ਰੁਝਾਨ ਖ਼ਬਰਾਂ
ਹੁਣ ਨਹੀਂ ਮਿਲਦੇ ਸਰਵਣ ਪੁੱਤ

ਹੁਣ ਨਹੀਂ ਮਿਲਦੇ ਸਰਵਣ ਪੁੱਤ

ਜਦੋਂ ਦਾ ਪ੍ਰਾਣੀ ਹੋਂਦ ਵਿਚ ਆਇਆ ਹੈ, ਉਦੋਂ ਤੋਂ ਹੀ ਪਰਿਵਾਰਿਕ ਅਤੇ ਸਮਾਜਿਕ ਰਿਸ਼ਤੇ ਹੋਂਦ ਵਿਚ ਆ ਗਏ ਹਨ। ਇੱਕ ਮਾਂ ਬਾਪ ਦੇ ਧੀਆਂ ਪੁੱਤਰ ਆਪਸ ਵਿਚ ਭੈਣ ਭਰਾ। ਇਨ੍ਹਾਂ ਦੇ ਨਾਲ ਹੀ ਕੋਈ ਚਾਚਾ ਭਤੀਜਾ ਕੋਈ ਮਾਮਾ ਭਾਣਜਾ ਕੋਈ ਫੁੱਫੜ ਭੂਆ ਕੋਈ ਮਾਸੀ ਮਾਸੜ ਆਦਿ ਰਿਸ਼ਤੇ ਬਣਦੇ ਗਏ। ਪਰ ਇਨ੍ਹਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਮਾਂ ਬਾਪ ਦਾ ਧੀਆਂ ਪੁੱਤਰਾਂ ਨਾਲ ਰਿਸ਼ਤਾ ਸਭ ਤੋਂ ਅਹਿਮ ਹੈ। ਕਿਉਂਕਿ ਧੀਆਂ ਪੁੱਤਾਂ ਵਿਚ ਮਾਂ ਬਾਪ ਦਾ ਖੂਨ ਹੁੰਦਾ ਹੈ, ਸੋ ਇਸ ਲਈ ਇਹ ਰਿਸ਼ਤਾ ਸੱਭ ਤੋਂ ਮਹੱਤਵਪੂਰਨ ਹੈ। ਕਿਉਂਕਿ ਮਾਂ ਬਾਪ ਦਾ ਦੇਣ ਅਸੀਂ ਦੇ ਨਹੀਂ ਸਕਦੇ।ਮਾਂ ਬਾਪ ਜਿੱਥੇ ਬੱਚਿਆਂ ਦੀ ਰਾਖੀ ਕਰਦੇ ਹਨ, ਪਾਲਣ ਪੋਸ਼ਣ ਕਰਦੇ ਹਨ, ਉੱਥੇ ਬੱਚਿਆਂ ਦੇ ਭਵਿੱਖ ਅਤੇ ਕੈਰੀਅਰ ਦੇ ਨਿਰਮਾਣ ਲਈ ਖੂਨ ਪਸੀਨਾ ਇੱਕ ਕਰ ਦਿੰਦੇ ਹਨ। ਪਰ ਅੱਜ ਦੇ ਪਦਾਰਥਵਾਦੀ ਸਮੇਂ ਵਿਚ ਮਾਂ ਪਿਉ ਦਾ ਧੀਆਂ ਪੁੱਤਰ ਨਾਲ ਰਿਸ਼ਤਾ ਕੱਚੇ ਤੰਦ ਦੀ ਤਰ੍ਹਾਂ ਟੁੱਟ ਰਿਹਾ ਹੈ। ਕੀ ਅੱਜ ਕਈ ਧੀਆਂ ਪੁੱਤਾਂ ਦਾ ਖੂਨ ਸਫ਼ੈਦ ਹੋ ਚੁੱਕਾ ਹੈ, ਜਿਹੜੇ ਮਾਂ ਬਾਪ ਨੂੰ ਭੁੱਲ ਚੁੱਕੇ ਹਨ,ਜਿਹਨਾਂ ਵਿਚ ਰੁਪਏ ਪੈਸੇ, ਅਹੁਦਿਆਂ ਦੀ ਲਾਲਸਾ ਇੰਨੀ ਵਧ ਚੁੱਕੀ ਹੈ ਕਿ ਮਾਂ ਬਾਪ ਕੋਲ ਪੰਜ ਮਿੰਟ ਬੈਠਣ ਦਾ ਸਮਾਂ ਨਹੀਂ, ਗੱਲ ਕਰਨ, ਹਾਲ ਚਾਲ ਪੁੱਛਣ ਦਾ ਸਮਾਂ ਨਹੀਂ। ਇੱਥੋਂ ਤੱਕ ਕਿ ਫ਼ੋਨ ‘ਤੇ ਗੱਲ ਕਰਨ ਦਾ ਵੀ ਸਮਾਂ ਨਹੀਂ।
ਪੈਸੇ ਦੇ ਲਾਲਚ ਨੇ ਔਲਾਦ ਨੂੰ ਖੁਦਗਰਜ਼ ਬਣਾ ਦਿੱਤਾ ਹੈ। ਉਦਾਹਰਣ ਵਜੋਂ ਭਾਰਤ ਦੀ ਕੱਪੜੇ ਦੀ ਮਸ਼ਹੂਰ ਕੰਪਨੀ ਰੇਮੰਡ ਦਾ ਮਾਲਕ ਵਿਜੈ ਸਿੰਘਾਨੀਆ ਕੋਈ ਲੱਗਭੱਗ 3000 ਕਰੋੜ ਦੀ ਜਾਇਦਾਦ ਦਾ ਮਾਲਕ ਅੱਜ ਆਪਣੇ ਪੁੱਤਰ ਕਾਰਨ ਘਰੋਂ ਬੇਘਰ ਹੋ ਕੇ ਇੱਕ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਹੈ। ਜੋ ਕਦੇ ਲੰਡਨ ਤੋਂ ਆਪ ਜਹਾਜ਼ ਚਲਾ ਕੇ ਬੰਬਈ ਲੈ ਆਉਂਦਾ ਸੀ, ਅੱਜ ਉਸ ਕੋਲ ਜਾਣ ਆਉਣ ਲਈ ਕਾਰ ਤੱਕ ਨਹੀਂ। ਉਸ ਨੇ ਸੋਚਿਆ ਕਿ ਮੁੰਡਾ ਹੁਣ ਜਵਾਨ ਹੋ ਗਿਆ ਹੈ, ਚੱਲੋ ਆਪਣੇ ਕੰਮ ਸੰਭਾਲ ਲਵੇਗਾ। ਉਸ ਨੇ ਸਾਰੀ ਜਾਇਦਾਦ ,ਸਮੇਤ ਕਾਰਖਾਨੇ, ਸ਼ੋਅਰੂਮ, ਇਮਾਰਤਾਂ ਮੁੰਡੇ ਦੇ ਨਾਂ ਕਰ ਦਿੱਤੀਆਂ। ਅੱਜ ਉਹ ਆਪਣੀ ਜਾਇਦਾਦ ਵਾਪਸ ਲੈਣ ਲਈ ਅਦਾਲਤਾਂ ਦੇ ਚੱਕਰ ਕੱਢ ਰਿਹਾ ਹੈ। ਇਸ ਨੂੰ ਜੇਕਰ ਖੂਨ ਸਫ਼ੈਦ ਹੋਣ ਦਾ ਨਾਂ ਦੇਈਏ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ।
ਥੋੜ੍ਹੇ ਦਿਨ ਪਹਿਲਾਂ ਮੇਰੇ ਮਿੱਤਰ ਦਾ ਬਰਨਾਲੇ ਤੋਂ ਫ਼ੋਨ ਆਇਆ। ਉਸ ਨੇ ਦੱਸਿਆ ਕਿ ਉਸ ਦੇ ਫੁੱਫੜ ਦੇ ਦੋ ਬੇਟੇ ਹਨ। ਇੱਕ ਪੁਲਿਸ ਵਿਚ ਹੈ ਅਤੇ ਉਸਦੀ ਘਰ ਵਾਲੀ ਸਰਕਾਰੀ ਟੀਚਰ ਹੈ। ਉਸਦਾ ਮੁੰਡਾ ਵੀ ਚੰਗੀ ਪੋਸਟ ਤੇ ਹੈ। ਦੂਜਾ ਪੁੱਤਰ ਕਿਸੇ ਆਈ. ਟੀ. ਆਈ ਵਿਚ ਸਰਵਿਸ ਕਰਦਾ ਹੈ। ਮਾਂ ਬਾਪ ਬਜ਼ੁਰਗ ਹਨ। ਬਾਪ ਥੋੜ੍ਹਾ ਅੜਬ ਅਤੇ ਅੱਖੜ ਸੁਭਾ ਦਾ ਹੋਣ ਕਾਰਨ ਥੋੜ੍ਹਾ ਉੱਚਾ ਨੀਵਾਂ ਬੋਲ ਜਾਂਦਾ ਹੈ, ਜਿਸਦਾ ਮੁੰਡੇ ਗੁੱਸਾ ਕਰਦੇ ਹਨ। ਬਾਪ ਕੋਲ ਜ਼ਮੀਨ ਹੈ ਜੋ ਠੇਕੇ ‘ਤੇ ਹੈ। ਬਾਪ ਜ਼ਮੀਨ ਦੀ ਆਮਦਨ ਦਾ ਬਰਾਬਰ ਹਿੱਸਾ ਮੁੰਡਿਆਂ ਨੂੰ ਦਿੰਦਾ ਹੈ। ਇੱਕ ਵਾਰ ਬਾਪ ਨੇ ਪੁੱਤਰਾਂ ਨੂੰ ਕਿਹਾ ਕਿ ਮੈਨੂੰ ਬਜ਼ੁਰਗ ਹੋਣ ਕਰ ਕੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇ ਤੁਸੀਂ ਮੈਨੂੰ ਇੱਕ ਗਿਲਾਸ ਦੁੱਧ ਮੁੱਲ ਲੈ ਦਿਆ ਕਰੋਂ ਤਾਂ ਮੈਂ ਥੋੜ੍ਹਾ ਠੀਕ ਹੋ ਜਾਵਾਂਗਾ। ਪੁਲਿਸ ਵਾਲੇ ਮੁੰਡੇ ਦਾ ਜਵਾਬ ਸੀ – ਲੈ ਤੈਂ ਹੁਣ ਘੁਲਣ ਲੱਗਣਾ, ਜਿਹੜੀ ਤੇਰੇ ਲਈ ਬੂਰੀ ਮੱਝ ਬੰਨ੍ਹ ਦੇਈਏ। ਹੋਰ ਕੀ ਕੁਝ ਉਹ ਪਿਤਾ ਨੂੰ ਕਹਿੰਦੇ ਹਨ, ਉਹ ਵਰਨਣਯੋਗ ਨਹੀਂ। ਪਿਛਲੇ ਕਈ ਮਹੀਨਿਆਂ ਤੋਂ ਦੋਨੇ ਮੁੰਡੇ ਸ਼ਹਿਰਾਂ ਵਿਚ ਸੈਟਲ ਹੋ ਗਏ। ਮਾਂ ਨੂੰ ਨਾਲ ਲੈ ਗਏ। ਪਿਤਾ ਵਿਚਾਰਾ ਇਕੱਲਾ ਪਿੰਡ ਰਹਿ ਗਿਆ। ਬੁਢਾਪੇ ਕਰਕੇ ਰੋਟੀ ਪਕਾ ਨਹੀਂ ਹੁੰਦੀ। ਇਸ ਲਈ ਬੇਕਰੀ ਤੋਂ ਬਿਸਕੁਟ ਬਣਵਾ ਕੇ ਦੋਨੋਂ ਵੇਲੇ ਚਾਹ ਨਾਲ ਖਾ ਲੈਂਦਾ ਹੈ। ਮਨੁੱਖ ਰੁੱਖ ਲਾਉਂਦਾ ਛਾਂ ਲੈਣ ਲਈ। ਇਨਸਾਨ ਬੱਚੇ ਪਾਲਦਾ ਬੁਢਾਪੇ ਵਿਚ ਸੁੱਖ ਲੈਣ ਲਈ। ਪਰ ਕੀ ਅੱਜ ਦੇ ਪੁੱਤ ਐਨੇ ਕਲਯੁਗੀ ਹੋ ਗਏ, ਜਿਨ੍ਹਾਂ ਦਾ ਖੂਨ ਸਫ਼ੈਦ ਹੋ ਗਿਆ। ਕੀ ਉਨ੍ਹਾਂ ‘ਤੇ ਬੁਢਾਪਾ ਨਹੀਂ ਆਉਣਾ? ਬੁਢਾਪੇ ਸਮੇਂ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੋਵੇਗਾ, ਕਿਸੇ ਨੂੰ ਕੋਈ ਪਤਾ ਨਹੀਂ। ਸਿਆਣੇ ਕਹਿੰਦੇ ਹਨ ਕਿ ਤੁਹਾਡੇ ਬੱਚੇ ਤੁਹਾਨੂੰ ਦੇਖ ਰਹੇ ਹਨ। ਜੇਕਰ ਤੁਸੀਂ ਮਾਂ ਪਿਉ ਨਾਲ ਚੰਗਾ ਸਲੂਕ ਕਰੋਗੇ ਤਾਂ ਤੁਹਾਡੇ ਨਾਲ ਵੀ ਉਹੋ ਜਿਹਾ ਹੀ ਸਲੂਕ ਹੋਵੇਗਾ। ਜੇਕਰ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਵੀ ਮਾੜਾ ਸਲੂਕ ਹੋਵੇਗਾ।
ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ। ਇੱਕ ਬਜ਼ੁਰਗ ਮਾਂ ਇੱਕ ਘਰ ਦੀ ਛੱਤ ‘ਤੇ ਪਿਛਲੇ ਤਿੰਨ ਸਾਲ ਤੋਂ ਰਹਿ ਰਹੀ ਹੈ, ਪਰ ਉਸਦੇ ਸਿਰ ਉੱਤੇ ਕੋਈ ਛੱਤ ਨਹੀਂ ਹੈ। ਇੱਕ ਪਲਾਸਟਿਕ ਦੀ ਸ਼ੀਟ ਪਈ ਹੈ। ਜਦ ਮੀਂਹ ਪੈਂਦਾ ਹੈ, ਉਹ ਉਸ ਥੱਲੇ ਵੜ ਜਾਂਦੀ ਹੈ। ਉਹ ਤੁਰ ਨਹੀਂ ਸਕਦੀ। ਚੂਲਾ ਟੁੱਟਣ ਕਰ ਕੇ ਘਿਸਰ ਘਿਸਰ ਕੇ ਇੱਧਰ ਉੱਧਰ ਜਾਂਦੀ ਹੈ। ਬਾਥਰੂਮ ਹੇਠਾਂ ਬਣਿਆ ਹੈ। ਪੌੜੀਆਂ ਰਾਹੀਂ ਘਿਸਰ ਕੇ ਹੇਠਾਂ ਆਉਂਦੀ ਹੈ ਤੇ ਬਾਥਰੂਮ ਜਾ ਕੇ ਫੇਰ ਪੌੜੀਆਂ ਰਾਹੀਂ ਹੌਲੀ ਹੌਲੀ ਛੱਤ ‘ਤੇ ਜਾਂਦੀ ਹੈ। ਉਸ ਨੂੰ ਹੇਠਾਂ ਘਰ ਦੇ ਕਮਰੇ ਵਿਚ ਰਹਿਣ ਦੀ ਆਗਿਆ ਨਹੀਂ। ਉਸ ਦਾ ਪੁੱਤਰ ਰੋਡਵੇਜ਼ ਵਿਚ ਸਰਕਾਰੀ ਕਰਮਚਾਰੀ ਹੈ। ਜਦੋਂ ਇੱਕ ਸਮਾਜ ਸੇਵੀ ਸੰਸਥਾ ਦੀ ਟੀਮ ਮਾਤਾ ਦੀ ਇਸ ਹਾਲਤ ਦਾ ਪਤਾ ਲੱਗਣ ‘ਤੇ ਛੱਤ ਉੱਤੇ ਗਈ ਤਾਂ ਉਸ ਦੀ ਨੂੰਹ ਗੁਟਕਾ ਫੜ ਕੇ ਪਾਠ ਕਰ ਰਹੀ ਸੀ ਅਤੇ ਪੁੱਤ ਮੁੱਛਾਂ ਨੂੰ ਤਾਅ ਦਿੰਦਾ ਫਿਰ ਰਿਹਾ ਸੀ। ਮਾਂ ਵਿਚਾਰੀ ਛੱਤ ‘ਤੇ ਧੁੱਪੇ ਸੜ ਰਹੀ ਸੀ। ਲਾਹਨਤ ਹੈ ਅਜਿਹੀ ਕਲਯੁਗੀ ਔਲਾਦ ਦੇ ਜੋ ਮਾਂ ਬਾਪ ਨੂੰ ਤਿਲ ਤਿਲ ਕਰ ਕੇ ਮਰਨ ਲਈ ਛੱਡ ਦਿੰਦੀ ਹੈ।
ਗੁਰਦੁਆਰੇ ਮੰਦਰਾਂ ਵਿਚ ਜਿੰਨੇ ਮਰਜ਼ੀ ਮੱਥੇ ਰਗੜੀ ਜਾਓ ਪਰ ਘਰੇ ਰੱਬ ਰੂਪੀ ਮਾਂ ਬਾਪ ਰੋਟੀ ਪਾਣੀ ਨੂੰ ਤਰਸ ਰਹੇ ਹਨ। ਜਿੰਨੀਆਂ ਮਰਜ਼ੀ ਛਬੀਲਾਂ ਲਾਈ ਜਾਉ, ਲੰਗਰ ਲਾਈ ਜਾਉ, ਗਰੀਬ ਕੁੜੀਆਂ ਦੇ ਵਿਆਹ ਕਰੀ ਜਾਉ, ਲੋਕਾਂ ਨੂੰ ਮੁਫ਼ਤ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾਉ, ਪਰ ਮਾਂ ਬਾਪ ਘਰੇ ਦੁਖੀ ਹਨ ਤਾਂ ਜ਼ਿੰਦਗੀ ਜ਼ੀਰੋ ਹੈ। ਮਾਨਸਿਕ ਸ਼ਾਂਤੀ ਕਿਤੇ ਦੂਰ ਤੱਕ ਨਹੀਂ ਲੱਭਣੀ, ਤੀਰਥ ਸਥਾਨ ਅਤੇ ਭਗਵਾਨ ਤਾਂ ਤੁਹਾਡੇ ਘਰ ਬੈਠੇ ਹਨ, ਤੁਸੀਂ ਤੀਰਥਾਂ ‘ਤੇ ਲੱਭਦੇ ਫਿਰਦੇ ਹੋ। ਸਾਡੇ ਕੋਲ ਸਰਵਣ ਕੁਮਾਰ ਦੀ ਮਿਸਾਲ ਹੈ ਜੋ ਇੱਕ ਚੱਕਰਵਰਤੀ ਰਾਜਾ ਹੋ ਕੇ ਆਪਣੇ ਮਾਂ ਬਾਪ ਨੂੰ ਵਹਿੰਗੀ ਵਿਚ ਬਿਠਾ ਕੇ, ਵਹਿੰਗੀ ਆਪਣੇ ਮੋਢੇ ‘ਤੇ ਰੱਖ ਕੇ ਤੀਰਥ ਯਾਤਰਾ ਤੇ ਲਿਜਾਂਦਾ ਸੀ ਅਤੇ ਇੱਕ ਅੱਜ ਕੱਲ ਦੇ ਕਲਯੁਗੀ ਪੁੱਤ ਨੇ ਜਿਹੜੇ ਮਾਂ ਬਾਪ ਨੂੰ ਪਾਣੀ ਦੇ ਕੇ ਰਾਜ਼ੀ ਨਹੀਂ। ਕਿੱਥੇ ਗੁਆਚ ਗਏ ਸਰਵਣ ਪੁੱਤ ਅਤੇ ਕਿੱਥੇ ਗੁਆਚ ਗਈ ਉਹਨਾਂ ਦੀ ਵਹਿੰਗੀ। ਪੁੱਤਰ ਮਾਂ ਬਾਪ ਦੀ ਮਿਹਨਤ ਸਦਕਾ ਵੱਡੇ ਅਫਸਰ ਬਣ ਜਾਂਦੇ ਹਨ। ਜੇ ਕਿਤੇ ਮਾਂ ਬਾਪ ਉਨ੍ਹਾਂ ਦੇ ਦਫਤਰ ਮਿਲਣ ਚਲਾ ਜਾਵੇ ਤਾਂ ਉਸਨੂੰ ਪਿਤਾ ਜੀ ਕਹਿਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਸਗੋਂ ਨਾਲ ਦੇ ਦੋਸਤਾਂ ਨੂੰ ਪਿੰਡੋਂ ਆਇਆ ਬਜ਼ੁਰਗ ਦੱਸਦੇ ਹਨ। ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੀ ਆਤਮਾ ਮਰ ਚੁੱਕੀ ਹੈ। ਨੈਤਿਕਤਾ ਨਾਂ ਦੀ ਚੀਜ਼ ਇਨ੍ਹਾਂ ਕੋਲ ਨਹੀਂ ਹੈ। ਅੱਜ ਸਮਾਜਿਕ ਰਿਸ਼ਤਿਆਂ ਦਾ ਤਾਣਾਬਾਣਾ ਕੱਚੇ ਧਾਗੇ ਦੀ ਤਰ੍ਹਾਂ ਟੁੱਟ ਚੁੱਕਾ ਹੈ। ਕਲਯੁਗੀ ਪੁੱਤਾਂ ਦੀ ਬਦੌਲਤ ਹਰੇਕ ਸ਼ਹਿਰ ਵਿਚ ਬੁਢਾਪਾ ਆਸ਼ਰਮ ਬਣ ਚੁੱਕੇ ਹਨ। ਕਾਸ਼ ਇਹ ਕਲਯੁਗੀ ਪੁੱਤ ਆਪਣੇ ਮਾਂ ਬਾਪ ਦੀਆਂ ਭਾਵਨਾਵਾਂ, ਸੰਵੇਦਨਾਵਾਂ, ਜਜ਼ਬਾਤ, ਮਮਤਾ ਨੂੰ ਸਮਝ ਸਕਣ। ਰੱਬ ਇਨ੍ਹਾਂ ਨੂੰ ਸੁਮੱਤ ਦੇਵੇ ਤਾਂ ਕਿ ਇਨ੍ਹਾਂ ਦੀ ਮਰ ਚੁੱਕੀ ਆਤਮਾ ਜਾਗ ਪਵੇ ਅਤੇ ਇਨ੍ਹਾਂ ਦਾ ਸਫ਼ੈਦ ਹੋਇਆ ਖੂਨ ਕਾਸ਼ ਇੱਕ ਵਾਰੀ ਫੇਰ ਲਾਲ ਹੋ ਜਾਵੇ।

-ਪ੍ਰਿੰ. ਸੁਖਦੇਵ ਸਿੰਘ ਰਾਣਾ