ਰੁਝਾਨ ਖ਼ਬਰਾਂ
ਕੋਵਿਡ-19 ਦੀਆਂ ਨਕਲੀ ਵੈਕਸੀਨਾਂ ਸਬੰਧੀ ਹੈਲਥ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀ

ਕੋਵਿਡ-19 ਦੀਆਂ ਨਕਲੀ ਵੈਕਸੀਨਾਂ ਸਬੰਧੀ ਹੈਲਥ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀ

ਔਟਵਾ : ਹੈਲਥ ਕੈਨੇਡਾ ਵਲੋਂ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੈਨੇਡੀਅਨਜ਼ ਆਨਲਾਈਨ ਇੰਟਰਨੈੱਟ ਰਾਹੀਂ ਵੇਚੇ ਜਾ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਵਿਡ-19 ਸਬੰਧੀ ਵੈਕਸੀਨ ਨਾ ਖਰੀਦਣ ਕਿਉਂਕਿ ਇਹ ਨਕਲੀ ਹਨ ਅਤੇ ਸਿਹਤ ਲਈ ਗੰਭੀਰ ਜੋਖਮ ਪੈਦਾ ਕਰ ਸਕਦੇ ਹਨ। ਹੈਲਥ ਕੈਨੇਡਾ ਨੇ ਕਿਹਾ ਕਿ ਆਨਲਾਈਨ ਜਾਂ ਅਣਅਧਿਕਾਰਤ ਸਰੋਤਾਂ ਤੋਂ ਅਜਿਹੀ ਵੈਕਸੀਨ ਖਰੀਦਣਾ ਖਤਰਨਾਕ ਹੋਵੇਗਾ। ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ-19 ਦੀ ਵੈਕਸੀਨ ਲੈਣ ਦਾ ਇੱਕੋ ਇੱਕ ਤਰੀਕਾ ਹੈ ਕਿ ਫੈਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਵਲੋਂ ਸ਼ੁਰੂ ਕੀਤੇ ਗਏ ਕਲੀਨਿਕਾਂ ਰਾਹੀਂ ਕੋਵਿਡ-19 ਵੈਕਸੀਨ ਫਾਈਜ਼ਰ ਦਾ ਟੀਕਾ ਲਗਵਾਇਆ ਜਾ ਸਕੇ। ਹੈਲਥ ਕੈਨੇਡਾ ਨੇ ਕੈਨੇਡੀਅਨਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਇੰਟਰਨੈੱਟ ‘ਤੇ ਜਾਂ ਅਣਅਧਿਕਾਰਤ ਸਰੋਤਾਂ ਤੋਂ ਵੇਚੀ ਜਾ ਰਹੀ ਕੋਵਿਡ-19 ਦੀਆਂ ਵੈਕਸੀਨ ਨਕਲੀ ਹਨ ਅਤੇ ਉਹ ਵਾਇਰਸ ਤੋਂ ਬਚਾਉਣ ਲਈ ਬੇਅਸਰ ਹਨ। ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਵਲੋਂ 9 ਦਸੰਬਰ ਨੂੰ ਕੋਵਿਡ-19 ਦੀ ਰੋਕਥਾਮ ਲਈ ਫਾਈਜ਼ਰ ਕੰਪਨੀ ਵਲੋਂ ਤਿਆਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹੈਲਥ ਕੈਨੇਡਾ ਕਿਸੇ ਵੀ ਵੈਕਸੀਨ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇਣ ਤੋਂ ਪਹਿਲਾਂ ਉਸ ਵੈਕਸੀਨ ਦਾ ਸੁਰੱਖਿਆ, ਕਾਰਜਕੁਸ਼ਲਤਾ ਅਤੇ ਸਾਈਡ ਇਫੈਕਟਸ ਦਾ ਮੁਕਲਾਂਕਣ ਖਰਦੀ ਹੈ। ਕੈਨੇਡਾ ‘ਚ ਕਈ ਤਰ੍ਹਾਂ ਦੀਆਂ ਨਕਲੀ ਦਵਾਈਆਂ ਕੋਵਿਡ-19 ਦੀ ਵੈਕਸੀਨ ਕਹਿਣ ਕੇ ਵੇਚੀਆਂ ਜਾ ਰਹੀਆਂ ਹਨ ਜੋ ਕਿ ਅਪਰਾਧਿਕ ਗਤੀਵਿਧੀ ਹੈ ਅਤੇ ਕੈਨੇਡੀਅਨ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਗੰਭੀਰ ਜੋਖਮ ਪੈਦਾ ਕਰ ਰਹੀਆਂ ਹਨ। ਹੈਲਥ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਅਤੇ ਹੋਰ ਸਰਕਾਰੀ ਵਿਭਾਗਾਂ ਦੀਆਂ ਏਜੰਸੀਆਂ ਜਿਵੇਂ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਮਿਲ ਕੇ ਕੰਮ ਕਰ ਰਹੀ ਹੈ। ਹੈਲਥ ਕੈਨੇਡਾ ਇਨ੍ਹਾਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਹਰ ਪਹਿਲੂ ਦਾ ਇਸਤੇਮਾਲ ਕਰੇਗੀ ਅਤੇ ਜੇਕਰ ਕੋਈ ਅਜਿਹੀ ਨਕਲੀ ਵੈਕਸੀਨ ਕੋਵਿਡ-19 ਸਬੰਧੀ ਵੇਚਦਾ ਫੜਿਆ ਜਾਂਦਾ ਹੈ ਤਾਂ ਇਹ ਮਾਮਲਾ ਸਿੱਧਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕੋਲ ਭੇਜਿਆ ਜਾਵੇਗਾ।