ਨਿਰਧਾਰਿਤ ਸਮੇਂ ‘ਤੇ ਹੀ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

ਨਿਰਧਾਰਿਤ ਸਮੇਂ ‘ਤੇ ਹੀ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਮੇਂ ਤੋਂ ਪਹਿਲਾਂ ਕਰਵਾਈਆਂ ਜਾਣ ਵਾਲੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਗਿਆ ਕਿ ਅਗਾਮੀ ਫੈਡਰਲ ਚੋਣਾਂ ਨਿਰਧਾਰਿਤ ਸਮੇਂ ‘ਤੇ ਹੀ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਚੋਣਾਂ 21 ਅਕਤੂਬਰ, 2019 ਦੀ ਮਿਥੀ ਤਰੀਕ ‘ਤੇ ਹੀ ਹੋਣਗੀਆਂ। ਜ਼ਿਕਰਯੋਗ ਹੈ ਕਿ ਅਗਾਮੀ ਚੋਣਾਂ ਦੇ ਇੱਕ ਸਾਲ ਪਹਿਲਾਂ ਹੀ ਇਹ ਅਫਵਾਹ ਫੈਲ ਗਈ ਸੀ ਕਿ ਸ਼ਾਇਦ ਚੋਣਾਂ ਸਮੇਂ ਤੋਂ ਪਹਿਲਾਂ ਹੋਣਗੀਆਂ। ਪਰ ਟਰੂਡੋ ਦੇ ਇਸ ਬਿਆਨ ਨਾਲ ਇਹ ਸ਼ਪੱਸ਼ਟ ਹੋ ਗਿਆ ਹੈ ਕਿ ਅਜਿਹਾ ਕੁਝ ਨਹੀਂ ਹੋਵੇਗਾ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੈਂਪੇਨ ਪੀਰੀਅਡ ਕਿੰਨਾਂ ਸਮਾਂ ਚੱਲੇਗਾ।
ਦੱਸਣਯੋਗ ਹੈ ਕਿ ਮੌਜੂਦਾ ਫੈਡਰਲ ਚੋਣ ਕਾਨੂੰਨ ਦੇ ਤਹਿਤ ਆਮ ਚੋਣਾਂ ਪਿਛਲੀ ਫੈਡਰਲ ਚੋਣ ਦੇ ਚੌਥੇ ਸਾਲ ਅਕਤੂਬਰ ਦੇ ਤੀਜੇ ਸੋਮਵਾਰ ਨੂੰ ਹੁੰਦੀਆਂ ਹਨ। ਪਰ ਇਹ ਚੋਣਾਂ ਜਲਦ ਕਰਵਾਏ ਜਾਣ ਤੋਂ ਰੋਕਣ ਦਾ ਕੋਈ ਹੀਲਾ ਨਹੀਂ ਹੈ। ਕੈਨੇਡਾ ਦੇ ਗਵਰਨਰ ਜਨਰਲ ਕੋਲ ਇਹ ਸ਼ਕਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੌਜੂਦਾ ਸੰਸਦ ਨੂੰ ਭੰਗ ਕਰਕੇ ਕਿਸੇ ਹੋਰ ਤਰੀਕ ਨੂੰ ਚੋਣਾਂ ਕਰਵਾਉਣ ਦਾ ਸੱਦਾ ਦੇਵੇ। ਪਿਛਲੀਆਂ ਚੋਣਾਂ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਚੋਣ ਮੁਹਿੰਮ ਮੁਕਾਬਲਤਨ ਪਹਿਲਾਂ ਹੀ ਸ਼ੁਰੂ ਕਰ ਲਈ ਸੀ, ਨਤੀਜਤਨ ਉਹ ਦੌੜ 78 ਦਿਨ ਚੱਲੀ ਸੀ। ਕਿਸੇ ਕੈਂਪੇਨ ਦੀ ਵੱਧ ਤੋਂ ਵੱਧ ਲੰਬਾਈ 36 ਦਿਨ ਹੁੰਦੀ ਹੈ।
ਇਹ ਪੁੱਛੇ ਜਾਣ ਉੱਤੇ ਕਿ ਆਪਣੇ ਟੁੱਟੇ ਹੋਏ ਵਾਅਦਿਆਂ ਜਿਵੇਂ ਕਿ ਚੋਣ ਸੁਧਾਰ, ਬਜਟ ਨੂੰ ਸੰਤੁਲਿਤ ਕਰਨ ਆਦਿ ਨੂੰ 2019 ਵਿੱਚ ਪੂਰਾ ਕਰਨ ਦੀ ਆਪਣੀ ਯੋਜਨਾ ਨੂੰ ਕਿਸੇ ਤਰ੍ਹਾਂ ਪੇਸ਼ ਕਰੋਂਗੇ ਤਾਂ ਟਰੂਡੋ ਨੇ ਆਖਿਆ ਕਿ ਸਟੀਫਨ ਹਾਰਪਰ ਦੀ ਸਰਕਾਰ ਸਮੇਂ ਆਏ ਮੰਦਵਾੜੇ ਦੌਰਾਨ ਸੱਭ ਤੋਂ ਘੱਟ ਵਿਕਾਸ ਦਰ ਰਹਿਣ ਮਗਰੋਂ ਅਸੀਂ ਕੈਨੇਡਾ ਵਿੱਚ ਵਿਕਾਸ ਦਰ ਨੂੰ ਤੇਜ਼ ਕੀਤਾ ਹੈ। ਅਸੀਂ ਕਈ ਮਿਲੀਅਨ ਕੈਨੇਡੀਅਨਾਂ ਦੀ ਕੈਨੇਡਾ ਚਾਈਲਡ ਬੈਨੇਫਿਟ ਰਾਹੀਂ ਮਦਦ ਕੀਤੀ ਹੈ। ਅਸੀਂ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਹੈ ਤੇ ਅਸੀਂ ਮੂਲਵਾਸੀ ਲੋਕਾਂ ਨਾਲ ਵੀ ਸਬੰਧ ਸੁਧਾਰਨ ਲਈ ਕੋਸ਼ਿਸ਼ਾਂ ਕਰ ਰਹੇ ਹਾਂ।
ਇੰਟਰਵਿਊ ਦੌਰਾਨ ਟਰੂਡੋ ਨੇ ਮੌਜੂਦਾ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੀ ਥਾਂ ਸਾਬਕਾ ਆਗੂ ਹਾਰਪਰ ਦਾ ਨਾਂ ਵਾਰ ਵਾਰ ਲਿਆ। ਉਨ੍ਹਾਂ ਐਨਡੀਪੀ ਜਾਂ ਉਨ੍ਹਾਂ ਦੇ ਆਗੂ ਜਗਮੀਤ ਸਿੰਘ ਦਾ ਨਾਂ ਇੱਕ ਵਾਰੀ ਵੀ ਨਹੀਂ ਲਿਆ। ਕਾਰਬਨ ਟੈਕਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਜੇ ਕੋਈ 2019 ਵਿੱਚ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸ ਦੀ ਮੌਲਿਕ ਜ਼ਿੰਮੇਵਾਰੀ ਭਵਿੱਖ ਲਈ ਸਵੱਛ ਅਰਥਚਾਰਾ ਕਾਇਮ ਕਰਨ ਦੀ ਹੋਵੇਗੀ।
ਇਸ ਇੰਟਰਵਿਊ ਬਾਬਤ ਕੰਜ਼ਰਵੇਟਿਵ ਡਿਪਟੀ ਲੀਡਰ ਲੀਜ਼ਾ ਰਾਇਤ ਨੇ ਆਖਿਆ ਕਿ 2019 ਵਿੱਚ ਵੋਟਾਂ ਪਾਉਣ ਸਮੇਂ ਲੋਕ ਇਸ ਗੱਲ ਦਾ ਖਿਆਲ ਰੱਖਣਗੇ ਕਿ ਭੱਤਿਆਂ ਵਿੱਚ ਓਨਾ ਵਾਧਾ ਨਹੀਂ ਹੋ ਰਿਹਾ ਜਿੰਨਾਂ ਮਹਿੰਗਾਈ ਤੇ ਟੈਕਸਾਂ ਵਿੱਚ ਹੋ ਰਿਹਾ ਹੈ। ਇਸ ਤੋਂ ਇਲਾਵਾ ਨਵਾਂ ਕਾਰਬਨ ਟੈਕਸ ਵੀ ਤਾਂ ਹੈ। ਉਹ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਬੱਚਿਆਂ ਲਈ ਪਾਰਟੀਆਂ ਕੀ ਲੈ ਕੇ ਆ ਰਹੀਆਂ ਹਨ। ਇਸ ਤੋਂ ਇਲਾਵਾ ਲੋਕ ਆਪਣੇ ਭਵਿੱਖ ਜਾਂ ਰਿਟਾਇਰਮੈਂਟ ਲਈ ਪੈਸੇ ਦੀ ਬਚਤ ਬਾਰੇ ਵੀ ਸੋਚ ਵਿਚਾਰ ਕਰਨਗੇ। ਉਨ੍ਹਾਂ ਆਖਿਆ ਇੱਥੇ ਹੀ ਅਸੀਂ ਕੈਨੇਡੀਅਨਾਂ ਨੂੰ ਇਹ ਭਰੋਸਾ ਦਿਵਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਲਈ ਵਧੇਰੇ ਕਿਫਾਇਤੀ ਤੇ ਸੇਫ ਭਵਿੱਖ ਮੁਹੱਈਆ ਕਰਾਵਾਂਗੇ।