ਤੀਜੀ ਵਾਰ ਫਿਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਮੌਜੂਦਾ ਵੋਟ ਪ੍ਰਣਾਲੀ ਦੇ ਹੱਕ ‘ਚ ਵੋਟਾਂ ਪਾਈਆਂ

ਤੀਜੀ ਵਾਰ ਫਿਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਮੌਜੂਦਾ ਵੋਟ ਪ੍ਰਣਾਲੀ ਦੇ ਹੱਕ ‘ਚ ਵੋਟਾਂ ਪਾਈਆਂ

ਨਤੀਜਿਆਂ ਤੋਂ ਐਨ.ਡੀ.ਪੀ. ਹੋਈ ਨਿਰਾਸ਼

ਸਰੀ, (ਕੈਨੇਡੀਅਨ ਪੰਜਾਬ ਟਾਇਮਜ਼, ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬਿਆ ਵਿੱਚ ਵੋਟ ਪ੍ਰਣਾਲੀ ਲਈ ਹੋਈ ਰਾਏਸ਼ੁਮਾਰੀ ‘ਚ 61.5 ਫੀਸਦੀ
ਬੀ. ਸੀ. ਨਿਵਾਸੀਆਂ ਵਲੋਂ ਪੁਰਾਣੇ ਸਿਸਟਮ ਦੇ ਹੱਕ ‘ਚ ਹੀ ਵੋਟਿੰਗ ਕੀਤੀ ਗਈ। ਇਸ ਤਰਾਂ ਲੋਕਾਂ ਨੇ ਨਵੀਂ ਚੋਣ ਪ੍ਰਣਾਲੀ ਨੂੰ ਨਕਾਰ ਦਿੱਤਾ ਹੈ। ਵੋਟ ਪ੍ਰਣਾਲੀ ਲਈ ਰਾਏਸ਼ੁਮਾਰੀ ਦੇ ਨਤੀਜਿਆਂ ਤੋਂ ਨਿਰਾਸ਼ ਬੀ.ਸੀ. ਦੇ ਪ੍ਰੀਮੀਅਰ ਜੋਹਨ ਹੋਰਗਨ ਨੇ ਕਿਹਾ ਕਿ ਉਹ ਨਤੀਜਿਆਂ ਤੋਂ ਨਿਰਾਸ਼ ਹਨ ਪਰ ਫੈਸਲੇ ਦਾ ਆਦਰ ਕਰਦੇ ਹਨ। ਜ਼ਿਕਰਯੋਗ ਹੈ ਕਿ ਨਵੀਂ ਵੋਟ ਪ੍ਰਣਾਲੀ ਦੇ ਰੀਫਰੈਂਡਮ ਲਈ ਲੋਕਾਂ ਨੂੰ ਡਾਕ ਰਾਹੀਂ ਘਰਾਂ ‘ਚ ਖਤ ਭੇਜੇ ਗਏ ਸਨ ਅਤੇ ਲੋਕਾਂ ਨੇ ਵੋਟ ਪਾਉਣ ਤੋਂ ਬਾਅਦ ਮੁੜ ਇਹ ਖਤ ਇਲੈਕਸ਼ਨ ਦਫ਼ਤਰ ਬੀ.ਸੀ. ਨੂੰ ਭੇਜੇ ਸਨ।
ਬੀ. ਸੀ. ਵਿੱਚ ਇਸ ਵਿਧੀ ਨੂੰ ਅਪਨਾਉਣ ਲਈ ਪਹਿਲਾਂ ਵੀ ਦੋ ਵਾਰ ਰੀਫ੍ਰਰੈਂਡਮ ਹੋ ਚੁੱਕਾ ਹੈ। ਪਹਿਲੀ ਵਾਰ ਮਈ 2005 ਵਿੱਚ ਰਾਏਸ਼ੁਮਾਰੀ ਹੋਈ ਸੀ, ਤਕਰੀਬਨ 58 ਫੀਸਦੀ ਵੋਟਾਂ ਇਸ ਦੇ ਹੱਕ ਵਿੱਚ ਪਈਆਂ ਸਨ। ਪਰ ਇਸ ਨੂੰ ਅਪਨਾਉਣ ਲਈ 60 ਫੀਸਦੀ ਵੋਟਾਂ ਦੀ ਲੋੜ ਸੀ। ਇਸ ਕਾਰਨ ਇਹ ਵਿਧੀ ਪਾਸ ਨਾ ਹੋ ਸਕੀ। ਦੂਜੀ ਵਾਰ ਮਈ 2009 ਵਿੱਚ ਫਿਰ ਰੀਫ੍ਰੈਂਡਮ ਹੋਇਆ, ਇਸ ਵਾਰ ਇਸ ਦੇ ਹੱਕ ਵਿੱਚ ਕੁੱਲ 39.5 ਫੀਸਦੀ ਵੋਟਾਂ ਹੀ ਪਈਆਂ, ਤੇ ਇਹ ਫਿਰ ਫੇਲ੍ਹ ਹੋ ਗਿਆ।
ਬੀ ਸੀ ਵਿੱਚ ਗਰੀਨ ਅਤੇ ਐਨ ਡੀ ਪੀ, ਦੋਵੇਂ ਪਾਰਟੀਆਂ ਅਨੁਪਾਤਕ ਪ੍ਰਤੀਨਧਿਤਾ ਦੇ ਹੱਕ ਵਿੱਚ ਅਤੇ ਲਿਬਰਲ ਪਾਰਟੀ ਇਸ ਦੇ ਵਿਰੋਧ ਵਿੱਚ ਪ੍ਰਚਾਰ ਕਰ ਰਹੀਆਂ ਹਨ। ਦੋਹਾਂ ਪ੍ਰਣਾਲੀਆਂ ਦੇ ਆਪੋ ਆਪਣੇ ਲਾਭ ਅਤੇ ਨੁਕਸਾਨ ਹਨ। ਦੁਨੀਆਂ ਦੇ 94 ਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਚੱਲ ਰਹੀ ਹੈ। ਕਈ ਥਾਵਾਂ ਤੇ ਜਲਦ ਜਲਦ ਸਰਕਾਰਾਂ ਬਦਲ ਰਹੀਆਂ ਹਨ, ਪਰ ਕਈ ਥਾਵਾਂ ਤੇ ਪਾਰਟੀਆਂ ਨੇ ਸਹਮਿਤੀ ਵਾਲਾ ਵਿਵਹਾਰ ਅਪਣਾਕੇ ਇਸ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹੈ।