ਅਮਰੀਕਾ ਵਲੋਂ ਲਗਾਏ ਗਏ ਟੈਰਿਫਜ਼ ਨੂੰ ਹਟਵਾਉਣਾ ਬੇਹੱਦ ਜ਼ਰੂਰੀ : ਫਰੀਲੈਂਡ

ਅਮਰੀਕਾ ਵਲੋਂ ਲਗਾਏ ਗਏ ਟੈਰਿਫਜ਼ ਨੂੰ ਹਟਵਾਉਣਾ ਬੇਹੱਦ ਜ਼ਰੂਰੀ : ਫਰੀਲੈਂਡ

ਓਟਵਾ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਸਟੀਲ ਤੇ ਐਲੂਮੀਨੀਅਮ ਟੈਰਿਫ ਨੌਰਥ ਅਮੈਰੀਕਨ ਟਰੇਡ ਅਗਰੀਮੈਂਟ ਦੇ ਆਟੋਜ਼ ਨਾਲ ਜੁੜੇ ਅਹਿਮ ਹਿੱਸੇ ਦੇ ਹੱਕ ‘ਚ ਨਹੀਂ ਹਨ। ਫਰੀਲੈਂਡ ਨੇ ਆਖਿਆ ਕਿ ਇਸੇ ਕਾਰਨ ਕੈਨੇਡਾ ਵੱਲੋਂ 2019 ਵਿੱਚ ਇਨ੍ਹਾਂ ਟੈਕਸਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਰਭੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਟੈਰਿਫਜ਼ ਨੂੰ ਨਵੀਂ ਟਰੇਡ ਡੀਲ ਲਾਗੂ ਹੋਣ ਤੋਂ ਪਹਿਲਾਂ ਹਟਾਉਣ ਦੀ ਮੰਗ ਹੁਣ ਅਮਰੀਕੀ ਕਾਰੋਬਾਰੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜਦੋਂ ਕਿ ਕੈਨੇਡਾ ਵਲੋਂ ਪਹਿਲਾਂ ਹੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀ ਸ਼ੁੱਕਰਵਾਰ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਇਨ੍ਹਾਂ ਟੈਰਿਫਜ਼ ਨੂੰ ਹਟਾਏ ਜਾਣ ਲਈ ਅਮਰੀਕਾ ਉੱਤੇ ਦਬਾਅ ਬਣਾਉਣ ਵਾਸਤੇ ਅਮਰੀਕੀ ਕਾਨੂੰਨੀ ਅਧਿਕਾਰੀਆਂ ਤੇ ਕਾਰੋਬਾਰੀਆਂ ਦਾ ਵੀ ਕੈਨੇਡਾ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵਲੋਂ ਵੀ ਟੈਰਿਫ ਹਟਾਉਣ ਦਾ ਮਾਮਲਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪਿਓ ਕੋਲ ਚੁੱਕਿਆ ਗਿਆ ਸੀ ਅਤੇ ਰੱਖਿਆ ਮੰਤਰੀ ਜਿੰਮ ਮੈਟਿਸ ਕੋਲ ਵੀ ਉਠਾਇਆ ਸੀ। ਫਰੀਲੈਂਡ ਨੇ ਆਖਿਆ ਕਿ ਆਖਿਰਕਾਰ ਅਮਰੀਕੀ ਵਣਜ ਮੰਤਰਾਲਾ ਹੀ ਟੈਰਿਫਜ਼ ਦੇ ਮੁੱਦੇ ਬਾਰੇ ਫੈਸਲਾ ਕਰੇਗਾ ਪਰ ਉਦੋਂ ਤੱਕ ਅਸੀਂ ਆਪਣੀ ਪੂਰੀ ਵਾਹ ਲਾਵਾਂਗੇ। ਇਸ ਦੌਰਾਨ ਕੈਨੇਡਾ ਵਿੱਚ ਟਰੰਪ ਦੀ ਅੰਬੈਸਡਰ ਕੈਲੀ ਕ੍ਰਾਫਟ ਨੇ ਆਖਿਆ ਕਿ ਉਨ੍ਹਾਂ ਦਾ ਵਣਜ ਮੰਤਰਾਲਾ ਟੈਰਿਫਜ਼ ਮਾਮਲੇ ਬਾਰੇ ਫੈਸਲਾ ਤਣ-ਪੱਤਣ ਲਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ।