ਬੀ.ਸੀ. ਸਰਕਾਰ ਨੇ ਮੈਸੀ ਟਨਲ ਉੱਤੇ ਪੁਲ ਬਣਾਉਣ ਦਾ ਫੈਸਲਾ ਜੂਨ 2020 ਤੱਕ ਠੰਡੇ ਬਸਤੇ ‘ਚ ਪਾਇਆ

ਬੀ.ਸੀ. ਸਰਕਾਰ ਨੇ ਮੈਸੀ ਟਨਲ ਉੱਤੇ ਪੁਲ ਬਣਾਉਣ ਦਾ ਫੈਸਲਾ ਜੂਨ 2020 ਤੱਕ ਠੰਡੇ ਬਸਤੇ ‘ਚ ਪਾਇਆ

ਫੈਸਲੇ ਤੋਂ ਬਾਅਦ ਆਮ ਲੋਕ ਨਿਰਾਸ਼ ਅਤੇ ਲੰਡਨ ਡਰੱਗਜ਼ ਵਲੋਂ ਆਪਣਾ ਮੁੱਖ ਦਫ਼ਤਰ ਬਦਲਣ ਦੀਆਂ ਤਿਆਰੀਆਂ

ਸਰੀ, (ਕੈਨੇਡੀਅਨ ਪੰਜਾਬ ਟਾਇਮਜ਼, ਪਰਮਜੀਤ ਸਿੰਘ): ਬੀ.ਸੀ. ਸੂਬਾ ਸਰਕਾਰ ਵਲੋਂ 59 ਸਾਲਾ ਪੁਰਾਣੇ ਮੈਸੀ ਟਨਲ ਨੂੰ ਅਪ੍ਰਗੇਡ ਕਰਨ ਜਾਂ ਮੁੜ ਉਸਾਰੀ ਦਾ ਫੈਸਲਾ ਜੂਨ 2020 ਤੱਕ ਠੰਡੇ ਬਸਤੇ ‘ਚ ਪਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਪਿਛਲੀ ਲਿਬਰਲ ਸਰਕਾਰ ਵਲੋਂ 2017 ‘ਚ ਇਸ ਮੈਸੀ ਟਨਲ ਤੇ ਉੱਤੇ 10 ਮਾਰਗੀ ਪੁਲ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਸ ਪ੍ਰਾਜੈਕਟ ‘ਤੇ ਟੈਕਸ ਪੇਅਰਜ਼ ਦੇ 70 ਮਿਲੀਅਨ ਡਾਲਰ ਖਰਚੇ ਜਾ ਚੁੱਕੇ ਹਨ ਪਰ ਸਰਕਾਰ ਬਦਲਣ ਤੋਂ ਬਾਅਦ ਐਨ.ਡੀ.ਪੀ. ਵਲੋਂ ਇਸ ਪ੍ਰਜੈਕਟ ਨੂੰ ਇਹ ਕਹਿੰਦੇ ਹੋਏ ਠੰਡੇ ਬਸਤੇ ‘ਚ ਪਾ ਦਿੱਤਾ ਗਿਆ ਹੈ ਕਿ ਪਿਛਲੀ ਸਰਕਾਰ ਵਲੋਂ 10 ਮਾਰਗੀ ਵਾਲਾ ਮੈਸੀ ਟਨਲ ਪ੍ਰੋਜੈਕਟ ਬਿਨਾਂ ਕਿਸੇ ਸਲਾਹ-ਮਸ਼ਵਰੇ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਐਨ.ਡੀ.ਪੀ. ਦੇ ਇਸ ਫੈਸਲੇ ਤੋਂ ਆਮ ਲੋਕ ਬੇਹੱਦ ਨਿਰਾਸ਼ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਾਫ਼ ਜ਼ਾਹਰ ਹੈ ਕਿ ਆਮ ਲੋਕਾਂ ਨੂੰ ਇਥੋਂ ਦੀ ਟ੍ਰੈਫਿਕ ਸਮੱਸਿਆ ਤੋਂ ਮਿਲ ਵਾਲੀ ਰਾਹਤ ਦੀ ਉਮੀਦ ਹੁਣ ਧੁੰਦਲੀ ਹੁੰਦੀ ਜਾਪਦੀ ਹੈ।ઠ ਹਾਈਵੇਅ 99 ਅਤੇ ਗਰਿੱਡਲਾਕ ‘ਤੇ ਲੱਗਦੇ ਲੰਬੇ ਟ੍ਰੈਫਿਕ ਜਾਮ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਨੇ ਲੋਕਾਂ ਨੂੰ ਹੋਰ ਦੁਬਿਧਾ ਵਿੱਚ ਪਾ ਦਿੱਤਾ ਹੈ।ઠ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਆਮ ਲੋਕਾਂ ‘ਚ ਸਭ ਵੱਡਾ ਸੁਆਲ ਇਹ ਪੈਦਾ ਹੋਇਆ ਹੈ ਕਿ ਲਿਬਰਲ ਸਰਕਾਰ ਵਲੋਂ 2017 ‘ਚ ਰਿਚਮੰਡ ਅਤੇ ਡੈਲਟਾ ਦਰਮਿਆਨ ਜਿਸ 10 ਮਾਰਗੀ ਪੁੱਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, 70 ਮਿਲੀਅਨ ਡਾਲਰ ਦਾ ਖਰਚਾ ਕਰਨ ਤੋਂ ਬਾਅਦ ਨਿਊ ਡੈਮੋਕਰੇਟਿਕ ਪਾਰਟੀ ਵਲੋਂ ਇਸ ਪ੍ਰੋਜੈਕਟ ਨੂੰ ਕਿਉਂ ਰੱਦ ਕਰ ਦਿੱਤਾ ਗਿਆ ਹੈ?
ਦੱਸਣਯੋਗ ਹੈ ਕਿ ਬੀਤੇ ਸਾਲ ਇੰਜੀਨੀਅਰ ਕਡੇਲ ਨੂੰ ਸ਼ਹਿਰ ਦੇ ਸਭ ਤੋਂ ਵੱਧ ਟ੍ਰੈਫਿਕ ਵਾਲੇ ਇਲਾਕਿਆਂ ਨੂੰ ਇਸ ਸਮੱਸਿਆ ਤੋਂ ਛੁਟਕਾਟਾ ਪਾਉਣ ਦੇ ਹੱਲ ਲੱਭਣ ਲਈ ਕਿਹਾ ਗਿਆ ਸੀ ਅਤੇ ਹੁਣ ਕਡੇਲ ਵਲੋਂ ਤਾਜ਼ਾ ਜਾਰੀ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ 59 ਸਾਲਾ ਪੁਰਾਣੇ ਮੈਸਸੀ ਟਨਲ ਨੂੰ ਅਪਗ੍ਰੇਡ ਕਰਨ ਜਾਂ ਨਵੀਂ ਸੁਰੰਗ ਬਣਾਉਣ ਲਈ ਵੀ ਇੱਕ ਹੋਰ ਸੜਕੀ ਮਾਰਗ ਦੀ ਉਸਾਰੀ ਕਰਨੀ ਪਵੇਗੀ। ਜਿਸ ਤੋਂ ਬਿਨਾਂ ਇਸ ਟਨਲ ਦੀ ਮੁਰੰਮਤ ਜਾਂ ਨਵੀਂ ਸੁਰੰਗ ਤਿਆਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪ੍ਰੋਜੈਕਟ ‘ਤੇ ਮੁੜ ਸ਼ੁਰੂ ਤੋਂ ਮੁਆਇਨਾ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ‘ਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਨੂੰ ਯਕੀਨੀ ਬਣਾਇਆ ਜਾ ਸਕੇ।
ਸਰਕਾਰ ਦੇ ਇਸ ਫੈਸਲੇ ਨੇ ਵਧਾਈ ਸਨੱਅਤੀਆਂ ਦੀ ਪ੍ਰੇਸ਼ਾਨੀ
ਬੀ.ਸੀ. ਸਰਕਾਰ ਵਲੋਂ ਮੈਸਸੀ ਟਨਲ ਦੇ ਪ੍ਰੋਜੈਕਟ ਨੂੰ 2020 ਤੱਕ ਟਾਲ ਦੇਣ ਦੇ ਫੈਸਲੇ ਤੋਂ ਬਾਅਦ ਕਈ ਸਨੱਅਤੀ ਅਤੇ ਕੰਪਨੀਆਂ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ ਕਿਉਂਕਿ ਇਨ੍ਹਾਂ ਕੰਪਨੀਆਂ ਦੇ ਕਰਮਚਾਰੀ ਇਸ ਟਨਲ ਦੇ ਲੰਬੇ ਟ੍ਰੈਫਿਕ ਜਾਮ ‘ਚ ਫਸ ਜਾਂਦੇ ਹਨ। ਨਾਮਵਰ ਕੰਪਨੀ ਲੰਡਨ ਡਰੱਗਜ਼ ਵਲੋਂ ਰਿਚਮੰਡ ਸਥਿਤ ਵੇਅਰ ਹਾਊਸ ਅਤੇ ਮੁੱਖ ਦਫ਼ਤਰ ਨੂੰ ਬਦਲਣ ਦੀ ਤਿਆਰੀ ਵੀ ਕਰ ਦਿੱਤੀ ਗਈ ਹੈ। ਮੈਸੀ ਟਨਲ ਨੇੜੇ ਲੱਗਦੇ ਲੰਬੇ ਟ੍ਰੈਫਿਕ ਜਾਮ, ਸਰਕਾਰ ਵਲੋਂ ਇਸ ਪ੍ਰਜੈਕਟ ਨੂੰ ਟਾਲਣ ਅਤੇ 10 ਮਾਰਗੀ ਪੁਲ ਨੂੰ ‘ਗਲਤ ਪ੍ਰਾਜੈਕਟ’ ਦੱਸਣ ਤੋਂ ਬਾਅਦ ਲੰਡਨ ਡਰੱਗਜ਼ ਵਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ।ઠ ਲੰਡਨ ਡਰੱਗਜ਼ ਦੇ ਪ੍ਰਧਾਨ ਅਤੇ ਚੀਫ਼ ਓਪਰੇਟਿੰਗ ਆਫੀਸਰ ਕਲਿੰਟ ਮਹਲਮੈਨ ਨੇ ਕਿਹਾ ਕਿ ਸਰਕਾਰ ਵਲੋਂ ਲਏ ਗਏ ਇਸ ਫੈਸਲੇ ਤੋਂ ਉਨ੍ਹਾਂ ਦੀ ਕੰਪਨੀ ਦੇ ਕਰਮਚਾਰੀ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀਆਂ ਨੇ ਬੇਹੱਦ ਧੀਰਜ ਰੱਖਿਆ, ਪਰ ਹੁਣ ਇਥੇ ਆਵਾਜਾਈ ਦੇ ਹਾਲਾਤ ਹੋਰ ਜ਼ਿਆਦਾ ਵਿਗੜਦੇ ਜਾ ਰਹੇ ਹਨ ਜਿਸ ਨਾਲ ਸਾਡੇ ਕਰਮਚਾਰੀਆਂ ਨੂੰ ਕੰਮ ‘ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਹੋਰ ਕੰਪਨੀਆਂ ਵਲੋਂ ਵੀ ਸਰਕਾਰ ਦੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਦਿਆ ਸਮਾਂ ਅਤੇ ਪੈਸਾ ਦੋਵਾਂ ਦੀ ਬਰਬਾਦੀ ਕਰਾਰ ਦਿੱਤਾ ਗਿਆ।