ਟਰੱਕ ਡਰਾਇਵਰ

ਟਰੱਕ ਡਰਾਇਵਰ

(ਵਿਅੰਗ)
– ਪਿੰਡ ਦੀ ਸੱਥ ਵਿੱਚੋਂ –

ਨਾਥੇ ਅਮਲੀ ਨੂੰ ਸੱਥ ‘ਚ ਆਉਂਦਿਆਂ ਹੀ ਬਾਬੇ ਮੱਲ ਸਿਉਂ ਨੇ ਪੁੱਛਿਆ, ”ਕਿਉਂ ਅਮਲੀਆ ਓਏ! ਸੋਡੇ ਗੁਆਂਢੀ ਗਿੰਦਰ ਨੇ ਕਹਿੰਦੇ ਟਰੱਕ ਲਿਆਂਦਾ।” ਨਾਥੇ ਅਮਲੀ ਨੇ ਸਾਊ ਸੁਭਾਅ ਅਤੇ ਸ਼ਤਾਨ ਅੱਖਾਂ ਰਾਹੀਂ ਬਾਬੇ ਨੂੰ ਮੁਸ਼ਕਣੀਆਂ ਹੱਸ ਕੇ ਟਿੱਚਰ ‘ਚ ਜਵਾਬ ਦਿੱਤਾ, ”ਮੈਂ ਵੀ ਬਾਬਾ ਤੇਰੇ ਆਂਗੂੰ ਸੁਣਿਆਂ ਈਂ ਐਂ, ਦੇਖਿਆ ਤਾਂ ਨ੍ਹੀ।”
ਸੱਥ ਵਾਲੇ ਥੜੇ ਕੋਲ ਸਾਇਕਲ ਲਈ ਖੜ੍ਹਾ ਬਚਿੱਤਰ ਨੰਬਰਦਾਰ ਕਹਿੰਦਾ, ”ਅਮਲੀਆ ਤੇਰਾ ਮੁੰਡਾ ਤਾਂ ਗੇੜਾ ਲਾ ਕੇ ਆਇਆ ਓਏ ਗਿੰਦਰ ਨਾਲ, ਤੂੰ ਕਹਿਨੈਂ ਮੈਂ ਟਰੱਕ ਲਿਆਂਦਾ ਸੁਣਿਆਂ ਈਂ ਐਂ। ਇਹ ਕੀ ਗੱਲ ਬਣੀ ਓਏ?”
ਨੰਬਰਦਾਰ ਦੀ ਗੱਲ ਸੁਣ ਕੇ ਅਮਲੀ ਕੌੜ ਮੱਝ ਵਾਂਗੂੰ ਨੰਬਰਦਾਰ ਵੱਲ ਝਾਕ ਕੇ ਕਹਿੰਦਾ, ”ਤੇਰਾ ਵੀ ਨੰਬਰਦਾਰਾ ਸਰਿਆ ਈ ਪਿਆ। ਜੇ ਮੁੰਡਾ ਗੇੜਾ ਲਾ ਕੇ ਆਇਆ ਤਾਂ ਇਹਦਾ ਮਤਬਲ ਟਰੱਕ ਮੈਂ ਵੇਖ ਲਿਆ? ਵੱਸ! ਤੂੰ ਵੀ ਮਾਮਲਾ ‘ਗਰਾਹੁਣ ਜੋਗਾ ਈ ਐਂ। ਹੋਰ ਕੁਸ ਤੈਥੋਂ ਵੀ ਨ੍ਹੀ ਹੁੰਦਾ। ਰੇਲੋ ਮਾਈ ਤੋਂ ਪੈਸੇ ਲੈ ਲੇ ਤੂੰ?”
ਨੰਬਰਦਾਰ ਕਹਿੰਦਾ, ”ਕਿਹੜੇ ਪੈਸੇ?”
ਅਮਲੀ ਨੇ ਫੇਰ ਛੱਡੀ ਫੁੱਲ ਝੜ੍ਹੀ, ”ਜਿਹੜੇ ਗਿਆਰਾਂ ਸੈਂਕੜਿਆਂ ‘ਤੇ ਖਾਹ ਮਖਾਹ ਈ ਕਬਜਾ ਕਰਗੀ, ਉਹਦੀ ਗੱਲ ਕਰਦਾਂ ਮੈਂ।”
ਅਮਲੀ ਨੂੰ ਨੰਬਰਦਾਰ ਨਾਲ ਚੁੰਝੋ ਚੁੰਝੀ ਹੁੰਦਾ ਸੁਣ ਕੇ ਸੀਤੇ ਮਰਾਸੀ ਨੇ ਮਾਰੀ ਫਿਰ ਰੇਖ ‘ਚ ਮੇਖ, ”ਨੰਬਰਦਾਰਾ! ਅਮਲੀ ਨੇ ਨ੍ਹੀ ਵੇਖਿਆ ਟਰੱਕ, ਨਾਲੇ ਇਹਨੇ ਕਿਹੜਾ ਟਰੱਕ ਦਾ ਕੁਸ ਚੈਕ ਕਰਨਾ ਸੀ। ਟਰੱਕ ਗਿੰਦਰ ਨੇ ਲਿਆਂਦਾ, ਗੁੱਲੀ ਦਣ ਅਮਲੀ ਦੇ ਪੈ ਗਿਆ। ਅੱਗੇ ਐਮੇਂ ਦਰ ਦਰ ਤੁਰਿਆ ਫਿਰਦਾ ਸੀ ਹੁਣ ਘਰੇ ਈ ਮੱਲਣ ਪਿੰਡ ਆਲਾ ਮੋਘਾ ਖੁੱਲ੍ਹ ਗਿਆ।”
ਸੀਤੇ ਮਰਾਸੀ ਦੀ ਗੱਲ ‘ਤੇ ਅਮਲੀ ਮਰਾਸੀ ਨੂੰ ਸੂਈ ਕੁੱਤੀ ਵਾਂਗੂੰ ਪਿਆ ਭੱਜ ਕੇ, ”ਮੰਗ ਖਾਣੀਏਂ ਜਾਤੇ! ਬਹਿ ਜਾ ਟਿਕ ਕੇ। ਮੈਨੂੰ ਪਤੈ ਤੂੰ ਕਿੱਥੋਂ ਬੋਲਦੈਂ।” ਮਰਾਸੀ ਦੀ ਗੱਲ ਸੁਣ ਕੇ ਨੰਬਰਦਾਰ ਕਹਿੰਦਾ, ”ਅਮਲੀਆ! ਕਿੱਥੋਂ ਬੋਲਦਾ ਓਏ ਮਰਾਸੀ?”
ਅਮਲੀ ਨੰਬਰਦਾਰ ਨੂੰ ਵੀ ਝਈ ਲੈ ਕੇ ਪਿਆ, ”ਤੂੰ ਦੱਸ ਕੀ ਲੈਣਾ? ਜਿਹੋ ਜਾ ਮਰਾਸੀ ਐ ਓਹੋ ਜਾ ਤੂੰ ਐਂ ਨੰਬਰਦਾਰਾ। ਤੂੰ ਵੀ ਕਿਸੇ ਹੋਰ ਈ ਟੋਨ ‘ਚੋਂ ਬੋਲਦੈਂ। ਪਤਾ ਮੈਨੂੰ ਤੂੰ ਕਿੱਥੋਂ ਬੋਲਿਐਂ। ਮੈਂ ਐਡਾ ਕਮਲਾ ਨ੍ਹੀ ਜਿੱਡਾ ਤੂੰ ਸਮਝਦੈ।”
ਸੀਤੇ ਮਰਾਸੀ ਨੇ ਫੇਰ ਧਰ ਲਈ ਅਮਲੀ ‘ਤੇ ਸੂਈ, ”ਹਾਂ-ਹਾਂ, ਨੰਬਰਦਾਰਾ ਐਡਾ ਕਮਲਾ ਨ੍ਹੀ ਇਹੇ, ਜਿੱਡਾ ਤੂੰ ਸਮਝਦੈਂ, ਪਰ ਹੈ ਜਰੂਰ।”
ਕਾਮਿਆਂ ਦਾ ਖੱਡੂ ਮਰਾਸੀ ਨੂੰ ਕਹਿੰਦਾ, ”ਮਰਾਸੀਆ! ਆਹ ਮੱਲਣ ਪਿੰਡ ਆਲੇ ਮੋਘੇ ਆਲੀ ਗੱਲ ਕਿਮੇਂ ਆਂ ਓਏ?” ਮਰਾਸੀ ਕਹਿੰਦਾ, ”ਹੁਣ ਰਾਜ ਰੂਜ ਸਥਾਨ ‘ਚੋਂ ਨਾਗਣੀ ਸਿੱਧੀ ਘਰੇ ਈ ਆਊ। ਹੋਰ ਕੀ ਗੱਲ ਹੋਣੀ ਸੀ ਮੱਲਣ ਆਲੇ ਮੋਘੇ ਆਲੀ।”
ਕੋਲ ਬੈਠੇ ਨਾਜਰ ਬੁੜ੍ਹੇ ਨੇ ਵੀ ਤੋੜੀ ਵਰ੍ਹਿਆਂ ਦੀ ਚੁੱਪ, ”ਨੰਬਰਦਾਰਾ! ਹੁਣ ਤਾਂ ਫਿਰ ਜਹਾਜ ਅਮਲੀ ਦੇ ਚੁੱਲ੍ਹੇ ‘ਤੇ ਈ ਉੱਤਰੂ ਕੁ ਨਹੀਂ?”
ਬਾਬਾ ਮੱਲ ਸਿਉਂ ਕਹਿੰਦਾ, ”ਕਿਉਂ ਯਾਰ ਗਰੀਬ ਬੰਦੇ ਨੂੰ ਤੰਗ ਕਰਨ ਲੱਗੇ ਐਂ। ਜਿੱਦੇਂ ਨਾਥਾ ਸਿਉਂ ਸੱਥ ‘ਚ ਆਉਂਦਾ ਨ੍ਹੀ, ਓਦੇਂ ਫਿਰ ਸੱਥ ‘ਚ ਤੁਸੀਂ ਇਉਂ ਬੈਠੇ ਹੁੰਨੇਂ ਐਂ ਜਿਮੇਂ ਠੰਢ ਦਾ ਮਾਰਿਆ ਕੁੱਤਾ ਭੇਡਾਂ ਆਲੇ ਇੱਜੜ ‘ਚ ਬੈਠਾ ਹੁੰਦੈ। ਹੁਣ ਤੁਸੀਂ ਸਾਰੇ ਅਮਲੀ ਨੂੰ ਈਂ ਲੱਗੇ ਪਏ ਐਂ। ਐਮੇਂ ਨਾ ਅਮਲੀਆ ਡਰੀਂ ਓਏ ਇਨ੍ਹਾਂ ਤੋਂ।”
ਬਾਬੇ ਦਾ ਦਿੱਤਾ ਹੌਂਸਲਾ ਸੁਣ ਕੇ ਅਮਲੀ ਪੰਜ ਪੌਣ ‘ਤੇ ਹੋ ਗਿਆ, ”ਕਿਹੜੀਆਂ ਗੱਲਾਂ ਕਰਦੈਂ ਬਾਬਾ ਤੂੰ, ਇਹੇ ਜੇ ਤਾਂ ਮੇਰੇ ਪੂੰਝ ਪੂੰਝ ਸਿੱਟੇ ਵੇ ਐ। ਤੂੰ ਮੈਨੂੰ ਇਉਂ ਦੱਸਦੇ, ਬਈ ਇਨ੍ਹਾਂ ‘ਚ ਬੰਦਾ ਕਿਹੜਾ?
ਜਿਮੇਂ ਗਾਈਆਂ ਪਹਿਲੀ ਰੋਟੀ ਵੇਲੇ ਬੱਗ ‘ਚ ਚਲੀਆਂ ਜਾਂਦੀਆਂ ਤੇ ਤਰਕਾਲ਼ਾਂ ਵੇਲੇ ਘਰੇ ਆ ਜਾਂਦੀਆਂ, ਉਹ ਗੱਲ ਇੰਨ੍ਹਾਂ ਦੀ ਐ। ਤੜਕੇ ਆਲੀ ਰੋਟੀ ਖਾ ਕੇ ਆ ਜਾਂਦੇ ਐ, ਸੱਥ ‘ਚ ਗੱਪ ਗੁੱਪ ਮਾਰ ਕੇ ਆਥਣ ਆਲੀ ਰੋਟੀ ਵੇਲੇ ਘਰੇ ਮੁੜ ਜਾਂਦੇ ਐ। ਇਨ੍ਹਾਂ ਨੂੰ ਕੀ ਪਤਾ ਡੱਡਾਂ ਕਿੱਥੇ ਰਹਿੰਦੀਐਂ?”
ਬਾਬਾ ਮੱਲ ਸਿਉਂ ਕਹਿੰਦਾ, ”ਅਮਲੀਆ ਛੱਡ ਯਾਰ ਇਨ੍ਹਾਂ ਗੱਲਾਂ ਨੂੰ। ਤੂੰ ਗਿੰਦਰ ਦੇ ਟਰੱਕ ਦੀ ਗੱਲ ਸਣਾ ਯਾਰ, ਆਪਾਂ ਤਾਂ ਹੋਰ ਈ ਪਾਸੇ ਐਮੇਂ ਗਾਜਰਾਂ ‘ਚ ਗਧਾ ਵਾੜੀ ਫਿਰਦੇ ਆਂ। ਮੁੰਡਾ ਤੇਰਾ ਕੀ ਦੱਸਦੈ?”
ਕੋਲ ਬੈਠਾ ਸੁੱਖੇ ਕਾ ਘੋਗਾ ਕਹਿੰਦਾ, ”ਜਗਨੇ ਪੰਡਤ ਨੂੰ ਪੁੱਛ ਲੋ, ਜਿਹੜਾ ਗਿੰਦਰ ਦੇ ਨਾਲ ਜਾ ਕੇ ਗੇੜਾ ਲਾ ਕੇ ਆਇਆ।”
ਤਾਸ਼ ਖੇਡੀ ਜਾਂਦੇ ਜਗਨੇ ਪੰਡਤ ਨੂੰ ਬਾਬੇ ਮੱਲ ਸਿਉਂ ਨੇ ਆਵਾਜ਼ ਦਿੱਤੀ, ”ਇਹ ਪੰਡ ਜੀ! ਆਹ ਦੱਸਿਓ ਘੋਗਾ ਕੀ ਪੁੱਛਦਾ?”
ਪੰਡਤ ਨੇ ਬਾਬੇ ਦੀ ਗੱਲ ਸੁਣ ਕੇ ਸਤਿਕਾਰ ਨਾਲ ਬਾਬੇ ਨੂੰ ਕਿਹਾ, ”ਆਉਣਾ ਬਾਬਾ ਜੀ, ਦੋ ਪੱਤੇ ਰਹਿ ਗੇ ਹੱਥ ‘ਚ, ਆਉਣਾ ਸਿੱਟ ਕੇ।” ਜਿਉਂ ਹੀ ਪੰਡਤ ਪੱਤੇ ਸੁੱਟ ਕੇ ਬਾਬੇ ਕੋਲ ਆਇਆ ਤਾਂ ਹੋਰ ਵੀ ਕਈ ਜਣੇ ਉਨ੍ਹਾਂ ਦੇ ਦੁਆਲੇ ਹੋ ਕੇ ਇਉਂ ਬੈਠ ਗਏ ਜਿਮੇਂ ਵਿਆਹ ‘ਚ ਨਿਉਂਦਾ ਲਿਖਣ ਵੇਲੇ ਰਿਸ਼ਤੇਦਾਰ ‘ਕੱਠੇ ਹੋ ਕੇ ਬੈਠ ਜਾਂਦੇ ਐ।
ਜਗਨਾ ਪੰਡਤ ਕਹਿੰਦਾ, ”ਜਿੱਦੇਂ ਗਿੰਦਰ ਆਗਰੇ ਦਾ ਗੇੜਾ ਲੈ ਕੇ ਗਿਆ, ਮੈਨੂੰ ਤੇ ਤਾਏ ਨਾਥਾ ਸਿਉਂ ਦੇ ਮੁੰਡੇ ਜੱਗੂ ਨੂੰ ਨਾਲ ਲੈ ਗਿਆ। ਕਹਿੰਦਾ ਆ ਜੋ ਸੋਨੂੰ ਆਗਰੇ ਦਾ ਪੇਠਾ ਖੁਆ ਕੇ ਲਿਆਮਾਂ।
ਅਸੀਂ ਦੋਮੇਂ ਜਣੇ ਗਿੰਦਰ ਨਾਲ ਚਲੇ ਗਏ। ਟਰੱਕ ਤਾਂ ਬਾਬਾ ਆਗਰੇ ਤੋਂ ਵੀਹ ਪੱਚੀ ਮੀਲ ਉਰਾਂ ਈਂ ਖਰਾਬ ਹੋ ਕੇ ਇੱਕ ਨਿੱਕੇ ਜੇ ਬੱਸ ਅੱਡੇ ‘ਤੇ ਖੜ੍ਹ ਗਿਆ। ਇੱਕ ਉੱਤੋਂ ਹਾੜ੍ਹ ਦਾ ਤਿੱਖੜ ਦਪਹਿਰਾ। ਗਰਮੀ ਵੱਢ ਵੱਢ ਖਾਵੇ। ਗਿੰਦਰ ਨੂੰ ਪਤਾ ਨਾ ਲੱਗੇ ਬਈ ਟਰੱਕ ਬੰਦ ਕਿਉਂ ਹੋ ਗਿਆ। ਓਧਰੋਂ ਕਿਤੇ ਉੱਥੋਂ ਸਕੂਲ ਆਲੇ ਛੋਟੇ ਜੁਆਕਾਂ ਨੂੰ ਸਕੂਲੋਂ ਛੁੱਟੀ ਹੋ ਗਈ। ਗਿੰਦਰ ਟਰੱਕ ਦੇ ਥੱਲੇ ਵੜਿਆ ਵਿਆ ਨੁਕਸ ਭਾਲ਼ੀ ਜਾਵੇ। ਸਕੂਲ ਆਲੇ ਚਾਰ ਪੰਜ ਜੁਆਕ ਗਿੰਦਰ ਨੂੰ ਆ ਕੇ ਕਹਿੰਦੇ ‘ਅੰਕਲ ਕੀ ਹੋ ਗਿਆ ਠੇਲੇ ਨੂੰ?’
ਗਿੰਦਰ ਕਹਿੰਦਾ ‘ਖਰਾਬ ਹੋ ਗਿਆ।’ ਮਗਰੇ ਤਿੰਨ ਚਾਰ ਜੁਆਕ ਹੋਰ ਆ ਗੇ। ਉਨ੍ਹਾਂ ਨੇ ਵੀ ਗਿੰਦਰ ਨੂੰ ਕਿਤੇ ਪੁੱਛ ਲਿਆ, ‘ਅੰਕਲ ਕੀ ਹੋ ਗਿਆ?’
ਗਿੰਦਰ ਫੇਰ ਬੋਲਿਆ ਟਰੱਕ ਦੇ ਥੱਲੇ ਵੜਿਆ ਵਿਆ ਜਿਮੇਂ ਕਤੂਰਾ ਟੋਕਰੇ ਥੱਲੇ ਤਾੜਿਆ ਵਿਆ ਚੂਕਦਾ ਹੋਵੇ। ਕਹਿੰਦਾ ‘ਖਰਾਬ ਹੋ ਗਿਅ ਪੁੱਤ।’ ਇੱਕ ਤਾਂ ਉੱਤੋਂ ਕਹਿਰ ਦੀ ਗਰਮੀ ਪਵੇ, ਦੂਜਾ ਸਕੂਲ ਆਲੇ ਜੁਆਕਾਂ ਨੇ ਪੁੱਛ ਪੁੱਛ ਕੇ ਅਕਾਅ ‘ਤਾ ਗਿੰਦਰ ਨੂੰ, ਅੰਕਲ ਕੀ ਹੋ ਗਿਆ, ਅੰਕਲ ਕੀ ਹੋ ਗਿਆ?
ਦੋ ਕੁ ਹੋਰ ਨੰਘੇ ਜਾਂਦੇ ਜੁਆਕਾਂ ਨੇ ਟਰੱਕ ਕੋਲ ਆ ਕੇ ਗਿੰਦਰ ਨੂੰ ਫੇਰ ਪੁੱਛ ਲਿਆ, ‘ਕੀ ਖਰਾਬ ਹੋ ਗਿਆ ਅੰਕਲ ਠੇਲੇ ਦਾ?’ ਜਦੋਂ ਬਾਬਾ ਜੁਆਕਾਂ ਨੇ ਇਹ ਗੱਲ ਪੁੱਛੀ ਤਾਂ ਗਿੰਦਰ ਹਰਖ ਗਿਆ।
ਗਿੰਦਰ ਛੀ ਸੱਤ ਚੰਗੀਆਂ ਕਰਾਰੀਆਂ ਜੀਆਂ ਗਾਲਾਂ ਕੱਢਕੇ ਜੁਆਕਾਂ ਨੂੰ ਕਹਿੰਦਾ, ‘ਫਲਾਨਾ ਥੋਕ ਹੋ ਗਿਆ, ਧਿਉਂਕਾ ਹੋ ਗਿਆ। ਸੋਡੀ ਮਾਂ ਦਾ ਦਾ ਬੁੜ੍ਹੀ ਦਾ’। ਗਿੰਦਰ ਨੇ ਤਾਂ ਬਾਬਾ ਜੁਆਕਾਂ ਨੂੰ ਗਾਲ਼ਾਂ ਆਲੀ ਲਾ ‘ਤੀ ਤਹਿ। ਲੈ ਬਾਬਾ, ਹੁਣ ਸ਼ਹਿਰੀਏ ਜੁਆਕਾਂ ਨੂੰ ਕੀ ਪਤਾ ਬਈ ਪੇਂਡੂ ਗਾਲਾਂ ਕੀ ਹੁੰਦੀਆਂ?
ਜਦੋਂ ਗਿੰਦਰ ਨੇ ਗਾਲਾਂ ਦੀ ਬਾਛੜ ਵਰ੍ਹਾਤੀ ਨਾ! ਜੁਆਕਾਂ ਨੇ ਸਮਝਿਆ ਬਈ ਇਹ ਕਿਸੇ ਪੁਰਜੇ ਦਾ ਨਾਂ ਲੈਂਦਾ ਜਿਹੜਾ ਕੋਈ ਖਰਾਬ ਹੋਇਆ। ਗਿੰਦਰ ਦੇ ਮੂੰਹੋਂ ਗਾਲਾਂ ਸੁਣ ਕੇ ਜੁਆਕ ਕਹਿੰਦੇ, ‘ਇਹ ਪੁਰਜਾ ਤਾਂ ਅੰਕਲ ਆਗਰਿਉਂ ਮਿਲੂਗਾ, ਐਥੋਂ ਤਾਂ ਨ੍ਹੀ ਮਿਲਣਾ। ਏਥੇ ਤਾਂ ਸ਼ੈਂਕਲਾਂ ਦੇ ਪੈਂਚਰ ਲਾਉਣ ਆਲੀਆਂ ਹੱਟਾਂ ਈਂ ਐਂ। ਜੁਆਕ ਤਾਂ ਬਾਬਾ ਇਹ ਗੱਲ ਕਹਿ ਕੇ ਉਠ ਗੇ। ਗਰਮੀ ਤੇ ਸਕੂਲ ਆਲੇ ਜੁਆਕਾਂ ਦਾ ਸਤਾਇਆ ਵਿਆ ਗਿੰਦਰ ਟਰੱਕ ਦੇ ਥੱਲਿਉਂ ਬਾਹਰ ਨਿੱਕਲ ਕੇ ਮੈਨੂੰ ਕਹਿੰਦਾ ‘ਪੰਡਤਾਂ ਕਿੱਧਰ ਗਈ ਓਏ ਬਾਂਦਰ ਜਾਤ’?
ਜੱਗੂ ਕਹਿੰਦਾ, ਆਪਾਂ ਕੀ ਲੈਣਾ ਉਸਤਾਦ, ਬਗਾਨੇ ਪਿੰਡ ਖੜ੍ਹੇ ਆਂ, ਅਗਲੇ ਕੁੱਟ ਕੁੱਟ ਕੇ ਮੋਛੇ ਪਾ ਦੇਣਗੇ। ਅਜੇ ਤਾਂ ਪਹਿਲਾ ਗੇੜਾ ਈ ਐ। ਜਿੱਥੇ ਜਾਈਏ, ਓਹੋ ਜੇ ਹੋ ਜੀਏ। ਗੰਗਾ ਜਾਈਏ ਗੰਗਾ ਰਾਮ ਬਣ ਜੀਏ, ਜਮਨਾਂ ਜਾਈਏ ਜਮਨਾਂ ਦਾਸ ਬਣ ਜੀਏ। ਬਗਾਨੇ ਥਾਂ ਨਾ ਪੰਗਾ ਲਈਏ। ਅਗਲੇ ਕੁੱਟ ਕੁੱਟ ਕੇ ਬਾਣ ਦੇ ਢਿੱਲੇ ਮੰਜੇ ਅਰਗਾ ਕਰ ਦਿੰਦੇ ਆ ਬਗਾਨੇ ਪੁੱਤ।
ਤੂੰ ਤਾਂ ਆਏਂ ਆਕੜਦੈਂ ਜਿਮੇਂ ਆਪਣੇ ਪਿੰਡ ਆਲੇ ਤੇਲੀਆਂ ਦਾ ਭੀਸਾ ਜਾ ਕਤੂਰਾ ਘਰੇ ਗਏ ਬੰਦੇ ਨੂੰ ਵੇਖ ਵੇਖ ਨਾਲੇ ਭੌਂਕੀ ਜਾਊ ਨਾਲੇ ਗਾਹਾਂ ਅੰਦਰ ਨੂੰ ਵੜੀ ਜਾਊ। ਜੇ ਏਥੇ ਇਹ ਭਈਏ ਜੇ ‘ਕੱਠੇ ਹੋ ਕੇ ਆ ਗੇ ਨਾ, ਕੁੱਟ ਕੁੱਟ ਕੇ ਗੁੜਦੁੰਬੇ ਅਰਗਾ ਕਰ ਦੇਣਗੇ’। ਆਂਏਂ ਹੋਈ ਗੱਲ ਬਾਬਾ।”
ਭਜਨੇ ਕਾ ਸੀਰਾ ਕਹਿੰਦਾ, ”ਓਧਰੋਂ ਫਿਰ ਕੀ ਲੱਦ ਕੇ ਲਿਆਂਦਾ ਪੰਡਤਾ?” ਨਾਥਾ ਅਮਲੀ ਬੈਠਾ ਬੈਠਾ ਕਹਿੰਦਾ, ”ਓਧਰੋਂ ਕੀ ਲੱਦਣਾ ਸੀ, ਓਧਰੋਂ ਤਾਂ ਖਾਲੀ ਮਸਾਂ ਆਇਆ ਹੋਣਾ ਫਿਸੜ ਫੜਾਕ।”
ਜਗਨਾ ਪੰਡਤ ਕਹਿੰਦਾ, ”ਜਦੋਂ ਅਸੀ ਮੁੜੇ ਆਉਂਦੇ ਸੀ, ਜਦੋਂ ਵੀ ਕੋਈ ਸਕੂਲ ਆ ਜਿਆ ਕਰੇ ਰਾਹ ‘ਚ। ਗਿੰਦਰ ਵਾਖਰੂ ਵਾਖਰੂ ਕਰਨ ਲੱਗ ਜਿਆ ਕਰੇ ਬਈ ਕਿਤੇ ਏਥੇ ਨਾ ਖਰਾਬ ਹੋ ਜੇ। ਇੱਕ ਹੋਰ ਗੱਲ ਐ ਬਾਬਾ! ਸਕੂਲ ਆਲੇ ਜੁਆਕਾਂ ਨੂੰ ਵੇਖ ਕੇ ਤਾਂ ਗਿੰਦਰ ਮੀਂਹ ‘ਚ ਭਿੱਜੀ ਰਜਾਈ ਅਰਗਾ ਹੋ ਜਾਂਦਾ। ਐਨਾ ਡਰਦਾ ਸਕੂਲ ਆਲੇ ਜੁਆਕਾਂ ਤੋਂ ਤਾਂ ਹੁਣ।”
ਬਾਬਾ ਮੱਲ ਸਿਉਂ ਕਹਿੰਦਾ, ”ਐਨੇ ਭੈੜੇ ਤਾਂ ਨ੍ਹੀ ਹੁੰਦੇ ਯਾਰ ਸਕੂਲ ਆਲੇ ਜੁਆਕ।” ਅਮਲੀ ਕਹਿੰਦਾ, ”ਭੈੜਿਆਂ ਅਰਗੇ ਭੈੜੇ, ਸਿਆਣੇ ਕਹਿੰਦੇ ਤਾਂ ਹੁੰਦੇ ਐ, ਬਈ ਸੌ ਬਾਂਦਰ ਬਰਾਬਰ ਇੱਕ ਸਕੂਲ ਆਲਾ ਜੁਆਕ ਹੁੰਦਾ।”
ਗੱਲਾਂ ਕਰਦਿਆਂ ਕਰਦਿਆਂ ਤੋਂ ਗਿੰਦਰ ਸੱਥ ਕੋਲ ਦੀ ਜਦੋਂ ਟਰੱਕ ਲੈ ਕੇ ਲੰਘਣ ਲੱਗਾ ਤਾਂ ਸਾਰੇ ਸੱਥ ਵਾਲੇ ਉਹਦੇ ਵੱਲ ਵੇਖਣ ਲੱਗ ਪਏ। ਜਿਉਂ ਹੀ ਟਰੱਕ ਸੱਥ ਦੇ ਬਰਾਬਰ ਆਇਆ ਤਾਂ ਗਿੰਦਰ ਨੇ ਟਰੱਕ ਨੂੰ ਦੱਬ ਦੱਬ ਕੇ ਕਈ ਰੇਸਾਂ ਦੇ ਦਿੱਤੀਆਂ। ਜਦੋਂ ਟਰੱਕ ਨੂੰ ਰੇਸਾਂ ਦਿੱਤੀਆਂ ਤਾਂ ਟਰੱਕ ਦੇ ਸਲੈਂਸਰ ‘ਚੋ ਨਿੱਕਲੇ ਧੂੰਏਂ ਨੇ ਸੱਥ ‘ਚ ਬੈਠਿਆਂ ਨੂੰ ਆਂਏਂ ਕਰ ‘ਤਾ ਜਿਵੇਂ ਮੱਝਾਂ ਚਿੱਕੜ ‘ਚ ਲਿਬੜੀਆਂ ਹੋਣ। ਧੂੰਏਂ ਦੇ ਮੁਸ਼ਕ ਤੇ ਕਾਲਸ ਤੋਂ ਡਰਦੇ ਸਾਰੇ ਲੋਕ ਗਿੰਦਰ ਨੂੰ ਗਾਲਾਂ ਕੱਢਦੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113