ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਸੰਘਰਸ਼ ਜਾਰੀ

ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਸੰਘਰਸ਼ ਜਾਰੀ

ਸ਼ਾਂਤਮਈ ਸੰਘਰਸ਼ ਕਰਨਾ ਲੋਕਤੰਤਰਕ ਨਾਗਿਰਕਾਂ ਦਾ ਹੱਕ : ਭਾਰਤੀ ਸੁਪਰੀਮ ਕੋਰਟ, ਮੋਦੀ ਸਰਕਾਰ ਅਪਾਣੀ ਜਿੱਤ ‘ਤੇ ਅੜੀ

ਨਵੀਂ ਦਿੱਲੀ : ਬੀਤੇ 22 ਦਿਨਾਂ ਤੋਂ ਭਾਰਤ ਦੇ ਕਈ ਸੂਬਿਆਂ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰਨ ਰਹੇ ਹਨ। ਬੀਤੇ ਕੱਲ੍ਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀ ਸੰਵਿਧਾਨਕ ਜਾਇਜ਼ਾਤਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ, ਚੀਫ਼ ਜਸਟਿਸ ਆਫ਼ ਇੰਡੀਆ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਉਹ ਫਿਲਹਾਲ ਕਾਨੂੰਨਾਂ ਦੀ ਵੈਧਤਾ ਦਾ ਫੈਸਲਾ ਨਹੀਂ ਕਰੇਗਾ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਸੀ ਕਿ ਉਹ ਇੱਕ ਕਮੇਟੀ ਬਣਾ ਸਕਦੀ ਹੈ ਜਿਸ ਵਿੱਚ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ ਅਤੇ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਕਰਨਗੇ। ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਹੈ। ਅਦਾਲਤ ਨੇ ਕਿਹਾ ਅਸੀਂ ਕਿਸੇ ਵੀ ਹਾਲਤ ‘ਚ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਨੂੰ ਘਟਾ ਨਹੀਂ ਸਕਦੇ। ਕਿਉਂਕਿ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨਾਲ ਕਿਸੇ ਦੀ ਜ਼ਿੰਦਗੀ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਹੈ ਉਸ ਸਿਰਫ਼ ਆਪਣੇ ਹੱਕਾਂ ਲਈ ਇਥੇ ਅੰਦੋਲਨ ਕਰ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਖੇਤੀਬਾੜੀ ਮਾਹਿਰਾਂ ਤੇ ਕਿਸਾਨ ਯੂਨੀਅਨਾਂ ਦੇ ਇੱਕ ਨਿਰਪੱਖ ਤੇ ਸੁਤੰਤਰ ਪੈਨਲ ਦੇ ਗਠਨ ‘ਤੇ ਵਿਚਾਰ ਕਰ ਰਹੇ ਹਾਂ ਤਾਂ ਜੋ ਖੇਤੀਬਾੜੀ ਕਾਨੂੰਨਾਂ ਦੇ ਇਸ ਮਸਲੇ ਨੂੰ ਛੇਤੀ ਹੱਲ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨ ਖਿਲਾਫ ਉਠੀ ਲਹਿਰ ਨੇ ਦਿੱਲੀ ਨੂੰ ਚੁਫੇਰਿਉਂ ਘੇਰਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਵਲੋਂ ਕਾਨੂੰਨਾਂ ਦਾ ਵਿਰੋਧ ਲਾਮਿਸਾਲ ਬਣ ਚੁੱਕਿਆ ਹੈ। ਜਥੇਬੰਦੀਆਂ ਤੇ ਸਰਕਾਰ ਵਿਚਕਾਰ ਹੋਈਆਂ ਕਈ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ।
ਸਿੱਟੇ ਵਜੋਂ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਜਾਣ ਵਾਲੀ ਸਰਹੱਦ ਸਿੰਘੂ ਬਾਰਡਰ ਉਤੇ ਕੁੰਭ ਦੇ ਮੇਲੇ ਨਾਲੋਂ ਵਡੇਰਾ ਇਕੱਠ ਜਮ੍ਹਾਂ ਹੋ ਚੁੱਕਿਆ ਹੈ, ਜਿਥੇ ਕਿਸਾਨ ਔਰਤਾਂ ਤੇ ਬੱਚਿਆਂ ਸਮੇਤ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਉਤੇ ਏਨਾ ਰਸਦ ਪਾਣੀ ਰੱਖ ਕੇ ਪਹੁੰਚ ਚੁੱਕੇ ਹਨ ਕਿ ਉਹ ਅੰਤਾਂ ਦੀ ਠੰਢ ਦੇ ਬਾਵਜੂਦ ਲੰਮਾ ਡੇਰਾ ਲਾਈ ਰੱਖਣ ਦੇ ਸਮਰੱਥ ਹਨ। ਸਿੰਘੂ ਤੇ ਟਿਕਰੀ ਬਾਰਡਰਾਂ ਉਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਰੋਜ਼ਾਨਾ ਇਕ ਕਿਲੋਮੀਟਰ ਤੱਕ ਲੰਬੀਆਂ ਹੋ ਰਹੀਆਂ ਹਨ। ਸਿੰਘੂ ਬਾਰਡਰ ਉਤੇ ਹਰ ਰੋਜ਼ 700 ਤੋਂ ਲੈ ਕੇ 800 ਤੱਕ ਵਾਹਨ ਵਧ ਰਹੇ ਹਨ। ਇਸੇ ਤਰ੍ਹਾਂ ਟਿਕਰੀ ਬਾਰਡਰ ਉਤੇ 300 ਤੋਂ ਲੈ ਕੇ 400 ਤੱਕ ਵਾਹਨ ਰੋਜ਼ਾਨਾ ਆ ਰਹੇ ਹਨ। ਟਿਕਰੀ ਤੋਂ ਰੋਹਤਕ ਵੱਲ ਜਾਂਦੀ ਸੜਕ ਤੋਂ ਇਲਾਵਾ ਬਹਾਦਰਗੜ੍ਹ ਵਾਲੀ ਸੜਕ ਵੀ ਪੂਰੀ ਭਰ ਗਈ ਹੈ। ਜੇਕਰ ਦੋ ਵਾਹਨ ਵਾਪਸ ਜਾਂਦੇ ਹਨ ਤਾਂ 10 ਆ ਰਹੇ ਹਨ, ਨੇੜਲੀਆਂ ਲਿੰਕ ਸੜਕਾਂ ਸਮੇਤ ਖੁੱਲ੍ਹੀਆਂ ਗਲੀਆਂ ‘ਚ ਵਾਹਨ ਖੜ੍ਹੇ ਹਨ। ਲੋਕ ਪਿੰਡਾਂ ਤੋਂ ਤੁਰਨ ਲੱਗੇ ਗੁਰੂ ਘਰਾਂ ‘ਚੋ ਇਹ ਅਰਦਾਸ ਕਰਕੇ ਚਲ ਰਹੇ ਹਨ ਕਿ ਕਾਨੂੰਨ ਵਾਪਸੀ ਤੋਂ ਬਿਨਾਂ ਉਹ ਘਰਾਂ ਨੂੰ ਵਾਪਸ ਨਹੀਂ ਆਉਣਗੇ। ਇਸੇ ਕਾਰਨ ਵੀ ਲੋਕਾਂ ਦੀ ਵਾਪਸੀ ਘੱਟ ਅਤੇ ਦਿੱਲੀ ਵੱਲ ਆਮਦ ਜ਼ਿਆਦਾ ਹੋ ਰਹੀ ਹੈ।
ਸਿੰਘੂ ਬਾਰਡਰ ਉਪਰ ਲੱਗੇ ਕਿਸਾਨ ਮੋਰਚੇ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਵਧਣ ਨਾਲ ਇਹ ਅੰਦੋਲਨ ਵਿਸ਼ਾਲ ਮੇਲੇ ਦਾ ਰੂਪ ਧਾਰ ਗਿਆ ਹੈ ਤੇ ਲੋਕਾਂ ਦਾ ਇਕੱਠ ਦਿਨੋ-ਦਿਨ ਵਧ ਰਿਹਾ ਹੈ। ਤਾਜ਼ਾ ਹਾਲਾਤ ਇਹ ਹਨ ਕਿ ਤਕਰੀਬਨ 15 ਕਿੱਲੋਮੀਟਰ ਦੇ ਘੇਰੇ ‘ਚ ਕਿਧਰੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਮਿਲ ਰਹੀ। ਕਿਧਰੇ ਟਰੈਕਟਰਾਂ ਉਪਰ ਖੇਤੀ ਕਾਨੂੰਨਾਂ ਤੇ ਕਿਸਾਨ ਸੰਘਰਸ਼ ਬਾਰੇ ਗਾਇਕਾਂ ਵਲੋਂ ਗਾਏ ਗੀਤ ਵੱਜ ਰਹੇ ਸਨ, ਕਿਧਰੇ ਲੰਗਰ ਚੱਲ ਰਹੇ ਸਨ, ਕਿਧਰੇ ਜੋਸ਼ੀਲੇ ਕਿਸਾਨਾਂ ਦੇ ਗਰਜਦੇ ਬੋਲ ਠੰਢੇ ਮਾਹੌਲ ‘ਚ ਗਰਮਜੋਸ਼ੀ ਭਰ ਰਹੇ ਹਨ।
ਟਰੈਕਟਰ-ਟਰਾਲੀਆਂ, ਬੱਸਾਂ-ਟਰੱਕਾਂ ਰਾਹੀਂ ਕਿਸਾਨਾਂ ਦੇ ਕਾਫਲੇ ਲਗਾਤਾਰ ਸਿੰਘੂ ਬਾਰਡਰ ਉਪਰ ਪੁੱਜ ਰਹੇ ਸਨ। ਕਿਸਾਨ ਆਗੂ ਮੋਰਚੇ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਦਖਲਅੰਦਾਜ਼ੀ ਨਹੀਂ ਹੋਣ ਦੇ ਰਹੇ।