ਲਾਸਾਨੀ ਕੁਰਬਾਨੀ

ਲਾਸਾਨੀ ਕੁਰਬਾਨੀ

ਜੋੜੇ ਦੋਵੇਂ ਹੱਥ ਸੀ, ਅੱਜ ਸਿੰਘ ਅਜੀਤ,
ਹੋਵੇ ਤੁਹਾਡੀ ਆਗਿਆ ਤੇ ਦਿਉ ਅਸੀਸ ।
ਮੈਂ ਜੰਗ ਵਿਚ ਚਾਹੁੰਦਾ ਜੂਝਣਾ ਹੱਥ ਚੰਡੀ ਫੜ ਕੇ ।
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।
ਜ਼ੁਲਮਾਂ ਦੀ ਹੈ ਜ਼ਾਲਮਾਂ ਨੇ ਖੇਡੀ ਹੋਲੀ ।
ਚਾਹੁੰਦੇ ਨੇ ਉਹ ਦਾਤਿਆ ਤੇਰੀ ਪਤ ਰੈਲੀ ।
ਖਾ ਕੇ ਕਸਮਾਂ ਝੂਠੀਆਂ ਫਿਰ ਆ ਗਏ ਚੜ੍ਹ ਕੇ
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹ ਕੇ ।
ਫਿਰ ਤੋਰਿਆ ਛਿੰਦਾ ਲਾਲ ਨੂੰ ਧਨ ਕਰਕੇ ਜੇਰਾ,
ਸੀ ਮਿਠਾ ਕਰਕੇ ਮੰਨਿਆ ਵਾਹ ਭਾਣਾ ਤੇਰਾ ।
ਜਾ ਸਫਲੀ ਕਰ ਲੈ ਜਿੰਦੜੀ ਵੈਰੀ ਨਾਲ ਲੜਕੇ,
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।
ਸ਼ੇਰ ਨਿਕਲਿਆਂ ਕਿਲੇ ਚ ਜਿਉਂ ਤੀਰ ਕਮਾਨੋਂ,
ਵੱਡੇ ਆਕੀ ਖ਼ਾਨ ਇਹ ਮਾਰੇਗਾ ਜਾਨੋਂ ।
ਹੱਲਾ ਕੀਤਾ ਸੂਰਮੇ ਹੱਥ ਖੰਡਾ ਫੜਕੇ ।
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।
ਤੇਗ ਜਿਸਦੇ ਵੀ ਵੱਜਦੀ, ਨਾ ਮੰਗੇ ਪਾਣੀ,
ਵਿਚ ਮੈਦਾਨ ਦੇ ਭੱਜਦੀ ਮੁਗਲਾਂ ਦੀ ਢਾਣੀ ।
ਬੋਲੇ ਸੋ ਨਿਹਾਲ ਤੇ ਅੱਲਾ ਹੂ ਗੜ੍ਹਕੇ ।
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।
ਤੀਰ ਨਾਗ ਬਣ ਡਸਦੇ ਜੋਧਿਆਂ ਨੂੰ ਭਾਰੇ ।
ਬੁੱਤਾਂ ਨਾਲੋਂ ਰੂਹਾਂ ਦੇ ਛੁੱਟ ਗਏ ਸਹਾਰੇ ।
ਜੋ ਸੂਰਾ ਅੱਗੇ ਆ ਗਿਆ ਫਿਰ ਗਿਆ ਨਾ ਮੁੜਕੇ
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।
ਮੁਗਲਾਂ ਛੱਡੇ ਹੌਂਸਲੇ, ਰੰਗ ਪੈ ਗਏ ਪੀਲੇ
ਤੇਗਾਂ ਸੁੱਟ ਹੱਥ ਜੋੜਦੇ, ਜਰਨੈਲ ਜੋਸ਼ੀਲੇ ।
ਰਣ ਵਿਚ ਚੰਡੀ ਨੱਚਦੀ ਕਈਆਂ ਸਿਰ ਚੜ੍ਹਕੇ,
ਮੈਂ ਲਾੜੀ ਮੌਤ ਵਿਆਹੁਣ ਨੂੰ ਅੱਜ ਜਾਣਾਂ ਚੜ੍ਹਕੇ ।
ਤੀਰ ਮੁਕੇ ਤੇ, ਤੇਗ ਵੀ ਵਿਚਾਲਿਉਂ ਟੁੱਟ ਗਈ,
ਬਿੰਨ੍ਹਿਆ ਗਿਆ ਧੜ ਸ਼ੇਰ ਦਾ,
ਧਾਰ ਲਹੂ ਦੀ ਛੁੱਟ ਪਈ ।
ਜੈਕਾਰਾ ਛੱਡਿਆ ਪਾਤਸ਼ਾਹ ਅਸਮਾਨੀਂ ਕੜਕੇ,
ਲਾੜੀ ਮੌਤ ਵਿਆਹੁਣ ਨੂੰ ਅੱਜ ਜਾਵਾਂ ਚੜ੍ਹਕੇ ।

– ਚਰਨਜੀਤ ਸਿੰਘ ਸਮਰਾ