ਰੁਝਾਨ ਖ਼ਬਰਾਂ
ਕੈਨੇਡਾ ਦੇ ਪਬਲਿਕ ਸੁਰੱਖਿਆ ਮੰਤਰਾਲੇ ਦੀ ਰਿਪੋਰਟ ਵਿੱਚ ਵਰਤੇ ‘ਸਿੱਖ ਕੱਟੜਵਾਦ’ ਸ਼ਬਦ ਦੀ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ

ਕੈਨੇਡਾ ਦੇ ਪਬਲਿਕ ਸੁਰੱਖਿਆ ਮੰਤਰਾਲੇ ਦੀ ਰਿਪੋਰਟ ਵਿੱਚ ਵਰਤੇ ‘ਸਿੱਖ ਕੱਟੜਵਾਦ’ ਸ਼ਬਦ ਦੀ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ

ਰਿਪੋਰਟ ‘ਚੋਂ ਸਿੱਖਾਂ ਬਾਰੇ ਗਲਤ ਟਿੱਪਣੀਆਂ ਤੁਰੰਤ ਹਟਾਈਆਂ ਜਾਣ ਦੀ ਪੁਰਜ਼ੋਰ ਮੰਗ

ਮਿਸ਼ਨ ਐਬਟਸਫੋਰਡ, (ਬਰਾੜ-ਭਗਤਾ ਭਾਈ ਕਾ): ਏਥੋਂ ਦੇ ਲਿਬਰਲ ਮੈਂਬਰ ਪਾਰਲੀਮੈਂਟ ਜਤਿੰਦਰ ਮੋਹਨਜੀਤ ਸਿੰਘ ਸਿੱਧੂ (ਜਤੀ ਸਿੱਧੂ) ਨੇ ਕੈਨੇਡਾ ਦੇ ਪਬਲਿਕ ਸੁਰੱਖਿਆ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਜਾਰੀ ਸਾਲਾਨਾ ਰਿਪੋਰਟ ਵਿੱਚ ਵਰਤੇ ਗਏ ਸਿੱਖ ਕੱਟੜਵਾਦ ਸ਼ਬਦ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਾਂਸਦ ਮੈਂਬਰ ਸਿੱਧੂ ਨੇ ਅਜਿਹੀਆਂ ਟਿਪਣੀਆਂ ਨੂੰ ਗੈਰ ਵਾਜਬ ਠਹਿਰਾਉਂਦਿਆਂ ਮੰਗ ਕੀਤੀ ਹੈ ਕਿ ਰਿਪੋਰਟ ਵਿੱਚੋਂ ਇੰਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੈਨੇਡਾ ਵਿਕਾਸ ਵਿੱਚ ਸਿੱਖ ਭਾਈਚਾਰੇ ਵੱਲੋਂ ਪਿਛਲੇ 100 ਵਰ੍ਹਿਆਂ ਦੌਰਾਨ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ ਅਤੇ ਉਨ੍ਹਾਂ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਹੀ ਠੀਕ ਨਹੀਂ ਕਿ ਪਬਲਿਕ ਸੁਰੱਖਿਆ ਮੰਤਰਾਲੇ ਵੱਲੋਂ ਰਿਪੋਰਟ ਵਿੱਚ ਸਮੁੱਚੇ ਭਾਈਚਾਰੇ ਨੂੰ ਗਲਤ ਸੁਰਖੀਆਂ ਰਾਹੀਂ ਅਲੋਚਣਾ ਦਾ ਨਿਸ਼ਾਨਾ ਬਣਾਇਆ ਜਾਵੇ।
ਆਪਣੇ ਭਾਈਚਾਰਕ ਅਕਸ ਨੂੰ ਸੁਰੱਖਿਅਤ ਕਰਨ ਲਈ ਸਾਂਸਦ ਮੈਂਬਰ ਨੇ ਕੈਨੇਡਾ ਦੇ ਇਸ ਪਬਲਿਕ ਸੁਰੱਖਿਆ ਮੰਤਰਾਲੇ ਤੋਂ ਮੰਗ ਕੀਤੀ ਕਿ ਰਿਪੋਰਟ ਵਿੱਚ ਸਿੱਖਾਂ ਪ੍ਰਤੀ ਵਰਤੇ ਗਏ ਸ਼ਬਦਾ ਨੂੰ ਬੇ-ਬੁਨਿਆਦ ਅਤੇ ਗੈਰ ਵਾਜਬ ਕਰਾਰ ਦਿੰਦਿਆਂ ਤੁਰੰਤ ਕੱਢਿਆ ਜਾਵੇ। ਇਸ ਤੋਂ ਇਲਾਵਾ ਕੈਨੇਡਾ ਵਾਸਤੇ ਸਿੱਖਾਂ ਦੇ ਅਕਸ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਗੈਰ ਜਿੰਮੇਵਾਰਾਨਾਂ ਟਿੱਪਣੀਆਂ ਅਤੇ ਦੋਸ਼ਾਂ ਪ੍ਰਤੀ ਸੁਰੱਖਿਆ ਮੰਤਰਾਲਾ ਸੁਚੇਤ ਹੋਵੇ ਤਾਂ ਕਿ ਭਵਿੱਖ ਵਿੱਚ ਕਦੇ ਵੀ ਅਜਿਹਾ ਨਾ ਵਾਪਰੇ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਪਬਲਿਕ ਸੁਰੱਖਿਆ ਮੰਤਰੀ ਰਾਫ਼ੇਲ ਗੁਡੇਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਸ ਰਿਪੋਰਟ ਦੀਆਂ ਖਾਮੀਆਂ ਨੂੰ ਵਾਚਦੇ ਹੋਏ ਗਲਤ ਟਿੱਪਣੀਆਂ ਹਟਾਉਣ ਲਈ ਬਚਨਵੱਧ ਹਨ ਅਤੇ ਸਿੱਖਾਂ ਵੱਲੋਂ ਕੈਨੇਡਾ ਦੇ ਵਿਕਾਸ ‘ਚ ਪਾਏ ਭਾਰੀ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਅਧਾਰਹੀਨ ਅਤੇ ਗੈਰ ਮੁਨਾਸਬ ਦੋਸ਼ ਨੀਤੀ ਨੂੰ ਪੂਰੀ ਤਰਾਂ ਰੱਦ ਕਰਨਗੇ।