ਰੁਝਾਨ ਖ਼ਬਰਾਂ
ਕਾਲੇ ਪਾਣੀ ਦੀ ਸਜ਼ਾ ਅਤੇ ਬੁੱਲੇ ਲੁੱਟਦੇ ਪੰਜਾਬ ਦੇ ਲਾਟ ਸਾਹਬ..!

ਕਾਲੇ ਪਾਣੀ ਦੀ ਸਜ਼ਾ ਅਤੇ ਬੁੱਲੇ ਲੁੱਟਦੇ ਪੰਜਾਬ ਦੇ ਲਾਟ ਸਾਹਬ..!

ਦਾਲ ‘ਚ ਕਾਲਾ ਹੁੰਦਾ ਤਾਂ ਸ਼ਾਇਦ ਮਾਈ ਬਚ ਜਾਂਦੀ। ਜਦੋਂ ਪੂਰੀ ਦਾਲ ਹੀ ਕਾਲੀ ਹੋ ਜਾਏ ਤਾਂ ਵਿਧਮਾਤਾ ਫਿਰ ਕਾਲੇ ਲੇਖ ਹੀ ਲਿਖਦੀ ਹੈ। ਕਾਲਾ ਧਨ ਤਾਂ ਦੂਰ ਦੀ ਗੱਲ, ਚਾਰ ਚਿੱਟੇ ਛਿੱਲੜ ਹੀ ਖੀਸੇ ‘ਚ ਹੁੰਦੇ। ਚਾਰ ਦਿਨ ਜ਼ਿੰਦਗਾਨੀ ਹੋਰ ਕੱਟ ਜਾਂਦੀ। ਕਾਲੇ ਪੀਲੀਏ (ਹੈਪੇਟਾਈਟਸ-ਸੀ) ਨੇ ਥੇੜੀ (ਗਿੱਦੜਬਾਹਾ) ਦੀ ਮਾਈ ਜੀਤੋ ਦੀ ਜਾਨ ਲੈ ਲਈ। ਗ਼ਰੀਬ ਪਰਿਵਾਰਾਂ ਲਈ ਮਹਿੰਗੇ ਇਲਾਜ ਸੌਖੇ ਨਹੀਂ। ਕਾਲਾ ਪਾਣੀ ਜਦੋਂ ਦਰਿਆਵਾਂ ‘ਚ ਸ਼ੂਕਦਾ ਹੈ ਤਾਂ ਉਦੋਂ ਜ਼ਹਿਰੀ ਹੋਣ ਤੋਂ ਨਹਿਰੀ ਪਾਣੀ ਰੁਕਦੇ ਨਹੀਂ। ਬੁੱਢਾ ਨਾਲਾ ਸਤਲੁਜ ‘ਚ ਕਹਿਰ ਮਚਾਉਂਦਾ ਹੈ। ਫਿਰ ਦੂਸ਼ਿਤ ਪਾਣੀ ਰਾਜਸਥਾਨ ਤੱਕ ਜ਼ਿੰਦਗੀਆਂ ਨਾਲ ਖੇਡਦੇ ਹਨ। ਕੌਮੀ ਗਰੀਨ ਟ੍ਰਿਬਿਊਨਲ ਨੇ ਰਾਜ ਭਾਗ ਵਾਲਿਆਂ ਨੂੰ ਬਿਆਸ/ਸਤਲੁਜ ਦੇ ਦੂਸ਼ਿਤ ਪਾਣੀ ਦੇਖ ਕੇ ਪੰਜਾਹ ਕਰੋੜ ਦਾ ਜੁਰਮਾਨਾ ਠੋਕਿਆ। ਸ਼ਾਇਦ ਇਨ੍ਹਾਂ ਦੀ ਅੱਖ ਖੁੱਲ੍ਹ ਜਾਏ। ਕਦੇ ‘ਚਿੱਟਾ’ ਤੇ ਕਦੇ ‘ਕਾਲਾ’ ਪੰਜਾਬ ਦੇ ਜੜ੍ਹੀਂ ਬੈਠਾ ਹੈ। ਪੰਜਾਬ ਦਾ ਪਾਣੀ ਕਦੇ ਅੰਮ੍ਰਿਤ ਵਰਗਾ ਹੁੰਦਾ ਸੀ। ਪਿੰਡ ਦੋਨਾ ਨਾਨਕਾ (ਫ਼ਾਜ਼ਿਲਕਾ) ‘ਚ ਔਰਤਾਂ ਨੇ ਇਹ ਚੁਣੌਤੀ ਦਿੱਤੀ ਕਿ ਪਿੰਡ ਦੇ ਨਲਕੇ ਦਾ ਪਾਣੀ ਕੋਈ ਪੀ ਕੇ ਦਿਖਾਵੇ। ਬਿਮਾਰੀ ਗ਼ਰੀਬ ਮਾਰ ਨਾ ਕਰਦੀ ਤਾਂ ਨਿਹੱਥੇ ਹੋਏ ਗ਼ਰੀਬ ਦਾ ਮੰਜਾ ਪੀਜੀਆਈ ‘ਚੋਂ ਵਾਪਸੀ ਮਗਰੋਂ ਗੁਰੂ ਘਰ ‘ਚ ਅਰਦਾਸ ਲਈ ਨਾ ਡਹਿੰਦਾ। ਖੁੰਢੇ ਹਲਾਲ (ਮੁਕਤਸਰ) ਦੇ ਮਜ਼ਦੂਰ ਬਲਦੇਵ ਸਿੰਘ ਤੇ ਉਸ ਦੀ ਪਤਨੀ ਕੋਲ ਟੈੱਸਟ ਕਰਾਉਣ ਜੋਗੇ ਪੈਸੇ ਨਹੀਂ। ਕਾਲੇ ਪੀਲੀਏ ਦਾ ਇਲਾਜ ਤਾਂ ਵਿੱਤੋਂ ਬਾਹਰੀ ਗੱਲ ਹੈ। ਮੀਆਂ ਬੀਵੀ ਇਸ ਗੱਲੋਂ ਅਣਜਾਣ ਹਨ ਕਿ ਜਿਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ, ਉਹ ਕਾਲੇ ਪਾਣੀ ਦੇ ਟਾਪੂ (ਅੰਡੇਮਾਨ ਨਿਕੋਬਾਰ) ‘ਤੇ ਬੈਠ ਕੇ ਉਨ੍ਹਾਂ ਦੇ ਦੁੱਖਾਂ ‘ਤੇ ਹੀ ਤਾਂ ਚਿੰਤਨ ਕਰ ਰਹੇ ਹਨ। ਵਿਧਾਨ ਸਭਾ ਦੀ ਦਲਿਤ ਭਲਾਈ ਬਾਰੇ ਕਮੇਟੀ ਦੇ ਚੇਅਰਮੈਨ ਨੱਥੂ ਰਾਮ ਤੇ ਕਮੇਟੀ ਮੈਂਬਰ ਪਿਛਲੇ ਦਿਨੀਂ ਕਾਲੇ ਪਾਣੀ ਦੇ ਟਾਪੂ ‘ਤੇ ਬੈਠ ਕੇ ਦਲਿਤਾਂ ਦੀ ਜ਼ਿੰਦਗੀ ਨੂੰ ਦੋਜ਼ਖ ‘ਚੋਂ ਕੱਢਣ ਦੇ ਤਰੀਕੇ ਲੱਭਦੇ ਰਹੇ। ਟਾਪੂ ਦੀਆਂ ਹਵਾਈ ਟਿਕਟਾਂ, ਮਹਿੰਗੇ ਹੋਟਲਾਂ ਤੇ ਖਾਣ ਪਾਣੀ ਦਾ ਪੂਰਾ ਖਰਚਾ ਖ਼ਜ਼ਾਨੇ ਨੇ ਚੁੱਕਿਆ। ਕਮੇਟੀ ਮੈਂਬਰ ਵਿਧਾਇਕ ਕੁਲਵੰਤ ਪੰਡੋਰੀ ਆਖਦਾ ਹੈ ਕਿ ਉਹ ਰੋਸ ਵਜੋਂ ਟਾਪੂ ‘ਤੇ ਨਹੀਂ ਗਏ, ਕਿਉਂਕਿ ਇਹ ਫ਼ਜ਼ੂਲ ਖ਼ਰਚੀ ਹੈ। ਇੱਧਰ, ਕਾਲੇ ਪਾਣੀ ਦੇ ਝੰਬੇ ਹੁਣ ਟਾਪੂ ‘ਤੇ ਹੋਈ ਮੀਟਿੰਗ ਦੇ ਨਤੀਜੇ ਉਡੀਕ ਰਹੇ ਹਨ। ਸਰਕਾਰੀ ਨਿਯਮ ਵੀ ਰਮਣੀਕ ਥਾਵਾਂ ‘ਤੇ ਮੀਟਿੰਗਾਂ ਦੀ ਖੁੱਲ੍ਹ ਦਿੰਦੇ ਹਨ। ਨੱਥੂ ਰਾਮ ਆਖਦੇ ਹਨ ਕਿ ਅੰਡੇਮਾਨ ਸਰਕਾਰ ਦੀਆਂ ਦਲਿਤ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਗਏ ਸੀ। ਰਿਪੋਰਟ ਵੀ ਦਿਆਂਗੇ। ਗੱਠਜੋੜ ਸਰਕਾਰ ਵੇਲੇ ਵੀ ਭਲਾਈ ਕਮੇਟੀ ਨੇ ਰੋਹਤਾਂਗ ਪਾਸ (ਮਨਾਲੀ), ਸ਼ਿਮਲਾ, ਗੋਆ, ਪਹਿਲਗਾਮ, ਗੁਲਮਰਗ ਤੇ ਮੈਸੂਰ ‘ਚ ਮੀਟਿੰਗਾਂ ਕਰਕੇ ਦਲਿਤਾਂ ਦੇ ‘ਅੱਛੇ ਦਿਨਾਂ’ ਲਈ ਭਖਵੀਂ ਬਹਿਸ ਕੀਤੀ ਸੀ। ਬੱਸ ਇੱਥੇ ਹੀ ਨਹੀਂ, ਦੋ ਮਹੀਨੇ ਪਹਿਲਾਂ ਅੰਡੇਮਾਨ ਟਾਪੂ ‘ਤੇ ਬੈਠ ਕੇ ਹੀ ਪੰਜਾਬ ਦੇ ਵਿਕਾਸ ਬਾਰੇ ਪੂਰੇ ਚਾਰ ਦਿਨ ਪੰਜਾਬ ਦੇ ਵਿਧਾਇਕਾਂ ਨੇ ‘ਮੱਥਾ ਖਪਾਈ’ ਕੀਤੀ। ਟਾਪੂ ਵਾਲੀ ਮੀਟਿੰਗ ਵਿਚ ਸਭ ਧਿਰਾਂ ਦੇ ਵਿਧਾਇਕ ਚਾਈਂ ਚਾਈਂ ਗਏ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤਾਂ ਇਸੇ ਮੀਟਿੰਗ ਕਰਕੇ ਵਿਧਾਇਕਾ ਰੁਪਿੰਦਰ ਰੂਬੀ ਦੇ ਵਿਆਹ ‘ਚ ਸ਼ਾਮਲ ਹੋਣੋਂ ਖੁੰਝ ਗਈ ਸੀ। ਹੁਣ ਵਿਧਾਨ ਸਭਾ ਦੀ ਸੁਬਾਰਡੀਨੇਟ ਕਮੇਟੀ ਦੇ ਵਿਧਾਇਕ ਮੈਂਬਰ ਟਾਪੂ ‘ਤੇ ਜਾਣ ਲਈ ਕਾਹਲੇ ਹਨ। ਗੱਲ ਹਾਲੇ ਕਿਸੇ ਸਿਰੇ ਨਹੀਂ ਲੱਗੀ। ‘ਆਪ’ ਵਿਧਾਇਕ ਨਾਜ਼ਰ ਮਾਨਸ਼ਾਹੀਆ ਆਖਦਾ ਹੈ ਕਿ ਕਮੇਟੀਆਂ ਦੀ ਮੀਟਿੰਗ ਚੰਡੀਗੜ੍ਹ-ਪੰਜਾਬ ਤੋਂ ਬਾਹਰ ਹੋਣ ‘ਤੇ ਪਾਬੰਦੀ ਲੱਗੇ। ਪਾਰਲੀਮੈਂਟ ਦੀਆਂ ਕਮੇਟੀਆਂ ਦਾ ਇਹੋ ਹਾਲ ਹੈ। ਕੁਝ ਅਰਸਾ ਪਹਿਲਾਂ ਪਾਰਲੀਮੈਂਟ ਦੀ ਖਪਤਕਾਰ ਮਾਮਲੇ ਨੇ ਵੀ ਗ਼ਰੀਬਾਂ ਨੂੰ ਅਨਾਜ ਦੇਣ ਦੇ ਮੁੱਦੇ ‘ਤੇ ਚਰਚਾ ਲਈ ਕਾਲੇ ਪਾਣੀ ਦੇ ਟਾਪੂ ਨੂੰ ਚੁਣਿਆ। ਅੰਡੇਮਾਨ ਨਿਕੋਬਾਰ ਦੀਪ ਦੀ ਸੈਲੂਲਰ ਜੇਲ੍ਹ ਕਦੇ ਮਨਹੂਸ ਸਮਝੀ ਜਾਂਦੀ ਸੀ, ਜਿੱਥੇ ਦੇਸ਼ ਭਗਤਾਂ ਨੂੰ ਰੱਖ ਕੇ ‘ਕਾਲੇ ਪਾਣੀ ਦੀ ਸਜ਼ਾ’ ਦਿੱਤੀ ਜਾਂਦੀ ਸੀ। ਇਸ ਨੂੰ ਹੁਣ ਕੌਮੀ ਵਿਰਾਸਤ ‘ਚ ਤਬਦੀਲ ਕੀਤਾ ਗਿਆ। ਜੇਲ੍ਹ ਦੇ ਬਾਹਰ ਬਾਬਾ ਭਾਨ ਸਿੰਘ ਦਾ ਬੁੱਤ ਵੀ ਲੱਗਾ ਹੈ, ਜਿਨ੍ਹਾਂ ਦੀ ਬਦੌਲਤ ਗੱਦੀ ਮਿਲੀ, ਉਨ੍ਹਾਂ ਦਾ ਪੰਜਾਬ ਅੱਜ ਖੁਦ ਹੀ ‘ਕਾਲੇ ਪਾਣੀ ਦੀ ਸਜ਼ਾ’ ਤੋਂ ਘੱਟ ਨਹੀਂ। ਲੋਕ ਪੰਜਾਬ ‘ਚ ਹੀ ਕਾਲੇ ਪਾਣੀਆਂ ਨਾਲ ਘੁਲ ਰਹੇ ਹਨ ਤੇ ਉਨ੍ਹਾਂ ਸਿਆਸੀ ਮਾਲਕ ਟਾਪੂਆਂ ‘ਤੇ ਸੈਰ ਕਰ ਰਹੇ ਹਨ। ਬਾਬਾ ਭਾਨ ਸਿੰਘ ਦਾ ਬੁੱਤ ਇਨ੍ਹਾਂ ਨੂੰ ਦੇਖ ਕੇ ਜ਼ਰੂਰ ਲਾਹਨਤਾਂ ਪਾਉਂਦਾ ਹੋਵੇਗਾ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੰਨਦੇ ਹਨ ਕਿ ਪੰਜਾਬ ‘ਚ ਕਾਲੇ ਪੀਲੀਏ ਦੇ 50 ਹਜ਼ਾਰ ਕੇਸ ਹਨ। ਮੁਫ਼ਤ ਇਲਾਜ ਦੇ ਦਾਅਵੇ ਵੀ ਕਰਦੇ ਹਨ। ਸੰਗਰੂਰ ਜ਼ਿਲ੍ਹੇ ਦੀ ਕਾਲੇ ਪੀਲੀਏ ਦੇ ਕਰੀਬ 7200 ਕੇਸਾਂ ਨਾਲ ਪੰਜਾਬ ‘ਚੋਂ ਝੰਡੀ ਹੈ। ਪੰਜਾਬ ‘ਚ 700 ਪੁਲੀਸ ਮੁਲਾਜ਼ਮ ਵੀ ਕਾਲੇ ਪੀਲੀਏ ਨੇ ਮੰਜੇ ਵਿਚ ਪਾਏ ਹਨ, ਜਿਨ੍ਹਾਂ ਨੂੰ ਇਲਾਜ ਦੇ ਫ਼ੰਡਾਂ ਲਈ ਹਾਈ ਕੋਰਟ ਜਾਣਾ ਪਿਆ। ਸ਼ਾਹਕੋਟ ਚੋਣ ਵੇਲੇ ਲੱਖਾ ਸਧਾਣਾ ਹੋਰੀਂ ਬੋਤਲਾਂ ‘ਚ ਕਾਲਾ ਪਾਣੀ ਲੈ ਕੇ ਗਏ, ਜਿਨ੍ਹਾਂ ਨੂੰ ਕਾਲਾ ਪਾਣੀ ਦਿਖਦਾ ਨਹੀਂ, ਉਹ ਗੱਦੀ ‘ਤੇ ਬੈਠ ਕੇ 25 ਰੁਪਏ ਲਿਟਰ ਵਾਲਾ ਪਾਣੀ ਖ਼ਜ਼ਾਨੇ ‘ਚੋਂ ਪੀ ਰਹੇ ਹਨ। ਕਾਂਗਰਸ ਸਰਕਾਰ ਦਾ ਇਕੱਲੇ ਪਾਣੀ ਦਾ ਖਰਚਾ ਛੇ ਲੱਖ ਦਾ ਹੈ। ਇਵੇਂ ਗੱਠਜੋੜ ਸਰਕਾਰ ਨੇ ਪਹਿਲੀ ਪਾਰੀ ਦੌਰਾਨ 10.29 ਲੱਖ ਪੀਣ ਵਾਲੇ ਪਾਣੀ ‘ਤੇ ਖ਼ਰਚੇ। ਪੰਜਾਬੀਆਂ ਨੇ ਜੂਠਾ ਤਾਂ ‘ਜਿਊਣੇ ਮੌੜ’ ਦਾ ਵੀ ਖਾਧਾ ਹੈ। ਬੱਸ, ਬਿਮਾਰੀਆਂ ਹੀ ਉੱਠਣ ਨਹੀਂ ਦਿੰਦੀਆਂ। ਬੱਚਿਆਂ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਕਦੇ ਜਿਊਣੇ ਮੌੜ ਦੀ ਰੂਹ ਪੰਜਾਬ ‘ਚ ਆਈ ਤਾਂ ਫਿਰ ਟਾਪੂਆਂ ‘ਤੇ ਸੈਰਾਂ ਵਾਲਿਆਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।

– ਚਰਨਜੀਤ ਭੁੱਲਰ