ਰੁਝਾਨ ਖ਼ਬਰਾਂ
ਲੋਅਰ ਮੇਨਲੈਂਡ ਦੀ ਹੈਲਥ ਕੇਅਰ ਨੂੰ ਲਾਇਆ ਗਿਆ ਬੀ.ਸੀ. ‘ਚ ਪਹਿਲਾ ਕੋਵਿਡ-19 ਵੈਕਸੀਨ ਦਾ ਟੀਕਾ

ਲੋਅਰ ਮੇਨਲੈਂਡ ਦੀ ਹੈਲਥ ਕੇਅਰ ਨੂੰ ਲਾਇਆ ਗਿਆ ਬੀ.ਸੀ. ‘ਚ ਪਹਿਲਾ ਕੋਵਿਡ-19 ਵੈਕਸੀਨ ਦਾ ਟੀਕਾ

ਸਰੀ (ਇਸ਼ਪ੍ਰੀਤ ਕੌਰ): ਬੀ.ਸੀ. ‘ਚ ਕੋਰੋਨਾਵਾਇਰਸ ਦੀ ਫਾਇਜ਼ਰ ਵੈਕਸੀਨ ਦਾ ਪਹਿਲਾ ਟੀਕਾ ਲੋਅਰ ਮੇਨਲੈਂਡ ਦੀ ਇੱਕ ਹੈਲਥ ਕੇਅਰ ਵਰਕਰ ਨੂੰ ਲਾਇਆ ਗਿਆ ਹੈ।
ਲੋਅਰ ਮੇਨਲੈਂਡ ਦੀ 64 ਸਾਲਾ ਨਿਸ਼ਾ ਯੂਨਸ ਨੂੰ ਇਹ ਟੀਕਾ ਲਾਇਆ ਗਿਆ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਮਹਾਂਮਾਰੀ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਬੀ.ਸੀ. ‘ਚ ਫਾਈਜ਼ਰ ਵੈਕਸੀਨ ਦਾ ਪਹਿਲਾ ਟੀਕਾਕਰਨ ਮੰਗਲਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ੁਰੂ ਹੋਇਆ। ਇਸ ਦੌਰਾਨ ਬੀ.ਸੀ. ਮੁੱਖ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਵੀ ਉਥੇ ਮੌਜੂਦ ਸੀ।
ਡਾ. ਹੈਨਰੀ ਨੇ ਕਿਹਾ ਕਿ ”ਇਹ ਬਹੁਤ ਦਿਲਚਸਪ ਪਲ ਹੈ, ਹਰ ਕਾਲੀ ਰਾਤ ਤੋਂ ਬਾਅਦ ਰੌਸ਼ਨੀ ਜ਼ਰੂਰੀ ਆਉਂਦੀ ਹੈ।” ਉਨ੍ਹਾਂ ਦੱਸਿਆ ਕਿ ਹਰ ਦਿਨ ਤਕਰੀਬਨ 100 ਸਿਹਤ ਸੰਭਾਲ ਕਰਮਚਾਰੀਆਂ ਟੀਕਾ ਲਗਾਉਣ ਦਾ ਟੀਚਾ ਹੈ। ਡਾ. ਹੈਨਰੀ ਨੇ ਦੱਸਿਆ ਕਿ ਫਾਈਜ਼ਰ ਵੈਕਸੀਨ ਦੀ ਪਹਿਲੀ ਖੇਪ ਵੈਨਕੂਵਰ ਕੋਸਟਲ ਅਤੇ ਫਰੇਜ਼ਰ ਹੈਲਥ ਖੇਤਰ ‘ਚ ਪਹੁੰਚਾਈ ਗਈ ਹੈ। ਉਨ੍ਹਾਂ ਦੱਸਿਆ ਜਿਵੇਂ ਜਿਵੇਂ ਸੂਬੇ ਨੂੰ ਵੈਕਸੀਨ ਦੀ ਹੋਰ ਖੇਪ ਮਿਲੇਗੀ ਉਵੇਂ ਹੀ ਬੀ.ਸੀ. ਦੇ ਲੋਕਾਂ ਤੱਕ ਇਸ ਦੀ ਪਹੁੰਚ ਬਣਾ ਦਿੱਤੀ ਜਾਵੇਗੀ ਪਰ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦੇਣ ਦਾ ਟੀਚਾ ਹੈ। ਡਾ. ਹੈਨਰੀ ਨੇ ਕਿਹਾ ਹੁਣ ਸਮਾਂ ਦੂਰ ਨਹੀਂ ਹੈ ਅਗਲੇ ਆਉਂਦੇ ਹਫ਼ਤੇ ਤੱਕ ਸੂਬੇ ਦੇ ਸਾਰੇ ਸਿਹਤ ਅਥਾਰਟੀਆਂ ‘ਚ ਇਹ ਵੈਕਸੀਨ ਉਪਲੱਬਧ ਕਰਵਾ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਦਸੰਬਰ ਦੇ ਅੰਤ ਤੱਕ ਕੈਨੇਡਾ ਸਰਕਾਰ ਮੋਡਰਨਾ ਵਲੋਂ ਤਿਆਰ ਕੋਰਨਾ ਦੀ ਵੈਕਸੀਨ ਦੀਆਂ 168000 ਖੁਰਾਕਾਂ ਪ੍ਰਾਪਤ ਕਰੇਗੀ ਜਿਸ ਦਾ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਹੈ। ਉਧਰ ਹੈਲਥ ਕੈਨੇਡਾ ਜਲਦ ਹੀ ਮੋਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੀ ਹੈ ਉਸ ਤੋਂ ਬਾਅਦ ਹੀ ਇਸ ਵੈਕਸੀਨ ਦੀ ਸਪਲਾਈ ਸੂਬਿਆਂ ਤੱਕ ਕੀਤੀ ਜਾ ਸਕੇਗੀ। ਸਰਕਾਰ ਦੀ ਯੋਜਨਾ ਅਨੁਸਾਰ ਹੈਲਥ ਕੈਨੇਡਾ ਵਲੋਂ ਮਨਜ਼ੂਰੀ ਮਿਲਣ ਤੋਂ 48 ਘੰਟਿਆਂ ਬਾਅਦ ਹੀ ਮੋਡਰਨਾ ਦੀ ਵੈਕਸੀਨ ਕੇਨੇਡਾ ਦੇ ਹਰ ਸੂਬੇ ‘ਚ ਪਹੁੰਚਾਉਣ ਦਾ ਟੀਚਾ ਹੈ।