ਰੁਝਾਨ ਖ਼ਬਰਾਂ
ਦਿੱਲੀ ਦੀਆਂ ਹੱਦਾਂ ਉਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਲਾਮਿਸਾਲ ਲਾਮਬੰਦੀ

ਦਿੱਲੀ ਦੀਆਂ ਹੱਦਾਂ ਉਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਲਾਮਿਸਾਲ ਲਾਮਬੰਦੀ

 

ਸਿੰਘੂ ਬਾਰਡਰ: ਖੇਤੀ ਕਾਨੂੰਨ ਖਿਲਾਫ ਉਠੀ ਲਹਿਰ ਨੇ ਦਿੱਲੀ ਨੂੰ ਚੁਫੇਰਿਉਂ ਘੇਰਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਵਲੋਂ ਕਾਨੂੰਨਾਂ ਦਾ ਵਿਰੋਧ ਲਾਮਿਸਾਲ ਬਣ ਚੁੱਕਿਆ ਹੈ। ਜਥੇਬੰਦੀਆਂ ਤੇ ਸਰਕਾਰ ਵਿਚਕਾਰ ਛੇ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ।

ਸਿੱਟੇ ਵਜੋਂ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਜਾਣ ਵਾਲੇ ਪ੍ਰਵੇਸ਼ ਦੁਆਰ ਸਿੰਘੂ ਬਾਰਡਰ ਉਤੇ ਕੁੰਭ ਦੇ ਮੇਲੇ ਨਾਲੋਂ ਵਡੇਰਾ ਇਕੱਠ ਜਮ੍ਹਾਂ ਹੋ ਚੁੱਕਿਆ ਹੈ, ਜਿਥੇ ਇਸ ਪਾਸੇ ਦੇ ਕਿਸਾਨ ਔਰਤਾਂ ਤੇ ਬੱਚਿਆਂ ਸਮੇਤ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਉਤੇ ਏਨਾ ਰਸਦ ਪਾਣੀ ਰੱਖ ਕੇ ਪਹੁੰਚ ਚੁੱਕੇ ਹਨ ਕਿ ਉਹ ਅੰਤਾਂ ਦੀ ਠੰਢ ਦੇ ਬਾਵਜੂਦ ਲੰਮਾ ਡੇਰਾ ਲਾਈ ਰੱਖਣ ਦੇ ਸਮਰੱਥ ਹਨ। ਸਿੰਘੂ ਤੇ ਟਿਕਰੀ ਬਾਰਡਰਾਂ ਉਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਰੋਜ਼ਾਨਾ ਇਕ ਕਿਲੋਮੀਟਰ ਤੱਕ ਲੰਬੀਆਂ ਹੋ ਰਹੀਆਂ ਹਨ। ਸਿੰਘੂ ਬਾਰਡਰ ਉਤੇ ਹਰ ਰੋਜ਼ 700 ਤੋਂ ਲੈ ਕੇ 800 ਤੱਕ ਵਾਹਨ ਵਧ ਰਹੇ ਹਨ। ਇਸੇ ਤਰ੍ਹਾਂ ਟਿਕਰੀ ਬਾਰਡਰ ਉਤੇ 300 ਤੋਂ ਲੈ ਕੇ 400 ਤੱਕ ਵਾਹਨ ਰੋਜ਼ਾਨਾ ਆ ਰਹੇ ਹਨ। ਟਿਕਰੀ ਤੋਂ ਰੋਹਤਕ ਵੱਲ ਜਾਂਦੀ ਸੜਕ ਤੋਂ ਇਲਾਵਾ ਬਹਾਦਰਗੜ੍ਹ ਵਾਲੀ ਸੜਕ ਵੀ ਪੂਰੀ ਭਰ ਗਈ ਹੈ। ਜੇਕਰ ਦੋ ਵਾਹਨ ਵਾਪਸ ਜਾਂਦੇ ਹਨ ਤਾਂ 10 ਆ ਰਹੇ ਹਨ, ਨੇੜਲੀਆਂ ਲਿੰਕ ਸੜਕਾਂ ਸਮੇਤ ਖੁੱਲ੍ਹੀਆਂ ਗਲੀਆਂ ‘ਚ ਵਾਹਨ ਖੜ੍ਹੇ ਹਨ। ਲੋਕ ਪਿੰਡਾਂ ਤੋਂ ਤੁਰਨ ਲੱਗੇ ਗੁਰੂ ਘਰਾਂ ‘ਚੋ ਇਹ ਅਰਦਾਸ ਕਰਕੇ ਚਲ ਰਹੇ ਹਨ ਕਿ ਕਾਨੂੰਨ ਵਾਪਸੀ ਤੋਂ ਬਿਨਾਂ ਉਹ ਘਰਾਂ ਨੂੰ ਵਾਪਸ ਨਹੀਂ ਆਉਣਗੇ। ਇਸੇ ਕਾਰਨ ਵੀ ਲੋਕਾਂ ਦੀ ਵਾਪਸੀ ਘੱਟ ਅਤੇ ਦਿੱਲੀ ਵੱਲ ਆਮਦ ਜ਼ਿਆਦਾ ਹੋ ਰਹੀ ਹੈ। ਸਿੰਘੂ ਬਾਰਡਰ ਉਪਰ ਲੱਗੇ ਕਿਸਾਨ ਮੋਰਚੇ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਵਧਣ ਨਾਲ ਇਹ ਅੰਦੋਲਨ ਵਿਸ਼ਾਲ ਮੇਲੇ ਦਾ ਰੂਪ ਧਾਰ ਗਿਆ ਹੈ ਤੇ ਲੋਕਾਂ ਦਾ ਇਕੱਠ ਦਿਨੋ-ਦਿਨ ਵਧ ਰਿਹਾ ਹੈ। ਤਾਜ਼ਾ ਹਾਲਾਤ ਇਹ ਹਨ ਕਿ ਤਕਰੀਬਨ 15 ਕਿੱਲੋਮੀਟਰ ਦੇ ਘੇਰੇ ‘ਚ ਕਿਧਰੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਮਿਲ ਰਹੀ। ਕਿਧਰੇ ਟਰੈਕਟਰਾਂ ਉਪਰ ਖੇਤੀ ਕਾਨੂੰਨਾਂ ਤੇ ਕਿਸਾਨ ਸੰਘਰਸ਼ ਬਾਰੇ ਗਾਇਕਾਂ ਵਲੋਂ ਗਾਏ ਗੀਤ ਵੱਜ ਰਹੇ ਸਨ, ਕਿਧਰੇ ਲੰਗਰ ਚੱਲ ਰਹੇ ਸਨ, ਕਿਧਰੇ ਜੋਸ਼ੀਲੇ ਕਿਸਾਨਾਂ ਦੇ ਗਰਜਦੇ ਬੋਲ ਠੰਢੇ ਮਾਹੌਲ ‘ਚ ਗਰਮਜੋਸ਼ੀ ਭਰ ਰਹੇ ਸਨ।

ਨਿਹੰਗ ਸਿੰਘਾਂ ਦੇ ਗਤਕੇ ਦੇ ਜੌਹਰ ਲੋਕਾਂ ਦਾ ਵੱਖਰਾ ਧਿਆਨ ਖਿੱਚ ਰਹੇ ਸਨ। ਪਰਿਵਾਰਾਂ ਸਮੇਤ ਮੋਰਚੇ ‘ਚ ਹਾਜ਼ਰੀ ਲਗਾਉਣ ਤੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਗੂੜ੍ਹੀ ਸਾਂਝ ਦਾ ਪ੍ਰਗਟਾਵਾ ਕਰਨ ਲਈ ਲੋਕ ਪੁੱਜੇ ਹੋਏ ਸਨ। ਟਰੈਕਟਰ-ਟਰਾਲੀਆਂ, ਬੱਸਾਂ-ਟਰੱਕਾਂ ਰਾਹੀਂ ਕਿਸਾਨਾਂ ਦੇ ਕਾਫਲੇ ਲਗਾਤਾਰ ਸਿੰਘੂ ਬਾਰਡਰ ਉਪਰ ਪੁੱਜ ਰਹੇ ਸਨ। ਮੋਰਚੇ ਦੇ ਸਾਰੇ ਥਾਈਂ ਫਲਾਂ, ਖਾਣੇ, ਚਾਹ ਤੇ ਮਠਿਆਈਆਂ ਦੇ ਅਤੁੱਟ ਲੰਗਰ ਵਰਤ ਰਹੇ ਹਨ। ਇਉਂ ਲੱਗ ਰਿਹਾ ਸੀ ਜਿਵੇਂ ਹਰ ਪੰਜਾਬੀ ਪਰਿਵਾਰ ਸਿੰਘੂ ਬਾਰਡਰ ਦੇ ਮੋਰਚੇ ‘ਚ ਸ਼ਮੂਲੀਅਤ ਕਰਨ ਲਈ ਉਤਾਵਲਾ ਹੋਇਆ ਬੈਠਾ ਹੈ। ਕਿਸਾਨ ਆਗੂ ਮੋਰਚੇ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਦਖਲਅੰਦਾਜ਼ੀ ਨਹੀਂ ਹੋਣ ਦੇ ਰਹੇ।