ਅਮਰੀਕੀ ਵਿਦਿਆਰਥੀਆਂ ਦੀ ਰਾਖੀ ਲਈ ਸਕੂਲਾਂ ‘ਚ ਅਧਿਆਪਕਾਂ ਵੀ ਰੱਖਣਗੇ ਹੱਥਿਆਰ

ਅਮਰੀਕੀ ਵਿਦਿਆਰਥੀਆਂ ਦੀ ਰਾਖੀ ਲਈ ਸਕੂਲਾਂ ‘ਚ ਅਧਿਆਪਕਾਂ ਵੀ ਰੱਖਣਗੇ ਹੱਥਿਆਰ

ਵਾਸ਼ਿੰਗਟਨ: ਅਮਰੀਕਾ ਦੇ ਸਕੂਲਾਂ ‘ਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਠਿਤ ਸੁਰੱਖਿਆ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸਕੂਲ ਕਰਮਚਾਰੀਆਂ ਨੂੰ ਹਥਿਆਰ ਰੱਖਣ ਦੇਣ, ਸਾਬਕਾ ਫੌਜੀਆਂ ਤੇ ਪੁਲੀਸ ਮੁਲਾਜ਼ਮਾਂ ਨੂੰ ਗਾਰਡ ਵਜੋਂ ਰੱਖਣ ਅਤੇ ਓਬਾਮਾ ਕਾਰਜਕਾਲ ਦੇ ਦਿਸ਼ਾ ਨਿਰਦੇਸ਼ ਬਦਲਣ ‘ਤੇ ਵਿਚਾਰ ਕੀਤਾ ਜਾਵੇ। ਫਲੋਰਿਡਾ ਦੇ ਪਾਰਕਲੈਂਡ ‘ਚ ਫਰਵਰੀ ਮਹੀਨੇ ਗੋਲੀਬਾਰੀ ਦੀ ਘਟਨਾ ਤੋਂ ਸਿੱਖਿਆ ਮੰਤਰੀ ਬੈਟਸੀ ਡੇਵੋਸ ਦੀ ਅਗਵਾਈ ਹੇਠ ਸੰਘੀ ਸਕੂਲ ਸੁਰੱਖਿਆ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਪਾਰਕਲੈਂਡ ਦੇ ਸਕੂਲ ‘ਚ ਇਸ ਸਾਬਕਾ ਵਿਦਿਆਰਥੀ ਨੇ ਗੋਲੀਆਂ ਚਲਾ ਕੇ 14 ਲੋਕਾਂ ਨੂੰ ਮਾਰ ਦਿੱਤਾ ਸੀ। ਕਮਿਸ਼ਨ ਨੇ ਬੰਦੂਕ ਖਰੀਦਣ ਲਈ ਘੱਟੋ-ਘੱਟ ਉਮਰ ਹੱਦ ਵਧਾਉਣ ਦੀ ਮੰਗ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਕਿ ਜ਼ਿਆਦਾਤਰ ਹਮਲਾਵਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਤੋਂ ਹਥਿਆਰ ਲਏ ਸਨ। ਕਮਿਸ਼ਨ ਨੇ 180 ਸਫ਼ਿਆਂ ਦੀ ਰਿਪੋਰਟ ‘ਚ ਸੁਝਾਅ ਦਿੱਤਾ ਹੈ ਕਿ ਕੁਝ ਹਾਲਤਾਂ ‘ਚ ਹਿੰਸਾ ‘ਤੇ ਤੁਰੰਤ ਪ੍ਰਭਾਵੀ ਜਵਾਬੀ ਕਾਰਵਾਈ ਲਈ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਵੀ ਹਥਿਆਰ ਰੱਖਣ ਦਿੱਤੇ ਜਾਣ। ਖਾਸ ਕਰਕੇ ਪੇਂਡੂ ਇਲਾਕਿਆਂ ਦੇ ਸਕੂਲਾਂ ‘ਚ ਜਿੱਥੇ ਪੁਲੀਸ ਦੀ ਕਾਰਵਾਈ ‘ਚ ਦੇਰੀ ਦੀ ਸੰਭਾਵਨਾ ਵੱਧ ਹੈ, ਉੱਥੇ ਇਹ ਕਦਮ ਲਾਭਦਾਇਕ ਹੋ ਸਕਦਾ ਹੈ।