ ਅੱਜ ਉਹਦੇ ਨਾਂ ਕਈ ਕਿਤਾਬਾਂ ਹਨ। ਉਹ ਸਾਹਿਤਕ ਸਮਾਗਮਾਂ ਵਿਚ ਇਹ ਗੱਲ ਬੜੇ ਮਾਣ ਨਾਲ ਆਖਦਾ ਸੀ ਕਿ ਮੈਨੂੰ ਚਿੱਠੀਆਂ ਨੇ ਲੇਖਕ ਬਣਾ ਦਿੱਤਾ ਹੈ।
ਕੁੱਝ ਇਹੋ ਜਿਹੀ ਧਾਰਨਾ ਸੁਪਿੰਦਰ ਸਿੰਘ ਰਾਣਾ ‘ਤੇ ਲਾਗੂ ਹੁੰਦੀ ਹੈ। ਉਹ ਪੰਜਾਬੀ ਟ੍ਰਿਬਿਊਨ ਵਿਚ ਲੰਬੇ ਸਮੇਂ ਤੋਂ ਕੰਮ ਕਰਦਾ ਹੈ ਅਤੇ ਮੇਰਾ ਸਾਥੀ ਰਿਹਾ ਹੈ। ਆਪਣੇ ਵੇਲੇ ਤਾਂ ਮੈਂ ਉਸ ਨੂੰ ਲਿਖਦੇ ਨਹੀਂ ਵੇਖਿਆ ਪਰ ਪਿਛਲੇ ਕੁੱਝ ਵਰ੍ਹਿਆਂ ਤੋਂ ਮੈਂ ਉਸਦੇ ਮਿਡਲ ਪੜ੍ਹਦਾ ਰਿਹਾ ਹਾਂ। ਮੈਨੂੰ ਪਹਿਲਾਂ ਤਾਂ ਯਕੀਨ ਨਹੀਂ ਆਇਆ ਕਿ ਇਹ ਉਹੀਓ ਸਾਊ ਜਿਹਾ ਸੁਪਿੰਦਰ ਰਾਣਾ ਹੈ ਜਿਹੜਾ ਗੱਲਬਾਤ ਬੜੇ ਸਲੀਕੇ ਨਾਲ ਕਰਦਾ ਹੈ। ਉਹ ਆਪਣੇ ਕੰਮ ਨਾਲ ਅਜਿਹੀ ਸ਼ਿੱਦਤ ਨਾਲ ਜੁੜਿਆ ਕਿ ਹੌਲੀ ਹੌਲੀ ਲਿਖਣਾ ਸਿੱਖ ਗਿਆ ਹੈ। ਲਿਖਣਾ ਪੜ੍ਹਨਾ ਰੱਬੀ ਦਾਤ ਹੈ। ਦੂਜਾ, ਜੇ ਤੁਹਾਡੇ ਮਨ ਦੀਆਂ ਚਿਣਗਾਂ ਇਸ ਪਾਸੇ ਤੁਰ ਪੈਣ ਤਾਂ ਕਾਗਜ਼ ਉੱਤੇ ਇਕ ਕਲਾਕ੍ਰਿਤੀ ਸਿਰਜੀ ਜਾਂਦੀ ਹੈ। ਰਾਣਾ ਪਿਛਲੇ ਸਾਲਾਂ ਤੋਂ ਲਿਖਣ ਦੇ ਰਾਹ ਪਿਆ ਹੋਇਆ ਹੈ। ਹੁਣ ਉਸਨੇ ਆਪਣੇ ਇਨ੍ਹਾਂ ਮਿਡਲਾਂ ਦੀ ਪੁਸਤਕ ‘ਬੇਬੇ ਦਾ ਸੰਦੂਕ’ ਛਪਵਾ ਕੇ ”ਕੱਛ ਵਿੱਚੋਂ ਮੂੰਗਲੀ ਬਾਹਰ ਕੱਢ ਮਾਰੀ ਹੈ।” ਉਹ ਪੱਤਰਕਾਰ ਹੈ ਅਤੇ ਪੱਤਰਕਾਰੀ ਸਾਹਿਤ ਸਿਰਜਣਾ ਵੀ ਹੈ।
ਪਿਛਲੇ ਦਿਨੀਂ ਸੁਪਿੰਦਰ ਸਿੰਘ ਰਾਣਾ ਆਪਣੀ ਕਿਤਾਬ ‘ਬੇਬੇ ਦਾ ਸੰਦੂਕ’ ਦੇਣ ‘ਸਪੋਕਸਮੈਨ’ ਦੇ ਮੇਰੇ ਦਫ਼ਤਰ ਆਇਆ। ਮੇਰੀ ਮੁਲਾਕਾਤ ਤਾਂ ਉਹਦੇ ਨਾਲ ਨਹੀਂ ਹੋ ਸਕੀ ਪਰ ਜਗਿਆਸਾ ਵੱਸ ਉਹਦੀ ਕਿਤਾਬ ਦੇ ਪੰਨੇ ਪਲਟਣੇ ਸ਼ੁਰੂ ਕੀਤੇ। ਕੁਝ ਪੰਨਿਆਂ ‘ਤੇ ਨਜ਼ਰ ਵੀ ਮਾਰੀ। ਰਚਨਾਵਾਂ ਦਿਲਚਸਪ ਲੱਗੀਆਂ। ਲੋਕਗੀਤ ਵਲੋਂ ਛਾਪੀ ਪੁਸਤਕ ਅੰਦਰੋਂ ਬਾਹਰੋਂ ਖੂਬਸੂਰਤ ਸੀ। ਬੇਬੇ ਦੇ ਸੰਦੂਕ ਵਾਲੀ ਤਸਵੀਰ ਪੰਜਾਬੀ ਦੇ ਹਰ ਲੇਖਕ, ਪਾਠਕ ਅਤੇ ਪੰਜਾਬੀ ਪ੍ਰੇਮੀ ਨੂੰ ਘੱਟੋ ਘੱਟ ਆਪਣੇ ਮਾਂ ਦੇ ਉਸ ਸੰਦੂਕ (ਪੇਟੀ) ਦੀ ਯਾਦ ਕਰਵਾ ਦਿੰਦੀ ਹੈ ਜਿਸ ਵਿਚ ਮਾਂ ਆਪਣੀ ਔਲਾਦ ਲਈ ਖਜ਼ਾਨਾ ਸਾਂਭ ਕੇ ਰੱਖਦੀ ਹੈ। ਫਿਰ ਕਿਤਾਬ ਅੰਦਰਲੀ ਸਮੱਗਰੀ ਜੇ ਦਮਦਾਰ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਰਾਣੇ ਦੀ ਪਹਿਲੀ ਪੁਸਤਕ ਨੇ ਹੀ ਉਸ ਨੂੰ ਲੇਖਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਕਿਤਾਬ ਦੇ ਆਰੰਭ ਵਿਚ ਉਸ ਨੂੰ ਗੁਰਬਚਨ ਸਿੰਘ ਭੁੱਲਰ, ਕਰਨੈਲ ਸਿੰਘ ਸੋਮਲ ਅਤੇ ਮਨਮੋਹਨ ਸਿੰਘ ਦਾਊਂ ਨੇ ਅਸੀਸਾਂ ਦਿੱਤੀਆਂ ਹਨ।
ਹੱਥਲੀ ਪੁਸਤਕ ਨੂੰ ਜਿਉਂ ਹੀ ਪੜ੍ਹਨਾ ਸ਼ੁਰੂ ਕੀਤਾ ਤਾਂ ਇਸ ਨੇ ਪੈਂਦੀ ਸੱਟੇ ਮੈਨੂੰ ਆਪਣੇ ਨਾਲ ਤੋਰ ਲਿਆ। ਇਕ ਡੇਢ ਦਿਨ ਵਿਚ ਮੈਂ ਇਸ ਦਾ ਮੁਕੰਮਲ ਪਾਠ ਕਰ ਲਿਆ। 128 ਪੰਨਿਆ ਵਿਚ ਫੈਲੀ ਇਸ ਪੁਸਤਕ ਵਿਚ 41 ਵੰਨ ਸੁਵੰਨੇ ਅਤੇ ਛੋਟੇ ਛੋਟੇ ਮਿਡਲ ਲੇਖ ਹਨ ਜਿਹੜੇ ਸਮਾਜਕ ਵਰਤਾਰੇ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਘਟਨਾਵਾਂ ਅਤੇ ਵਿਸ਼ੇ ਤੁਹਾਡੇ ਆਪਣੇ ਹੀ ਹਨ, ਤੁਹਾਡੇ ਨਾਲ ਜੁੜੇ ਹੋਏ। ਕੁਝ ਮਾਰਮਿਕ, ਕੁਝ ਹੁਲਾਰਾ ਦੇਣ ਵਾਲੇ ਅਤੇ ਕੁਝ ਸੇਧ ਸਿੱਖਿਆ ਦੇਣ ਵਾਲੇ। ਮਿਡਲ ਤਾਂ ਉਹੀਓ ਚੰਗਾ ਮੰਨਿਆ ਗਿਆ ਹੈ ਜਿਹੜਾ ਸਮਾਜਕ ਦ੍ਰਿਸ਼ ਵੀ ਪੇਸ਼ ਕਰੇ ਅਤੇ ਨਾਲ ਹੀ ਕੋਈ ਵਡਮੁੱਲੀ ਸੇਧ ਵੀ ਦੇਵੇ। ਮੈਂ ਰਾਣੇ ਦੇ ਸਾਰੇ ਦੇ ਸਾਰੇ ਲੇਖ ਪੜ੍ਹੇ ਹਨ। ਉਨ੍ਹਾਂ ਵਿਚ ਇਕ ਇਕ ਨਹੀਂ ਬਲਕਿ ਕਈ ਕਈ ਸਿੱਖਿਆਵਾਂ ਦੀਆਂ ਲੜੀਆਂ ਪਰੋਈਆਂ ਪਈਆਂ ਹਨ। ਉਹਨੇ ਆਪਣੇ ਆਲੇ ਦੁਆਲੇ ਦੇ ਜੀਵਨ ਵਿਚ ਜੋ ਕੁੱਝ ਵੀ ਚੰਗਾ ਮਾੜਾ ਵਾਪਰਦਾ ਦੇਖਿਆ ਹੈ, ਉਸੇ ਨੂੰ ਆਪਣੇ ਮਿਡਲਾਂ ਦਾ ਆਧਾਰ ਬਣਾਇਆ ਹੈ। ਸਾਹਿਤ ਜਾਂ ਕੋਈ ਲਿਖਤ ਦਮਦਾਰ ਵੀ ਉਹੋ ਮੰਨੀ ਜਾਂਦੀ ਹੈ ਜੋ ਸਮਾਜ ਨਾਲ ਜੁੜੀ ਹੋਵੇ। ਉਹਦੀ ਇੱਛਾ ਹੈ ਕਿ ਬੱਚੇ ਆਪਣੇ ਮਾਂ ਪਿਓ ਦੀ ਉਸੇ ਤਰ੍ਹਾਂ ਸੇਵਾ ਕਰਨ ਜਿਵੇਂ ਸਰਵਣ ਪੁੱਤਰ ਨੇ ਕੀਤੀ ਸੀ। ਬਿਰਧ ਆਸ਼ਰਮ ਵਧਣ ਦਾ ਉਸ ਨੂੰ ਝੋਰਾ ਹੈ। ਪਰਿਵਾਰਕ ਏਕਤਾ ਨੂੰ ਉਹ ਵਰ ਮੰਨਦਾ ਹੈ ਪਰ ਬਦਕਿਸਮਤੀ ਨਾਲ ਪਰਵਾਰ ਲਗਾਤਾਰ ਛੋਟੇ ਹੋ ਰਹੇ ਹਨ। ਇਕ ਗੱਲ ਦੀ ਉਸ ਨੂੰ ਖੁਸ਼ੀ ਵੀ ਹੈ ਕਿ ਹੁਣ ਧੀਆਂ ਦੇ ਵੀ ਜਨਮ ਦਿਨ ਅਤੇ ਲੋਹੜੀ ਮਨਾਈ ਜਾਣ ਲੱਗੀ ਹੈ। ਇਹ ਲੋਕ ਮਨਾਂ ਵਿਚ ਆਈ ਹਾਂ ਪੱਖੀ ਸੋਚ ਦਾ ਸੰਕੇਤ ਹੈ। ਉਹ ਇਸ ਗੱਲ ਦਾ ਹਾਮੀ ਹੈ ਕਿ ਜਿਉਂਦਿਆਂ ਦੀ ਕਦਰ ਹੋਵੇ ਨਾ ਕਿ ਬਜ਼ੁਰਗੀਅਤ ਵਿਚ ਉਹ ਰੁਲ ਜਾਣ ਪਰ ਉਨ੍ਹਾਂ ਦੇ ਮਰਨੇ ਪਰਨੇ ਤੇ ਲੱਡੂ ਜਲੇਬੀਆਂ ਦਾ ਵਿਖਾਵਾ ਕੀਤਾ ਜਾਵੇ।
ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜਿਆ ਹੋਰ ਬਹੁਤ ਕੁੱਝ ਵੀ ਹੈ ਇਸ ਕਿਤਾਬ ਵਿਚ। ਨਮੂਨੇ ਵਜੋਂ ਸੁਪਿੰਦਰ ਰਾਣਾ ਦੀਆਂ ਲਿਖਤਾਂ ਵਿੱਚੋਂ ਕੁਝ ਸਿੱਖਿਆਵਾਂ, ਜੀਵਨ ਸਚਾਈਆਂ ਵੇਖੋ:
– ਅਰਥੀ ਨਾਲ ਜਾਂਦੇ ਨੂੰ ਚੇਤੇ ਨਹੀਂ ਹੁੰਦਾ ਕਿ ਇਕ ਦਿਨ ਉਹਨੇ ਵੀ ਇਸੇ ਰਾਹ ਤੁਰਨਾ ਹੈ।
– ਨਸ਼ਾ ਮੁਕਤੀ ਕੇਂਦਰਾਂ ਵਾਂਗ ਬਿਰਧ ਆਸ਼ਰਮ ਵੀ ਵਧਣ ਲੱਗੇ ਹਨ।
– ਮਾਪੇ ਦੇਣਾ ਜਾਣਦੇ ਹਨ ਲੈਣਾ ਨਹੀਂ।
– ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਬੜਾ ਔਖਾ ਹੁੰਦਾ ਹੈ।
ਸਿਰਜਕ ਕੋਲ ਜਦੋਂ ਵਿਸ਼ੇ ਹੋਣ, ਖਿਆਲ ਹੋਣ ਅਤੇ ਢੁੱਕਵੇਂ ਸ਼ਬਦ ਵੀ ਤਾਂ ਫਿਰ ਰਚਨਾ ਖੁਦ ਬਖੁਦ ਬੜੀ ਸਰਲ ਅਤੇ ਸਪਸ਼ਟ ਹੋ ਨਿੱਬੜਦੀ ਹੈ। ਰਾਣੇ ਦੀ ਲਿਖਤ ਦਾ ਇਹੋ ਮੀਰੀ ਗੁਣ ਹੈ। ਇਕ ਤਾਂ ਉਹਦੀ ਰਚਨਾ ਛੋਟੀ ਹੁੰਦੀ ਹੈ ਜਿਹੜੀ ਪੜ੍ਹਨੀ ਬੜੀ ਆਸਾਨ ਹੁੰਦੀ ਹੈ। ਦੂਜਾ ਲਿਖਤ ਦੇ ਛੋਟੇ ਛੋਟੇ ਵਾਕ, ਛੋਟੇ ਛੋਟੇ ਪੈਰੇ। ਹਰ ਪੈਰੇ ਵਿਚ ਨਵਾਂ ਵਿਚਾਰ ਅਤੇ ਪੂਰੀ ਲਿਖਤ ਵਿਚ ਵਿਚਾਰਾਂ ਦੀ ਇਕ ਅਹਿਮ ਲੜੀ। ਲਿਖਤ ਕਿਤੇ ਵੀ ਅਕਾਊ ਨਹੀਂ ਲਗਦੀ, ਇਹ ਇਸ ਲਈ ਵੀ ਕਿਉਂਕਿ ਲਿਖਤ ਵਿਚ ਹਰ ਤਰ੍ਹਾਂ ਦਾ ਰੰਗ ਹੈ। ਵੱਡੀ ਗੱਲ ਇਹ ਹੈ ਕਿ ਉਹ ਤੁਹਾਨੂੰ ਰਚਨਾ ਸੁਣਾਉਂਦਾ ਆਪਣੇ ਨਾਲ ਤੋਰ ਲੈਂਦਾ ਹੈ। ਸੁਪਿੰਦਰ ਰਾਣਾ ਜੰਮਪਲ ਤਾਂ ਪੁਆਧ ਖੇਤਰ ਦਾ ਹੈ, ਰੋਪੜ ਨੇੜਲੇ ਇਕ ਪਿੰਡ ਦਾ ਪਰ ਦੇਰ ਤੋਂ ਚੰਡੀਗੜ੍ਹ. ਮੁਹਾਲੀ ਰਹਿਣ ਕਰਕੇ ਉਹਦੀ ਭਾਸ਼ਾ ਪੂਰੀ ਟਕਸਾਲੀ ਹੈ ਅਤੇ ਯਕੀਨਨ ਇਹ ਉਹਨੇ ਪੰਜਾਬੀ ਟ੍ਰਿਬਿਊਨ ਤੋਂ ਹੀ ਲਈ ਹੈ।
ਹੁਣ ਪੁਸਤਕ ਲਿਖਣ ਅਤੇ ਛਪਵਾਉਣ ਦਾ ਉਸਦਾ ਝਾਕਾ ਖੁੱਲ੍ਹ ਗਿਆ ਹੈ। ਆਸ ਹੈ ਸਾਲ ਵਿਚ ਘੱਟੋ ਘੱਟ ਇਹੋ ਜਿਹੀ ਇੱਕ ਪੁਸਤਕ ਤਾਂ ਉਹ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਹੀ ਦਿਆ ਕਰੇਗਾ। ਫਿਲਹਾਲ ਉਹਨੂੰ ‘ਬੇਬੇ ਦਾ ਸੰਦੂਕ’ ਲਈ ਮੁਬਾਰਕਾਂ।

– ਸ਼ਿੰਗਾਰਾ ਸਿੰਘ ਭੁੱਲਰ