Copyright © 2019 - ਪੰਜਾਬੀ ਹੇਰਿਟੇਜ
ਡੈਮੋਕਰੈਟਾਂ ਨੇ ਟਰੰਪ ਨੂੰ ਕੌਮੀ ਸੁਰੱਖਿਆ ਲਈ ਸਪੱਸ਼ਟ ਖਤਰਾ ਦੱਸਿਆ

ਡੈਮੋਕਰੈਟਾਂ ਨੇ ਟਰੰਪ ਨੂੰ ਕੌਮੀ ਸੁਰੱਖਿਆ ਲਈ ਸਪੱਸ਼ਟ ਖਤਰਾ ਦੱਸਿਆ

ਵਾਸ਼ਿੰਗਟਨ : ਡੈਮੋਕਰੈਟਾਂ ਨੇ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਮਾਮਲੇ ‘ਚ ਆਪਣਾ ਪੱਖ ਰੱਖਦਿਆਂ ਉਨ੍ਹਾਂ ਨੂੰ ਕੌਮੀ ਸੁਰੱਖਿਆ ਖ਼ਿਲਾਫ਼ ਸਪੱਸ਼ਟ ਖਤਰਾ ਕਰਾਰ ਦਿੱਤਾ ਹੈ। ਦੂਜੇ ਪਾਸੇ ਰਿਪਬਲਿਕਨਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਟਰੰਪ ‘ਤੇ ਦੋਸ਼ ਹਨ ਕਿ ਉਨ੍ਹਾਂ 2020 ਦੀਆਂ ਰਾਸ਼ਟਰਪਤੀ ਚੋਣਾਂ ‘ਚ ਆਪਣੇ ਸੰਭਾਵੀ ਵਿਰੋਧੀ ਜੋਅ ਬਿਡੇਨ ਸਮੇਤ ਆਪਣੇ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕਰੇਨ ਤੋਂ ਗ਼ੈਰਕਾਨੂੰਨੀ ਮਦਦ ਮੰਗੀ ਹੈ। ਡੈਮੋਕਰੈਟਾਂ ਨੇ ਕਿਹਾ ਕਿ ਟਰੰਪ ਵੱਲੋਂ ਰਿਸ਼ਵਤ ਦੇਣ, ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਨ ਤੇ ਜਾਂਚ ‘ਚ ਅੜਿੱਕੇ ਪਾਉਣ ਦੇ ਮੁਕੰਮਲ ਸਬੂਤ ਹਨ। ਡੈਮੋਕਰੈਟਾਂ ਦੇ ਵਕੀਲ ਡੇਨੀਅਲ ਗੋਲਡਮੈਨ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਦਾ ਇੱਕ ਵਿਦੇਸ਼ੀ ਦੇਸ਼ ‘ਤੇ ਜਬਰਦਸਤੀ ਚੋਣ ਜਿੱਤਣ ਤੇ ਧੋਖਾ ਦੇਣ ‘ਚ ਮਦਦ ਲਈ ਦਬਾਅ ਬਣਾਉਣਾ, ਆਜ਼ਾਦੀ ਤੇ ਨਿਰਪੱਖ ਚੋਣ ਅਤੇ ਸਾਡੇ ਦੇਸ਼ ਦੀ ਕੌਮੀ ਸੁਰੱਖਿਆ ਲਈ ਸਪੱਸ਼ਟ ਖਤਰਾ ਹੈ।’ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਰਿਪਬਲਿਕਨ ਡੋਅ ਕੌਲਿਨਜ਼ ਨੇ ਕਿਹਾ, ‘ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਸਿਰਫ਼ ਪ੍ਰਚਾਰ ਹਾਸਲ ਕਰਨ ਦਾ ਢੰਗ ਤੇ ਸਿਆਸਤ ਤੋਂ?ਪ੍ਰੇਰਿਤ ਹਨ। ਇਸੇ ਦੌਰਾਨ ਡੈਮੋਕਰੈਟਾਂ ਨੇ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਸਬੰਧੀ ਦੋ ਲੇਖ ਨਸ਼ਰ ਕੀਤੇ ਹਨ। ਜੇਕਰ ਟਰੰਪ ਖ਼ਿਲਾਫ਼ ਦੋਸ਼ਾਂ ਨੂੰ ਪ੍ਰਤੀਨਿਧੀ ਸਦਨ ਵੱਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਅਗਲੇ ਹਫ਼ਤੇ ਇਸ ਸਬੰਧੀ ਵੋਟਾਂ ਪੈ ਸਕਦੀ ਹਨ। ਹਾਊਸ ਜੁਡੀਸ਼ਰੀ ਕਮੇਟੀ ਦੇ ਜੈਰੀ ਨੈਡਲਰ ਨੇ ਕਿਹਾ ਕਿ ਰਾਸ਼ਟਰਪਤੀ ‘ਤੇ ਲੋਕਾਂ ਨੂੰ ਬਹੁਤ ਭਰੋਸਾ ਜਤਾਇਆ ਸੀ ਪਰ ਜਦੋਂ ਉਨ੍ਹਾਂ ਇਹ ਭਰੋਸਾ ਤੋੜਿਆ ਤਾਂ ਉਨ੍ਹਾਂ ਦੇਸ਼ ਦੇ ਸੰਵਿਧਾਨ, ਜਮਹੂਰੀਅਤ ਤੇ ਕੌਮੀ ਸੁਰੱਖਿਆ ਨੂੰ ਖਤਰੇ ‘ਚ ਪਾ ਦਿੱਤਾ।