ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿਦੇਸ਼ੀ ਅਖਬਾਰਾਂ ਵਿਚ ਵੀ ਚਰਚਾ ਦਾ ਵਿਸ਼ਾ ਬਣੇ

ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿਦੇਸ਼ੀ ਅਖਬਾਰਾਂ ਵਿਚ ਵੀ ਚਰਚਾ ਦਾ ਵਿਸ਼ਾ ਬਣੇ

ਭਾਰਤ ਇਕ ਲੋਕਤੰਤਰੀ ਦੇਸ਼ ਹੈ ਲੋਕਤੰਤਰਿਕ ਪ੍ਰਣਾਲੀ ਦੀ ਇਹ ਖੂਬਸੂਰਤੀ ਹੀ ਕਹੀ ਜਾ ਸਕਦੀ ਹੈ ਕਿ ਜੇਕਰ ਕੋਈ ਸਰਕਾਰ ਲੋਕਾਂ ਦੀਆਂ ਉਮੀਦਾਂ ਜਾਂ ਇੱਛਾਵਾਂ ਉੱਤੇ ਖਰੀ ਨਹੀਂ ਉੱਤਰਦੀ ਤਾਂ ਲੋਕ ਉਸ ਨੂੰ ਚੁਣਾਓ ਪ੍ਰਕਿਰਿਆ ਅਧੀਨ ਵੋਟਾਂ ਰਾਹੀਂ ਬਦਲ ਦਿੰਦੇ ਹਨ। ਲੋਕ ਵੋਟਾਂ ਸਮੇਂ ਜੇਕਰ ਆਪਣੀਆਂ ਵਰਤਮਾਨ ਸਮੇਂ ਦੀਆਂ ਸਰਕਾਰਾਂ ਨੂੰ ਟਰਮ ਪੂਰੀ ਹੋਣ ਉਪਰੰਤ ਚੋਣਾਂ ਸਮੇਂ ਬਦਲਦੇ ਰਹਿਣ ਤਾਂ ਯਕੀਨਨ ਇਹ ਤਬਦੀਲੀ ਦਾ ਇਹ ਅਮਲ ਲੋਕਤੰਤਰਿਕ ਪ੍ਰਣਾਲੀ ਲਈ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਵਾਲਾ ਸਿੱਧ ਹੁੰਦਾ ਹੈ। ਭਾਰਤ ਵਿੱਚ ਹਾਲ ਹੀ ਵਿੱਚ ਪੰਜ ਸੂਬਿਆਂ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹਨਾਂ ਪੰਜ ਸੂਬਿਆਂ ਵਿੱਚੋਂ ਚਾਰ ਸੂਬਿਆਂ ਦੇ ਲੋਕਾਂ ਨੇ ਉਕਤ ਤਬਦੀਲੀ ਦੇ ਅਮਲ ‘ਤੇ ਅਮਲ ਕਰਦਿਆਂ ਯਕੀਨੀ ਤੌਰ ‘ਤੇ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਹੋ ਕਾਰਨ ਹੈ ਕਿ ਅੱਜ ਇਹਨਾਂ ਨਤੀਜਿਆਂ ਦੀ ਚਰਚਾ ਨਾ ਸਿਰਫ ਦੇਸ਼, ਬਲਕਿ ਵਿਦੇਸ਼ੀ ਅਖਬਾਰਾਂ ਅਤੇ ਮੀਡੀਆ ਵਿੱਚ ਵੀ ਖੂਬ ਹੋ ਰਹੀ ਹੈ।
ਜਿਸ ਪ੍ਰਕਾਰ ਤਿੰਨ ਸੂਬਿਆਂ ਵਿਚ ਸੱਤਾ ਤੇ ਬਿਰਾਜਮਾਨ ਪਾਰਟੀ ਭਾਜਪਾ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ, ਉਸ ਸੰਦਰਭ ਵਿਚ ਅਮਰੀਕੀ ਅਖ਼ਬਾਰ ‘ਦਾ ਨਿਊਯਾਰਕ ਟਾਈਮਜ਼’ ਨੇ ਜੋ ਰਿਪੋਰਟ ਛਾਪੀ ਹੈ, ਜਿਸਦਾ ਟਾਈਟਲ ਹੈ ‘ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸ਼ਕਲ ਵਿਚ ਹਨ?’ ਇਸ ਸਿਰਲੇਖ ਅਧੀਨ ਅਖ਼ਬਾਰ ਲਿਖਦਾ ਹੈ ਕਿ ‘ਚਾਰ ਸਾਲ ਪਹਿਲਾਂ ਮੋਦੀ ਨੇ ਵੱਡੇ-ਵੱਡੇ ਵਾਅਦਿਆਂ ਨਾਲ ਸੱਤਾ ਹਾਸਲ ਕੀਤੀ ਸੀ, ਪਰ ਉਨ੍ਹਾਂ ਦੀ ਪਾਰਟੀ ਨੂੰ ਆਮ ਚੋਣਾਂ ਤੋਂ ਠੀਕ ਪਹਿਲਾਂ ਪੰਜ ਸੂਬਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਇਹ ਭਾਜਪਾ ਦੀ ਸਭ ਤੋਂ ਵੱਡੀ ਹਾਰ ਹੈ। ਇਸ ਹਾਰ ਮੁਤਾਬਕ ਭਾਜਪਾ ਨੂੰ 100 ਵਿਧਾਨ ਸਭਾ ਸੀਟਾਂ ਦਾ ਨੁਕਸਾਨ ਹੁੰਦਾ ਦਿਸ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਮੋਦੀ ਦੀ ਹਾਰ ਦਾ ਕਾਰਨ ਬਣ ਸਕਦਾ ਹੈ। ਜਿਹੜੇ 5 ਸੂਬਿਆਂ ਵਿਚ ਚੋਣਾਂ ਹੋਈਆ ਹਨ, ਉਹ ਵੋਟਰ ਜ਼ਿਆਦਾਤਰ ਦਿਹਾਤੀ ਖੇਤਰਾਂ ਵਿਚ ਰਹਿੰਦੇ ਹਨ। ਨਾਲ ਹੀ ਇਸ ਵਿਚ ਕਾਂਗਰਸ ਲਈ ਲਿਖਿਆ ਹੈ ਕਿ ਇਨ੍ਹਾਂ ਚੋਣਾਂ ਵਿਚ ਅਜਿਹਾ ਲੱਗਦਾ ਹੈ ਕਿ ਸੁੱਤੀ ਹੋਈ ਕਾਂਗਰਸ ਪਾਰਟੀ ਜਾਗ ਗਈ ਹੈ। ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਵਿਚ 2019 ਵਿਚ ਮੋਦੀ ਨੂੰ ਰਾਹੁਲ ਦੀ ਸਿੱਧੀ ਟੱਕਰ ਮਿਲੇਗੀ।
ਇਸੇ ਤਰ੍ਹਾਂ ਬ੍ਰਿਟੇਨ ਦਾ ‘ਦ ਗਾਰਡੀਅਨ’, ਟੈਗਲਾਈਨ ਵਿਚ ਲਿਖਦਾ ਹੈ, ਕਿ ‘ਹਿੰਦੀ ਹਾਰਟਲੈਂਡ ਵਿਚ ਹੋਈਆਂ ਚੋਣਾਂ ਵਿਚ ਮੋਦੀ ਤੇ ਭਾਜਪਾ ਦੀ ਵੱਡੀ ਹਾਰ। ਅੱਗੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਾਰਟੀ ਨੂੰ ਦੋ ਸੂਬਿਆਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਜੇ ਸੂਬੇ ਵਿਚ ਕਰੜੀ ਟੱਕਰ ਰਹੀ। ਇਸ ਹਾਰ ਨੇ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਜ਼ੋਰੀ ਦਾ ਪੋਲ ਕੋਲ੍ਹ ਕੇ ਰੱਖ ਦਿੱਤਾ ਹੈ।
ਜਦੋਂ ਕਿ ਗੁਆਂਢੀ ਦੇਸ਼ ਪਾਕਿਸਤਾਨ ਦੀ ‘ਦ ਡੌਨ’ ਦੀ ਹੈੱਡਲਾਈਨ ਹੈ ਕਿ ‘ਪੀ ਐੱਮ ਮੋਦੀ ਨੂੰ ਲੱਗਣ ਵਾਲੇ ਝਟਕਿਆਂ ਤਹਿਤ ਭਾਜਪਾ ਮੁੱਖ ਸੂਬਿਆਂ ਵਿਚ ਹਾਰਨ ਵਾਲੀ ਹੈ। ਇਸ ਵਿਚ ਅੱਗੇ ਲਿਖਿਆ ਗਿਆ ਹੈ ਕਿ ਇਨ੍ਹਾਂ ਚੋਣਾਂ ਨੂੰ 2019 ਦੀਆਂ ਆਮ ਚੋਣਾਂ ਦੇ ਕਈ ਹੋਣ ਵਾਲੇ ਜਨਮਤ ਸੰਗ੍ਰਹਿ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਹਾਰ ਮੋਦੀ ਦੀ ਕਦੇ ਨਾ ਹਾਰਨ ਵਾਲੀ ਛਵੀ ਨੂੰ ਖ਼ਰਾਬ ਕਰੇਗੀ ਤੇ ਭਾਜਪਾ ਨੂੰ ਬੈਕਫੁੱਟ ‘ਤੇ ਲਿਆ ਕੇ ਰੱਖ ਦੇਵੇਗੀ।
ਇਸ ਮੌਕੇ ਗੁਆਂਢੀ ਦੇਸ਼ ਚੀਨ ‘ਦਾ ਸ਼ਿੰਹੁਆ’ ਲਿਖਦਾ ਹੈ ਕਿ ਇੰਡੀਆ ਦੀ ਵਿਰੋਧੀ ਕਾਂਗਰਸ ਤਿੰਨ ਸੂਬਿਆਂ ਵਿਚ ਭਾਜਪਾ ਤੋਂ ਅੱਗੇ ਨਿਕਲੀ, ਇੱਕ ਛੋਟਾ ਸੂਬਾ ਵੀ ਹਾਰ ਗਈ। ਇਸ ਵਿਚ ਅੱਗੇ ਲਿਖਦੇ ਹੋਏ ਕਿਹਾ ਗਿਆ ਕਿ ਇਹ ਨਤੀਜੇ ਰਾਜਨੀਤੀ ਦੇ ਲਿਹਾਜ਼ ਵਿਚ ਕਾਫੀ ਅਹਿਮੀਅਤ ਰੱਖਦੇ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਤੇ ਇਨ੍ਹਾਂ ਦਾ ਸਿੱਧਾ ਅਸਰ ਪਵੇਗਾ। ਇਨ੍ਹਾਂ ਨਤੀਜਿਆਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੇ ਇਸ ਨਾਲ ਸਾਫ ਹੋਵੇਗਾ ਕਿ ਉਹ ਲੋਕਾਂ ਵਿਚ ਕਿੰਨੇ ਪ੍ਰਸਿੱਧ ਜਾਂ ਹਰਮਨ ਪਿਆਰੇ ਹਨ।
ਜਦੋਂ ਕਿ ਦੇਸ਼ ਦੇ ਵੱਖ ਵੱਖ ਅਖਬਾਰਾਂ ਤੇ ਮੀਡੀਆ ਚੈਨਲਾਂ ਤੇ ਵੀ ਇਨ੍ਹੀਂ ਦਿਨੀਂ ਉਕਤ ਨਤੀਜਿਆਂ ਨੂੰ ਲੈ ਕੇ ਖੂਬ ਚਰਚਾ ਤੇ ਦੰਦ ਘਿਸਾਈ ਹੋ ਰਹੀ ਹੈ, ਇਸ ਸਬੰਧੀ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਇਹਨਾਂ ਚੋਣਾਂ ਵਿੱਚ ਵੋਟਰਾਂ ਨੇ ਤਬਦੀਲੀ ਦੇ ਪੱਖ ਵਿੱਚ ਵੋਟਿੰਗ ਕੀਤੀ ਹੈ। ਜਿੱਥੇ ਇਹ ਚੋਣਾਂ ਤਬਦੀਲੀ ਦੀ ਲਹਿਰ ਲੈ ਕੇ ਆਈਆਂ ਹਨ ਉੱਥੇ ਹੀ ਇਨ੍ਹਾਂ ਦੇ ਨਤੀਜਿਆਂ ਵਿੱਚ ਭਾਜਪਾ ਆਗੂਆਂ ਲਈ ਇਕ ਸੰਦੇਸ਼ ਵੀ ਲੁਕਿਆ ਹੋਇਆ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ, ਜੋ ਕਿ ਇਕ ਇਕ ਕਰਕੇ ਉਨ੍ਹਾਂ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਉੱਥੇ ਹੀ ਉਕਤ ਸੰਪਾਦਕੀ ਵਿਚ ਮੋਦੀ ਮੰਤਰੀ ਮੰਡਲ ਵਿੱਚੋਂ ਹਾਲ ਹੀ ਵਿੱਚ ਮੁਸਤਫੀ ਹੋਏ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਇਸ ਬਿਆਨ ਨੂੰ ਵੀ ਕੋਡ ਕੀਤਾ ਗਿਆ ਹੈ ਕਿ ”ਲੋਕਤੰਤਰ, ਵਿੱਚ ਹਮੇਸ਼ਾ ਲੋਕ-ਹਿਤ ਦੀ ਹੀ ਜਿੱਤ ਹੁੰਦੀ ਹੈ ਤੇ ਜੁਮਲੇਬਾਜੀ ਦੀ ਪੋਲ ਇਕ ਦਿਨ ਖੁੱਲ੍ਹ ਕੇ ਹੀ ਰਹਿੰਦੀ ਹੈ।”
ਜਦੋਂ ਕਿ ਇਕ ਹੋਰ’ਪੰਜਾਬੀ ਟ੍ਰਿਬਿਊਨ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ”ਵੱਡੇ ਪ੍ਰਸੰਗ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਹਰ ਚੋਣ ਜਿੱਤਣ ਦੀ ਰਣਨੀਤੀ ਸਾਹਮਣੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ।ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਛਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਪਿਛਲੇ ਪੰਦਰਾਂ ਸਾਲਾਂ ਤੋਂ ਰਾਜ ਕਰ ਰਹੀ ਸੀ ਅਤੇ ਉਸ ਨੂੰ ਸਥਾਪਤੀ-ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੋਏ ਮੁਕਾਬਲੇ ਕਾਂਗਰਸ ਦੇ ਅੰਦਰੂਨੀ ਝਮੇਲਿਆਂ ਦੀ ਵੀ ਝਲਕ ਹਨ।”
ਜਦਕਿ ਪੰਜਾਬ ਦੇ ਹੀ ਇਕ ਹੋਰ ਅਖਬਾਰ ‘ਅਜੀਤ’ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਇਹਨਾਂ ਚੋਣ ਨਤੀਜਿਆਂ ਨਾਲ ਜਿੱਥੇ ਭਵਿੱਖ ਵਿੱਚ ਕਾਂਗਰਸ ਵਿੱਚ ਵਧੇਰੇ ਉਤਸ਼ਾਹ ਵਧੇਗਾ, ਉੱਥੇ ਹੀ ਭਾਜਪਾ ਨੂੰ ਆਪਣੀ ਕਾਰਜ ਸ਼ੈਲੀ ਨੂੰ ਸੀਮਤ ਸਮੇਂ ਵਿੱਚ ਬਦਲਣ ਬਾਰੇ ਸੋਚਣਾ ਹੋਵੇਗਾ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਸ ਤੋਂ ਇਹ ਪ੍ਰਭਾਵ ਪ੍ਰਪੱਕ ਹੁੰਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਚੜ੍ਹਤ ਪਹਿਲਾਂ ਵਾਲੀ ਨਹੀਂ ਰਹੇਗੀ ਅਤੇ ਸਿਆਸੀ ਖੇਤਰ ਵਿੱਚ ਉਸ ਨੂੰ ਵੱਡੀਆਂ ਚੁਣੌਤੀਆਂ ਨਾਲ ਜੂਝਣਾ ਪਵੇਗਾ।”
ਇਸੇ ਤਰ੍ਹਾਂ ਭਾਰਤ ਦੇ ਇਕ ਹੋਰ ਅਖਬਾਰ ‘ਰੋਜਨਾਮਾ ਰਾਸ਼ਟਰੀਆ ਸਹਾਰਾ’ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਜੋ ਪਾਰਟੀਆਂ ਹੁਣ ਤੱਕ ਸੰਗਠਨਾਂ ਵਿੱਚ ਸ਼ਾਮਲ ਹੋਣ ਦੇ ਸੰਦਰਭ ਵਿਚ ਫੈਸਲਾ ਲੈਣ ਲਈ ਦੁਬਿਧਾ ਜਾਂ ਦੁਚਿੱਤੀ ਦਾ ਸ਼ਿਕਾਰ ਸਨ, ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਆਸਾਨੀ ਹੋਵੇਗੀ। ਇਹਨਾਂ ਨਤੀਜਿਆਂ ਨੇ ਰਾਸ਼ਟਰੀ ਅਤੇ ਸੂਬਾਈ ਪਾਰਟੀਆਂ ਨੂੰ ਹਾਲਾਤ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰ ਦਿੱਤਾ ਹੈ ਅਤੇ ਉਹ ਹਾਲਾਤ ਨੂੰ ਸਮਝਦਿਆਂ ਜਲਦੀ ਤੋਂ ਜਲਦੀ ਚੁਣਾਵੀ ਹਿਕਮਤ ਅਮਲੀ ਤੈਅ ਕਰਨਾ ਚਾਹੁਣਗੀਆਂ। ਪ੍ਰੰਤੂ ਇਕ ਮੁੱਖ ਸਵਾਲ ਇਹ ਵੀ ਹੈ ਕਿ ਕੀ ਹਾਲੇ ਵੀ ਲੋਕ ਸਭਾ ਚੋਣਾਂ ਭਾਵੁਕ ਇਸ਼ੂਜ਼ ‘ਤੇ ਲੜੀਆਂ ਜਾਣਗੀਆਂ ਜਾਂ ਫਿਰ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬੇਰੁਜ਼ਗਾਰਾਂ ਲਈ ਅਹਿਮੀਅਤ ਰੋਜ਼ਗਾਰਾਂ ਦੀ ਹੈ ਬਦ-ਹਾਲ ਲੋਕਾਂ ਲਈ ਅਹਿਮੀਅਤ ਸਰਕਾਰ ਵੱਲੋਂ ਉਨ੍ਹਾਂ ਦੀ ਖੁਸ਼ਹਾਲੀ ਲਈ ਚੁੱਕੇ ਜਾਣ ਵਾਲੇ ਕਦਮਾਂ ਜਾਂ ਉਪਰਾਲਿਆਂ ਦੀ ਹੈ? ਜੇਕਰ ਹੋਰ ਸੂਬਿਆਂ ਦੇ ਲੋਕਾਂ ਦਾ ਵੀ ਰੁਝਾਨ ਉਕਤ ਪੰਜ ਰਿਆਸਤਾਂ ਦੇ ਲੋਕਾਂ ਦੇ ਰੁਝਾਨ ਦੀ ਤਰ੍ਹਾਂ ਹੈ ਤਾਂ ਅਜਿਹੇ ਲੀਡਰਾਂ ਨੂੰ ਅੱਗੇ ਤੋਂ ਜਜ਼ਬਾਤੀ ਜਾਂ ਭਾਵੁਕ ਬਿਆਨ ਦਾਗਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਹੜੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਹੀ ਆਪਣੀ ਸਫਲਤਾ ਦੀ ਕੁੰਜੀ ਸਮਝਦੇ ਹਨ।”
ਕੁੱਲ ਮਿਲਾ ਕੇ ਇਹਨਾਂ ਨਤੀਜਿਆਂ ਨੇ ਮੌਜੂਦਾ ਸਮੇਂ ਦੇ ਹਾਲਾਤਾਂ ਵਿੱਚ ਕਾਫੀ ਹੱਦ ਤੱਕ ਤਬਦੀਲੀ ਲਿਆਂਦੀ ਹੈ। ਉਕਤ ਨਤੀਜਿਆਂ ਨੇ ਜਿੱਥੇ ਪਿਛਲੇ ਲਗਭਗ ਪੰਜ ਸਾਲ ਤੋਂ ਲਗਾਤਾਰ ਹਾਸ਼ੀਏ ‘ਤੇ ਜਾ ਰਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਮੁੜ ਤੋਂ ਸੰਜੀਵਨੀ ਪ੍ਰਦਾਨ ਕੀਤੀ ਹੈ, ਉੱਥੇ ਹੀ ਸੱਤਾ ‘ਤੇ ਬਿਰਾਜਮਾਨ ਭਾਜਪਾ ਆਗੂਆਂ ਨੂੰ ਵੀ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਆਗਾਮੀ ਲੋਕ ਸਭਾ ਚੋਣਾਂ ਵਿਚ ਕੁਝ ਚੰਗੀ ਪ੍ਰਫੌਰਮੈਂਸ ਵਿਖਾਉਣੀ ਹੈ ਤਾਂ ਖਾਲੀ ਵੱਡੀ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲੇਗਾ ਅਤੇ ਨਾ ਹੀ ਭਾਵੁਕ ਮਸਲਿਆਂ ਨੂੰ ਉਛਾਲ ਕੇ ਕੁਝ ਬਣੇਗਾ ਸਗੋਂ ਜੇਕਰ ਸੱਤਾ ਵਿਚ ਮੁੜ ਵਾਪਸੀ ਕਰਨੀ ਹੈ ਤਾਂ ਕਿਸਾਨਾਂ ਹਿੱਤ ਜਾਂ ਉਨ੍ਹਾਂ ਦੀ ਕਰਜ਼ ਮੁਆਫੀ ਸੰਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਜਮੀਨੀ ਪੱਧਰ ‘ਤੇ ਕੰਮ ਕਰਨੇ ਪੈਣਗੇ। ਇਸ ਦੇ ਨਾਲ ਹੀ 2014 ਵਿੱਚ ਦੇਸ਼ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਸੁਹਿਰਦਤਾ ਨਾਲ ਪੂਰਾ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਬਸ ਇੰਝ ਸਮਝ ਲਓ ਕਿ ਹੁਣ ”ਮੰਨ ਕੀ ਬਾਤ” ਦੀ ਥਾਂ ਲੋਕਾਂ ਦੇ ਦਿਲਾਂ ਦੀ ਆਵਾਜ਼ ਸੁਣਨੀ ਪਵੇਗੀ, ਭਾਵ ਅਵਾਮ ਦੀਆਂ ਰੋਜ਼ਾਨਾ ਜੀਵਨ ਨਾਲ ਜੁੜੀਆਂ ਮੁੱਖ ਜ਼ਰੂਰਤਾਂ ਨੂੰ ਗੰਭੀਰਤਾ ਨਾਲ ਸਮਝਣਾ ਪਵੇਗਾ ਅਤੇ ਉਨ੍ਹਾਂ ਦੀ ਪੂਰਤੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਜੇਕਰ ਹਾਲੇ ਵੀ ਲੋਕਾਂ ਨੂੰ ਖਾਲੀ ਜੁਮਲੇਬਾਜ਼ੀ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮਝੋ ਬਾਜ਼ੀ ਬੀਤ ਗਈ। ਕਿਉਂਕਿ:
ਯੇ ਜੋ ਪਬਲਿਕ ਹੈ, ਯੇ ਸਬ ਜਾਣਤੀ ਹੈ …!

– ਮੁਹੰਮਦ ਅੱਬਾਸ ਧਾਲੀਵਾਲ