ਪੈਲੇਸ ਸੱਭਿਆਚਾਰ ਨੇ ਖੋਹੀ ਵਿਆਹਾਂ ਦੀ ਰੌਣਕ

ਪੈਲੇਸ ਸੱਭਿਆਚਾਰ ਨੇ ਖੋਹੀ ਵਿਆਹਾਂ ਦੀ ਰੌਣਕ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।
ਜ਼ਿਆਦਾਤਰ ਪਿੰਡਾਂ ਵਿਚ ਤਾਂ ਭਾਈਚਾਰੇ ਨੂੰ ‘ਚੁੱਲ੍ਹੇ ਰੋਟੀ’ ਦਾ ਸੱਦਾ ਹੁੰਦਾ ਸੀ। ‘ਚੁੱਲ੍ਹੇ ਰੋਟੀ’ ਤੋਂ ਭਾਵ ਹੈ ਕਿ ਵਿਆਹ ਵਾਲੇ ਦਿਨਾਂ ਦੌਰਾਨ ਭਾਈਚਾਰੇ ਦਾ ਕੋਈ ਵੀ ਘਰ ਆਪਣੇ ਚੁੱਲ੍ਹੇ ‘ਤੇ ਰੋਟੀ ਨਹੀਂ ਸੀ ਬਣਾਉਂਦਾ, ਸਗੋਂ ਸਾਰੇ ਦੇ ਸਾਰੇ ਮੰਜਿਆਂ ‘ਤੇ ਬੈਠ ਕੇ ਇਕੱਠੇ ਰੋਟੀ ਖਾਂਦੇ ਸਨ। ਵਿਆਹਾਂ ਮੌਕੇ ਇਕੱਠੇ ਹੋਏ ਲੋਕਾਂ ਵਿਚ ਜਿੱਥੇ ਭਾਈਚਾਰਾ ਮਜ਼ਬੂਤ ਰਹਿੰਦਾ ਸੀ, ਉੱਥੇ ਖਰਚੇ ਦੀ ਵੀ ਵੱਡੀ ਬੱਚਤ ਹੋ ਜਾਂਦੀ ਸੀ। 1995 ਤਕ ਹੁੰਦੇ ਵਿਆਹਾਂ ਵਿਚ ਕਦੇ ਹੀ ਕਿਸੇ ਦੇ ਵਿਆਹ ਵਿਚ ਬਹਿਰੇ ਮੰਗਵਾਏ ਜਾਂਦੇ ਸਨ। ਪਿੰਡ ਦੇ ਮੁੰਡੇ ਬਰਾਤ ਦੀ ਸੇਵਾ ਯੋਜਨਾਬੱਧ ਤਰੀਕੇ ਨਾਲ ਕਰਦੇ ਸਨ। ਬਜ਼ੁਰਗ ਜਾਂ ਮੋਹਤਬਰ ਬਰਾਤ ਦੀ ਆਓ ਭਗਤ ਕਰਨ ਤੋਂ ਬਾਅਦ ਨਜ਼ਰਸਾਨੀ ਵਿਚ ਜੁਟ ਜਾਂਦੇ ਸਨ ਜਦੋਂਕਿ ਨੌਜਵਾਨ ਭੱਜ-ਭੱਜ ਕੇ ਲੜਕੇ ਵਾਲਿਆਂ ਦੇ ਵੱਡੀਆਂ ਥਾਵਾਂ ‘ਤੇ ਲੱਗਦੇ ਰਿਸ਼ਤੇਦਾਰਾਂ ਦੀ ਜੀ ਹਜ਼ੂਰੀ ਕਰਦੇ ਸਨ। ਬੇਸ਼ੱਕ ਪ੍ਰਾਹੁਣੇ ਆਥਣ ਵੇਲੇ ਘੁੱਟ ਲਾ ਕੇ ਖਰੀ ਵੀ ਕਰਦੇ ਸਨ, ਪਰ ਸਵੇਰ ਵੇਲੇ ਤਕ ਸਭ ਕੁਝ ਆਮ ਹੋ ਜਾਂਦਾ ਸੀ। ਵਿਆਹ ਤੋਂ ਬਾਅਦ ਪੂਰਾ ਸਾਮਾਨ ਕੁਝ ਸਮੇਂ ਵਿਚ ਹੀ ਸੰਭਾਲ ਦਿੱਤਾ ਜਾਂਦਾ ਸੀ।
ਪਿਛਲੇ ਦੋ ਕੁ ਦਹਾਕਿਆਂ ਦੌਰਾਨ ਬਦਲੇ ਸੱਭਿਆਚਾਰ ਵਿਚ ਵਿਆਹਾਂ ਦਾ ਮੁਹਾਂਦਰਾ ਹੀ ਬਦਲ ਗਿਆ ਹੈ। ਹੁਣ ਆਮ ਤੋਂ ਆਮ ਪਰਿਵਾਰ ਦਾ ਵਿਆਹ ਵੀ ਪੈਲੇਸ ਵਿਚ ਹੁੰਦਾ ਹੈ। ਪੈਲੇਸ ਵਿਚ ਰੀਬਨ ਕੱਟਣ ਤੋਂ ਬਾਅਦ ਮੁੰਡੇ-ਕੁੜੀ ਵਾਲਿਆਂ ਦਾ ਫਾਸਲਾ ਹੀ ਮਿਟ ਜਾਂਦਾ ਹੈ। ਬਹੁਤੀ ਵਾਰ ਤਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚ ਸ਼ਮੂਲੀਅਤ ਦਾ ਪਤਾ ਮੂਵੀ ਜਾਂ ਫੋਟੋ ਵਿਚ ਸ਼ਗਨ ਪਾਉਣ ਵੇਲੇ ਹੀ ਲੱਗਦਾ ਹੈ। ਵਿਆਹਾਂ ਨੂੰ ਰੰਗੀਨ ਤੇ ਰੌਣਕੀ ਬਣਾਉਣ ਵਾਲੀਆਂ ਰਸਮਾਂ ਬੀਤੇ ਦੀ ਗੱਲ ਹੋ ਗਈਆਂ ਹਨ। ਪੈਲੇਸ ਵਿਚ ਚਾਹ ਤੋਂ ਬਾਅਦ ਸ਼ਗਨ ਦੀ ਰਸਮ ਸ਼ੁਰੂ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਸ਼ਗਨ ਫੜਾ ਕੇ ਜਾਣ ਨੂੰ ਤਰਜੀਹ ਦਿੰਦੇ ਹਨ। ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦੀਆਂ ਬਿਮਾਰੀਆਂ ਦੀ ਬਹੁਤਾਤ ਕਾਰਨ ਵੱਡਾ ਵਰਗ ਤਾਂ ਵਿਆਹਾਂ ਵਿਚ ਕੁਝ ਖਾਣ ਤੋਂ ਵੀ ਗੁਰੇਜ਼ ਕਰਨ ਲੱਗਾ ਹੈ। ਹੁਣ ਵਿਆਹਾਂ ਵਿਚੋਂ ਵਿਚੋਲੇ ਵੀ ਖ਼ਤਮ ਹੀ ਹੋ ਗਏ ਹਨ। ਪੰਜਾਬ ਵਿਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦਾ ਕਾਰੋਬਾਰ ਰਿਸ਼ਤੇ ਕਰਾਉਣਾ ਸੀ, ਪਰ ਸਮੇਂ ਦੀ ਕਰਵਟ ਨੇ ਉਨ੍ਹਾਂ ਨੂੰ ਵਿਹਲੇ ਕਰ ਦਿੱਤਾ ਹੈ।
ਆਖ਼ਰੀ ਸਮੇਂ ਵਿਆਹ ਵਿਚ ਸਿਰਫ਼ ਓਹੀ ਲੋਕ ਰਹਿ ਜਾਂਦੇ ਹਨ, ਜਿਹੜੇ ਪਰਿਵਾਰ ਨਾਲ ਬਹੁਤ ਨੇੜਤਾ ਰੱਖਦੇ ਹਨ। ਡੋਲੀ ਤੋਰਨ ਵੇਲੇ ਤਾਂ ਕਈ ਵਾਰ ਇੰਜ ਲੱਗਦਾ ਹੈ ਕਿ ਜਿਵੇਂ ਵਿਆਹ ‘ਤੇ ਇਕੱਠ ਹੀ ਨਾ ਕੀਤਾ ਗਿਆ ਹੋਵੇ। ਬੇਸ਼ੱਕ ਪੈਲੇਸ ਨੇ ਵਿਆਹਾਂ ਦਾ ਕੰਮ ਸੌਖਾ ਕਰ ਦਿੱਤਾ ਹੈ, ਪਰ ਇਸ ਨੇ ਕਈ ਦਿਨਾਂ ਤਕ ਲੱਗਦੀ ਰੌਣਕ ਵੀ ਨਿਗਲ ਲਈ ਹੈ। -ਅਜੀਤਪਾਲ ਜੀਤੀ
ਸੰਪਰਕ : 70091-05785