ਕਲਮੀਂ ਪਰਵਾਜ਼ ਮੰਚ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੀਤਾ ਯਾਦ

ਕਲਮੀਂ ਪਰਵਾਜ਼ ਮੰਚ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੀਤਾ ਯਾਦ

ਸ਼ਹਾਦਤ ਦੀ 64 ਸਾਲ ਪੁਰਾਣੀ ਕਵੀਸ਼ਰੀ ਦਾ ਹੋਇਆ ਗਾਇਨ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਕਲਮੀਂ ਪਰਵਾਜ਼ ਮੰਚ ਨਾਂ ਦੀ ਸਾਹਿਤਕ ਸੰਸਥਾ ਵੱਲੋਂ ਸਾਲ 2018 ਦੀ ਆਖ਼ਰੀ ਮਾਸਿਕ ਇਕੱਤਰਤਾ ਮੌਕੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਇਸ ਮੌਕੇ ਮੰਚ ਦੇ ਮੈਂਬਰਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਰਹਿ ਚੁੱਕੇ ਪ੍ਰਸਿੱਧ ਢਾਡੀ ਚਮਕੌਰ ਸਿੰਘ ਸੇਖੋਂ (ਭੋਤਨੇ) ਅਤੇ ਨਵਦੀਪ ਸਿੰਘ ਮੰਡੀਕਲਾਂ ਦੀ ਜੋੜੀ ਨੇ ਸ਼੍ਰੋਮਣੀ ਕਵੀਸ਼ਰ ਰਾਮੂੰਵਾਲੀਆ ਕਰਨੈਲ ਸਿੰਘ ਪਾਰਸ ਵੱਲੋਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਲਿਖੀ 64 ਸਾਲਾ ਪੁਰਾਣੀ ਪ੍ਰਸਿੱਧ ਕਵੀਸ਼ਰੀ
‘ਕਿਉਂ ਫੜ੍ਹੀ ਸਿਪਾਹੀਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ’ ਬੜੇ ਵਿਲੱਖਣ ਅੰਦਾਜ਼ ‘ਚ ਗਾ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਕਲਮੀਂ ਪਰਵਾਜ਼ ਮੰਚ ਦੇ ਕਈ ਹੋਰ ਮੈਂਬਰਾਂ ਨੇ ਵੀ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਚੇਤੇ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਨਾਲ ਸੰਬੰਧਤ ਕਵਿਤਾਵਾਂ ਸਾਂਝੀਆਂ ਕੀਤੀਆਂ ਅਤੇ ਬੱਚਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ। ਮੰਚ ਦੀ ਇਕੱਤਰਤਾ ‘ਚ ਸ਼ਾਮਲ ਹੋਏ ਕਈ ਨਵੇਂ ਕਵੀਆਂ ਨੇ ਆਪਣੀ ਹਾਜ਼ਰੀ ਲਵਾਉਂਦਿਆਂ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਆਪੋ ਆਪਣੇ ਵਿਚਾਰ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਧਾਮੀ, ਮਨਜੀਤ ਕੌਰ ਕੰਗ, ਪਰਮਿੰਦਰ ਕੌਰ ਸਵੈਚ, ਦਰਸ਼ਨ ਸਿੰਘ ਸੰਘਾ, ਪ੍ਰੀਤਮਨਪ੍ਰੀਤ, ਨਵਦੀਪ ਕੌਰ ਗਿੱਲ, ਦਵਿੰਦਰ ਬਚਰਾ ਅਤੇ ਕ੍ਰਿਸ਼ਨ ਭਨੋਹਟ ਨੇ ਸਾਹਿਬਜ਼ਾਦਿਆਂ ਨੂੰ ਕਾਵਿ ਰੂਪ ‘ਚ ਸ਼ਰਧਾਂਜਲੀ ਭੇਂਟ ਕੀਤੀ। ਆਖਰ ‘ਚ ਮੰਚ ਦੀ ਫਾਊਂਡਰ ਮੈਂਬਰ ਰੇਡੀਓ ਟੀਵੀ ਹੋਸਟ ਮਨਜੀਤ ਕੌਰ ਕੰਗ ਨੇ ਬੱਚਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਗੱਲ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਦੀ ਵੱਡੀ ਕੁਰਬਾਨੀ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਗੁਰੂਆਂ ਅਤੇ ਸਿੱਖਾਂ ਦੀਆਂ ਕੁਰਬਾਨੀ ਕੌਮ ਅਤੇ ਧਰਮ ਲਈ ਇੱਕ ਮਿਸਾਲ ਹਨ।