1984 ਦੇ ਜ਼ਖ਼ਮ ਹਮੇਸ਼ਾ ਰਿਸਦੇ ਰਹਿਣਗੇ

1984 ਦੇ ਜ਼ਖ਼ਮ ਹਮੇਸ਼ਾ ਰਿਸਦੇ ਰਹਿਣਗੇ

ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ (73 ਸਾਲ) ਨੂੰ ਦਿੱਲੀ ਵਿੱਚ 1984 ‘ਚ ਹੋਈ ਸਿੱਖ ਕਤਲੋਗਾਰਤ ਨਾਲ ਸਬੰਧਤ ਕੇਸਾਂ ‘ਚ ਉਮਰ ਕੈਦ ਦੀ ਸਜ਼ਾ ਸੁਣਾ ਕੇ ਸਿੱਖ ਹਿਰਦਿਆਂ ਦੇ ਜ਼ਖ਼ਮਾਂ ਨੂੰ ਕੁਝ ਨਾ ਕੁਝ ਮੱਲ੍ਹਮ ਜ਼ਰੂਰ ਲਗਾਈ ਹੈ। ਇਸ ਕੇਸ ਦੇ ਫੈਸਲੇ ਨੂੰ 34 ਸਾਲ ਲੱਗ ਗਏ। ਐਨੇ ਲੰਬੇ ਸਮੇਂ ਲਈ ਸਰਦਾਰ ਐਚ.ਐਸ. ਫੂਲਕਾ ਦੇ ਨਿਸ਼ਚੇ ਨੂੰ, ਮਿਹਨਤ ਮੱਸ਼ਕਤ ਨੂੰ ਵੀ ਪ੍ਰਣਾਮ ਕਰਨਾ ਬਣਦਾ ਹੈ। ਮਾਣਯੋਗ ਜੱਜਾਂ, ਸਬੰਧਤ ਵਕੀਲਾਂ ਅਤੇ ਹੋਰ ਸਬੰਧਿਤ ਕੜੀਆਂ ਕਮੇਟੀਆਂ ਜਿਨ੍ਹਾਂ ਨੇ ਇਸ ਨਿਆਂ ਕਾਰਜ ਨੂੰ ਇਸ ਮੋੜ ‘ਤੇ ਲਿਆ ਕੇ ਇਤਿਹਾਸਕ ਫੈਸਲਾ ਤਿਆਰ ਕੀਤਾ ਹੈ ਉਨ੍ਹਾਂ ਅੱਗੇ ਵੀ ਤਾਂ ਸਿਰ ਝੁਕਾਉਣਾ ਬਣਦਾ ਹੈ। ਹੁਣ ਕੁਮਾਰ ਨੂੰ 31 ਦਸੰਬਰ ਤੱਕ ਸਮਰਪਣ ਕਰਨਾ ਪਵੇਗਾ। ਸੱਜਣ ਉਦੋਂ ਤੱਕ ਦਿੱਲੀ ਤੋਂ ਬਾਹਰ ਨਹੀਂ ਜਾ ਸਕੇਗਾ, ਅਜਿਹਾ ਹੀ ਦੂਜੇ ਦੋਸ਼ੀਆਂ ਨੂੰ ਵੀ ਕਰਨਾ ਪਵੇਗਾ। ਬੈਂਚ ਨੇ ਸਾਬਕਾ ਕਾਂਗਰਸੀ ਕੌਂਸਲਰ ਖੋਖਰ, ਸਾਬਕਾ ਨੇਵੀ ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਦੀ ਸਜ਼ਾ ਵੀ ਬਰਕਰਾਰ ਰੱਖੀ ਹੈ। ਜੱਜਾਂ ਨੇ ਹੋਰ ਵੀ ਕਮਾਲ ਕਰਦਿਆਂ ਸਾਬਕਾ ਵਿਧਾਇਕਾਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਦੀ ਸਜ਼ਾ 3 ਸਾਲਾਂ ਤੋਂ ਵਧਾ ਕੇ 10 ਸਾਲ ਕਰ ਦਿੱਤੀ ਹੈ। ਇਹ ਦੋਸ਼ੀ ਸਿੱਖਾਂ ਦੇ ਕਤਲੇਆਮ ਤੋਂ ਬਗ਼ੈਰ ਉਨ੍ਹਾਂ ਦੀ ਜਾਇਦਾਦ ਲੁੱਟਣ, ਸਾੜਨ, ਭੜਕਾਹਟ ਫਲਾਉਣ ਤੇ ਗੁਰਦੁਆਰਿਆਂ ਨੂੰ ਰਾਖ ਕਰਨ ‘ਚ ਵੀ ਦੋਸ਼ੀ ਪਾਏ ਗਏ ਹਨ। 207 ਸਫ਼ਿਆਂ ਵਿੱਚ ਹਾਈ ਕੋਰਟ ਆਖ਼ ਰਹੀ ਆ ਕਿ 2005 ਵਿੱਚ ਸੀ.ਬੀ.ਆਈ. ਕੋਲ ਆਉਣ ਤੱਕ 10 ਕਮੇਟੀਆਂ ਅਤੇ ਕਮਿਸ਼ਨਾਂ ਨੂੰ ਜਾਂਚ ਸਮੇਂ ਦੋਸ਼ੀਆਂ ਦੀ ਭੂਮਿਕਾ ਨਿਸ਼ਤ ਕਰਦਿਆਂ ਹੀ 21 ਸਾਲਾਂ ਦਾ ਸਮਾਂ ਲੱਗ ਗਿਆ। ਹਾਈ ਕੋਰਟ ਨੇ ਸ. ਫੂਲਕਾ ਬਾਰੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਬਾਕਮਾਲ ਰਹੀ ਜਿਨ੍ਹਾਂ ਕਰਕੇ ਗਵਾਹ ਡੱਟੇ ਰਹੇ ਭਾਵੇਂ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣਾ ਬਹੁਤ ਮੁਸ਼ਕਿਲ ਸੀ। ਪਰ ਇਸ ਸਭ ਕਾਸੇ ਲਈ ਜਗਦੀਸ਼ ਕੌਰ, ਜਮਸ਼ੇਰ ਸਿੰਘ ਜੋ ਆਪਸ ਵਿੱਚ ਰਿਸ਼ਤੇਦਾਰ ਵੀ ਹਨ ਤੇ ਨਿਰਪ੍ਰੀਤ ਕੌਰ ਦੀ ਦਿਲ ਦਲੇਰੀ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਅਤਿ ਅਹਿਮ ਭੂਮਿਕਾ ਦਾ ਰੋਲ ਵੀ ਅਦਾ ਕੀਤਾ ਹੈ। ਭਾਵੇਂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਨੇ 2002 ‘ਚ ਬਰੀ ਕਰ ਦਿੱਤਾ ਸੀ। ਪਰ ਨਾਨਾਵਤੀ ਕਮਿਸ਼ਨ ਨੇ ਸ਼ਿਫਾਰਿਸ਼ ਕਰਦਿਆਂ ਸੀ.ਬੀ.ਆਈ. ਰਾਹੀਂ ਉਸ ਉਪਰ ਇੱਕ ਹੋਰ ਕੇਸ ਪਾ ਕੇ ਉਲਝਾ ਲਿਆ। 30 ਅਪ੍ਰੈਲ 2013 ‘ਚ ਸੱਜਣ ਕੁਮਾਰ ਫਿਰ ਬਰੀ ਹੋ ਗਿਆ। 19 ਜੁਲਾਈ 2018 ਨੂੰ ਸੀ.ਬੀ.ਆਈ. ਨੇ ਹਾਈਕੋਰਟ ‘ਚ ਸੱਜਣ ਖਿਲਾਫ਼ ਫਿਰ ਅਪੀਲ ਕਰ ਦਿੱਤੀ। 29 ਅਕਤੂਬਰ ਨੂੰ ਸੱਜਣ ਖਿਲਾਫ਼ ਫੈਸਲਾ ਰਾਖਵਾ ਰੱਖਿਆ ਗਿਆ ਅਤੇ 17 ਦਸੰਬਰ ਨੂੰ 2018 ਨੂੰ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਲਈ ਬੰਨ੍ਹ ਦਿੱਤਾ। ਇਸ ਫੈਸਲੇ ਦਾ ਸਮੁੱਚੀ ਸਿੱਖ ਕੌਮ ਨੇ ਦੇਸ਼-ਪ੍ਰਦੇਸ਼ਾਂ ‘ਚ ਸਵਾਗਤ ਕੀਤਾ ਹੈ। ਸਿੱਖਾਂ ਦੀ ਧਾਰਮਿਕ ਸੰਸਥਾਵਾਂ ਤੇ ਇਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਇਸ ਫੈਸਲੇ ਦਾ ਸੁਆਗਤ ਕੀਤਾ।
ਲੇਕਿਨ ਫੂਲਕਾ ਸਾਹਿਬ ਦਾ ਸਿਦਕ ਦੇਖੋ ਜਿਨ੍ਹਾਂ ਨੇ ਆਪਣਾ ਮੰਤਰੀ ਲੈਵਲ ਦਾ ਅਹੁੱਦਾ ਠੁਕਰਾ ਕੇ, ਇਸ ਕਾਰਜ ਨੂੰ ਸਿਰੇ ਚਾੜ੍ਹਨ ਦਾ ਤਹੱਈਆ ਕਰੀ ਰੱਖਿਆ। ਭਾਵੇਂ ਉਨ੍ਹਾਂ ‘ਤੇ ਟਿੱਪਣੀ ਕਰਨ ਵਾਲਿਆਂ ਨੇ ਵੀ ਆਪਣੀ ‘ਅਕਲ’ ਦਿਖਾ ਦਿੱਤੀ। ਪਰ ਉਨ੍ਹਾਂ ਦੀ ਇਮਾਨਦਾਰੀ ਅਤੇ ਦ੍ਰਿੜਤਾ ਨੂੰ ਵਾਰ ਵਾਰ ਸਲਾਮ ਕਰਨ ਨੂੰ ਦਿਲ ਕਰਦਾ ਹੈ।
ਜ਼ਿਕਰਯੋਗ ਹੈ ਕਿ ਸ. ਹਰਜਿੰਦਰ ਸਿੰਘ ਫੂਲਕਾ ਸਾਹਿਬ ਨੇ ਪੰਜਾਬ ਵਿਧਾਨ ਸਭਾ ਵਿੱਚ ਦਾਖਾ ਹਲਕੇ ਤੋਂ ਅਕਾਲੀ ਦਲ ਦੇ ਚੋਟੀ ਦੇ ਯੂਥ ਆਗੂ ਨੂੰ ਹਰਾ ਕੇ ਪ੍ਰਵੇਸ਼ ਕੀਤਾ ਸੀ। ਉਹ ਸੁਪਰੀਮ ਕੋਰਟ ਆਫ਼ ਇੰਡੀਆ ਦੇ ਸੀਨੀਅਰ ਵਕੀਲ ਹਨ। ਉਹ ਖੁਦ ਵੀ 1984 ਦੀ ਇਸ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੁੰਦੇ ਮਸੀ-ਮਸੀ ਬਚੇ ਸਨ। ਜਦੋਂ ਉਹ ਆਪਣੀ ਗਰਭਵਤੀ ਪਤਨੀ ਨੂੰ ਕਿਧਰੋਂ ਲਿਆ ਰਹੇ ਸਨ। ਉਨ੍ਹਾਂ ਹਿੰਦੂ ਦੋਸਤ ਦੇ ਘਰ ਲੁੱਕ ਕੇ ਜਾਨ ਬਚਾਈ ਅਤੇ ਕਈ ਦਿਨ ਬਾਅਦ ਚੰਡੀਗੜ੍ਹ ਪਹੁੰਚੇ ਸਨ। ਫੈਸਲਾ ਸੁਣਾਉਣ ‘ਤੇ ਜੱਜ ਸਾਹਿਬਾਨ ਅਤੇ ਫੂਲਕਾ ਸਾਹਿਬ ਦੀਆਂ ਅੱਖਾਂ ਨਮ ਹੋ ਗਈਆਂ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਸਾਲ ਦਿੱਲੀ ਦੇ 1984 ਦੇ ਸਿੱਖ ਕਤਲੇਆਮ ਦੇ ਤਿੰਨ ਵੱਡੇ ਫੈਸਲੇ ਆਏ। 20 ਨਵੰਬਰ ਨੂੰ ਪਟਿਆਲਾ ਹਾਊਸ ਕੋਰਟ ਨੇ ਜੋ ਫੈਸਲਾ ਸੁਣਾਇਆ ਸੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਨ ਕੀਤੀ ਐਸ.ਆਈ.ਟੀ. ਦੀ ਜਾਂਚ ‘ਤੇ ਅਧਾਰਿਤ ਸੀ। ਸੋਮਵਾਰ ਦਾ ਫੈਸਲਾ ਸੀ.ਬੀ.ਆਈ. ਦੀ ਚਾਰਜਸ਼ੀਟ ‘ਤੇ ਅਧਾਰਿਤ ਹੈ। ਰੱਬ ਕਰੇ ਅਜਿਹਾ ਕਹਿਰ ਕਿਸੇ ਵੀ ਮੁਲਕ ‘ਚ ਕਿਸੇ ਵੀ ਕੌਮ ਉਪਰ ਫਿਰ ਕਦੇ ਨਾ ਵਾਪਰੇ। ਲੇਕਿਨ 1984 ਦੇ ਜ਼ਖਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਰੱਬ ਦੇ ਘਰ ਦੇਰ ਤਾਂ ਹੈ ਪਰ ਅੰਧੇਰ ਨਹੀਂ
-ਰਛਪਾਲ ਸਿੰਘ ਗਿੱਲ