ਛੋਟੇ ਬੰਦੇ, ਛੋਟੇ ਸੁਪਨੇ

ਛੋਟੇ ਬੰਦੇ, ਛੋਟੇ ਸੁਪਨੇ

ਛੋਟੇ ਬੰਦੇ, ਛੋਟੇ ਸੁਪਨੇ
ਛੋਟਿਆਂ ਦੇ ਨਾਲ਼ ਯਾਰੀ ਐ।
ਛੋਟਿਆਂ ਦੇ ਵਿੱਚ ਬਹਿ ਕੇ
ਹਰ ਸ਼ੈਅ ਲੱਗਦੀ ਬੜੀ ਪਿਆਰੀ ਐ।

ਦਿਲ ਦੀ ਸੁਣੀਏ, ਦਿਲ ਦੀ ਕਰੀਏ,
ਮੁੱਢ ਤੋਂ ਇਹੋ ਗਰਾਰੀ ਐ।
ਆਪਣੀ ਹਸਤੀ ਆਪਣੀ ਦੁਨੀਆਂ
ਜਾਨੋਂ ਵੱਧ ਪਿਆਰੀ ਐ।

ਝੂਠ ਬੋਲੀਏ, ਭਰਾ ਲੜਵਾਈਏ
ਐਡੀ ਕੀ ਲਾਚਾਰੀ ਐ।
ਰਾਜਨੀਤੀ ਤੋਂ ਕੋਹਾਂ ਦੂਰੀ,
ਸੱਚੀ ਜ਼ਿੰਦਗੀ ਪਿਆਰੀ ਐ।

ਪੈਸੇ ਚੌਧਰ ਪਿੱਛੇ ਲੱਗ ਕੇ
ਕਰਦੇ ਜੋ ਹੁਸ਼ਿਆਰੀ ਐ।
ਇੱਧਰੋਂ ਸੁਣ ਕੇ ਉੱਧਰ ਕਰਨੀ,
ਆਦਤ ਉਨ੍ਹਾਂ ਦੀ ਮਾੜੀ ਐ।

ਭਾਗੋਆਂ ਦੇ ਨਾਲ਼ ਖਹਿੰਦੀ ਐ,
ਲਾਲੋਆਂ ਦੇ ਨਾਲ਼ ਯਾਰੀ ਐ।
ਨਾਨਕ ਦਾ ਦਿੱਤਾ ਖਾਨੇ ਆਂ
ਤੇ ਕਾਇਮ ਰੱਖੀ ਸਰਦਾਰੀ ਐ।

ਪੈਸਾ ਰੱਬ ਹੈ, ਪੈਸਾ ਸਭ ਹੈ,
ਪੈਸਾ ਹੀ ਰਿਸ਼ਤੇਦਾਰੀ ਐ।
ਘੋਲੀਏ ਦਾ ਪਰਦੀਪ ਕਹੇ,
ਇਹ ਕੈਸੀ ਦੁਨੀਆਂਦਾਰੀ ਹੈ।

-ਪਰਦੀਪ ਘੋਲੀਆ