ਰੁਝਾਨ ਖ਼ਬਰਾਂ
ਪਿੱਥੋ ਦਾ ਮਾਣ ਭਾਈ ਕਾਨ੍ਹ ਸਿੰਘ ਨਾਭਾ

ਪਿੱਥੋ ਦਾ ਮਾਣ ਭਾਈ ਕਾਨ੍ਹ ਸਿੰਘ ਨਾਭਾ

ਘਰ ਵਿਚ ਕਦੀ ਕਦੀ ਸਾਹਿਤ ਬਾਰੇ ਪਾਠਕੀ ਗੱਲਬਾਤ ਵੀ ਚਲਦੀ। ਨਾਨਕ ਸਿੰਘ ਨੇ ਕਹਾਣੀ ਨੂੰ ਕਿਵੇਂ ਗੁੰਦਿਆ ਹੈ ਤੇ ਕਲਪਿਤ ਪਾਤਰਾਂ ਨੂੰ ਕਿਵੇਂ ਜਿਉਂਦੇ-ਜਾਗਦੇ, ਚੰਗੇ-ਮਾੜੇ ਮਨੁੱਖ ਬਣਾ ਦਿੱਤਾ ਹੈ। ਗੁਰਬਖ਼ਸ਼ ਸਿੰਘ ਨੇ ਕਿਵੇਂ ਜੀਵਨ-ਜਾਚ ਤੇ ਜੀਵਨ-ਚੱਜ ਦੀਆਂ ਜੁਗਤਾਂ ਪੰਜਾਬੀ ਵਿਚ ਪਹਿਲੀ ਵਾਰ ਦੱਸੀਆਂ ਹਨ। ਸਾਧੂ ਦਯਾ ਸਿੰਘ ਨੇ ਕਿਵੇਂ ਮਨੁੱਖੀ ਜੀਵਨ ਦੇ ਇਕ ਇਕ ਸਾਲ ਦੀ ਸੱਚੀ ਤਸਵੀਰ ਖਿੱਚ ਕੇ ਬੰਦੇ ਨੂੰ ਸਿੱਧੇ ਰਾਹ ਤੁਰਨ ਦੀ ਸਿੱਖਿਆ ਦਿੱਤੀ ਹੈ। ਪਰ ਸਾਹਿਤਕਾਰਾਂ ਦੇ ਨਿੱਜ ਬਾਰੇ ਬਹੁਤੀ ਗੱਲ ਨਹੀਂ ਸੀ ਚਲਦੀ। ਲੇਖਕਾਂ ਦੇ ਨਿੱਜੀ ਜੀਵਨ ਦੀ ਜਾਣਕਾਰੀ ਉਸ ਸਮੇਂ ਆਮ ਪਾਠਕ ਤੱਕ ਘੱਟ ਹੀ ਪੁਜਦੀ ਸੀ। ਮਨੁੱਖੀ ਜੀਵਨ ਬਾਰੇ ਚੱਲੀਆਂ ਗੱਲਾਂ ਵਿਚ ਕਿਸੇ ਵਿਚਾਰ ਦੇ ਖੰਡਣ-ਮੰਡਣ ਲਈ ਗੁਰਬਾਣੀ ਦੇ ਹਵਾਲੇ ਅਕਸਰ ਹੀ ਦਿੱਤੇ ਜਾਂਦੇ। ਸਗੋਂ ਗੁਰਬਾਣੀ ਦੀਆਂ ਅਨੇਕ ਤੁਕਾਂ ਤਾਂ ਸਾਧਾਰਨ, ਅਨਪੜ੍ਹ ਲੋਕਾਂ ਦੀ ਰੋਜ਼ਾਨਾ ਬੋਲਬਾਣੀ ਤੱਕ ਦਾ ਅੰਗ ਬਣ ਚੁੱਕੀਆਂ ਸਨ। ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ ਕਥਾ-ਆਧਾਰਤ ਪੌੜੀਆਂ ਵੀ ਅਕਸਰ ਚਿਤਾਰੀਆਂ ਜਾਂਦੀਆਂ। ਕਿਸੇ ਅਕ੍ਰਿਤਘਣ ਬੰਦੇ ਦੀ ਨਿੰਦਣਯੋਗਤਾ ਦੱਸਣ ਲਈ ਬਾਪੂ ਜੀ ਪੌੜੀ ਉਚਾਰਦੇ, ”ਮਦ ਵਿਚਿ ਰਿਧਾ ਪਾਇਕੈ ਕੁਤੇ ਦਾ ਮਾਸੁ, ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸੁ।” ਤ੍ਰਿਸਕਾਰਨਜੋਗ ਇਸਤਰੀ ਭੋਗ-ਵਿਲਾਸ ਕਰਨ ਮਗਰੋਂ ਇਸ ਮਾਸ ਨੂੰ ਰੱਤ-ਲਿੱਬੜੇ ਕੱਪੜੇ ਨਾਲ ਕੱਜ ਕੇ ਜਾਂਦੀ ਹੋਈ ਕਿਸੇ ਦੇ ਪੁੱਛੇ ਤੋਂ ਆਖਦੀ ਹੈ, ”ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ!” ਇਵੇਂ ਹੀ ਨਮਕਹਰਾਮੀ ਬਾਰੇ ”ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ” ਪੌੜੀ ਸੁਣਾਉਂਦੇ ਜੋ ਖੱਲਾਂ-ਖੂੰਜੇ ਫਰੋਲ ਕੇ ਸੋਨੇ-ਚਾਂਦੀ ਦੀ ਪੰਡ ਬੰਨ੍ਹ ਲੈਣ ਮਗਰੋਂ ਭੁਲੇਖੇ ਨਾਲ ਨੂਣ ਨੂੰ ਹੱਥ ਪਾ ਬੈਠਦਾ ਹੈ ਅਤੇ ”ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨਾ ਖੜਿਆ!” ਤੇ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਹੋਰ ਕਈ ਪੌੜੀਆਂ ਦੇ ਹਵਾਲੇ ਵੀ ਮੈਨੂੰ ਅੱਜ ਤੱਕ ਚੇਤੇ ਹਨ। ਹਾਂ, ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜ਼ਿਕਰ ਜ਼ਰੂਰ ਚਲਦਾ ਕਿਉਂਕਿ ਗੁਰਬਾਣੀ ਦੇ ਨਾਲ ਨਾਲ ਉਨ੍ਹਾਂ ਦੀਆਂ ਜਨਮ-ਸਾਖੀਆਂ ਅਤੇ ਜੀਵਨੀਆਂ ਆਮ ਪ੍ਰਾਪਤ ਸਨ।
ਸਮਕਾਲੀ ਸਾਹਿਤਕਾਰਾਂ ਵਿਚੋਂ ਜੇ ਕਿਸੇ ਦੇ ਨਿੱਜੀ-ਭਾਈਚਾਰਕ ਜੀਵਨ ਦੀ ਗੱਲ ਅਕਸਰ ਚਲਦੀ ਸੀ, ਉਹ ਸਨ ‘ਮਹਾਨ ਕੋਸ਼’ ਦੇ ਰਚਨਾਕਾਰ ਭਾਈ ਕਾਨ੍ਹ ਸਿੰਘ। ਕਾਰਨ ਇਹ ਕਿ ਉਹ ਸਾਡੇ ਪਿੰਡ ਦੇ ਸਨ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਜੀਵਨ ਤੇ ਸੁਭਾਅ ਆਦਿ ਦੀ ਸਿੱਧੀ ਜਾਣਕਾਰੀ ਸੀ। ਮੈਂ ਉਨ੍ਹਾਂ ਬਾਰੇ ਕਈ ਗੱਲਾਂ ਅਜਿਹੀਆਂ ਵੀ ਸੁਣੀਆਂ ਹੋਈਆਂ ਹਨ, ਜਿਹੜੀਆਂ ਕਦੀ ਕਿਸੇ ਲਿਖਤ ਵਿਚ ਨਹੀਂ ਆਈਆਂ। ਸਾਡੇ ਘਰ ਵਿਚ ਉਨ੍ਹਾਂ ਦਾ ਨਾਂ ਬੜੇ ਆਦਰ ਨਾਲ ਲਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਵਿੱਦਵਤਾ ਤੋਂ ਪ੍ਰਭਾਵਿਤ ਸਾਡੇ ਬਜ਼ੁਰਗ ਉਨ੍ਹਾਂ ਨੂੰ ‘ਭਾਈ ਸਾਹਿਬ’ ਜਾਂ ‘ਭਾਈ ਸਾਹਿਬ ਭਾਈ ਕਾਨ੍ਹ ਸਿੰਘ’ ਆਖਦੇ। ਉਨ੍ਹਾਂ ਦੇ ਵਡੇਰੇ ਸਾਡੇ ਪਿੰਡ ਦੇ ਢਿੱਲੋਂ ਗੋਤ ਦੇ ਸਾਧਾਰਨ ਕਿਸਾਨ ਸਨ ਅਤੇ ਦਾਦਿਉਂ-ਪੜਦਾਦਿਉਂ ਭਰਾਵਾਂ ਦੀਆਂ ਔਲਾਦਾਂ ਅੱਜ ਵੀ ਪਿੰਡ ਵਿਚ ਸਾਧਾਰਨ ਕਿਸਾਨੀ ਜੀਵਨ ਬਤੀਤ ਕਰਦੀਆਂ ਹਨ। ਇਸੇ ਕਰਕੇ ਜਦੋਂ ਕੋਈ ਲੇਖਕ ਉਨ੍ਹਾਂ ਦਾ ਜਨਮ ‘ਪਿੱਥੋ ਦੇ ਚੌਧਰੀ ਘਰਾਣੇ’ ਵਿਚ ਹੋਇਆ ਲਿਖਦਾ ਹੈ, ਹਾਸਾ ਆ ਜਾਂਦਾ ਹੈ। ਇਹ ਸਾਮੰਤਵਾਦੀ-ਬ੍ਰਾਹਮਣਵਾਦੀ ਸੋਚ ਦੀ ਗੁਲਾਮ ਪਹੁੰਚ ਦਾ ਕਾਰਨਾਮਾ ਹੈ। ਸਾਡੇ ਪਿੰਡਾਂ ਵਿਚ ਕੋਈ ਚੌਧਰੀ ਹੀ ਨਹੀਂ ਸੀ ਹੁੰਦਾ। ਸਾਡੇ ਇਲਾਕੇ ਵਿਚ ਇਹ ਸ਼ਬਦ ਮੰਡੀਆਂ ਤੇ ਸ਼ਹਿਰਾਂ ਦੇ ਹਿੰਦੂ ਭਾਈਚਾਰੇ ਦੀਆਂ ਆਗੂ ਹਸਤੀਆਂ ਲਈ ਹੀ ਵਰਤਿਆ ਜਾਂਦਾ ਸੀ। ਇਸ ਕਥਨ ਪਿੱਛੇ ਉਹੋ ਭਾਵਨਾ ਕੰਮ ਕਰਦੀ ਹੈ ਜਿਸ ਅਧੀਨ ਕਿਹਾ ਜਾਂਦਾ ਹੈ ਕਿ ਜੁਲਾਹਿਆਂ ਦੇ ਘਰ ਜੰਮਿਆ ਕਬੀਰ ਏਨਾ ਗੁਣਵੰਤ ਕਿਵੇਂ ਹੋ ਸਕਦਾ ਹੈ, ਉਹ ਤਾਂ ਉਨ੍ਹਾਂ ਦਾ ਪਾਲਿਆ ਹੋਇਆ ਇਕ ਬ੍ਰਾਹਮਣ ਬੱਚਾ ਸੀ। ਅਜਿਹੇ ਕਥਿਤ ਲੇਖਕ ਸੋਚਦੇ ਹਨ ਕਿ ਉਸ ਸਮੇਂ ਦੇ ਪਛੜੇ ਹੋਏ ਮਾਲਵੇ ਦੇ ਇਕ ਪਿੰਡ ਵਿਚੋਂ ਉਠ ਕੇ ਭਾਈ ਕਾਨ੍ਹ ਸਿੰਘ ਏਨਾਂ ਵਿੱਦਵਾਨ ਬਣ ਸਕਿਆ ਤਾਂ ਜ਼ਰੂਰ ਉਹ ਵੱਡੇ ਚੌਧਰੀਆਂ ਦਾ ਪੁੱਤਰ ਹੀ ਹੋਵੇਗਾ!
ਅਸਲੀਅਤ ਇਹ ਹੈ ਕਿ ਭਾਈ ਸਾਹਿਬ ਦਾ ਪੜਦਾਦਾ, ਬਾਬਾ ਸਰੂਪ ਸਿੰਘ (1783-1861) ਕੁਛ ਮਹੀਨੇ ਨਾਭੇ ਨੌਕਰੀ ਕਰਨ ਪਿੱਛੋਂ ਉਥੋਂ ਨੇੜੇ ਹੀ ‘ਡੇਰਾ ਬਾਬਾ ਅਜਾਪਾਲ ਸਿੰਘ’ ਦਾ ਮਹੰਤ ਬਣ ਗਿਆ। ਉਸ ਸਮੇਂ ਸਾਡੇ ਪਿੰਡਾਂ ਦੇ ਲਗਭਗ ਅਨਪੜ੍ਹ ਸਾਧਾਰਨ ਕਿਸਾਨ ਨੌਕਰੀ ਵਿਚ ਕਿਸੇ ਉੱਚੀ ਪਦਵੀ ਦੀ ਆਸ ਤਾਂ ਕਰ ਨਹੀਂ ਸਨ ਸਕਦੇ, ਆਮ ਕਰਕੇ ਉਹ ਆਰਥਕ ਤੰਗੀ ਕਾਰਨ ਛੋਟੀ-ਮੋਟੀ ਨੌਕਰੀ ਲੱਭਣ ਘਰੋਂ ਨਿਕਲਦੇ ਸਨ ਜੋ ਮੀਂਹ-ਆਧਾਰਤ ਖੇਤੀ ਦੇ ਉਸ ਜੁੱਗ ਵਿਚ ਅਕਸਰ ਹੀ ਬਣੀ ਰਹਿੰਦੀ ਸੀ। ਕਿਸੇ ਗੁਰਦੁਆਰੇ-ਡੇਰੇ ਜਾ ਬੈਠਣ ਦਾ ਫ਼ੈਸਲਾ ਵੀ ਜਾਂ ਤਾਂ ਨੌਕਰੀ ਵਾਂਗ ਹੀ ਆਰਥਕ ਤੰਗੀ ਕਾਰਨ ਲਿਆ ਜਾਂਦਾ ਸੀ ਤੇ ਜਾਂ ਫੇਰ ਅਜਿਹੇ ਫ਼ੈਸਲੇ ਦੇ ਪਿੱਛੇ ਮਨ ਨੂੰ ਦੁਨੀਆਂ ਤੋਂ ਉਚਾਟ ਕਰ ਦੇਣ ਵਾਲਾ ਕੋਈ ਨਿਜੀ ਕਾਰਨ ਹੁੰਦਾ ਸੀ। ਤੇ ਇਨ੍ਹਾਂ ਫ਼ੈਸਲਿਆਂ ਨੂੰ ‘ਉੱਤਮ ਖੇਤੀ, ਮੱਧਮ ਵਪਾਰ; ਨਖਿਧ ਨੌਕਰੀ, ਭੀਖ ਖੁਆਰ’ ਦੇ ਵਿਸ਼ਵਾਸੀ ਆਮ ਲੋਕਾਂ ਵੱਲੋਂ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ। ਖ਼ੈਰ, ਉਹਦੇ ਮਹੰਤ ਜਾ ਬਨਣ ਦਾ ਕਾਰਨ ਕੁਛ ਵੀ ਹੋਵੇ, ਇਸ ਘਰ ਦਾ ਨਾਤਾ ਗੁਰਬਾਣੀ ਨਾਲ ਤਾਂ ਜੁੜ ਹੀ ਗਿਆ ਜੋ ਭਾਈ ਕਾਨ੍ਹ ਸਿੰਘ ਤੱਕ ਪੁਜਦਿਆਂ ਗੁਰਬਾਣੀ ਦੇ ਨਾਲ ਨਾਲ ਭਾਸ਼ਾ, ਸਾਹਿਤ ਤੇ ਸਭਿਆਚਾਰ ਤੱਕ ਪੁੱਜ ਗਿਆ। ਸਰੂਪ ਸਿੰਘ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਪੋਤੇ ਨਰਾਇਣ ਸਿੰਘ (1841-1916) ਨੇ ਸਾਡੇ ਪਿੰਡ ਪਿੱਥੋ ਤੋਂ ਜਾ ਕੇ ਡੇਰਾ ਬਾਬਾ ਅਜਾਪਾਲ ਸਿੰਘ ਦੀ ਸੇਵਾ ਸੰਭਾਲ ਲਈ ਕਿਉਂਕਿ ਸਰੂਪ ਸਿੰਘ ਦੇ ਪੁੱਤਰ, ਭਾਵ ਨਰਾਇਣ ਸਿੰਘ ਦੇ ਪਿਤਾ ਗੁਰਦਿਆਲ ਸਿੰਘ (1808-1846) ਦਾ ਦਿਹਾਂਤ ਪਹਿਲਾਂ ਹੀ ਸਿਰਫ਼ 38 ਸਾਲ ਦੀ ਭਰ ਜਵਾਨ ਉਮਰ ਵਿਚ ਹੋ ਚੁੱਕਿਆ ਸੀ।
ਨਰਾਇਣ ਸਿੰਘ ਦਾ ਸਬੰਧ ਨਾਭਾ ਦੇ ਰਾਜਘਰਾਣੇ ਨਾਲ ਜੁੜਨ ਦਾ ਸਬੱਬ ਬੜਾ ਅਨੋਖਾ ਹੈ ਅਤੇ ਮਹੱਤਵਪੂਰਨ ਵੀ ਹੈ। ਆਖ਼ਰ ਇਹੋ ਕੜੀ ਸੀ ਜੋ ਉਹਦੇ ਪੁੱਤਰ ਕਾਨ੍ਹ ਸਿੰਘ ਦੇ ‘ਭਾਈ ਕਾਨ੍ਹ ਸਿੰਘ ਨਾਭਾ’ ਬਣਨ ਵਿਚ ਸਹਾਈ ਹੋਈ। ਨਰਾਇਣ ਸਿੰਘ ਹਰ ਹਫ਼ਤੇ ਗੁਰੂ ਗ੍ਰੰਥ ਸਾਹਿਬ ਦਾ ਇਕ ਪਾਠ ਜ਼ਰੂਰ ਕਰਿਆ ਕਰਦਾ ਸੀ। ਇਉਂ ਉਸ ਨੂੰ ਸੰਪੂਰਨ ਪਾਠ ਕੰਠ ਹੋ ਗਿਆ ਸੀ। ਇਸ ਪਿੱਛੋਂ ਉਹਨੇ ਦੋ ਵਾਰ ਇਕੋ ਆਸਣ ਬੈਠ ਕੇ ਇਕੱਲਿਆਂ ਹੀ ਅਖੰਡ ਪਾਠ ਸੰਪੂਰਨ ਕੀਤਾ ਜਿਸ ਨੂੰ ਅਤੀ-ਅਖੰਡ ਪਾਠ ਆਖਦੇ ਹਨ। ਇਉਂ ਉਹਨੂੰ ਇਹ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਉਤੇ ਵਿਸ਼ਵਾਸ ਹੋ ਗਿਆ।
ਨਾਭਾ ਰਿਆਸਤ ਦੇ ਲੋਕਾਂ ਦੇ ਚੇਤੇ ਵਿਚ ਰਾਜਾ ਹੀਰਾ ਸਿੰਘ ਦਾ ਉਹੋ ਸਥਾਨ ਹੈ ਜੋ ਪੰਜਾਬ ਦੇ ਲੋਕਾਂ ਦੇ ਮਨ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਹੈ। ਉਸ ਤੋਂ ਪਹਿਲੇ ਰਾਜੇ ਦੇ ਦਿਹਾਂਤ ਮਗਰੋਂ ਜਦੋਂ ਕਿਸੇ ਨਾ ਕਿਸੇ ਕਾਰਨ ਅੰਗਰੇਜ਼ ਰੈਜ਼ੀਡੈਂਟ ਵੱਲੋਂ ਇਕ ਮਗਰੋਂ ਦੂਜਾ ਵਾਰਿਸ ਰੱਦ ਕੀਤਾ ਗਿਆ ਤਾਂ ਆਖ਼ਰ ਕੁਰਸੀਨਾਮੇ ਨੇ ਹੀਰਾ ਸਿੰਘ ਦੀ ਦੱਸ ਪਾਈ। ਆਮ ਕਹਾਵਤ ਹੈ ਕਿ ਜਦੋਂ ਉਹਨੂੰ ਪਿੰਡ ਤੋਂ ਲਿਆਉਣ ਲਈ ਪਾਲਕੀ ਭੇਜੀ ਗਈ, ਉਹ ਖੇਤ ਵਿਚ ਗਾਜਰਾਂ ਪੁੱਟ ਰਿਹਾ ਸੀ ਅਤੇ ਆਮ ਲੋਕਾਂ ਵਾਲਾ ਜੀਵਨ ਲੰਮੇ ਸਮੇਂ ਤੱਕ ਜੀਵਿਆ ਹੋਣ ਕਰਕੇ ਹੀ ਉਹ ਏਨਾਂ ਨਿਆਂਈਂ ਰਾਜ ਦੇ ਸਕਿਆ।
ਰਾਜਾ ਹੀਰਾ ਸਿੰਘ ਹਰ ਸਵੇਰ ‘ਪਰਜਾ ਦਰਸ਼ਨ’ ਵਿਚ ਆਮ ਲੋਕਾਂ ਦੀਆਂ ਅਰਜੋਈਆਂ ਵੀ ਸੁਣਦਾ ਅਤੇ ਜੇ ਕਿਸੇ ਵੀ ਖੇਤਰ ਵਿਚ ਕਿਸੇ ਵਿਅਕਤੀ ਦੀ ਕੋਈ ਪ੍ਰਾਪਤੀ ਜਾਂ ਵਿਸ਼ੇਸ਼ਤਾ ਹੁੰਦੀ, ਉਹਦਾ ਢੁੱਕਵਾਂ ਮਾਣ-ਸਤਿਕਾਰ ਵੀ ਕਰਦਾ। ਗੁਣਵੰਤ ਬੰਦਿਆਂ ਦਾ ਉਹ ਵੱਡਾ ਕਦਰਦਾਨ ਸੀ। ਨਰਾਇਣ ਸਿੰਘ ਨੇ ‘ਪਰਜਾ ਦਰਸ਼ਨ’ ਸਮੇਂ ਅਤੀ-ਅਖੰਡ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਬਾਰੇ ਦੱਸ ਕੇ ਉਹਦੇ ਸਾਹਮਣੇ ਇਹ ਪਾਠ ਕਰਨ ਦੀ ਇੱਛਾ ਜ਼ਾਹਿਰ ਕੀਤੀ। ਰਾਜੇ ਦਾ ਹੈਰਾਨ ਹੋਣਾ ਸੁਭਾਵਿਕ ਸੀ। ਮੇਰੇ ਬਾਪੂ ਜੀ ਦੱਸਿਆ ਕਰਦੇ ਸਨ, ਰਾਜੇ ਨੇ ਸ਼ੰਕਾ ਕੀਤਾ ਕਿ ਏਨੇ ਲੰਮੇ ਸਮੇਂ ਲਈ ਮਨੁੱਖ ਭੁੱਖ-ਤੇਹ ਤਾਂ ਭਲਾ ਸਹਾਰ ਸਕਦਾ ਹੈ, ਪਰ ਮਲ-ਮੂਤਰ ਦੀ ਹਾਜਤ ਦਾ ਕੀ ਬਣਦਾ ਹੋਵੇਗਾ! ਨਰਾਇਣ ਸਿੰਘ ਨੇ ਦੱਸਿਆ ਕਿ ਉਹ ਪਾਠ ਤੋਂ ਕੁਛ ਦਿਨ ਪਹਿਲਾਂ ਅੰਨ ਦਾ ਤੇ ਫੇਰ ਜਲ ਦਾ ਵੀ ਤਿਆਗ ਕਰ ਕੇ ਕੇਵਲ ਵੱਡੀਆਂ ਦਾਖਾਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ ਜਿਸ ਸਦਕਾ ਨਾ ਤਾਂ ਭੁੱਖ-ਤੇਹ ਤੇ ਨਿਰਬਲਤਾ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਹਾਜਤ ਦੀ ਸਮੱਸਿਆ ਆਉਂਦੀ ਹੈ। ਉਹਦੀ ਜੁਗਤ ਸੁਣ ਕੇ ਰਾਜਾ ਬੋਲਿਆ,”ਮੈਂ ਵੀ ਸੁੱਤੇ ਜਾਂ ਆਰਾਮ ਕੀਤੇ ਬਿਨਾਂ ਸੰਪੂਰਨ ਪਾਠ ਸਰਵਣ ਕਰਾਂਗਾ ਪਰ ਸਰੀਰ ਸਾਧਿਆ ਨਾ ਹੋਣ ਕਰਕੇ ਬੱਸ ਹਾਜਤ ਰਫ਼ਾ ਕਰਨ ਵਾਸਤੇ ਹੀ ਉਠਣ ਦੀ ਆਗਿਆ ਚਾਹਾਂਗਾ।” ਰਾਜੇ ਦੇ ਨਾਲ ਹੀ ਸਭ ਅਮਲੇ-ਫ਼ੈਲੇ ਨੇ ਤਾਂ ਬੈਠਣਾ ਹੀ ਹੋਇਆ।
ਨਰਾਇਣ ਸਿੰਘ ਨੇ ਅਤੀ-ਅਖੰਡ ਪਾਠ ਸਫ਼ਲਤਾ ਨਾਲ ਸੰਪੂਰਨ ਕੀਤਾ ਤਾਂ ਏਨਾਂ ਲੰਮਾ ਸਮਾਂ ਇਕੋ ਆਸਣ ਬੈਠਿਆਂ ਉਹਦੀਆਂ ਲੱਤਾਂ ਦਾ ਸੌਂ ਜਾਣਾ ਕੁਦਰਤੀ ਸੀ। ਰਾਜਾ ਹੀਰਾ ਸਿੰਘ ਨੇ ਆਪ ਉਹਦਾ ਆਲਤੀ-ਪਾਲਤੀ ਆਸਣ ਖੁਲ੍ਹਵਾਇਆ ਅਤੇ ਸੁੱਤੀਆਂ ਲੱਤਾਂ ਘੁੱਟ-ਘੁਟਵਾ ਕੇ ਉਹਨੂੰ ਖੜ੍ਹਾ ਹੋਣ ਦੇ ਜੋਗ ਕੀਤਾ! ਜਦੋਂ ਨਰਾਇਣ ਸਿੰਘ ਨੇ ਆਪਣੇ ਡੇਰੇ ਜਾਣ ਲਈ ਵਿਦਾਇਗੀ ਮੰਗੀ, ਰਾਜੇ ਨੇ ਪਾਲਕੀ ਮੰਗਵਾਈ ਅਤੇ ਤਿੰਨ ਹੋਰ ਪਾਲਕੀ-ਬਰਦਾਰਾਂ ਨਾਲ ਮਹਿਲ ਦੇ ਬਾਹਰਲੇ ਦੁਆਰ ਤੱਕ ਚੌਥਾ ਮੋਢਾ ਆਪ ਦਿੱਤਾ। ਇਸ ਪਿੱਛੋਂ ਰਾਜਾ ਹੀਰਾ ਸਿੰਘ ਅਤੇ ਮਹੰਤ ਨਰਾਇਣ ਸਿੰਘ ਦਾ ਨਿੱਘਾ ਨਾਤਾ ਬਣ ਗਿਆ।
ਨਰਾਇਣ ਸਿੰਘ ਦੇ ਪੁੱਤਰ ਭਾਈ ਕਾਨ੍ਹ ਸਿੰਘ (1861-1938) ਇਸ ਮਾਹੌਲ ਵਿਚ ਵੱਡੇ ਹੋਏ। ਬਹੁਭਾਸ਼ਾਈ ਗਿਆਨ ਦੇ ਸੁਆਮੀ ਭਾਈ ਕਾਨ੍ਹ ਸਿੰਘ ਨੇ ਕੋਈ ਡੇਢ ਦਰਜਨ ਪ੍ਰਕਾਸ਼ਿਤ-ਅਪ੍ਰਕਾਸ਼ਿਤ ਪੁਸਤਕਾਂ ਦੀ ਰਚਨਾ ਕੀਤੀ। ਭਾਵੇਂ ਉਨ੍ਹਾਂ ਦਾ ਮੁੱਖ ਖੇਤਰ ਸਿੱਖ ਧਰਮ ਅਤੇ ਗੁਰਬਾਣੀ ਰਿਹਾ, ਉਨ੍ਹਾਂ ਨੇ ਦੇਸ-ਪਰਦੇਸ ਦੀਆਂ ਯਾਤਰਾਵਾਂ ਦਾ ਹਾਲ ਵੀ ਲਿਖਿਆ ਅਤੇ ਪੰਜਾਬੀ ਤੇ ਹਿੰਦੀ ਵਿਚ ਕਵਿਤਾ ਵੀ ਰਚੀ। ਉਨ੍ਹਾਂ ਦੀ ਸਮੁੱਚੀ ਬਹੁਭਾਂਤੀ ਰਚਨਾ ਵਿਚੋਂ ‘ਗੁਰਸ਼ਬਦ ਰਤਨਾਕਰ’ ਨੂੰ, ਜਿਸ ਨੂੰ ਆਮ ਕਰਕੇ ‘ਮਹਾਨ ਕੋਸ਼’ ਕਿਹਾ ਜਾਂਦਾ ਹੈ, ਬਿਨਾਂ-ਸ਼ੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਹੋਰ ਪ੍ਰਸ਼ੰਸਾਯੋਗ ਅਤੇ ਮਹੱਤਵਪੂਰਨ ਕਾਰਜ ਮੈਕਾਲਿਫ਼ ਵੱਲੋਂ ਕੀਤੇ ਗਏ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਵਿਚ ਭਰਪੂਰ ਸਹਾਇਤਾ ਕਰਨਾ ਸੀ। ਇਹ ਦੋਵੇਂ ਗੱਲਾਂ ਵੱਖਰੀ ਵਿਚਾਰ-ਚਰਚਾ ਦੀਆਂ ਹੱਕਦਾਰ ਹਨ।
ਮੇਰੇ ਬਚਪਨ ਵਿਚ ਸਾਡੇ ਘਰ ਪੜ੍ਹਿਆ ਜਾਂਦਾ ‘ਮਹਾਨ ਕੋਸ਼’ ਚਾਰ ਵਡ-ਆਕਾਰੀ ਸੈਂਚੀਆਂ ਵਿਚ ਸੀ। ਇਨ੍ਹਾਂ ਸੈਂਚੀਆਂ ਦੇ ਕੁੱਲ ਪੰਨੇ 3338 ਸਨ। ਹਰ ਸੈਂਚੀ ਏਨੀਂ ਭਾਰੀ ਹੁੰਦੀ ਸੀ ਕਿ ਉਹਨੂੰ ਪੁਸਤਕ ਵਾਂਗ ਹੱਥ ਵਿਚ ਫੜ ਕੇ ਪੜ੍ਹਨਾ ਅਸੰਭਵ ਸੀ। ਇਸ ਲਈ ਇਹਨੂੰ ਧਰਮ-ਪੋਥੀਆਂ ਵਾਂਗ ਰੇਹਲ ਉਤੇ ਰੱਖ ਕੇ ਪੜ੍ਹਿਆ ਜਾਂਦਾ ਸੀ। ਇਹਦਾ ਸਤਿਕਾਰ ਵੀ ਉਨ੍ਹਾਂ ਵਾਂਗ ਹੀ ਕੀਤਾ ਜਾਂਦਾ। ਆਮ ਕਰਕੇ ਇਹਨੂੰ ਅਰਥਾਂ ਦੀ ਅਸਪੱਸ਼ਟਤਾ ਜਾਂ ਦੁਬਿਧਾ ਵਾਲੇ ਕਿਸੇ ਸ਼ਬਦ ਦਾ ਸਹੀ ਭਾਵ ਸਮਝਣ ਲਈ ਵਰਤਿਆ ਜਾਂਦਾ।
ਮੇਰੀ ਇਹ ਹੈਰਾਨੀ ਕਿ ਇਕ ਆਦਮੀ ਨੇ ਇਕੱਲਿਆਂ ਏਨੀ ਵੱਡੀ ਪੁਸਤਕ ਕਿਵੇਂ ਲਿਖ ਲਈ, ਬਚਪਨ ਵਿਚ ਤਾਂ ਸੁਭਾਵਿਕ ਸੀ ਹੀ, ਅੱਜ ਵੀ ਅਜਿਹੇ ਕਾਰਜ ਲਈ ਲੋੜੀਂਦੀਆਂ ਸਹੂਲਤਾਂ ਤੋਂ ਵਿਰਵੇ ਉਸ ਜ਼ਮਾਨੇ ਵਿਚ ਇਸ ਦੇ ਆਕਾਰ-ਪ੍ਰਕਾਰ ਬਾਰੇ ਸੋਚਿਆਂ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦਾ। ਵਣਜਾਰਾ ਬੇਦੀ ਦੀ ਦੂਜੀ ਮਿਸਾਲ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਾਲਣਾ ਦੀ ਕੋਈ ਤੀਜੀ ਮਿਸਾਲ ਨਹੀਂ ਮਿਲਦੀ। ਬਾਪੂ ਜੀ ਦਸਦੇ, ਮੁੱਢਲੇ ਆਧਾਰੀ ਕਾਰਜ ਅਤੇ ਮਗਰੋਂ ਛਪਾਈ ਨੂੰ ਛੱਡ ਕੇ ਕੇਵਲ ਇਸ ਨੂੰ ਲਿਖਣ ਵਿਚ ਭਾਈ ਕਾਨ੍ਹ ਸਿੰਘ ਦੇ ਪੰਦਰਾਂ ਸਾਲ ਖਰਚ ਹੋਏ। ਉਹ ਇਹ ਵੀ ਦਸਦੇ ਕਿ ਇਸ ਨੂੰ ਛਾਪਣ ਦਾ ਖਰਚ ਏਨਾਂ ਹੋਣਾ ਸੀ ਕਿ ਵਸੀਲਿਆਂ ਦੇ ਬਾਵਜੂਦ ਭਾਈ ਸਾਹਿਬ ਦੇ ਵੱਸ ਦਾ ਨਹੀਂ ਸੀ ਜਿਸ ਕਰਕੇ ਇਹ ਜ਼ਿੰਮਾ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਨੇ ਲਿਆ। ਇਹਦਾ ਪੂਰਾ ਨਾਂ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਹੈ ਅਤੇ ਇਹਦੇ ਹੇਠ ਅੰਗਰੇਜ਼ੀ ਵਿਚ ‘ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ’ ਲਿਖਿਆ ਹੋਇਆ ਹੈ।
ਮਹਾਨ ਕੋਸ਼ ਵਿਚ 64263 ਸ਼ਬਦਾਂ ਦੇ ਅਰਥ ਅਤੇ ਉਨ੍ਹਾਂ ਦੀ ਵਿਆਖਿਆ ਦਰਜ ਹੈ। ਬਹੁਤੇ ਲੋਕਾਂ ਦਾ ਇਹ ਗ਼ਲਤ ਵਿਚਾਰ ਬਣਿਆ ਹੋਇਆ ਹੈ ਕਿ ਇਸ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਦਿਤੇ ਗਏ ਹਨ। ਅਸਲ ਵਿਚ ਇਹ ਇਸ ਤੋਂ ਬਹੁਤ ਵੱਧ ਕੁਛ ਹੈ। ਭਾਈ ਸਾਹਿਬ ਲਿਖਦੇ ਹਨ ਕਿ ਪੰਡਿਤ ਤਾਰਾ ਸਿੰਘ ਦਾ ‘ਗੁਰੂ ਗਿਰਾਰਥ ਕੋਸ਼’ ਅਤੇ ਭਾਈ ਹਜ਼ਾਰਾ ਸਿੰਘ ਦਾ ‘ਸ੍ਰੀ ਗੁਰੂ ਗ੍ਰੰਥ ਕੋਸ਼’ ਪੜ੍ਹ ਕੇ ਉਨ੍ਹਾਂ ਨੇ ਸੋਚਿਆ, ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਵਿਚ ਨਹੀਂ ਆਏ, ਉਹ ਵੀ ਲੈ ਕੇ ਇਕ ਉਤਮ ਕੋਸ਼ ਲਿਖਿਆ ਜਾਵੇ। ਪੰਜ ਸਾਲ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਪਾਠ ਦੇ ਸ਼ਬਦੀ ਹਵਾਲੇ ਲੈਂਦਿਆਂ ਲੱਗ ਗਏ। ਹਵਾਲਿਆਂ ਨੂੰ ਤਰਤੀਬ ਦੇਣ ਦੇ ਸਬੰਧ ਵਿਚ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਦੇਖਦਿਆਂ ਉਨ੍ਹਾਂ ਨੂੰ ਖਿਆਲ ਆਇਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ ਸਗੋਂ ਸਿੱਖ ਸਾਹਿਤ ਦਾ ਕੋਸ਼ ਹੋਵੇ। ਇਸ ਆਸ਼ੇ ਨਾਲ ਉਨ੍ਹਾਂ ਨੇ ਦਸਮ ਗ੍ਰੰਥ, ਭਾਈ ਗੁਰਦਾਸ ਦੀ ਬਾਣੀ, ਭਾਈ ਨੰਦ ਲਾਲ ਦੀ ਰਚਨਾ, ਭਾਈ ਮਨੀ ਸਿੰਘ ਦੀਆਂ ਸਾਖੀਆਂ, ਭਾਈ ਬਾਲੇ ਵਾਲੀ ਜਨਮਸਾਖੀ, ਰਹਿਤਨਾਮੇ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਆਦਿ ਗ੍ਰੰਥ ਘੋਖ ਕੇ ਹਵਾਲੇ ਇਕੱਠੇ ਕੀਤੇ। ਅਰਥ ਅਤੇ ਵਿਆਖਿਆ ਨੂੰ ਵੱਧ ਤੋਂ ਵੱਧ ਸੰਪੂਰਨਤਾ ਦੇਣ ਦੇ ਮਨੋਰਥ ਨਾਲ ਉਨ੍ਹਾਂ ਨੇ ਹਉਮੈ ਤੋਂ ਮੁਕਤ ਰਹਿੰਦਿਆਂ ਸ਼ਬਦਾਂ ਨਾਲ ਸਬੰਧਿਤ ਖੇਤਰਾਂ ਦੇ ਸਿਆਣਿਆਂ ਨਾਲ ਸੰਪਰਕ ਅਤੇ ਵਿਚਾਰਾਂ ਕਰਨ ਵਿਚ ਕੋਈ ਝਿਜਕ ਨਹੀਂ ਸੀ ਦਿਖਾਈ। ਮੇਰਾ ਇਹ ਸੋਚਣਾ ਵੀ ਨਿਰਾਧਾਰ ਨਹੀਂ ਕਿ ਗੁਰਮਤਿ ਦੀ ਵਿਆਖਿਆ ਦਾ ਉਨ੍ਹਾਂ ਦਾ ਆਪਣਾ ਪਹਿਲਾਂ ਦਾ ਕਾਰਜ ਵੀ ਜ਼ਰੂਰ ਕੋਸ਼-ਰਚਨਾ ਦੇ ਵਿਚਾਰ ਦਾ ਬੀ ਅਤੇ ਆਧਾਰ ਬਣਿਆ ਹੋਵੇਗਾ। 1889 ਵਿਚ ਪ੍ਰਕਾਸ਼ਿਤ ‘ਗੁਰਮਤ ਪ੍ਰਭਾਕਰ’ ਅਤੇ 1899 ਵਿਚ ਪ੍ਰਕਾਸ਼ਿਤ ‘ਗੁਰਮਤ ਸੁਧਾਕਰ’ ਤੇ ‘ਗੁਰ ਗਿਰਾ ਕਸੌਟੀ’, ਉਨ੍ਹਾਂ ਦੀਆਂ ਤਿੰਨੇ ਪੁਸਤਕਾਂ ਗੁਰਮਤਿ ਦੀ ਵਿਆਖਿਆ ਨਾਲ ਹੀ ਸਬੰਧਿਤ ਸਨ।
ਸ਼ਬਦਾਂ ਨੂੰ ਤਰਤੀਬ ਦਿੰਦਿਆਂ ਉਨ੍ਹਾਂ ਨੇ ਅਜੋਕੇ ਸ਼ਬਦਕੋਸ਼ਾਂ ਵਾਂਗ ਅੱਖਰਮਾਲਾ ਨੂੰ ਅਤੇ ਅੱਗੋਂ ਹਰ ਅੱਖਰ ਦੇ ਸਬੰਧ ਵਿਚ ਲਗਾਂ-ਮਾਤਰਾਂ ਨੂੰ ਆਧਾਰ ਬਣਾਇਆ ਹੈ। ਭਾਈ ਸਾਹਿਬ ਦੀ ਲਿਖਤ ਦੀ ਇਕ ਦਿਲਚਸਪ ਗੱਲ ਵਾਕ ਦੇ ਅੰਤ ਉਤੇ ਆਮ ਪੰਜਾਬੀ ਲਿਖਾਈ ਵਾਲੀ ਡੰਡੀ ਦੀ ਥਾਂ ਅੰਗਰੇਜ਼ੀ ਵਾਂਗ ਫੁਲਸਟਾਪੀ ਬਿੰਦੀ ਪਾਉਣਾ ਹੈ। ਕੋਸ਼ ਵਿਚ ਅਤੇ ਉਥੇ ਦਿੱਤੇ ਗਏ ਸ਼ਮਸ਼ੇਰ ਸਿੰਘ ਅਸ਼ੋਕ ਦੇ ਨਾਂ ਉਨ੍ਹਾਂ ਦੀ ਹੱਥ-ਲਿਖਤ ਚਿੱਠੀ ਦੇ ਫ਼ੋਟੋ-ਉਤਾਰੇ ਵਿਚ ਡੰਡੀਆਂ ਦੀ ਥਾਂ ਫੁਲਸਟਾਪੀ ਬਿੰਦੀਆਂ ਹੀ ਹਨ।
ਜਦੋਂ ਸਾਹਿਤ ਦੀ ਕੁਛ ਸੋਝੀ ਆਈ ਤੋਂ ਮੈਂ ‘ਮਹਾਨ ਕੋਸ਼’ ਬਾਰੇ ਜਾਨਣਾ ਚਾਹਿਆ, ਜਿੰਨੀ ਹੈਰਾਨ ਕਰਨ ਵਾਲੀ ਇਸ ਨੂੰ ਲਿਖੇ ਜਾਣ ਵਿਚ ਲੱਗੀ ਮਿਹਨਤ ਦੀ ਵਾਰਤਾ ਸੀ, ਓਨੀਂ ਹੀ ਮੁਸ਼ਕਲਾਂ-ਭਰੀ ਇਹਦੇ ਛਪਣ ਦੀ ਕਹਾਣੀ ਸੀ। ਭਾਈ ਸਾਹਿਬ ਕਈ ਸਾਲ ਆਪਣਾ ਇਹ ਕੰਮ ਰਿਆਸਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਕਰਦੇ ਰਹੇ ਅਤੇ ਕਈ ਸਾਲ ਉਨ੍ਹਾਂ ਨੇ ਨਿਰੋਲ ਇਸੇ ਕੰਮ ਦੇ ਲੇਖੇ ਲਾਏ। ਉਨ੍ਹਾਂ ਦੇ ਆਪਣੇ ਦੱਸਣ ਅਨੁਸਾਰ ਕੁੱਲ ਮਿਲਾ ਕੇ ਇਸ ਕਾਰਜ ਦੇ ਲੇਖੇ ਉਨ੍ਹਾਂ ਦੇ 28 ਸਾਲ ਲੱਗ ਗਏ। 1911 ਵਿਚ ਉਨ੍ਹਾਂ ਦੇ ਕਦਰਦਾਨ ਨਾਭਾਪਤੀ ਮਹਾਰਾਜਾ ਹੀਰਾ ਸਿੰਘ ਗੁਜ਼ਰ ਗਏ। 1912 ਵਿਚ ਆਜ਼ਾਦ-ਖ਼ਿਆਲ ਟਿੱਕਾ ਰਿਪੁਦਮਨ ਸਿੰਘ ਨੇ ਇੰਗਲੈਂਡ ਤੋਂ ਆ ਕੇ ਗੱਦੀ ਸੰਭਾਲੀ ਤਾਂ ਪ੍ਰਬੰਧਕ ਢਾਂਚੇ ਅਤੇ ਨੀਤੀਆਂ ਵਿਚ ਕਈ ਤਬਦੀਲੀਆਂ ਕੀਤੀਆਂ। ਭਾਈ ਸਾਹਿਬ ਦੇ ਆਪਣੇ ਕਹਿਣ ਅਨੁਸਾਰ ‘ਕਈ ਕਾਰਨਾਂ ਕਰਕੇ’ ਉਹ ਨਾਭੇ ਦੀ ਨੌਕਰੀ ਤੋਂ ਵੱਖ ਹੋ ਗਏ, ਭਾਵੇਂ ਕਿ ਉਹ ਬਾਲ ਰਿਪੁਦਮਨ ਸਿੰਘ ਦੇ ਸਿੱਖਿਆਦਾਤਾ ਰਹੇ ਸਨ। ਇਸ ਵਿਹਲ ਨੂੰ ਗ਼ਨੀਮਤ ਸਮਝਦਿਆਂ ਉਹ ਕਸ਼ਮੀਰ ਚਲੇ ਗਏ ਅਤੇ ’20 ਮਈ 1912 ਨੂੰ ਅਰਦਾਸਾ ਸੋਧ ਕੇ’ ਰਚਨਾ-ਕਾਰਜ ਆਰੰਭ ਕਰ ਦਿੱਤਾ। 1915 ਵਿਚ ਉਨ੍ਹਾਂ ਨੇ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੀ ਨੌਕਰੀ ਦੀ ਪੇਸ਼ਕਸ਼ ਪਰਵਾਨ ਤਾਂ ਕਰ ਲਈ ਪਰ 1917 ਵਿਚ ਬੁਲਾਵਾ ਆਉਣ ਸਦਕਾ ਫੇਰ ਨਾਭੇ ਚਲੇ ਗਏ। 1923 ਵਿਚ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹੇ ਜਾਣ ਮਗਰੋਂ ਉਹ ਰਿਆਸਤੀ ਨੌਕਰੀ ਤੋਂ ਵੱਖ ਹੋ ਕੇ ਇਕ ਵਾਰ ਫੇਰ ਨਿਰੋਲ ਕੋਸ਼-ਰਚਨਾ ਨੂੰ ਸਮਰਪਿਤ ਹੋ ਗਏ। ਕੋਸ਼ ਦੇ ਖਰੜੇ ਦਾ ਅੰਤਲਾ ਸ਼ਬਦ ਉਨ੍ਹਾਂ ਨੇ 6 ਫ਼ਰਵਰੀ 1926 ਨੂੰ ਲਿਖਿਆ।
ਸਿੱਖ ਵਿਦਵਾਨਾਂ ਨੇ ਇਸ ਉਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕੋਸ਼ ਦੇ ਅੰਗਰੇਜ਼ੀ ਵਿਚ ਲਿਖੇ ਮੁੱਖਬੰਦ ਵਿਚਲੇ ਤੇਜਾ ਸਿੰਘ ਦੇ ਇਹ ਸ਼ਬਦ ਅਜਿਹੀ ਰਚਨਾ ਕਰਨ ਸਬੰਧੀ ਭਾਈ ਕਾਨ੍ਹ ਸਿੰਘ ਦੀ ਯੋਗਤਾ ਤੇ ਸਮਰੱਥਾ ਨੂੰ ਪ੍ਰਤੀਨਿਧ ਰੂਪ ਵਿਚ ਭਲੀਭਾਂਤ ਉਜਾਗਰ ਕਰਦੇ ਹਨ, ”ਸਿੱਖ ਧਰਮ-ਗ੍ਰੰਥਾਂ ਅਤੇ ਇਤਿਹਾਸ ਬਾਰੇ ਉਨ੍ਹਾਂ ਦਾ ਗਿਆਨ ਅਤਿਅੰਤ ਡੂੰਘਾ ਅਤੇ ਲਾਸਾਨੀ ਹੈ। ਸਿੱਖ ਵਿੱਦਵਤਾ ਦੀ ਪੁਰਾਣੀ ਧਾਰਾ, ਜਿਸ ਵਿਚ ਗਿਆਨ ਦੀ ਗਹਿਰਾਈ ਅਤੇ ਵਿਸਤਾਰ ਦੀ ਵਡਿਆਈ ਉਤੇ ਜ਼ੋਰ ਵਧੇਰੇ ਦਿੱਤਾ ਜਾਂਦਾ ਸੀ, ਵਿਚ ਸਿੱਖਿਅਤ ਹੋਣ ਤੋਂ ਇਲਾਵਾ ਉਨ੍ਹਾਂ ਨੇ ਵਿਚਾਰਾਂ ਦੀ ਅਨੇਕਤਾ ਅਤੇ ਵਿਸ਼ਾਲਤਾ, ਜੋ ਪੱਛਮੀ ਵਿੱਦਵਤਾ ਦਾ ਵਿਸ਼ੇਸ਼ ਲੱਛਣ ਹਨ, ਵੀ ਧਾਰਨ ਕੀਤੀਆਂ ਹੋਈਆਂ ਹਨ।” ਓਰੀਐਂਟਲ ਕਾਲਜ ਲਾਹੌਰ ਦੇ ਪ੍ਰਿੰਸੀਪਲ, ਏਲ਼ਸੀਲ਼ਵੂਲਨਰ ਨੇ ਕੋਸ਼ ਨੂੰ ‘ਸਿੱਖ ਧਰਮ ਦਾ ਐਨਸਾਈਕਲੋਪੀਡੀਆ’ ਅਤੇ ‘ਸਿੱਖ ਸਾਹਿਤ ਦੀ ਡਿਕਸ਼ਨਰੀ’ ਕਿਹਾ। ਉਹਨੇ ਇਹ ਵੀ ਕਿਹਾ ਕਿ ”ਭਾਵੇਂ ਇਹ ਇਸ ਦਾ ਮੁੱਖ ਉਦੇਸ਼ ਨਹੀਂ, ਤਾਂ ਵੀ ਇਹ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਇਕ ਸ਼ਬਦਕੋਸ਼ ਵਜੋਂ ਵੀ ਬਹੁਤ ਮੁੱਲਵਾਨ ਰਹੇਗਾ।”
ਦੂਜੇ ਪਾਸੇ ਭਾਈ ਸਾਹਿਬ ‘ਭੂਮਿਕਾ’ ਵਿਚ ਜੋ ਕੁਝ ਲਿਖਦੇ ਹਨ, ਉਹ ਅੱਜ ਦੇ ਲੇਖਕਾਂ ਵੱਲੋਂ ਪਾਠਕਾਂ ਦੀ ਘਾਟ, ਬੇਰੁਖ਼ੀ ਅਤੇ ਅਗਿਆਨਤਾ ਸਬੰਧੀ ਅਕਸਰ ਕੀਤੇ ਜਾਂਦੇ ਗਿਲੇ-ਸ਼ਿਕਵੇ ਨਾਲ ਹੂਬਹੂ ਮੇਲ ਖਾਂਦਾ ਹੈ, ”ਇਸ ਗ੍ਰੰਥ ਦੇ ਪੂਰਨ ਕਰਨ ਅਤੇ ਪ੍ਰਕਾਸ਼ਨ ਵਿਚ ਜੋ ਨਿਰਾਸਤਾ, ਔਖ ਅਤੇ ਵਿਘਨ ਹੋਏ ਹਨ, ਉਨ੍ਹਾਂ ਦਾ ਇੱਥੇ ਵਿਸਤਾਰ ਨਾਲ ਲਿਖਣਾ ਲੇਖਕਾਂ ਦੇ ਉਤਸਾਹ ਘਟਾਉਣ ਦਾ ਕਾਰਨ ਹੈ, ਪਰ ਸੰਖੇਪ ਨਾਲ ਇਤਨਾ ਪ੍ਰਗਟ ਕਰ ਦੇਣਾ ਭੀ ਜਰੂਰੀ ਹੈ ਕਿ ਅਜੇ ਅਸਾਡੀ ਕੌਮ ਦੇ ਸੱਜਨਾਂ ਨੂੰ ਅਜਿਹੇ ਕੰਮਾਂ ਨਾਲ ਬਹੁਤ ਹੀ ਘੱਟ ਪਿਆਰ ਹੈ, ਅਰ ਕਿਤਨਿਆਂ ਨੂੰ ਇਹ ਪਤਾ ਭੀ ਨਹੀਂ ਕਿ ਇਸ ਪ੍ਰਕਾਰ ਦੇ ਗ੍ਰੰਥ ਕਿਵੇਂ ਲਿਖੇ ਜਾਂਦੇ ਹਨ ਅਰ ਇਨ੍ਹਾਂ ਤੋਂ ਕੀ ਲਾਭ ਹੁੰਦਾ ਹੈ?”
ਉਨ੍ਹਾਂ ਦੀ ਇਸ ਢਹਿੰਦੀ ਮਨੋਦਸ਼ਾ ਦਾ ਕਾਰਨ ਵੀ ਜਾਣ ਲਵੋ। ਮਹਾਰਾਜਾ ਫ਼ਰੀਦਕੋਟ, ਬਰਜਿੰਦਰ ਸਿੰਘ ਨੇ ਕੋਸ਼ ਛਪਵਾਉਣ ਦਾ ਵਚਨ ਦਿੱਤਾ ਹੋਇਆ ਸੀ ਪਰ ਬਦਕਿਸਮਤੀ ਨੂੰ ਉਹ ਗੁਜ਼ਰ ਚੁਕਿਆ ਸੀ। ਮਹਾਰਾਜਾ ਨਾਭਾ, ਰਿਪੁਦਮਨ ਸਿੰਘ, ਜਿਸ ਨੇ ਡੇਢ ਸਾਲ ਲਈ ਭਾਈ ਸਾਹਿਬ ਦੇ ਸਾਰੇ ਅਮਲੇ ਦਾ ਖਰਚ ਦਿਤਾ ਸੀ ਅਤੇ ਛਪਾਈ ਲਈ ਨਿੱਗਰ ਸਹਾਇਤਾ ਦਾ ਇਕਰਾਰ ਕੀਤਾ ਸੀ, ਨੂੰ ਗੱਦੀ ਛੱਡਣੀ ਪੈ ਗਈ ਸੀ। ਜਦੋਂ ਉਨ੍ਹਾਂ ਨੇ ਮਹਾਰਾਜੇ ਦੇ ਇਸ ਇਕਰਾਰ ਸਬੰਧੀ ਰਿਆਸਤ ਦੇ ਨਵੇਂ ਪ੍ਰਬੰਧਕ ਨਾਲ ਗੱਲ ਕੀਤੀ, ਉਹਨੇ ਖ਼ਜ਼ਾਨਾ ਖਾਲੀ ਦੱਸ ਕੇ ਕਿਸੇ ਮਦਦ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਸ਼ੁਭਚਿੰਤਕਾਂ ਨਾਲ ਵਿਚਾਰ-ਚਰਚਾ ਦੇ ਸਿੱਟੇ ਵਜੋਂ ਸਲਾਹ ਬਣੀ ਕਿ ਕੋਸ਼ ਦੀ ਸੱਤਰ ਰੁਪਏ ਅੰਦਾਜ਼ਨ ਕੀਮਤ ਦਾ ਅੱਧ ਪੇਸ਼ਗੀ ਲੈ ਕੇ ਪੰਜ ਸੌ ਗਾਹਕ ਬਣਾਏ ਜਾਣ ਅਤੇ ਛਪਾਈ ਸ਼ੁਰੂ ਕਰ ਦਿੱਤੀ ਜਾਵੇ। ਕੋਸ਼ ਦੇ ਨਮੂਨੇ ਦਾ ਪੱਤਰਾ ਛਪਵਾ ਕੇ ਇਕ ਹਜ਼ਾਰ ਸਿੱਖ ਵਿੱਦਵਾਨਾਂ ਤੇ ਮੋਹਰੀਆਂ ਨੂੰ ਭੇਜਿਆ ਗਿਆ ਅਤੇ ਅਖ਼ਬਾਰਾਂ ਵਿਚ ਵੀ ਪੇਸ਼ਗੀ ਗਾਹਕ ਬਣਨ ਦੀ ਬੇਨਤੀ ਛਪਵਾਈ ਗਈ। ਇਨ੍ਹਾਂ ਠੋਸ ਜਤਨਾਂ ਦੇ ਬਾਵਜੂਦ ਨੌਂ ਮਹੀਨਿਆਂ ਵਿਚ ਕੁੱਲ ਦੋ ਸੌ ਗਾਹਕ ਹੀ ਬਣੇ। ਇਨ੍ਹਾਂ ਵਿਚੋਂ ਵੀ ਸੱਤਰ ਕੋਸ਼ਾਂ ਦੀ ਪੇਸ਼ਗੀ ਇਕੱਲੇ ਸਰਦਾਰ ਬਹਾਦਰ ਧਰਮ ਸਿੰਘ ਨੇ ਭੇਜੀ ਸੀ ਜੋ ਦਿੱਲੀ ਦਾ ਇਕ ਪ੍ਰਸਿੱਧ ਠੇਕੇਦਾਰ ਸੀ। ਇਉਂ ਸਿਰਫ਼ 131 ਬੰਦਿਆਂ ਨੇ ਪੇਸ਼ਗੀ ਗਾਹਕ ਬਣਨ ਦੀ ਕਿਰਪਾ ਕੀਤੀ!
ਸਿਆਣੇ ਗਾਹਕਾਂ ਦੇ ਪੱਖੋਂ ਨਿਰਾਸ ਹੋ ਕੇ ਭਾਈ ਸਾਹਿਬ ਨੇ ਆਖ਼ਰ ਸਿੱਖ ਰਾਜਿਆਂ ਨੂੰ ਹੀ ਫੇਰ ਇਕ ਬੇਨਤੀ-ਪੱਤਰ ਭੇਜਿਆ ਕਿ ਉਹ ਤਿੰਨ ਸੌ ਕੋਸ਼ ਪੇਸ਼ਗੀ ਖਰੀਦਣ। ਇਹ ਪੱਤਰ ਪੜ੍ਹ ਕੇ ਮਹਾਰਾਜਾ ਪਟਿਆਲਾ, ਭੂਪਿੰਦਰ ਸਿੰਘ ਕਦਰਦਾਨ ਬਣ ਕੇ ਨਿੱਤਰਿਆ। ਉਹਨੇ 1 ਅਕਤੂਬਰ 1927 ਨੂੰ ਭਾਈ ਸਾਹਿਬ ਨੂੰ ਚੈਲ ਬੁਲਾਇਆ ਅਤੇ ਕਿਹਾ ਕਿ ਛਪਾਈ ਦਾ ਸਾਰਾ ਖ਼ਰਚ ਉਹ ਦੇਵੇਗਾ ਤੇ ਲੋਕਾਂ ਦੀ ਪੇਸ਼ਗੀ ਮੋੜ ਦਿੱਤੀ ਜਾਵੇ। ਪੇਸ਼ਗੀ ਸਭ ਨੂੰ ਮੋੜ ਦਿੱਤੀ ਗਈ। ਭਾਈ ਸਾਹਿਬ ਨੇ ਪੰਜਾਬੀ ਸਾਹਿਤ ਦੇ ਉਸ ਸਮੇਂ ਦੇ ਪ੍ਰਸਿੱਧ ਛਾਪਕ, ਸੁਦਰਸ਼ਨ ਪ੍ਰੈਸ ਅੰਮ੍ਰਿਤਸਰ ਦੇ ਮਾਲਕ, ਮੁਹਰੈਲ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਕੋਲ ਪੁੱਜ ਕੇ ਕੋਸ਼ ਲਈ ਨਵਾਂ ਵਧੀਆ ਟਾਈਪ ਢਾਲਣ ਦੀ ਬੇਨਤੀ ਕੀਤੀ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ, ਚਾਤ੍ਰਿਕ ਜੀ ਨੇ ”ਮੇਰੀ ਇੱਛਾ ਅਨੁਸਾਰ ਨਵੇਂ ਟਾਈਪ ਤਿਆਰ ਕਰ ਕੇ ‘ਮਹਾਨ ਕੋਸ਼’ ਨੂੰ ਵਪਾਰੀਆਂ ਵਾਕਰ ਨਹੀਂ ਬਲਕਿ ਪ੍ਰੇਮੀ ਗੁਣੀਆਂ ਦੀ ਤਰ੍ਹਾਂ ਵੱਡੀ ਮਿਹਨਤ ਨਾਲ ਉਤਮ ਛਾਪਿਆ ਹੈ।” ਹਿੰਦੀ-ਸੰਸਕ੍ਰਿਤ, ਫ਼ਾਰਸੀ-ਅਰਬੀ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿਚ ਛਾਪਣ ਦੇ ਨਾਲ ਨਾਲ ਛਾਪੇ ਦੇ ਉਸ ਜ਼ਮਾਨੇ ਦੇ ਪੱਧਰ ਦੇ ਸਹਾਰੇ ਹੀ ਉਨ੍ਹਾਂ ਦੀਆਂ ਮੂਲ ਭਾਸ਼ਾਵਾਂ ਅਤੇ ਲਿਪੀਆਂ ਵਿਚ ਛਾਪਣਾ ਚਾਤ੍ਰਿਕ ਜੀ ਲਈ ਕਿੰਨਾ ਔਖਾ ਸਗੋਂ ਮੁਸੀਬਤੀ ਕੰਮ ਰਿਹਾ ਹੋਵੇਗਾ, ਇਹ ਛਾਪੇ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਹੀ ਜਾਣ-ਸਮਝ ਸਕਦਾ ਹੈ। ਛਪਾਈ 26 ਅਕਤੂਬਰ 1927 ਨੂੰ ਅਰੰਭ ਹੋ ਕੇ ਲਗਭਗ ਢਾਈ ਸਾਲਾਂ ਮਗਰੋਂ ਵਿਸਾਖੀ ਵਾਲੇ ਦਿਨ 13 ਅਪਰੈਲ 1930 ਨੂੰ ਸਮਾਪਤ ਹੋਈ। ਇਕ ਤਾਂ ਗਿਣਤੀ ਇਕ ਹਜ਼ਾਰ ਦੀ ਥਾਂ ਪੰਜ ਸੌ ਕਰਨ ਦਾ ਫ਼ੈਸਲਾ ਕੀਤਾ ਗਿਆ, ਦੂਜੇ ਕੁਛ ਖਰਚੇ ਅੰਦਾਜ਼ਿਉਂ ਵੱਧ ਨਿਕਲੇ, ਜਿਸ ਕਰਕੇ ਕੁੱਲ 51,000 ਰੁਪਏ ਤੋਂ ਵੱਧ ਦੀ ਲਾਗਤ ਦੇ ਹਿਸਾਬ ਕੋਸ਼ ਦਾ ਮੁੱਲ, ਕਿਸੇ ਨਫ਼ੇ ਤੋਂ ਬਿਨਾਂ, ਪਟਿਆਲਾ ਦਰਬਾਰ ਨੇ 110 ਰੁਪਏ ਰੱਖਿਆ। ਭਾਈ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਇਸ ਲੇਖੇ ਵਿਚ ਲੇਖਕ ਦੀ ਮਿਹਨਤ ਸ਼ਾਮਲ ਨਹੀਂ।
ਅਗਸਤ 1948 ਵਿਚ ਪੰਜਾਬ ਦੀਆਂ ਰਿਆਸਤਾਂ ਖ਼ਤਮ ਕਰਕੇ ਉਨ੍ਹਾਂ ਦੇ ਮਿਲਵੇਂ ਇਲਾਕੇ ਦਾ ਨਵਾਂ ਰਾਜ, ਪੈਪਸੂ ਸਿਰਜਿਆ ਗਿਆ। ਇਸ ਅਦਲਾ-ਬਦਲੀ ਸਮੇਂ ਉਸ ਵੇਲੇ ਤੱਕ ਬਚੇ ਹੋਏ ਇਕ ਸੌ ਦੇ ਕਰੀਬ ਕੋਸ਼ ਪਟਿਆਲਾ ਦਰਬਾਰ ਨੇ ਪੈਪਸੂ ਦੇ ‘ਮਹਿਕਮਾ ਪੰਜਾਬੀ’ ਨੂੰ ਸੌਂਪ ਦਿੱਤੇ ਜੋ ਤੁਰਤ ਵਿਕ ਗਏ। ਅੱਗੇ ਚੱਲ ਕੇ ‘ਮਹਿਕਮਾ ਪੰਜਾਬੀ’ ਤੋਂ ਬਣੇ ‘ਭਾਸ਼ਾ ਵਿਭਾਗ, ਪੰਜਾਬ’ ਦੇ ਡਾਇਰੈਕਟਰ, ਗਿਆਨੀ ਲਾਲ ਸਿੰਘ ਦੀ ਅਗਵਾਈ ਵਿਚ ਇਸ ਦਾ ਨਵਾਂ ਸੰਸਕਰਣ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਉਂਤ ਦੀ ਸੂਚਨਾ ਅਖ਼ਬਾਰਾਂ ਵਿਚ ਛਪਵਾ ਕੇ ਸਲਾਹਾਂ ਮੰਗੀਆਂ ਗਈਆਂ ਅਤੇ ਅੰਤ ਨੂੰ ਵਿਦਵਾਨਾਂ ਦੀ ਇਕ ਬੈਠਕ ਬੁਲਾਈ ਗਈ। ਕੁਛ ਵਿਦਵਾਨਾਂ ਨੇ ਕੋਸ਼ ਦੀ ਸੋਧ-ਸੁਧਾਈ ਦਾ ਸੁਝਾਅ ਦਿਤਾ ਜੋ ਖ਼ੁਸ਼ਕਿਸਮਤੀ ਨੂੰ ਇਸ ਸਹੀ ਦਲੀਲ ਨਾਲ ਰੱਦ ਹੋ ਗਿਆ ਕਿ ਰਚਨਾ ਲੇਖਕ ਵਾਲੇ ਰੂਪ ਵਿਚ ਹੀ ਰੱਖੀ ਜਾਣੀ ਚਾਹੀਦੀ ਹੈ, ਨਹੀਂ ਤਾਂ ਸੋਧਾਂ ਦਾ ਕੋਈ ਅੰਤ ਹੀ ਨਹੀਂ ਹੋਵੇਗਾ! ਹਾਂ, ਜੋ ਵਾਧੇ 1930-1938 ਦੇ ਸਮੇਂ ਵਿਚ ਭਾਈ ਸਾਹਿਬ ਨੇ ਆਪ ਕੀਤੇ ਸਨ, ਉਨ੍ਹਾਂ ਵਾਧਿਆਂ ਵਾਲੀਆਂ ਸੈਂਚੀਆਂ ਉਨ੍ਹਾਂ ਦੇ ਸਪੁੱਤਰ, ਭਗਵੰਤ ਸਿੰਘ ਹਰੀ ਜੀ ਤੋਂ ਲੈ ਕੇ ਉਹ ਅੰਤਕੇ ਦੇ ਰੂਪ ਵਿਚ ਜੋੜ ਦਿੱਤੇ ਜਾਣੇ ਚਾਹੀਦੇ ਹਨ। ਹਰੀ ਜੀ ਨੇ ਨਾ ਕੇਵਲ ਵਾਧਿਆਂ ਵਾਲੀਆਂ ਸੈਂਚੀਆਂ ਹੀ ਖ਼ੁਸ਼ੀ ਖ਼ੁਸ਼ੀ ਦੇ ਦਿੱਤੀਆਂ ਸਗੋਂ ਇਸ ਸੰਸਕਰਣ ਲਈ ਆਗਿਆ ਵੀ ਦਿੱਤੀ ਅਤੇ ਛਪਾਈ ਦੀ ਨਿਗਰਾਨੀ ਵਿਚ ਵੀ ਪੂਰੀ ਮਦਦ ਦਿੱਤੀ। ਸਿੱਟੇ ਵਜੋਂ 1960 ਵਿਚ ਪ੍ਰਕਾਸ਼ਿਤ ਇਸ ਸੰਸਕਰਣ ਵਿਚ ਇਨ੍ਹਾਂ ਵਾਧਿਆਂ ਦੇ 99 ਪੰਨੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਨਵੇਂ ਵਾਧੇ’ ਸਿਰਲੇਖ ਹੇਠ ਅੰਤ ਵਿਚ ਜੋੜ ਦਿੱਤੇ ਗਏ।
ਇਸ ਸੰਸਕਰਣ ਦਾ ਆਕਾਰ ਪਹਿਲੇ, 1930 ਦੇ ਪਟਿਆਲਾ ਦਰਬਾਰੀ ਸੰਸਕਰਣ ਵਾਲਾ, ਭਾਵ ਪੌਣੇ ਤੇਰਾਂ ਇੰਚ ਅਤੇ ਸਾਢੇ ਨੌਂ ਇੰਚ ਹੀ ਰੱਖਿਆ ਗਿਆ। ਦੋ ਹਜ਼ਾਰ ਦੀ ਗਿਣਤੀ ਵਿਚ ਛਾਪੇ ਗਏ ਕੋਸ਼ ਦਾ ਮੁੱਲ ਕੇਵਲ 42 ਰੁਪਏ ਸੀ। ਇਸ ਸੰਸਕਰਣ ਦੀ ਛਪਾਈ ਲਈ ਚਾਰ ਸੈਂਚੀਆਂ ਵਾਲੇ ਮੂਲ ਸੰਸਕਰਣ ਦੇ ਦੋ ਪੰਨੇ ਪਹਿਲੇ ਕਾਲਮ ਵਿਚ ਅਤੇ ਦੋ ਪੰਨੇ ਦੂਜੇ ਕਾਲਮ ਵਿਚ ਹੇਠ-ਉਤੇ ਚੇਪ ਕੇ ਇਕ ਪੰਨਾ ਬਣਾਇਆ ਗਿਆ। ਗਵਰਨਮੈਂਟ ਸਰਵੇ ਆਫ਼ ਇੰਡੀਆ ਪ੍ਰੈਸ, ਡੇਹਰਾਦੂਨ ਨੇ ਇਨ੍ਹਾਂ ਲਗਭਗ ਇਕ ਹਜ਼ਾਰ ਵਡ-ਆਕਾਰੀ ਪੰਨਿਆਂ ਨੂੰ ਫ਼ੋਟੋ-ਵਿਧੀ ਰਾਹੀਂ ਛੋਟੇ ਕਰ ਕੇ ਲੋੜੀਂਦੇ ਆਕਾਰ ਵਿਚ ਲਿਆਉਣ ਮਗਰੋਂ ਤੇਰਾਂ ਮਹੀਨਿਆਂ ਦੇ ਸਮੇਂ ਵਿਚ ਪੂਰਾ ਕੋਸ਼ ਛਾਪ ਦਿੱਤਾ। ਪਹਿਲੇ ਸੰਸਕਰਣ ਦੇ ਅੱਖਰ ਉਸ ਸਮੇਂ ਦੇ ਛਾਪੇ ਅਨੁਸਾਰ ਕਾਫ਼ੀ ਵੱਡੇ ਸਨ ਜਿਸ ਕਾਰਨ ਆਕਾਰ ਛੋਟਾ ਕਰ ਕੇ ਛਾਪੇ ਗਏ ਇਸ ਭਾਸ਼ਾ ਵਿਭਾਗੀ ਸੰਸਕਰਣ ਦੇ ਅੱਖਰ ਅਜੋਕੇ ਸਾਧਾਰਨ ਪੁਸਤਕੀ ਅੱਖਰਾਂ ਤੋਂ ਕੁਛ ਛੋਟੇ ਤਾਂ ਹੋਏ ਪਰ ਏਨੇਂ ਨਹੀਂ ਕਿ ਪੜ੍ਹਨ ਵਿਚ ਔਖ ਹੋਵੇ। ਇਕ ਜਿਲਦ ਵਿਚ ਆ ਜਾਣ ਨਾਲ ਕੋਸ਼ ਨਿਸਚੇ ਹੀ ਵਧੇਰੇ ਵਰਤੋਂਯੋਗ ਹੋ ਗਿਆ, ਭਾਵੇਂ ਕਿ ਇਸ ਦਾ ਭਾਰ ਅਜੇ ਵੀ ਪੰਜ ਕਿਲੋ ਸੱਤ ਸੌ ਗਰਾਮ ਸੀ!
ਇਕ ਗੱਲ ਜੋ ਅਸਲੋਂ ਹੀ ਹੈਰਾਨ ਕਰਨ ਵਾਲੀ ਹੈ ਅਤੇ ਪਾਠਕਾਂ ਦੀ ਘਾਟ ਦੇ ਸ਼ਿਕਾਇਤੀ ਲੇਖਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਵੀ ਹੈ। ਸੋਚਦਾ ਹਾਂ, ਜੇ ਅੱਜ ਭਾਈ ਕਾਨ੍ਹ ਸਿੰਘ ਹੁੰਦੇ, ਇਹ ਜਾਣ ਕੇ ਕਿੰਨੇ ਗਦਗਦ ਹੁੰਦੇ! ਮਹਾਨ ਕੋਸ਼ ਦੇ ਕਾਪੀਰਾਈਟ ਦੀ ਸਮਾਂ-ਸੀਮਾ ਸਮਾਪਤ ਹੋਣ ਮਗਰੋਂ, ਉਸ ਸਮੇਂ ਤੱਕ ਪ੍ਰਕਾਸ਼ਨ ਦਾ ਕੰਮ ਵੱਡੀ ਹੱਦ ਤੱਕ ਛੱਡ ਚੁੱਕੇ ਭਾਪਾ ਪ੍ਰੀਤਮ ਸਿੰਘ ਨਵਯੁੱਗ ਨੇ ਨੈਸ਼ਨਲ ਬੁੱਕ ਸ਼ਾਪ, ਦਿੱਲੀ ਦੇ ਮਾਲਕ ਰਾਜਿੰਦਰ ਸਿੰਘ ਨੂੰ ਇਹਦੇ ਪ੍ਰਕਾਸ਼ਨ ਲਈ ਪ੍ਰੇਰਿਆ। ਵਿਕਣ ਦੀ ਬੇਯਕੀਨੀ ਕਾਰਨ ਉਸ ਨੂੰ ਏਨੀਂ ਪੂੰਜੀ ਲਾਉਣ ਤੋਂ ਝਿਜਕਦਾ ਦੇਖ ਭਾਪਾ ਜੀ ਨੇ ਭਰੋਸਾ ਦਿੱਤਾ ਕਿ ਇਸ ਕੰਮ ਵਿਚ ਨੁਕਸਾਨ ਨਹੀਂ ਹੋਵੇਗਾ। 1999 ਵਿਚ ਉਹਨੇ 160 ਰੁਪਏ ਮੁੱਲ ਰੱਖ ਕੇ 1100 ਦਾ ਸੰਸਕਰਣ ਛਾਪਿਆ ਜਿਸਨੂੰ ਭਾਪਾ ਜੀ ਦੀ ਪ੍ਰਧਾਨਗੀ ਹੇਠ ਕਰਤਾਰ ਸਿੰਘ ਦੁੱਗਲ ਨੇ ਜਾਰੀ ਕੀਤਾ। ਇਹ ਸੰਸਕਰਣ ਕੁਛ ਮਹੀਨਿਆਂ ਵਿਚ ਹੀ ਪੂਰਾ ਵਿਕ ਗਿਆ। ਉਸ ਪਿੱਛੋਂ ਉਹ ਨਾਗਾ ਪਾਏ ਬਿਨਾਂ ਹਰ ਸਾਲ 1100 ਦਾ ਸੰਸਕਰਣ ਛਾਪ ਰਹੇ ਹਨ। ਵਰਤਮਾਨ ਸੰਸਕਰਣ ਦਾ ਮੁੱਲ 460 ਰੁਪਏ ਹੈ। ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਪਾ ਜੀ ਮੈਨੂੰ ਪ੍ਰੇਰ ਕੇ ਮਹਾਨ ਕੋਸ਼ ਛਾਪਣਾ ਹੀ ਸ਼ੁਰੂ ਨਹੀਂ ਕਰਵਾ ਗਏ ਸਗੋਂ ਇਉਂ ਮੇਰੀ ਪੱਕੀ ਪੈਨਸ਼ਨ ਲੁਆ ਗਏ ਹਨ। ਇਕ ਹੋਰ ਪ੍ਰਕਾਸ਼ਕ ਨੇ ਕਈ ਸਾਲ ਪਹਿਲਾਂ ਇਹਨੂੰ ਦੋ ਜਿਲਦਾਂ ਵਿਚ ਛਾਪਿਆ ਸੀ ਪਰ ਸ਼ਾਇਦ ਮੁੱਲ਼ਲ 1100 ਰੱਖਿਆ ਹੋਣ ਕਰਕੇ ਵਿੱਕਰੀ ਢਿੱਲੀ-ਮੱਠੀ ਹੀ ਦੱਸੀ ਜਾਂਦੀ ਹੈ।
ਅੰਤ ਵਿਚ ਮਹਾਨ ਕੋਸ਼ ਬਾਰੇ ਇਕ ਟੋਟਕਾ ਜੋ ਪੁਸਤਕ-ਪ੍ਰਕਾਸ਼ਨ ਦੇ ਮਿਆਰ ਵੱਲ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਪ੍ਰਕਾਸ਼ਕਾਂ ਦੀਆਂ ਪਹੁੰਚਾਂ ਵਿਚਲੇ ਫ਼ਰਕ ਨੂੰ ਉਜਾਗਰ ਕਰਦਾ ਹੈ। ਪੰਜਾਬੋਂ ਆਏ ਭਾਸ਼ਾ ਵਿਭਾਗ ਦੇ ਇਕ ਸੇਵਾਮੁਕਤ ਡਾਇਰੈਕਟਰ ਨੇ ਕੋਸ਼ ਮੰਗਿਆ ਤਾਂ ਨੈਸ਼ਨਲ ਬੁੱਕ ਸ਼ਾਪ ਦੇ ਮਾਲਕ ਨੇ ਹੈਰਾਨ ਹੋ ਕੇ ਕਿਹਾ, ਤੁਸੀਂ ਤਾਂ ਮਹਾਨ ਕੋਸ਼ ਦੇ ਘਰ, ਭਾਸ਼ਾ ਵਿਭਾਗ ਦੇ ਮਾਲਕ ਰਹੇ ਹੋ, ਫੇਰ ਕੋਸ਼ ਸਾਥੋਂ ਕਿਉਂ? ਉਤਰ ਮਿਲਿਆ, ਸਾਡੇ ਕੋਸ਼ ਦੀ ਜਿਲਦ ਤੇ ਦਿੱਖ ਸੁਹਣੀ ਨਹੀਂ ਤੇ ਮੈਂ ਇਹ ਕੋਸ਼ ਕਿਸੇ ਨੂੰ ਨਿਸ਼ਾਨੀ ਵਜੋਂ ਦੇਣਾ ਹੈ!

ਅਸੀਂ ਪਹਿਲਾਂ ਦੋ ਲੇਖਾਂ ਵਿਚ ਭਾਈ ਕਾਨ੍ਹ ਸਿੰਘ ਦੇ ਮੁੱਢਲੇ ਜੀਵਨ ਅਤੇ ਉਨ੍ਹਾਂ ਦੀ ਪ੍ਰਮੁੱਖ ਰਚਨਾ ‘ਮਹਾਨ ਕੋਸ਼’ ਦਾ ਜ਼ਿਕਰ ਕਰ ਚੁੱਕੇ ਹਾਂ। ਉਨ੍ਹਾਂ ਵੱਲੋਂ ਮੈਕਾਲਿਫ਼ ਨੂੰ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਵਿਚ ਦਿੱਤੀ ਗਈ ਵੱਡੀ ਸਹਾਇਤਾ ਕਾਰਨ ਅੱਧ-ਵਿਚਕਾਰੇ ਮੈਕਾਲਿਫ਼ ਦੀ ਗੱਲ ਚੱਲ ਪਈ ਜਿਸ ਦਾ ਕੁਛ ਲੰਮੀ ਹੋ ਜਾਣਾ ਸੁਭਾਵਿਕ ਸੀ। ਭਾਈ ਸਾਹਿਬ ਨੂੰ ਵਿਦਵਾਨ ਰਚਨਾਕਾਰ ਤੋਂ ਇਲਾਵਾ ਜੇ ਮੈਂ ਸਾਡੇ ਪਿੰਡ ਵਿਚ ਵਿਚਾਰਕ ਅਤੇ ਮਸ਼ੀਨੀ, ਦੋਵਾਂ ਭਾਂਤਾਂ ਦੀ ਆਧੁਨਿਕਤਾ ਦਾ ਦੂਤ ਕਹਾਂ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਗੱਲ ਦਿਲਚਸਪ ਹੈ ਕਿ ਨਾਭਾ ਦੇ ਰਾਜ ਘਰਾਣੇ ਨਾਲ ਸਬੰਧਾਂ ਦੇ ਬਾਵਜੂਦ ਭਾਈ ਕਾਨ੍ਹ ਸਿੰਘ ਨੇ ਸਾਰੀ ਬਹੁਭਾਂਤੀ ਵਿੱਦਿਆ ਅਤੇ ਕੋਮਲ ਕਲਾਵਾਂ ਦੀ ਸੋਝੀ ਇਨ੍ਹਾਂ ਗਿਆਨ-ਖੇਤਰਾਂ ਦੇ ਮਹਾਂਰਥੀ ਲੱਭ ਲੱਭ ਕੇ ਨਿੱਜੀ ਜਤਨਾਂ ਨਾਲ
ਹੀ ਪ੍ਰਾਪਤ ਕੀਤੀ। ਉਹ ਦੇਸ-ਪਰਦੇਸ ਦੇ ਕਿਸੇ ਵਿਸ਼ਵਵਿਦਿਆਲੇ ਵਿਚ ਤਾਂ ਕੀ, ਵਿਦਿਆਲੇ ਵਿਚ ਵੀ ਨਹੀਂ ਸਨ ਗਏ; ਤਾਂ ਵੀ ਉਨ੍ਹਾਂ ਦਾ ਮਾਨਸਿਕ ਦਿਸਹੱਦਾ ਬਹੁਤ ਵਿਸ਼ਾਲ ਅਤੇ ਚਾਨਣਾ ਸੀ। ਇਹ ਚਾਨਣ ਉਹ ਆਪਣੇ ਪਿੰਡ ਤੱਕ ਪੁਜਦਾ ਕਰਨ ਦੀ ਚਾਹ ਰਖਦੇ ਸਨ। ਉਨ੍ਹਾਂ ਨੂੰ ਪੰਜਾਬੀ ਦੀ ਸਿੱਖਿਆ ਤਾਂ ਘਰੋਂ ਹੀ ਮਿਲ ਗਈ। ਦਸਦੇ ਹਨ ਕਿ ਉਹ ਸੱਤ ਸਾਲ ਦੀ ਉਮਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਇਸ ਪਿੱਛੋਂ ਉਨ੍ਹਾਂ ਨੇ ਹਿੰਦੀ-ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕੀਤਾ, ਭਾਰਤੀ ਸੰਗੀਤ ਦੀ ਸਿਖਲਾਈ ਲਈ, ਉਰਦੂਫ਼ਾਰਸੀ ਦਾ ਇਲਮ ਹਾਸਲ ਕੀਤਾ ਅਤੇ ਅੰਗਰੇਜ਼ੀ ਦੇ ਚੰਗੇ ਜਾਣਕਾਰ ਬਣੇ। ਇਉਂ ਉਨ੍ਹਾਂ ਨੇ ਇਕ ਪਾਸੇ ਭਾਰਤੀ ਸ਼ਾਸਤਰੀ ਗਿਆਨ ਦੀਆਂ ਗਹਿਰਾਈਆਂ ਘੋਖੀਆਂ ਅਤੇ ਦੂਜੇ ਪਾਸੇ ਆਧੁਨਿਕ ਪੱਛਮੀ ਭਾਸ਼ਾਈ ਤੇ ਸਾਹਿਤਕ ਵੰਨ-ਸਵੰਨਤਾ ਨਾਲ ਨਾਤਾ ਜੋੜਿਆ। ਪੱਕ ਨਾਲ ਕੁਛ ਕਹਿਣਾ ਤਾਂ ਮੁਸ਼ਕਿਲ ਹੈ ਪਰ ਸ਼ਾਇਦ ਉਨ੍ਹਾਂ ਦਾ ਉਦੇਸ਼ ਬਹੁਭਾਸ਼ਾਈ ਗਿਆਨ ਪ੍ਰਾਪਤ ਕਰ ਕੇ ਮਨੁੱਖੀ ਜੀਵਨ, ਧਰਮ ਤੇ ਫਲ਼ਸਫ਼ੇ ਉਤੇ ਕੇਂਦਰਿਤ ਹੋਣਾ ਹੋਵੇ ਅਤੇ ਉਹ ਹੋਰ ਪਰੰਪਰਾਗਤ ਸਕੂਲੀ ਵਿਸ਼ਿਆਂ ਉਤੇ ਸਮਾਂ ਲਾਉਣਾ, ਜਾਂ ਕਹੋ, ਗੁਆਉਣਾ ਨਾ ਚਾਹੁੰਦੇ ਹੋਣ। ਦੇਸ-ਪਰਦੇਸ ਦੀਆਂ ਅਨੇਕ ਯਾਤਰਾਵਾਂ ਨੇ ਉਨ੍ਹਾਂ ਦੀ ਸੋਚ ਦਾ ਘੇਰਾ ਹੋਰ ਵਿਸ਼ਾਲ ਬਣਾ ਦਿੱਤਾ। ਸਿੱਟੇ ਵਜੋਂ ਨਾਭਾ ਰਾਜ ਘਰਾਣੇ ਵਿਚ ਹੀਰਾ ਸਿੰਘ ਦੇ ਨਾਂ ਦੀ ਪ੍ਰਮੁੱਖਤਾ ਵਾਂਗ ਵਿਦਵਤਾ ਦੇ ਖੇਤਰ ਵਿਚ ਭਾਈ ਕਾਨ੍ਹ ਸਿੰਘ ਦੇ ਨਾਂ ਨੇ ਪ੍ਰਮੁੱਖਤਾ ਪ੍ਰਾਪਤ ਕਰ ਲਈ। ਸਮਾਂ ਪਾ ਕੇ ਉਨ੍ਹਾਂ ਦੀ ਇਹ ਪ੍ਰਮੁੱਖਤਾ ਨਾਭਾ ਰਿਆਸਤ ਤੱਕ ਸੀਮਤ ਨਾ ਰਹਿ ਕੇ ਸਮੁੱਚੀ ਪੰਜਾਬੀ ਵਿਦਵਤਾ ਦੀ ਇਕ ਵੱਡੀ ਪ੍ਰਾਪਤੀ ਸਿੱਧ ਹੋਈ। ਉਨ੍ਹਾਂ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ 1888 ਵਿਚ ਰਾਜਾ ਹੀਰਾ ਸਿੰਘ ਨੇ ਉਨ੍ਹਾਂ ਨੂੰ ਟਿੱਕਾ ਰਿਪੁਦਮਨ ਸਿੰਘ ਦੀ ਸਿੱਖਿਆ ਦਾ ਕਾਰਜ ਸੌਂਪਿਆ ਅਤੇ 1893 ਵਿਚ ਆਪਣਾ ਨਿਜੀ ਸਕੱਤਰ ਬਣਾ ਲਿਆ। ਇਸ ਪਿੱਛੋਂ ਉਹ ਨਾਜ਼ਮ ਥਾਪੇ ਗਏ। ਉਸ ਸਮੇਂ ਇਲਾਕੇ ਦੇ ਪੱਖੋਂ ਜ਼ਿਲੇ ਬੜੇ ਵੱਡੇ ਹੁੰਦੇ ਸਨ ਅਤੇ ਜ਼ਿਲੇ ਨੂੰ ਨਜ਼ਾਮਤ ਤੇ ਡਿਪਟੀ ਕਮਿਸ਼ਨਰ ਨੂੰ ਨਾਜ਼ਮ ਕਿਹਾ ਜਾਂਦਾ ਸੀ। ਫੇਰ ਉਹ ਰਿਆਸਤ ਦੇ ਵਜ਼ੀਰ ਦੀ ਪਦਵੀ ਉਤੇ ਵੀ ਰਹੇ। ਇਨ੍ਹਾਂ ਸਭ ਉਚਾਈਆਂ ਦੇ ਬਾਵਜੂਦ ਆਪਣਾ ਜੱਦੀ ਪਿੰਡ ਪਿੱਥੋ ਕਦੀ ਵੀ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਨਾ ਹੋਇਆ ਅਤੇ ਉਹ ਪਿੰਡ ਦਾ ਭਲਾ ਕਦੀ ਨਾ ਭੁੱਲੇ। ਸਾਡੇ ਪਿੰਡ ਦਾ ਸੁਭਾਗ ਸੀ ਕਿ ਨਵੇਂ ਵਿਚਾਰ ਅਤੇ ਨਵੀਂ ਤਕਨੀਕ ਦੇ ਮਹੱਤਵ ਨੂੰ ਸਮਝਣ ਵਾਲੀ ਉਨ੍ਹਾਂ ਦੀ ਸੋਚ ਨੇ ਪਿੰਡਵਾਸੀਆਂ ਉਤੇ ਡੂੰਘੀ ਛਾਪ ਛੱਡੀ। ਬਾਪੂ ਜੀ ਦਸਦੇ ਸਨ ਕਿ ਜਦੋਂ ਉਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਜੀਅ ਕਿਸੇ ਨਵੀਂ ਚੀਜ਼, ਨਵੀਂ ਮਸ਼ੀਨਰੀ ਜਾਂ ਨਵੇਂ ਵਿਚਾਰ ਦੇ ਪਿੰਡ ਵਿਚ ਆਉਣ ਦਾ ਵਸੀਲਾ ਬਣਦੇ, ਲੋਕ ਉਸ ਨੂੰ ਉਨ੍ਹਾਂ ਦੇ ਲੇਖਕ ਤੇ ਵਿਦਵਾਨ ਹੋਣ ਨਾਲ ਹੀ ਜੋੜਦੇ। ਵਿਚਾਰ ਦਾ ਮਾਮਲਾ ਵੱਖਰੀ ਚਰਚਾ ਲੋੜਦਾ ਹੈ, ਅੱਜ ਅਸੀਂ ਤਕਨੀਕ ਤੇ ਮਸ਼ੀਨਰੀ ਤੱਕ ਸੀਮਤ ਰਹਾਂਗੇ। ਸਾਡੇ ਪਿੰਡ ਵਿਚ ਸਭ ਤੋਂ ਵੱਡਾ ਮਸ਼ੀਨੀ ਇਨਕਲਾਬ ਮੇਰੇ ਜਨਮ ਤੋਂ ਵੀ ਬਹੁਤ ਪਹਿਲਾਂ ਤੋਂ ਲੱਗੀ ਹੋਈ ”ਨਾਭੇ ਵਾਲਿਆਂ ਦੀ ਮਸ਼ੀਨ” ਸੀ। ਇਹ ਕਦੋਂ ਲੱਗੀ, ਕੁਛ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਪਿੰਡ ਵਿਚ ਜੋ ਸਭ ਤੋਂ ਵੱਡੀ ਉਮਰ ਦੇ ਲੋਕ ਹਨ, ਉਨ੍ਹਾਂ ਦੇ ਜਨਮ ਤੋਂ ਵੀ ਪਹਿਲਾਂ ਤੋਂ ਸਾਰੇ ਪਿੰਡ ਵਿਚ ਸੁਣਦੀ ਉਹਦੀ ਤੁੱਕ-ਤੁੱਕ ਨਿਤਾਪ੍ਰਤੀ ਜੀਵਨ ਦਾ ਇਕ ਅਟੁੱਟ ਹਿੱਸਾ ਬਣੀ ਹੋਈ ਸੀ। ਇੰਜਣ ਦੀ ਗਰਮ ਹਵਾ ਦੀ ਬਾਂਹ ਜਿੰਨੀ ਮੋਟੀ ਤੇ ਬਾਰਾਂ-ਪੰਦਰਾਂ ਫੁੱਟ ਉਚੀ ਲੋਹੇ ਦੀ ਨਿਕਾਸੀ ਨਾਲੀ ਕੰਧੋਂ ਬਾਹਰ ਖੁੱਲ੍ਹੇ ਵਿਚ ਕੱਢੀ ਹੋਈ ਸੀ। ਉਹਦੇ ਮੂੰਹ ਉਤੇ ਲੋਹੇ ਦਾ ‘ਕੁੱਤਾ’ ਲੱਗਿਆ ਹੋਇਆ ਸੀ ਜੋ ਇੰਜਣ ਵਿਚੋਂ ਸਾਹ ਵਾਂਗ ਆਉਂਦੀ ਹਵਾ ਨਾਲ ਲਗਾਤਾਰ ਹੇਠ-ਉਤੇ ਹੋ ਕੇ ਤੁੱਕ-ਤੁੱਕ ਕਰਦਾ ਰਹਿੰਦਾ। ਇਸ ਨਾਲ ਲੋਕਾਂ ਨੂੰ ਮਸ਼ੀਨ ਦੇ ਚਲਦੀ ਜਾਂ ਬੰਦ ਹੋਣ ਦਾ ਪਤਾ ਤਾਂ ਘਰ ਬੈਠਿਆਂ ਲੱਗ ਹੀ ਜਾਂਦਾ, ਇਉਂ ਵੀ ਲਗਦਾ ਜਿਵੇਂ ਇਹ ਪਿੰਡ ਦੇ ਜਿਉਂਦੇ-ਜਾਗਦੇ ਹੋਣ ਦੀ ਧੜਕਣ ਹੋਵੇ! ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਇਸ ਲਘੂਕਾਰਖਾਨੇ ਵਿਚ ਆਟੇ ਦੀ ਚੱਕੀ, ਕਪਾਹ-ਵੇਲਣੀ ਤੇ ਰੂੰ-ਪਿੰਜਣੀ ਤਾਂ ਸਨ ਹੀ, ਕੋਹਲੂ ਹੈ ਸੀ ਕਿ ਨਹੀਂ, ਮੇਰਾ ਚੇਤਾ ਹੁਣ ਪੱਕ ਨਾਲ ਕੁਛ ਕਹਿਣੋਂ ਇਨਕਾਰੀ ਹੈ। ਇਹ ਜਾਨਣ ਦਾ ਵੀ ਹੁਣ ਕੋਈ ਸਾਧਨ ਨਹੀਂ ਕਿ ਏਡਾ ਵੱਡਾ ਇੰਜਣ (ਉਦੋਂ ਮਸ਼ੀਨੀ ਆਕਾਰ ਦਾ ਵੱਡਾ ਹੋਣਾ ਸੁਭਾਵਿਕ ਸੀ), ਵੱਡੇ ਵੱਡੇ ਭੌਣ ਤੇ ਬਾਕੀ ਲਕਾ-ਤੁਕਾ ਤਿੰਨ ਕੋਹ ਵਾਟ ਦੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਪਿੰਡ ਕਿਵੇਂ ਲਿਆਂਦਾ ਗਿਆ ਹੋਵੇਗਾ। ਇਹ ਸੋਚਣਾ-ਆਖਣ
ਬਿਨਾਂ-ਸ਼ੱਕ ਭਾਈ ਸਾਹਿਬ ਦੀ ਯਾਦ ਨਾਲ ਅਨਿਆਂ ਹੋਵੇਗਾ ਕਿ ਉਨ੍ਹਾਂ ਦੇ ਪਰਿਵਾਰ ਨੇ ਏਡੀ ਦੂਰ ਪਿੰਡ ਵਿਚ ਇਹ ਮਸ਼ੀਨ ਨਿਰੋਲ ਕਾਰੋਬਾਰੀ ਨਜ਼ਰੀਏ ਨਾਲ, ਭਾਵ ਪੈਸੇ ਕਮਾਉਣ ਲਈ ਲਾਈ। ਜੇ ਉਨ੍ਹਾਂ ਨੇ ਪੈਸੇ ਕਾਰੋਬਾਰ ਵਿਚ ਲਾਉਣੇਕਮਾਉਣੇ ਹੁੰਦੇ, ਨਾਭੇ ਹੀ ਸੰਭਾਵਨਾਵਾਂ ਦੀ ਕੋਈ ਘਾਟ ਨਹੀਂ ਸੀ। ਜੇ ਵਿਰਸੇ ਦੀ ਕਦਰ ਸਾਡੀ ਪੰਜਾਬੀਆਂ ਦੀ ਸੋਚ-ਸਮਝ ਦਾ ਅੰਗ ਹੁੰਦੀ, ਇਸ ਮਸ਼ੀਨ ਨੂੰ ਕੰਮ ਦੀ ਨਾ ਰਹਿਣ ਪਿੱਛੋਂ ਵੀ ਪਿੰਡ ਦੇ ਇਤਿਹਾਸ ਦੇ ਇਕ ਮਹੱਤਵਪੂਰਨ ਮੀਲ-ਪੱਥਰ ਵਜੋਂ ਸਦੀਵੀ ਸੰਭਾਲ ਦਾ ਮਾਣ ਮਿਲਣਾ ਚਾਹੀਦਾ ਸੀ! ਇਕ ਤਾਂ ਉਸ ਜ਼ਮਾਨੇ ਵਿਚ ਲੱਗੀ ਤੇ ਫੇਰ ਲਾਈ ਵੀ ਭਾਈ ਕਾਨ੍ਹ ਸਿੰਘ ਦੇ ਪਰਿਵਾਰ ਨੇ, ਉਹਦੇ ਅਮੋਲ ਹੋਣ ਵਿਚ ਕੀ ਸ਼ੱਕ ਹੋ ਸਕਦਾ ਹੈ। ਏਨੀਂ ਹੀ ਦਿਲਚਸਪ ਕਥਾ ਤਿੰਨ ਹੋਰ ਨਵੀਂਆਂ ਕਾਢਾਂ ਦੀ ਹੈ ਜੋ ਭਾਈ ਕਾਨ੍ਹ ਸਿੰਘ ਦਾ ਪਰਿਵਾਰ ਸਾਡੇ ਪਿੰਡ ਲੈ ਕੇ ਆਇਆ। ਅੱਜ ਇਹ ਚੀਜ਼ਾਂ ਭਾਵੇਂ ਬਹੁਤ ਹੀ ਸਾਧਾਰਨ ਲਗਦੀਆਂ ਹਨ, ਸਗੋਂ ਲੰਮੇ ਸਮੇਂ ਤੱਕ ਆਮ ਵਰਤੋਂ ਦੀਆਂ ਵਸਤਾਂ ਬਣੀਆਂ ਰਹਿਣ ਮਗਰੋਂ ਵਕਤ ਤੇ ਵਿਕਾਸ ਨਾਲ ਆਪਣਾ ਮਹੱਤਵ ਗੁਆ ਕੇ ਸਹਿਜੇ ਸਹਿਜੇ ਇਤਿਹਾਸ ਦਾ ਅੰਗ ਬਣਦੀਆਂ ਜਾਂਦੀਆਂ ਹਨ, ਤਾਂ ਵੀ ਉਸ ਜ਼ਮਾਨੇ ਵਿਚ ਸਾਡੇ ਪਿੰਡ ਵਿਚ ਜੀਵਨ ਅਤੇ ਵਿਗਿਆਨ ਤੇ ਤਕਨੀਕ ਦੇ ਨਾਤੇ ਦੀ ਸੋਝੀ ਦੇ ਸਾਧਨਾਂ ਵਜੋਂ ਇਨ੍ਹਾਂ ਦੀ ਆਉਂਦ ਦਾ ਮਹੱਤਵ ਬਹੁਤ ਵੱਡਾ ਸੀ। ਇਨ੍ਹਾਂ ਤਿੰਨਾਂ ਚੀਜ਼ਾਂ ਦੇ ਆਉਣ ਦੀਆਂ ਬਾਪੂ ਜੀ ਦੇ ਮੂੰਹੋਂ ਸੁਣੀਆਂ ਆਪਬੀਤੀਆਂ ਬਾਲ ਉਮਰੇ ਸੱਚਮੁੱਚ ਬੜੀਆਂ ਦਿਲਚਸਪ ਲਗਦੀਆਂ। ਪਰ ਬਾਲ ਉਮਰੇ ਹੀ ਕਿਉਂ, ਅੱਜ ਚੇਤੇ ਕਰਿਆਂ ਕਿਹੜਾ ਘੱਟ ਮਨਮੋਹਕ ਲਗਦੀਆਂ ਹਨ! ਉਹ ਰਸ ਲੈ ਕੇ ਸੁਣਾਉਂਦੇ ਅਤੇ ਮੈਂ ਕੇਵਲ ਸੁਣਦਾ ਹੀ ਨਾ ਸਗੋਂ ਉਨ੍ਹਾਂ ਨੂੰ ਕਲਪਨਾ ਦੀਆਂ ਅੱਖਾਂ ਨਾਲ, ਬਹੁਤ ਮਗਰੋਂ ਜਾ ਕੇ ਦੇਖੀਆਂ, ਫ਼ਿਲਮਾਂ ਵਾਂਗ ਸਾਮਰਤੱਖ ਦੇਖਦਾ। ਸੋਚਦਾ ਹਾਂ, ਅਸਲ ਵਿਚ ਉਹੋ ਪਹਿਲੀਆਂ ਫ਼ਿਲਮਾਂ ਸਨ ਜੋ ਮੈਂ ਦੇਖੀਆਂ! ਉਨ੍ਹਾਂ ਦਾ ਪਰਿਵਾਰ ਪਹਿਲਾਂ-ਪਹਿਲ ਲਾਲਟੈਣ ਲੈ ਕੇ ਆਇਆ। ਆਪਣੇ ਬਚਪਨ ਵਿਚ ਲਗਭਗ ਸਭ ਘਰਾਂ ਵਿਚ ਮੈਂ ਆਲਿਆਂ ਵਿਚ ਜਾਂ ਦੀਵਟਾਂ ਉਤੇ ਜਗਦੇ ਸਰ੍ਹੋਂ ਦੇ ਤੇਲ ਦੇ ਦੀਵੇ ਹੀ ਦੇਖੇ ਸਨ। ਕਈ ਲੋਕ ਦੀਵੇ ਵਿਚ ਮੁੜ ਮੁੜ ਤੇਲ ਪਾਉਣ ਤੋਂ ਬਚਣ ਲਈ ਅਤੇ ਚਾਨਣ ਨੂੰ ਵਧੀਕ ਚੁੱਕਣਯੋਗ ਬਣਾਉਣ ਲਈ ਕਿਸੇ ਅਧੀਏ-ਪਊਏ ਵਿਚ ਤੇਲ ਪਾ ਕੇ ਤੇ ਉਹਦੇ ਡਾਟ ਜਾਂ ਢੱਕਣ ਵਿਚੋਂ ਦੀ ਲੰਮੀ ਬੱਤੀ ਲੰਘਾ ਕੇ ਆਪਣੀ ‘ਤਕਨੀਕੀ ਸਮਰੱਥਾ’ ਸਾਕਾਰ ਕਰ ਲੈਂਦੇ। ਪਹਿਲੀ ਲਾਲਟੈਣ ਆਈ ਤਾਂ ਪਿੰਡ ਵਿਚ ਰੌਲਾ ਪੈ ਗਿਆ ਕਿ ਨਾਭੇ ਵਾਲੇ ਇਹੋ ਜਿਹਾ ਦੀਵਾ ਲਿਆਏ ਹਨ ਜੋ ਹਵਾ ਨਾਲ ਵੀ ਬੁਝਦਾ ਨਹੀਂ! ਇਸ ਜਾਦੂਈ ਦੀਵੇ ਦੇ ਦਰਸ਼ਨਾਂ ਦੀ ਪਿੰਡ ਵਾਲਿਆਂ ਦੇ ਉਤਾਵਲੇਪਨ ਦੇ ਜਵਾਬ ਵਿਚ, ਜੋ ਕੋਈ ਵੀ ਸੀ, ਉਹਨੇ ਹੱਸ ਕੇ ਕਿਹਾ, ਨ੍ਹੇਰਾ ਹੋਏ ਤੋਂ ਦਿਖਾਵਾਂਗੇ। ਸਬੱਬ ਨਾਲ ਉਨ੍ਹਾਂ ਦੇ ਘਰ ਦੇ ਨਾਲ ਬਹੁਤ ਖੁੱਲ੍ਹੀ ਸ਼ਾਮਲਾਟੀ ਥਾਂ ਸੀ ਜੋ ਮੇਰੇ ਵੱਡਾ ਹੋਣ ਤੱਕ ਵੀ ਖਾਲੀ ਪਈ ਹੁੰਦੀ ਸੀ। ਕ੍ਰਿਸਮਾ ਦੇਖਣ ਲਈ ਜੁੜੀ ਭੀੜ ਸਾਹਮਣੇ ਉਚੀ ਥਾਂ ਉਤੇ ਖਲੋਤੇ ਉਨ੍ਹਾਂ ਦੇ ਬੰਦੇ ਨੇ ਉਸ ਛਿਣ ਨੂੰ ਵਧੀਕ ਜਾਦੂਈ ਬਣਾਉਣ ਵਾਸਤੇ ਲਾਲਟੈਣ ਸਲੰਘ ਦੇ ਸਿੰਗੜ ਵਿਚ ਪਾ ਕੇ ਹੋਰ ਉਚੀ ਚੁੱਕ ਦਿਤੀ। ਕਿੰਨਾ ਹੀ ਚਿਰ, ਨਾਇਕਾ ਬਣੀ ਲਾਲਟੈਣ ਮੰਦ ਮੰਦ ਰੁਮਕਦੀ ਪੌਣ ਵਿਚ ਅਡੋਲ ਚਾਨਣ ਬਖੇਰਦੀ ਰਹੀ, ਨਾਇਕ ਬਣਿਆ ਲਾਲਟੈਣ ਵਾਲਾ ਲੋਕਾਂ ਦੇ ਅਚੰਭੇ ਦਾ ਆਨੰਦ ਲੈਂਦਾ ਰਿਹਾ ਅਤੇ ਇਸ ਇਤਿਹਾਸਕ ਛਿਣ ਦੇ ਭਾਗੀਦਾਰ ਬਣੇ ਲੋਕ ਦੀਵੇ ਤੋਂ ਲਾਲਟੈਣ ਦੇ ਰੂਪ ਵਿਚ ਆਈ ਕ੍ਰਾਂਤੀ ਦੇ ਪਹਿਲ-ਪਲੇਠੇ ਦਰਸ਼ਕ ਹੋਣ ਦਾ ਮਾਣ ਮਹਿਸੂਸ ਕਰਦੇ ਰਹੇ! ਦੂਜੀ ਆਉਂਦ ਤਵਿਆਂ ਵਾਲੀ ਮਸ਼ੀਨ ਦੀ ਸੀ। ਖ਼ਬਰ ਦੇ ਫ਼ੈਲਣ ਦੀ, ਲੋਕਾਂ ਦੀ ਉਤਸੁਕਤਾ ਤੇ ਉਤਾਵਲ ਦੀ ਅਤੇ ਅਥਾਹ ਭੀੜ ਨੂੰ ਨਵੀਂ ਵਸਤ ਦੇ ਦਰਸ਼ਨ ਕਰਵਾਏ ਜਾਣ ਦੀ ਉਹੋ ਕਹਾਣੀ ਫੇਰ ਦੁਹਰਾਈ ਗਈ। ਬੱਸ ਵੇਲਾ ਦਿਨ ਦਾ ਸੀ ਤੇ ਮਸ਼ੀਨ ਮੇਜ਼ ਉਤੇ ਰੱਖੀ ਹੋਈ ਸੀ। ਅਰੰਭਕ ਦੌਰ ਅਨੁਸਾਰ ਮਸ਼ੀਨ ਦਾ ਡੱਬਾ ਬਹੁਤ ਵੱਡਾ ਸੀ ਅਤੇ ਤਵੇ ਦੀ ਆਵਾਜ਼ ਵੀ ਅਜੇ ਸਾਧਾਰਨ-ਸੁਭਾਵਿਕ

ਮਨੁੱਖੀ ਆਵਾਜ਼ ਦੀ ਥਾਂ ਅਵੱਲੀ ਜਿਹੀ ਸੀ। ਲੋਕ ਤਾਂ ਕੋਈ ਸਵਾਲ, ਕੋਈ ਸ਼ੰਕਾ ਕਰਨ ਦੀ ਅਵਸਥਾ ਤੋਂ ਪਰ੍ਹੇ ਮੰਤਰ-ਮੁਗਧ ਸਨ, ਬੱਸ ਇਕ ਲੱਖੂ ਮਰਾਸੀ ਸੀ ਜਿਸ ਦਾ ਚਤੁਰ ਦਿਮਾਗ਼ ਭੇਤ ਖੋਲ੍ਹਣ ਵਾਸਤੇ ਬੇਚੈਨ ਤੇ ਬੇਕਾਬੂ ਹੋ ਰਿਹਾ ਸੀ। ਲੋਕਾਂ ਦੀ ਮੁਕੰਮਲ ਚੁੱਪ ਨੂੰ ਤੋੜਦਿਆਂ ਅਤੇ ਤਵੇ ਦੀ ਆਵਾਜ਼ ਨੂੰ ਮਾਤ ਦਿੰਦਿਆਂ ਉਹਨੇ ਮਸ਼ੀਨ ਦੀ ਤੁੱਛਤਾ ਦਾ ਭਾਂਡਾ ਭੰਨਿਆ,”ਗਾਉਣਾ ਸਿਖਾ ਕੇ ਕਿਵੇਂ ਨਾ ਕਿਵੇਂ ਜੁਆਕ ਵਾੜਿਆ ਹੋਇਆ ਐ
ਇਹਦੇ ਵਿਚ!” ਮਸ਼ੀਨ ਚਲਾਉਣ ਵਾਲੇ ਨੇ ਕੁਛ ਵੀ ਬੋਲੇ ਬਿਨਾਂ ਉਹਦੇ ਚਾਰੇ ਪੇਚ ਖੋਲ੍ਹ ਕੇ ਉਪਰਲਾ ਹਿੱਸਾ ਚੁੱਕ ਦਿੱਤਾ। ਏਡਾ ਵੱਡਾ ਡੱਬਾ ਉਹਦੇ ਚੁੱਕੇ ਗਏ ਹਿੱਸੇ ਨਾਲ ਚਿੰਬੜੇ ਹੋਏ ਕੁਛ ਕਲ-ਪੁਰਜਿਆਂ ਤੋਂ ਬਿਨਾਂ ਬਿਲਕੁਲ ਖਾਲੀ ਸੀ। ਕੁਛ ਲੋਕ ਹੱਸ ਪਏ ਪਰ ਲੱਖੂ ਅਜਿਹੇ ਭੁਲੇਖਿਆਂ ਵਿਚ ਆ ਕੇ ਹਾਰ ਮੰਨਣ ਵਾਲਾ ਨਹੀਂ ਸੀ। ਉਹ ਮਸ਼ੀਨ ਨੂੰ ਟਿੱਚ ਸਮਝਦਿਆਂ ਉਹਤੋਂ ਪਿੱਠ ਮੋੜ ਕੇ ਪਰ੍ਹੇ ਹੁੰਦਾ ਪੂਰੇ ਯਕੀਨ ਨਾਲ ਬੋਲਿਆ,”ਤਾਂ ਫੇਰ ਵੱਸ ਕਰ ਕੇ ਭੂਤ ਇਹਦੇ ‘ਚ ਵਾੜੀ ਹੋਈ ਐ! ਨਹੀਂ ਤਾਂ ਇਉਂ ਦੱਸੋ ਬਈ ਲੋਹਾ ਕਿਵੇਂ ਬੋਲ ਪਊ!” ਤੀਜਾ ਨਾਭੇ ਤੋਂ ਰੇਲ ਉਤੇ ਅਤੇ ਸਟੇਸ਼ਨ ਦੇ ਰੇਤਲੇ ਰਾਹ ਤੋਂ ਗੱਡੇ ਉਤੇ ਸਵਾਰ ਹੋ ਕੇ ਆਇਆ ‘ਲੋਹੇ ਦਾ ਘੋੜਾ’ ਸੀ। ਉਤਸੁਕ ਲੋਕਾਂ ਨੂੰ ਦੱਸਿਆ ਗਿਆ ਕਿ ਭਲਕੇ ਸਵੇਰੇ ਕਾਕਾ ਇਸ ਘੋੜੇ ਉਤੇ ਸਵਾਰ ਹੋ ਕੇ ਪਿੰਡ ਵਾਲੇ ਘਰ ਤੋਂ ਬਾਹਰਲੀ ਕੋਠੀ ਜਾਵੇਗਾ। ਇਹ ਕੋਠੀ, ਜਿਸ ਦਾ ਜ਼ਿਕਰ ਮੈਂ ਮੈਕਾਲਿਫ਼ ਦੇ ਸਬੰਧ ਵਿਚ ਕਰ ਆਇਆ ਹਾਂ, ਪਿੰਡ ਤੋਂ ਕੋਹ ਵਾਟ ਦੂਰ ਸੀ। ਇਕੱਲੀ ਕੋਠੀ ਭਾਈ ਸਾਹਿਬ ਕੇ ਨਿੱਜੀ ਖੇਤ ਵਿਚ ਹੋਣ ਕਰਕੇ ਕੋਈ ਰਾਹ ਤਾਂ ਜਾਂਦਾ ਨਹੀਂ ਸੀ, ਖੇਤਾਂ ਵਿਚੋਂ ਲੰਘਦੀ ਪਗਡੰਡੀ ਸੀ। ਬਾਪੂ ਜੀ ਦਸਦੇ ਸਨ ਕਿ ਸਵੇਰੇ ਅੱਗੇ ਅੱਗੇ ਸਾਈਕਲ-ਸਵਾਰ ਚੱਲ ਪਿਆ ਅਤੇ ਸੱਜੇ, ਖੱਬੇ ਤੇ ਪਿੱਛੇ ਲੋਕਾਂ ਦਾ ਕਾਫ਼ਲਾ। ਰੁੱਤ ਕਣਕਾਂ ਦੇ ਚੱਪਾ ਚੱਪਾ, ਗਿੱਠ ਗਿੱਠ, ਹੋਣ ਦੀ ਸੀ। ਕਹਿੰਦੇ, ਹੌਂਕਦੇ-ਹਫ਼ਦੇ, ਹਿਬੜ ਹਿਬੜ ਭਜਦੇ ਉਤਸਾਹੀ ਲੋਕਾਂ ਨੇ ਪਗਡੰਡੀ ਦੇ ਦੋਵੇਂ ਪਾਸੀਂ ਦੂਰ ਦੂਰ ਤੱਕ ਕਣਕਾਂ ਮਿੱਧ ਸੁੱਟੀਆਂ! ਭਾਈ ਸਾਹਿਬ ਦੇ ਵਿਚਾਰਾਂ ਦਾ ਜੋ ਪ੍ਰਭਾਵ ਉਸ ਸਮੇਂ ਦੇ ਸਾਡੇ ਪੇਂਡੂ ਮਾਹੌਲ ਉਤੇ ਪਿਆ, ਉਹਦਾ ਮਹੱਤਵ ਹੋਰ ਵਡੇਰਾ ਸੀ। ਉਹ ਭੂਪਵਾਦੀਰਾਜਾਸ਼ਾਹੀ ਮਾਹੌਲ ਵਿਚ ਪਲੇ ਤੇ ਵੱਡੇ ਹੋਏ ਅਤੇ ਸਾਰੀ ਉਮਰ ਕੱਟੜਤਾ ਦੀ ਹੱਦ ਤੱਕ ਜਾਣ ਵਾਲੇ ਧਾਰਮਿਕ ਲੋਕਾਂ ਵਿਚ ਵਿਚਰਦੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਦੇ ਵਿਚਾਰ ਕਿੰਨੇ ਵਿਗਿਆਨਕ, ਉਚੇ-ਸੁੱਚੇ ਤੇ ਮਾਨਵਵਾਦੀ ਸਨ, ਇਹ ਦੇਖ ਕੇ ਚਿੱਤ ‘ਚ ਉਨ੍ਹਾਂ ਦੀ ਵਡਿੱਤਣ ਹੋਰ ਵਧ ਜਾਂਦੀ ਹੈ।

ਇਕ ਵਿਦਵਾਨ, ਖਾਸ ਕਰਕੇ ‘ਮਹਾਨ ਕੋਸ਼’ ਦਾ ਰਚਨਾਕਾਰ ਹੋਣ ਤੋਂ ਇਲਾਵਾ ਚੜ੍ਹਦੀ ਉਮਰੇ ਭਾਈ ਕਾਨ੍ਹ ਸਿੰਘ ਦੀ ਸ਼ਖ਼ਸੀਅਤ ਦੀ ਜੋ ਬਹੁਤ ਡੂੰਘੀ ਛਾਪ ਮੇਰੇ ਮਨ ਉਤੇ ਲੱਗੀ, ਉਹ ਸੀ ਜਾਤਪਾਤ ਬਾਰੇ ਉਨ੍ਹਾਂ ਦੇ ਵਿਚਾਰ। ਇਥੇ ਇਹ ਗੱਲ ਚਿਤਾਰਨੀ ਠੀਕ ਰਹੇਗੀ ਕਿ ਉਸ ਸਮੇਂ ਜਾਤਪਾਤ ਸਮਾਜ ਦਾ ਇਕ ਪ੍ਰਵਾਨਤ ਸੱਚ ਸੀ। ਕਥਿਤ ਉਚੀਆਂ ਜਾਤਾਂ ਵੱਲੋਂ ਹੀ ਨਹੀਂ, ਅਜੇ ਸਮਾਜ ਦੇ ਪੀੜੇ-ਨਿਰਾਦਰੇ ਹਿੱਸਿਆਂ ਵੱਲੋਂ ਆਪ ਵੀ ਇਹਨੂੰ ਸਮਾਜਕ ਜੀਵਨ ਦਾ ਇਕ ਸਾਧਾਰਨ ਵਰਤਾਰਾ ਸਮਝਿਆ ਜਾਂਦਾ ਸੀ। ਇਹ ਗੱਲ ਸਹੀ ਹੈ ਕਿ ਪੰਜਾਬ ਵਿਚ ਸਿੱਖ ਗੁਰੂਆਂ ਦੀ ਸਿੱਖਿਆ ਦੇ ਪ੍ਰਭਾਵ ਕਾਰਨ ਛੂਤਛਾਤ ਓਨੀ ਭਿਆਨਕ ਨਹੀਂ ਸੀ ਜਿੰਨੀ ਬਾਕੀ ਭਾਰਤ
ਵਚ ਸੀ, ਪਰ ਇਥੇ ਵੀ ਇਹਨੂੰ ਅਣਮਨੁੱਖੀ ਤੇ ਵਹਿਸ਼ੀ ਤੋਂ ਇਲਾਵਾ ਕੁਛ ਹੋਰ ਕਹਿਣਾ ਵਾਜਬ ਤੇ ਸੰਭਵ ਨਹੀਂ। ਸਮਾਜ ਉਤੇ ਮੰਨੂਵਾਦੀ ਪਕੜਜਕੜ ਏਨੀ ਮਜ਼ਬੂਤ ਸੀ ਕਿ ਸਿੱਖੀ ਦੇ ਛੋਟੇ ਜਿਹੇ ਇਤਿਹਾਸ ਵਿਚ ਹੀ ਇਕੋ ਖੰਡੇ-ਬਾਟੇ ਦੇ ਅੰਮ੍ਰਿਤ ਵਾਲੀ ਸੋਚ ਪਿੱਛੇ ਰਹਿ ਕੇ ਮਜ੍ਹ਼ਬੀ ਸਿੱਖ, ਰਵਿਦਾਸੀਏ ਸਿੱਖ ਜਿਹੇ ਕਥਨ ਪ੍ਰਚਲਿਤ ਹੋ ਗਏ ਸਨ। ਪ੍ਰਚਲਿਤ ਹੀ ਨਹੀਂ ਸਨ ਹੋਏ ਸਗੋਂ ਪ੍ਰਵਾਨ ਵੀ ਹੋ ਚੁੱਕੇ ਸਨ ਅਤੇ ਲਗਾਤਾਰ ਮਜ਼ਬੂਤੀ ਫੜ ਰਹੇ ਸਨ। ਉਸ ਮਾਹੌਲ ਵਿਚ ਸਾਡੇ ਪਿੰਡ ਵਿਚ ਇਕ ਘਟਨਾ ਅਜਿਹੀ ਵਾਪਰੀ ਜੋ ਬਾਪੂ ਜੀ ਦੇ ਮੂੰਹੋਂ ਸੁਣ ਕੇ ਛੋਟੀ ਉਮਰੇ ਵੀ ਅਲੋਕਾਰ ਤਾਂ ਲੱਗੀ ਪਰ ਜਿਸ ਦਾ ਅਸਲ ਮਹੱਤਵ ਅੱਗੇ ਚੱਲ ਕੇ ਸਮਾਜਕ-ਰਾਜਨੀਤਕ ਸੋਝੀ ਆਈ ਤੋਂ ਸਮਝ ਆਇਆ। ਬਾਪੂ ਜੀ ਆਖਦੇ, ਇਹ ਭਾਈ ਸਾਹਿਬ ਦੇ ਵਿਦਵਾਨ, ਲੇਖਕ ਤੇ ਸਿੱਖੀ ਦੀ ਅਸਲ ਭਾਵਨਾ ਨੂੰ ਸਮਝਣ ਵਾਲਾ ਹੋਣ ਕਾਰਨ ਸੀ ਕਿ ਉਹ ਜਾਤ-ਪਾਤ ਜਿਹੀਆਂ ਸੌੜੀਆਂ ਵਲਗਣਾਂ ਤੋਂ ਉਚੇ ਉਠ ਸਕੇ। ਭਾਈ ਕਾਨ੍ਹ ਸਿੰਘ ਬਾਰੇ ਬਹੁਤ ਕੁਛ ਪੜ੍ਹਦਿਆਂ ਅਜਿਹੀ ਕੋਈ ਗੱਲ, ਕੋਈ ਘਟਨਾ ਮੇਰੀ ਜਾਣਕਾਰੀ ਵਿਚ ਨਹੀਂ ਆਈ ਜਿਸ ਤੋਂ ਜਾਤਪਾਤ ਸਬੰਧੀ ਉਨ੍ਹਾਂ ਦੇ ਵਿਚਾਰ ਸਪਸ਼ਟਤਾ ਨਾਲ ਸਾਡੇ ਸਾਹਮਣੇ ਆਉਂਦੇ ਹੋਣ। ਇਸ ਨਜ਼ਰੀਏ ਤੋਂ ਇਹ ਘਟਨਾ ਅਹਿਮ ਤਾਂ ਹੈ ਹੀ, ਦਿਲਚਸਪ ਵੀ ਬਹੁਤ ਹੈ। ਸਾਡੇ ਪਿੰਡ ਇੰਦਰ ਸਿੰਘ ਢਿੱਲੋਂ ਨਾਂ ਦੇ ਇਕ ਵਿਅਕਤੀ ਸਨ। ਉਹ ਦੂਰੋਂ-ਨੇੜਿਉਂ ਭਾਈ ਕਾਨ੍ਹ ਸਿੰਘ ਦੇ ਵਡੇਰੇ ਪਰਿਵਾਰ ਵਿਚੋਂ ਹੀ ਸਨ। ਉਹ ਭਾਈ ਸਾਹਿਬ ਨਾਲੋਂ ਕਾਫ਼ੀ ਛੋਟੇ ਵੀ ਸਨ ਅਤੇ ਉਨ੍ਹਾਂ ਨੇ ਉਮਰ ਵੀ ਲੰਮੀ ਭੋਗੀ, ਇਸ ਕਰਕੇ ਉਹ ਕਿਤੇ ਪਿਛਲੀ ਸਦੀ ਦੇ ਸੱਤਰਵਿਆਂ ਵਿਚ ਜਾ ਕੇ ਪੂਰੇ ਹੋਏ। ਸਾਡੇ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਵਾਸਤਾ ਰਿਹਾ ਅਤੇ ਇਕ ਵਾਰ ਉਹ ਮੇਰੇ ਕੋਲ ਦਿੱਲੀ ਵੀ ਆਏ। ਮੈਂ ਉਨ੍ਹਾਂ ਨੂੰ ਤਾਇਆ ਜੀ ਕਿਹਾ ਕਰਦਾ ਸੀ। ਇਸ ਲੰਮੇ ਵਾਹ ਵਿਚੋਂ ਹੀ ਮੇਰੀ ਕਹਾਣੀ ‘ਕਸਤੂਰੀ ਵਾਲਾ ਮਿਰਗ’ ਦਾ ਜਨਮ ਹੋਇਆ। ਇਹ ਮੇਰੀਆਂ ਉਨ੍ਹਾਂ ਇੱਕਾਦੁੱਕਾ ਕਹਾਣੀਆਂ ਵਿਚੋਂ ਹੈ ਜਿਨ੍ਹਾਂ ਵਿਚ ਮੈਨੂੰ ਕਲਪਨਾ ਦਾ ਰਲਾ ਪਾਉਣਾ ਹੀ ਨਹੀਂ ਪਿਆ, ਭਾਵ ਜੀਵਨ ਵਿਚੋਂ ਉਹ ਮੈਨੂੰ ਪੱਕੀਆਂ-ਪਕਾਈਆਂ ਮਿਲ ਗਈਆਂ ਅਤੇ ਮੈਂ ਕਾਗ਼ਜ਼ ਉਤੇ ਉਤਾਰ ਦਿੱਤੀਆਂ। ਇਸ ਕਹਾਣੀ ਦੇ ਸਰਦਾਰ ਉਤਮ ਸਿੰਘ ਸੰਧੂ ਅਸਲੀ ਜੀਵਨ ਵਿਚ ਤਾਇਆ ਇੰਦਰ ਸਿੰਘ ਢਿੱਲੋਂ ਹੀ ਸਨ। ਉਹ ਉਰਦੂ ਪੜ੍ਹੇ ਹੋਏ ਸਨ। ਉਨ੍ਹਾਂ ਦਾ ਬਾਣਾ ਕਾਫ਼ੀ ਨਿਵੇਕਲਾ ਸੀ। ਉਹ ਕਫ਼ਾਂ ਵਾਲੇ ਕੁਛ ਕੁਛ ਲੰਮੇ ਕਮੀਜ਼ ਨਾਲ ਸਫ਼ੈਦ ਪੋਠੋਹਾਰੀ ਸਲਵਾਰ ਪਹਿਨਦੇ, ਜਿਸ ਦਾ ਸਾਡੇ ਇਲਾਕੇ ਵਿਚ ਰਿਵਾਜ ਨਹੀਂ ਸੀ। ਹੱਥ ਵਿਚ ਉਹ ਖ਼ੂਬਸੂਰਤ ਖੂੰਡੀ ਰਖਦੇ ਜੋ ਲੋੜ ਨਾਲੋਂ ਬਹੁਤੀ ਆਦਤ ਜਾਂ ਸ਼ੁਕੀਨੀ ਸੀ। ਪਿੰਡ ਵਾਲੀ ਜ਼ਮੀਨ ਤੋਂ ਇਲਾਵਾ ਉਨ੍ਹਾਂ ਦੇ ਬਹਾਵਲਪੁਰ ਵਿਚ ਵੀ ਮੁਰੱਬੇ ਸਨ। ਉਥੇ ਉਨ੍ਹਾਂ ਦੇ ਮੁਰੱਬਿਆਂ ਦੇ ਗੁਆਂਢੀ ਚੰਗੇ ਵੱਡੇ ਮੁਸਲਮਾਨ ਜ਼ਿੰਮੀਦਾਰ ਸਨ ਜਿਨ੍ਹਾਂ ਨਾਲ ਉਨ੍ਹਾਂ ਦਾ ਵਧੀਆ ਸਨੇਹ ਤੇ ਵਰਤ-ਵਰਤਾਵਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਨ੍ਹਾਂ ਦੀ ਸੂਖ਼ਮ ਜਿਹੀ ਉਰਦੂਨੁਮਾ ਬੋਲਬਾਣੀ ਅਤੇ ਉਦਾਰ
ਵਰਤੋਂ-ਵਿਹਾਰ ਵਿਚ ਇਕ ਖਾਸ ਸਲੀਕਾ ਤੇ ਸੁਚੱਜ ਸੀ। ਉਨ੍ਹਾਂ ਦੇ ਨਾਂ ਨਾਲ ਦੋ ਗੱਲਾਂ ਅਜਿਹੀਆਂ ਜੁੜੀਆਂ ਹੋਈਆਂ ਸਨ ਜੋ ਪਿੰਡ ਵਾਸੀਆਂ ਦੀ ਨਜ਼ਰ ਵਿਚ ਉਨ੍ਹਾਂ ਨੂੰ ਸਾਧਾਰਨ ਮਨੁੱਖ ਦੀ ਥਾਂ ਅਜੀਬ ਪ੍ਰਾਣੀ ਬਣਾਉਂਦੀਆਂ ਸਨ। ਪਹਿਲੀ ਕਿ ਉਨ੍ਹਾਂ ਨੇ ”ਗਾਂ ਦਾ ਮਾਸ ਖਾਧਾ ਹੋਇਆ ਹੈ” ਤੇ ਦੂਜੀ, ਉਨ੍ਹਾਂ ਨੇ ”ਚਮਿਆਰਾਂ ਦੇ ਘਰੋਂ ਦੁੱਧ ਪੀਤਾ ਹੋਇਆ
ਹੈ!” ਬਾਪੂ ਜੀ ਨੂੰ ਗਾਂ ਦੇ ਮਾਸ ਵਾਲੀ ਘਟਨਾ ਦਾ ਵਿਸਤਾਰ ਪਤਾ ਨਹੀਂ ਸੀ। ਸ਼ਾਇਦ ਉਨ੍ਹਾਂ ਨੇ ਨਾਜ਼ਕ ਵਿਸ਼ਾ ਹੋਣ ਕਰਕੇ ਇਸ ਬਾਰੇ ਕਦੀ ਤਾਇਆ ਜੀ ਨਾਲ ਗੱਲ ਵੀ ਨਹੀਂ ਸੀ ਕੀਤੀ। ਹਾਂ, ਦੁੱਧ ਵਾਲੀ ਘਟਨਾ ਪਿੰਡ ਵਿਚ ਪਰਤੱਖ ਵਾਪਰੀ ਹੋਣ ਕਰਕੇ ਮੈਂ ਬਾਪੂ ਜੀ ਦੇ ਮੂੰਹੋਂ ਪੂਰੀ ਸੁਣੀ ਹੋਈ ਸੀ। ਮਗਰੋਂ ਮੇਰੀ ਕਹਾਣੀ ਵਿਚ ਹੋਏ ਜ਼ਿਕਰ ਵਾਂਗ ਜਦੋਂ ਤਾਇਆ ਜੀ ਇੰਦਰ ਸਿੰਘ ਮੇਰੇ ਕੋਲ ਦਿੱਲੀ ਠਹਿਰੇ, ਮੈਂ ਉਨ੍ਹਾਂ ਨੂੰ ਦੋਵੇਂ ਵਰਜਨਾਂ ਤੋੜਨ ਬਾਰੇ ਪੁੱਛ ਹੀ ਲਿਆ। ਉਹ ਨਿਝੱਕ ਬੋਲੇ, ਹਾਂ ਬੇਟਾ, ਮੈਂ ਗਾਂ ਦਾ ਮਾਸ ਵੀ ਖਾਧਾ ਤੇ ਸੀਰੀ ਦੇ ਘਰੋਂ ਦੁੱਧ ਵੀ ਪੀਤਾ! ਤੇ ਉਨ੍ਹਾਂ ਨੇ ਦੋਵੇਂ ਘਟਨਾਵਾਂ ਪੂਰੇ ਵਿਸਤਾਰ ਵਿਚ ਸੁਣਾਈਆਂ। ਗਾਂ ਦੇ ਮਾਸ ਵਾਲੀ ਗੱਲ ਸਾਡੇ ਇਸ ਲੇਖ ਲਈ ਪ੍ਰਸੰਗਕ ਨਾ ਹੋਣ ਕਰਕੇ, ਬੜੀ ਦਿਲਚਸਪ ਹੋਣ ਦੇ ਬਾਵਜੂਦ, ਇਥੇ ਹੀ ਛਡਦਿਆਂ ਅਸੀਂ ਦੁੱਧ ਵਾਲੀ ਘਟਨਾ ਲੈਂਦੇ ਹਾਂ ਕਿਉਂਕਿ ਤਾਇਆ ਜੀ ਇੰਦਰ ਸਿੰਘ ਤੋਂ ਇਲਾਵਾ ਇਸ ਦੇ ਦੂਜੇ ਵੱਡੇ ਪਾਤਰ ਭਾਈ ਕਾਨ੍ਹ ਸਿੰਘ ਸਨ। ਇਹ ਉਸੇ ਰੂਪ ਵਿਚ ਹੈ ਜਿਸ ਵਿਚ ਮੈਨੂੰ ਬਾਪੂ ਜੀ ਨੇ ਸੁਣਾਈ ਅਤੇ ਮਗਰੋਂ ਤਾਇਆ ਜੀ ਨੇ ਦੁਹਰਾਈ। ਸਾਡੀ ਨਾਭਾ ਰਿਆਸਤ ਵਿਚ ਮਜ਼੍ਹਬੀਆਂ ਤੇ ਰਵਿਦਾਸੀਆਂ ਦੇ ਵਿਹੜੇ ਫਿਰਨੀ ਤੋਂ ਬਾਹਰ ਹੁੰਦੇ ਸਨ, ਭਾਵ ਉਨ੍ਹਾਂ ਨੂੰ ਫਿਰਨੀ ਦੇ ਅੰਦਰ ਪਿੰਡ ਵਿਚ ਵਸਣ ਦੀ ਆਗਿਆ ਨਹੀਂ ਸੀ। ਹੋਰ ਕੋਈ ਦਲਿਤ ਭਾਈਚਾਰਾ ਸਾਡੇ ਪਿੰਡ ਵਿਚ ਹੈ ਹੀ ਨਹੀਂ ਸੀ। ਜੇ ਕਿਸੇ ਪਿੰਡ ਵਾਲੇ ਨੇ ਕਿਸੇ ਮਜ਼੍ਹਬੀ-ਰਵਿਦਾਸੀਏ ਨੂੰ ਬੁਲਾਉਣਾ ਹੁੰਦਾ, ਉਹ ਵਿਹੜੇ ਦੇ ਬਾਹਰ ਖਲੋ ਜਾਂਦਾ ਅਤੇ ਕਿਸੇ ਅੰਦਰ ਜਾਣ ਵਾਲੇ ਨੂੰ ਆਖਦਾ,”ਓ ਬਈ, ਫਲਾਣੇ ਨੂੰ ਭੇਜੀਂ।” ਇਕ ਦਿਨ ਤਾਇਆ ਇੰਦਰ ਸਿੰਘ ਦਾ ਰਵਿਦਾਸੀਆ ਸੀਰੀ ਪਹਿਲਾਂ ਦੱਸੇ ਬਿਨਾਂ ਕੰਮ ਉਤੇ ਨਾ ਆਇਆ। ਉਹ ਵਿਹੜੇ ਵੱਲ ਗਏ ਅਤੇ ਰੀਤ ਅਨੁਸਾਰ ਕਿਸੇ ਅੰਦਰ ਜਾਣ ਵਾਲੇ ਦੀ ਉਡੀਕ ਕੀਤੇ ਬਿਨਾਂ ਪੁਛਦੇ-ਪੁਛਾਉਂਦੇ ਸੀਰੀ ਦੇ ਘਰ ਜਾ ਪਹੁੰਚੇ। ਸੀਰੀ ਕਿਸੇ ਕੰਮ ਕਾਰਨ ਕੁਛ ਸਮੇਂ ਲਈ ਕਿਤੇ ਨੇੜੇ-ਤੇੜੇ ਹੀ ਗਿਆ ਹੋਇਆ ਸੀ। ਵਿਚਾਰੀ ਸੀਰਨ ਦਾ, ਅਚਾਨਕ ਆ ਬਣੀ ਇਸ ਅਜੀਬ ਸਥਿਤੀ ਕਾਰਨ, ਘਬਰਾਉਣਾ ਤੇ ਹੜਬੜਾਉਣਾ ਸੁਭਾਵਿਕ ਸੀ। ਉਹਨੇ ਹੱਥਾਂ ਵਿਚ ਚੁੰਨੀ ਦਾ ਲੜ ਫੜ ਕੇ ਤਾਇਆ ਜੀ ਦੇ ਪੈਰਾਂ ਤੋਂ ਦੋ ਕੁ ਗਿੱਠਾਂ ਦੂਰ ਧਰਤੀ ਛੂਹ ਕੇ ਪੈਰੀਂ-ਪੈਣਾ ਕੀਤਾ। ਫੇਰ ਕਦੇ ਉਹ ਪੀੜ੍ਹੀ ਨੂੰ ਹੱਥ ਪਾ ਲਵੇ, ਕਦੇ ਛੱਡ ਦੇਵੇ। ਕਦੇ ਮੰਜੇ ਵੱਲ ਅਹੁਲੇ, ਫੇਰ ਝਿਜਕ ਜਾਵੇ। ਉਹਨੂੰ ਸਮਝ ਨਹੀਂ ਸੀ ਆ ਰਹੀ, ਉਹ ਸਰਦਾਰ ਨੂੰ ਬੈਠਣ ਲਈ ਕਹੇ ਜਾਂ ਨਾ ਕਹੇ! ਏਨੇ ਚਿਰ ਨੂੰ ਕੰਧ ਨਾਲ ਖੜ੍ਹਾ ਮੰਜਾ ਸਿੱਧਾ ਕਰ ਕੇ ਤਾਇਆ ਜੀ ਬਿਰਾਜ ਚੁੱਕੇ ਸਨ। ਉਹ ਬੋਲੀ, ਬਾਬਾ ਜੀ, ਤੁਸੀਂ ਬੈਠੋ, ਮੈਂ ਕਿਸੇ ਘਰ ਆਖ ਕੇ ਦੇਖਦੀ ਆਂ ਜੇ ਜੱਟਾਂ ਦਾ ਕੋਈ ਮੁੰਡਾ ਦੁੱਧ ਲਿਆਉਣਾ ਮੰਨ ਜਾਵੇ। ਇਕ ਪਾਸੇ ਸਰਕੜਿਆਂ ਦੇ ਛਤੜੇ ਹੇਠ ਗਾਂ ਖਲੋਤੀ ਹੋਈ ਸੀ। ਉਹ ਹੱਸ ਕੇ ਬੋਲੇ, ਇਹ ਦਰਸ਼ਨ ਦੇਣ ਨੂੰ ਰੱਖੀ ਐ ਕਿ ਚਾਰ ਧਾਰਾਂ ਦੁੱਧ ਵੀ ਦਿੰਦੀ ਐ? ਉਸ ਤੋਂ ਦੁੱਧ ਦਿੰਦੀ ਸੁਣ ਕੇ ਕਹਿੰਦੇ, ਫੇਰ ਦੁੱਧ ਕਿਸੇ ਦੇ ਘਰੋਂ ਕਿਉਂ ਲਿਆਉਣਾ ਹੈ! ਉਹਨੇ ਸੰਗਦੀ-ਝਿਜਕਦੀ ਨੇ ਦੁੱਧ ਭਾਂਡੇ ਵਿਚ ਪਾ ਦਿੱਤਾ। ਤਾਇਆ ਇੰਦਰ
ਸਿੰਘ ਨੇ ਦੁੱਧ ਛਕ ਕੇ ਖੜ੍ਹੇ ਹੁੰਦਿਆਂ ਉਹਨੂੰ ਸੌ ਸੌ ਅਸੀਸਾਂ ਦਿੱਤੀਆਂ ਅਤੇ ਬੋਲੇ, ਜਦੋਂ ਉਹ ਆਵੇ, ਕਹੀਂ ਇਧਰੋਂ ਵਿਹਲਾ ਹੋ ਕੇ ਕੰਮ ਉਤੇ ਆ ਜਾਵੇ। ਘੜੀਆਂ-ਪਲਾਂ ਵਿਚ ਗੱਲ ਪੂਰੇ ਪਿੰਡ ਵਿਚ ਅੱਗ ਦੇ ਭਬੂਕੇ ਵਾਂਗ ਫ਼ੈਲ ਗਈ। ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਖੇਤ ਵਾਲੀ ਕੋਠੀ ਵਿਚ ਆਏ ਹੋਏ ਸਨ। ਪਿੰਡ ਦੇ ਪੈਂਚ-ਖੜਪੈਂਚ ਇਕੱਠੇ ਹੋ ਕੇ ਉਨ੍ਹਾਂ ਕੋਲ ਜਾ ਪਹੁੰਚੇ। ਉਨ੍ਹਾਂ ਨੇ ਕੁਰਸੀਆਂ-ਮੰਜੇ ਰਖਵਾ ਦਿੱਤੇ ਅਤੇ ਸਮਝਿਆ, ਉਹ ਕਿਸੇ ਸਾਂਝੇ ਕੰਮ ਵਾਸਤੇ ਸਲਾਹ ਲੈਣ ਆਏ ਹਨ। ਪਰ ਉਹ ਬੋਲੇ, ਭਾਈ ਸਾਹਿਬ, ਇੰਦਰ ਸਿੰਘ ਨੇ ਭਾਰੀ ਅਨਰਥ ਕਰ ਦਿੱਤਾ! ਤੇ ਉਨ੍ਹਾਂ ਨੇ ਸਾਰਾ ਕਿੱਸਾ ਕਹਿ ਸੁਣਾਇਆ। ਭਾਈ ਸਾਹਿਬ ਕੁਛ ਪਲ ਚੁੱਪ ਰਹੇ, ਫੇਰ ਨਾਪੇ-ਤੋਲੇ ਸ਼ਬਦਾਂ ਵਿਚ ਅਤੇ ਆਪਣੇ ਵਿਸ਼ੇਸ਼ ਭਾਸ਼ਾਈ ਅੰਦਾਜ਼ ਵਿਚ ਬੋਲੇ, ”ਇੰਦਰ ਸਿੰਘ ਦੀ ਅਣਗਹਿਲੀ ਹੈ, ਆਪ ਲੋਕਾਂ ਦੀ ਅਗਿਆਨਤਾ ਹੈ!” ਲੋਕ ਹੈਰਾਨਪ੍ਰੇਸ਼ਾਨ ਜਿਹੇ ਹੋ ਕੇ ਬੋਲੇ, ਭਾਈ ਸਾਹਿਬ, ਗੱਲ ਸਮਝ ਨਹੀਂ ਆਈ! ਉਹ ਕਹਿਣ ਲੱਗੇ, ”ਤੁਹਾਡੀ ਗੱਲ ਤੋਂ ਲਗਦਾ ਹੈ, ਇੰਦਰ ਸਿੰਘ ਨੇ ਸਫ਼ਾਈ ਦਾ ਖ਼ਿਆਲ ਨਹੀਂ ਰੱਖਿਆ, ਬਹੁਤ ਵੱਡੀ ਅਣਗਹਿਲੀ ਦਿਖਾਈ। ਤੁਹਾਨੂੰ ਰਵਿਦਾਸੀਆਂ ਦੇ ਘਰੋਂ ਉਹਦੇ ਦੁੱਧ ਪੀਣ ਦਾ ਇਤਰਾਜ ਹੈ। ਇਹ ਅਗਿਆਨਤਾ ਹੈ। ਉਹੋ ਇਸਤਰੀ ਲਿਆਉ, ਉਹੋ ਗਊ ਲਿਆਉ, ਉਹੋ ਬਰਤਨ ਲਿਆਉ; ਮੈਂ ਇਸਤਰੀ ਦੇ ਹੱਥ, ਗਊ ਦੇ ਥਣ ਤੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰਵਾ ਲਵਾਂਗਾ ਤੇ ਤੁਹਾਡੇ ਸਾਹਮਣੇ ਦੁੱਧ ਪੀ ਲਵਾਂਗਾ!” ਸਿੱਖ ਆਗੂਆਂ ਵਾਲੀ ਸਿੱਖੀ ਦੀ ਥਾਂ ਸਿੱਖ ਗੁਰੂਆਂ ਵਾਲੀ ਸਿੱਖੀ ਨੂੰ ਮੰਨਣ ਵਾਲੇ ਸਾਡੇ ਘਰ ਦੇ ਉਦਾਰ ਮਾਹੌਲ ਵਿਚ ਮਜ਼੍ਹਬੀਆਂ-ਰਵਿਦਾਸੀਆਂ ਵੱਲ ਸਾਡਾ ਰਵਈਆ ਅਜਿਹਾ ਢਲਿਆ ਸੀ ਕਿ ਅਸੀਂ ਉਮਰ ਅਨੁਸਾਰ ਉਨ੍ਹਾਂ ਨੂੰ ਆਦਰ ਨਾਲ ਚਾਚਾ-ਤਾਇਆ ਆਖਦੇ ਸੀ। ਇਸ ਸੋਚ ਵਿਚ ਭਾਈ ਕਾਨ੍ਹ ਸਿੰਘ ਵਾਲੀ ਉਪਰੋਕਤ ਘਟਨਾ ਨੇ ਨਿਸਚੇ ਹੀ ਹੋਰ ਵਧੇਰੇ ਸਪੱਸ਼ਟਤਾ ਲਿਆਂਦੀ। ਮਨ ਦੀ ਇਹੋ ਮਿੱਟੀ ਸੀ ਜਿਸ ਵਿਚ ਅੱਗੇ ਚੱਲ ਕੇ ਮਾਰਕਸਵਾਦ ਨੇ ਪੱਕੀਆਂ ਜੜਾਂ ਫੜੀਆਂ ਅਤੇ ਮੈਂ ਜਾਤਪਾਤ, ਧਰਮ, ਇਲਾਕੇ, ਆਦਿ ਦਾ ਕੋਈ ਫ਼ਰਕ ਕੀਤੇ ਬਿਨਾਂ ਇਨਸਾਨ ਨੂੰ ਇਨਸਾਨ ਸਮਝ ਸਕਿਆ!

ਗੁਰਬਚਨ ਸਿੰਘ ਭੁੱਲਰ
01191-1165736868