ਗ਼ਜ਼ਲ

ਗ਼ਜ਼ਲ

ਹਰ ਥਾਂ ਅੱਜਕਲ੍ਹ, ਸਨਮਾਨਾਂ ਦੀ ਭੀੜ ਪਈ ਹੈ।
ਛੋਟੇ ਵੱਡੇ, ਵਿਦਵਾਨਾਂ ਦੀ ਭੀੜ ਪਈ ਹੈ।

ਸੂਰਜ ਦੀ ਅੱਖ ਕਦ ਹੁੰਦੀ ਹੈ ਮੈਲੀ ਦੱਸੋ,
ਆਪ ਲਗਾਏ ਅਨੁਮਾਨਾਂ ਦੀ ਭੀੜ ਪਈ ਹੈ।

ਰਾਗ ਸਦਾ ਦਰਬਾਰੀ ਗਾਉਂਦੇ ਰਹਿੰਦੇ ਨੇ ਉਹ,
ਸੱਤਾ ਦੇ ਦਰ, ਦਰਬਾਨਾਂ ਦੀ ਭੀੜ ਪਈ ਹੈ।

ਆਪੇ ਆਪਣੀ ਕੌਮ ਦਾ ਵਿਰਸਾ ਦਾਗ਼ੀ ਕਰਦੇ,
ਕਲਮਾਂ ਦੇ ਖੱਬੀ-ਖਾਨਾਂ ਦੀ ਭੀੜ ਪਈ ਹੈ।

ਕਾਵਾਂ ਦੇ ਸਿਰ ਕਲਗੀ ਧਰਦੇ ਸ਼ਰਮ ਨਾ ਕਰਦੇ,
ਥੋਕ ਵਿਕਾਊ ਇਨਸਾਨਾਂ ਦੀ ਭੀੜ ਪਈ ਹੈ।

ਆਪੇ ਗੱਡਦੇ ਝੰਡੀ, ਆਪੇ ਪੁੱਟ ਲੈਂਦੇ ਨੇ,
ਸਾਹਿਤ ਵਿੱਚ ਵੀ ਭਲਵਾਨਾਂ ਦੀ ਭੀੜ ਪਈ ਹੈ।

ਥੋੜ੍ਹੇ ਬੰਦੇ ਲੜਦੇ, ਹੱਕ-ਹਲਾਲ ਦੀ ਖਾਤਰ,
ਉਂਝ ਤਾਂ ਏਥੇ ਕਿਰਪਾਨਾਂ ਦੀ ਭੀੜ ਪਈ ਹੈ।

ਸ਼ਿਅਰ ਕਹੀ ਜਾਂਦੇ ਨੇ ਉਹੀ ਆਦਿ-ਪੁਰਾਣੇ,
ਉਸਤਾਦਾਂ ਦੀ ਦੀਵਾਨਾਂ ਦੀ ਭੀੜ ਪਈ ਹੈ।

ਸੋਚ ਦੇ ਬੌਣੇ, ਵੱਡੀ ਸਾਜ਼ਿਸ਼ ਘੜ੍ਹ ਲੈਂਦੇ ਨੇ,
ਕੈਸੇ ਕੈਸੇ, ਬਲਵਾਨਾਂ ਦੀ ਭੀੜ ਪਈ ਹੈ।

ਆਪਣੀ ਲੋੜ ਮੁਤਾਬਕ ਆਪਣਾ ਪੰਡਤ ਚੁਣਦੇ,
ਪੈਸੇ ਵਾਲੇ ਜ਼ਜਮਾਨਾਂ ਦੀ ਭੀੜ ਪਈ ਹੈ।

ਹਰ ਇੱਕ ਮਰਜ਼ ਦਾ ਦਾਰੂ ਪਲ ਵਿੱਚ ਦੱਸਦੇ ਨੇ ਜੋ,
ਅੱਜਕਲ੍ਹ ਐਸੇ ਲੁਕਮਾਨਾਂ ਦੀ ਭੀੜ ਪਈ ਹੈ।

ਰੋਟੀ ਦੀ ਥਾਂ ਕੇਕ ਖਵਾਉਂਦੇ, ਚੰਮ ਚਲਾਉਂਦੇ,
ਤੁਗਲਕ-ਸ਼ਾਹੀ ਫੁਰਮਾਨਾਂ ਦੀ ਭੀੜ ਪਈ ਹੈ।

ਖਿਲਜੀ ਵਾਂਗੂ ਆਪਣੇ ਸਿਰ ਵਿੱਚ ਮਿੱਟੀ ਪਾਉਂਦੇ,
ਅਕਲ ਦੇ ਅੰਨ੍ਹੇ ਸੁਲਤਾਨਾਂ ਦੀ ਭੀੜ ਪਈ ਹੈ।

ਹਰ ਡੇਰੇ ਵਿੱਚ, ਵੱਖਰੇ ਰੱਬ ਦੇ ਨਕਸ਼ੇ ਬਣਦੇ,
ਛੱਟੇ ਵੱਡੇ, ਭਗਵਾਨਾਂ ਦੀ ਭੀੜ ਪਈ ਹੈ।

‘ਤੂਰ’ ਕਦੋਂ ਸੁਧਰੇਗੀ ਹਾਲਤ ਇਸ ਆਲਮ ਦਾ,
ਦਿਲ ਦੇ ਵਿਹੜੇ ਅਰਮਾਨਾਂ ਦੀ ਭੀੜ ਪਈ ਹੈ।

ਮਹਿਮਾ ਸਿੰਘ ਤੂਰ ਹਲਵਾਰਵੀ, ਐਬਟਸਫੋਰਡ ਬੀ.ਸੀ.
ਫੋਨ : 604-852-0971